ਇਨਸਾਨ ਬੋਲਣ ਤਾਂ ਛੋਟੀ ਉਮਰ ਵਿੱਚ ਹੀ ਲੱਗ ਜਾਂਦਾ ਹੈ ਪਰੰਤੂ ਬੋਲਣਾ ਕੀ ਹੈ? ਇਹ ਸਿੱਖਣ ਵਿੱਚ ਕਈ ਵਾਰ ਸਾਰੀ ਉਮਰ ਹੀ ਛੋਟੀ ਪੈ ਜਾਂਦੀ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਜੀਭ ਵਿੱਚ ਹੱਡੀ ਤਾਂ ਨਹੀਂ ਹੁੰਦੀ ਪਰੰਤੂ ਇਹ ਹੱਡੀਆਂ ਤੁੜਵਾ ਜ਼ਰੂਰ ਦਿੰਦੀ ਹੈ ਸੋ‘ਇੱਕ ਚੁੱਪ, ਸੌ ਸੁੱਖ’ ਦੇ ਅਰਥਾਂ ਦੀ ਆਪਣੀ ਵਿਸ਼ਾਲਤਾ ਹੈ। ਇੱਕ ਵਾਰ ਜਦੋਂ ਤੁਸੀਂ ਪਰਿਪੱਕ ਹੋ ਜਾਂਦੇ ਹੋ, ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਚੁੱਪ ਕਿਸੇ ਗੱਲ ਨੂੰ ਸਾਬਤ ਕਰਨ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ।
ਬੇਲੋੜੇ ਅਤੇ ਵਾਧੂ ਬੋਲਣ ਨਾਲੋਂ ਚੁੱਪ ਤੁਹਾਡੀ ਊਰਜਾ ਬਚਾਉਣ ਵਿੱਚ ਸਹਾਇਤਾ ਕਰਦੀ ਹੈ। ਹਰ ਹਾਲਾਤ ਵਿੱਚ ਮੁਸਕਰਾਹਟ ਸਭ ਤੋਂ ਵਧੀਆ ਜਵਾਬ ਹੈ। ਸਾਰੇ ਸਵਾਲਾਂ ਦਾ ਸਭ ਤੋਂ ਵਧੀਆ ਜਵਾਬ ਚੁੱਪ ਹੈ। ਵਕਤ ਦੀ ਨਜ਼ਾਕਤ ਸਮਝਣੀ ਚਾਹੀਦੀ ਹੈ, ਕਈ ਵਾਰ ਕਿਸੇ ਨੂੰ ਜਵਾਬ ਦੇਣ ਨਾਲੋਂ ਤੁਹਾਡੀ ਚੁੱਪ ਜ਼ਿਆਦਾ ਸ਼ੋਰ ਕਰਦੀ ਹੈ। ਹਮੇਸ਼ਾ ਲੋੜ ਤੋਂ ਘੱਟ ਬੋਲੋ। ਜਦੋਂ ਤੁਸੀਂ ਸ਼ਬਦਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਜਿੰਨਾ ਜ਼ਿਆਦਾ ਬੋਲਦੇ ਹੋ, ਤੁਸੀਂ ਓਨਾ ਹੀ ਆਮ ਦਿਖਾਈ ਦਿੰਦੇ ਹੋ ਅਤੇ ਤੁਸੀਂ ਓਨਾ ਹੀ ਘੱਟ ਕੰਟਰੋਲ ਵਿੱਚ ਮਹਿਸੂਸ ਕਰਦੇ ਹੋ।
ਚੁੱਪ ਰਹਿਣ ਨਾਲ ਮਾਨਸਿਕ ਸ਼ਾਂਤੀ ਅਤੇ ਇਕਾਗਰਤਾ ਵਿੱਚ ਸੁਧਾਰ ਹੁੰਦਾ ਹੈ। ਤੁਹਾਨੂੰ ਬੇਲੋੜੇ ਸ਼ੋਰ ਤੋਂ ਦੂਰ ਰੱਖਣ ਵਿੱਚ ਮਦਦ ਕਰਦੀ ਹੈ ਅਤੇ ਤੁਹਾਡੇ ਮਨ ਨੂੰ ਸ਼ਾਂਤ ਕਰਦੀ ਹੈ। ਸ਼ਾਂਤ ਰਹਿਣ ਨਾਲ ਤਣਾਅ ਘੱਟਦਾ ਹੈ, ਮਨ ਸ਼ਾਂਤ ਹੁੰਦਾ ਹੈ ਅਤੇ ਵਿਚਾਰਾਂ ਨੂੰ ਸ਼ਾਂਤ ਹੋਣ ਦਿੰਦਾ ਹੈ, ਜਿਸ ਨਾਲ ਇਕਾਗਰਤਾ ਅਤੇ ਫੈਸਲਾ ਲੈਣ ਵਿੱਚ ਸੁਧਾਰ ਹੁੰਦਾ ਹੈ। ਸ਼ਾਂਤ ਰਹਿਣ ਨਾਲ ਤੁਸੀਂ ਦੂਜਿਆਂ ਦੀਆਂ ਗੱਲਾਂ ਨੂੰ ਵਧੇਰੇ ਧਿਆਨ ਨਾਲ ਸੁਣ ਸਕਦੇ ਹੋ, ਜਿਸ ਨਾਲ ਤੁਸੀਂ ਉਨ੍ਹਾਂ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹੋ।
ਚੁੱਪ ਜਾਂ ਘੱਟ ਬੋਲਣਾ ਇੱਕ ਕਲਾ ਹੈ, ਇਸ ਨਾਲ ਤਣਾਅ ਅਤੇ ਚਿੰਤਾ ਘੱਟ ਜਾਂਦੀ ਹੈ। ਸੋਚ-ਸਮਝ ਕੇ ਬੋਲਣ ਨਾਲ ਗਲਤਫਹਿਮੀਆਂ ਜਾਂ ਬਹਿਸਾਂ ਨੂੰ ਰੋਕਣ ਵਿੱਚ ਮੱਦਦ ਮਿਲ ਸਕਦੀ ਹੈ। ਇਸ ਨਾਲ ਸੰਬੰਧਾਂ ਨੂੰ ਹੋਰ ਬਿਹਤਰ ਅਤੇ ਟਿਕਾਊ ਬਣਾਇਆ ਜਾ ਸਕਦਾ ਹੈ। ਚੁੱਪ ਰਹਿਣ ਨਾਲ ਤੁਸੀਂ ਆਪਣੇ ਗੁੱਸੇ ਅਤੇ ਹੋਰ ਭਾਵਨਾਵਾਂ ਨੂੰ ਕਾਬੂ ਵਿੱਚ ਰੱਖ ਸਕਦੇ ਹੋ। ਇਹ ਸਵੈ-ਨਿਯੰਤਰਣ ਵਿਕਸਤ ਕਰਨ ਵਿੱਚ ਸਹਾਈ ਹੁੰਦੀ ਹੈ। ਜਦੋਂ ਤੁਸੀਂ ਚੁੱਪ ਰਹਿੰਦੇ ਹੋ, ਤਾਂ ਤੁਸੀਂ ਕਿਸੇ ਕੰਮ ‘ਤੇ ਬਿਹਤਰ ਢੰਗ ਨਾਲ ਧਿਆਨ ਕੇਂਦਰਿਤ ਕਰ ਸਕਦੇ ਹੋ। ਇਹ ਸਵੈ-ਪ੍ਰਤੀਬਿੰਬ ਦਾ ਮੌਕਾ ਪ੍ਰਦਾਨ ਕਰਦਾ ਹੈ, ਜਿਸ ਨਾਲ ਬਿਹਤਰ ਫੈਸਲੇ ਲਏ ਜਾ ਸਕਦੇ ਹਨ।
ਜਦੋਂ ਤੁਸੀਂ ਬਹੁਤ ਭਾਵੁਕ ਜਾਂ ਗੁੱਸੇ ਵਿੱਚ ਹੁੰਦੇ ਹੋ, ਤਾਂ ਚੁੱਪ ਰਹਿਣਾ ਬਿਹਤਰ ਹੁੰਦਾ ਹੈ ਤਾਂ ਜੋ ਤੁਸੀਂ ਕੁਝ ਅਜਿਹਾ ਨਾ ਕਹੋ ਜੋ ਤੁਸੀਂ ਬਾਅਦ ਵਿੱਚ ਨਹੀਂ ਕਹਿਣਾ ਚਾਹੁੰਦੇ ਜਾਂ ਜਿਸ ਤੇ ਬਾਅਦ ਵਿੱਚ ਤੁਹਾਨੂੰ ਪਛਤਾਵਾ ਹੋਵੇ। ਜੇਕਰ ਤੁਸੀਂ ਹੋਰ ਸੁਣਨਾ ਚਾਹੁੰਦੇ ਹੋ, ਤਾਂ ਘੱਟ ਬੋਲਣਾ ਬਿਹਤਰ ਹੈ ਤਾਂ ਜੋ ਤੁਸੀਂ ਦੂਜਿਆਂ ਦੀਆਂ ਗੱਲਾਂ ਤੋਂ ਸਿੱਖ ਸਕੋ। ਕਦੇ ਵੀ ਖੁਸ਼ੀ ਸਮੇਂ ਕਿਸੇ ਨੂੰ ਵਾਅਦਾ ਨਹੀਂ ਕਰਨਾ ਚਾਹੀਦਾ ਅਤੇ ਕਦੇ ਵੀ ਗੁੱਸੇ ਸਮੇਂ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ। ਮੂਰਖਾਂ ਨਾਲ ਬਹਿਸਣ, ਬੋਲੇੜੇ ਵਾਦ-ਵਿਵਾਦ ਵਿੱਚ ਉਲਝਣ ਦੀ ਥਾਂ ਚੁੱਪ ਵੱਡਾ ਹਥਿਆਰ ਸਾਬਿਤ ਹੁੰਦੀ ਹੈ,
ਜਦੋਂ ਲੋੜ ਹੋਵੇ, ਜ਼ਰੂਰੀ ਹੋਵੇ ਤਾਂ ਬੋਲਣਾ ਲਾਜ਼ਮੀ ਹੈ, ਤੁਹਾਡੀ ਭਾਸ਼ਾ ਢੁੱਕਵੀਂ ਅਤੇ ਸਪੱਸ਼ਟ ਹੋਣੀ ਚਾਹੀਦੀ ਹੈ। ਜਦੋਂ ਬੇਇਨਸਾਫ਼ੀ ਹੋ ਰਹੀ ਹੋਵੇ ਤਾਂ ਚੁੱਪ ਰਹਿਣਾ ਗਲਤ ਹੈ, ਕਿਉਂਕਿ ਇਹ ਅਪਰਾਧ ਨੂੰ ਉਤਸ਼ਾਹਿਤ ਕਰਦਾ ਹੈ। ਜੇਕਰ ਤੁਸੀਂ ਡਰਦੇ ਹੋਏ ਕਿਸੇ ਚੀਜ਼ ਦਾ ਵਿਰੋਧ ਨਹੀਂ ਕਰਦੇ, ਤਾਂ ਇਹ ਗਲਤ ਹੈ। ਇਹ ਤੁਹਾਡੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਦੋਂ ਕੁਝ ਸਹੀ ਕਹਿਣ ਦੀ ਲੋੜ ਹੁੰਦੀ ਹੈ, ਤਾਂ ਚੁੱਪ ਨਹੀਂ ਰਹਿਣਾ ਚਾਹੀਦਾ। ਸਹੀ ਸਮੇਂ ‘ਤੇ ਬੋਲਣਾ ਬਹੁਤ ਜ਼ਰੂਰੀ ਹੈ।
