ਸਾਦਗੀ ਤੋਂ ਦਿਖਾਵੇ ਤੱਕ: ਕਿਵੇਂ ਬਦਲ ਰਿਹਾ ਹੈ ਸ਼ਹੀਦੀ ਦਿਹਾੜੇ ਦਾ ਸਰੂਪ: ਭਾਈ ਸਰਬਜੀਤ ਸਿੰਘ ਪਟਨਾ ਸਾਹਿਬ

IMG-20260508-WA0023.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਜੇਠ ਦੀ ਤਪਦੀ ਗਰਮੀ ਵਿੱਚ ਹਰ ਸਾਲ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਮੇਤ ਦੇਸ਼-ਵਿਦੇਸ਼ ਵਿੱਚ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਅਤੇ ਲੰਗਰ ਲਗਾਏ ਜਾਂਦੇ ਹਨ। ਇਹ ਪ੍ਰੰਪਰਾ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਅਤੇ “ਤੇਰਾ ਕੀਆ ਮੀਠਾ ਲਾਗੈ” ਦੇ ਉੱਚੇ ਆਤਮਕ ਸੰਦੇਸ਼ ਨੂੰ ਯਾਦ ਕਰਨ ਲਈ ਸ਼ੁਰੂ ਹੋਈ ਸੀ। ਇੰਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਥ ਪ੍ਰਸਿੱਧ ਰਾਗੀ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸਿੱਖ ਇਤਿਹਾਸ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਜੇਠ ਮਹੀਨੇ ਦੀ ਭਿਆਨਕ ਗਰਮੀ ਵਿੱਚ ਤੱਤੀ ਤਵੀ ‘ਤੇ ਬੈਠ ਕੇ ਵੱਖ-ਵੱਖ ਕਿਸਮ ਦੇ ਤਸੀਹੇ ਨੂੰ ਸਹਾਰਦੇ ਹੋਏ ਸ਼ਾਂਤੀ ਅਤੇ ਸਮਰਪਣ ਨਾਲ ਸ਼ਹਾਦਤ ਦਿੱਤੀ ਸੀ। ਇਹ ਸਿੱਖ ਇਤਿਹਾਸ ਦੀ ਪਹਿਲੀ ਮਹਾਨ ਸ਼ਹਾਦਤ ਮੰਨੀ ਜਾਂਦੀ ਹੈ, ਜਿਸ ਨੇ ਸਿੱਖ ਕੌਮ ਨੂੰ ਜ਼ੁਲਮ ਵਿਰੁੱਧ ਡਟਣ ਅਤੇ ਸੱਚ ਦੇ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇਸੇ ਕਾਰਨ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਵੱਲੋਂ ਛਬੀਲਾਂ ਲਗਾ ਕੇ ਰਾਹਗੀਰਾਂ ਨੂੰ ਠੰਢਾ ਜਲ ਪਿਲਾਇਆ ਜਾਂਦਾ ਹੈ। ਇਹ ਸੇਵਾ ਕੇਵਲ ਪਾਣੀ ਵੰਡਣ ਤੱਕ ਸੀਮਿਤ ਨਹੀਂ, ਸਗੋਂ ਮਨੁੱਖਤਾ ਦੀ ਨਿਸ਼ਕਾਮ ਸੇਵਾ, ਨਿਮਰਤਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਮੰਨੀ ਜਾਂਦੀ ਹੈ। ਪ੍ਰੰਤੂ ਸਮੇਂ ਦੇ ਨਾਲ ਇਸ ਪਰੰਪਰਾ ਦਾ ਰੂਪ ਕਾਫ਼ੀ ਬਦਲਦਾ ਨਜ਼ਰ ਆ ਰਿਹਾ ਹੈ। ਕਈ ਥਾਵਾਂ ‘ਤੇ ਸਾਦਗੀ ਅਤੇ ਸਿਮਰਨ ਦੀ ਥਾਂ ਦਿਖਾਵਾ ਅਤੇ ਆਡੰਬਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸ਼ਹੀਦੀ ਦਿਹਾੜੇ ਮੌਕੇ ਸਮੋਸੇ, ਚਾਉਂਮੀਨ, ਫਾਸਟ ਫੂਡ, ਮੈਂਗੋ ਸ਼ੇਕ, ਕੋਲਡ ਡਰਿੰਕ, ਆਈਸਕ੍ਰੀਮ ਅਤੇ ਮਹਿੰਗੇ ਵਿਸ਼ੇਸ਼ ਪਕਵਾਨਾਂ ਦੇ ਲੰਗਰ ਲਗਾਉਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ, ਜਦਕਿ ਸ਼ਹੀਦੀ ਦਿਹਾੜਾ ਵੈਰਾਗ, ਗੁਰਬਾਣੀ ਕੀਰਤਨ, ਸਿਮਰਨ ਅਤੇ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਦਿਨ ਹੈ, ਨਾ ਕਿ ਖਾਣ-ਪੀਣ ਦੇ ਜਸ਼ਨ ਮਨਾਉਣ ਦਾ। ਵੱਡੇ ਪੱਧਰ ‘ਤੇ ਲੱਗਦੇ ਲੰਗਰਾਂ ਕਾਰਨ ਕਈ ਵਾਰ ਟ੍ਰੈਫਿਕ ਜਾਮ, ਗੰਦਗੀ ਅਤੇ ਪ੍ਰਬੰਧਕੀ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ, ਜੋ ਇਸ ਪਵਿੱਤਰ ਦਿਹਾੜੇ ਦੀ ਗੰਭੀਰਤਾ ਨਾਲ ਮੇਲ ਨਹੀਂ ਖਾਂਦੀਆਂ। ਉਨ੍ਹਾਂ ਦਸਿਆ ਸ਼ਹੀਦੀ ਦਿਹਾੜੇ ਵਰਗੇ ਗੰਭੀਰ ਅਤੇ ਸਤਿਕਾਰ ਵਾਲੇ ਦਿਨਾਂ ‘ਤੇ ਬਹੁਤ ਉੱਚੀ ਆਵਾਜ਼ ਵਾਲੇ ਡੀਜੇ ਲਗਾਉਣ ਦੇ ਨਾਲ ਜਿੱਥੇ ਸ਼ਹੀਦਾਂ ਦੀ ਕੁਰਬਾਨੀ ਦੀ ਗੰਭੀਰਤਾ ਅਤੇ ਆਦਰ ਘਟਦਾ ਹੈ ਓਥੇ ਗੁਰਬਾਣੀ, ਕੀਰਤਨ ਅਤੇ ਵਿਚਾਰ ਸੁਣਨ ਦੀ ਥਾਂ ਮਾਹੌਲ ਮੇਲੇ ਜਾਂ ਦਿਖਾਵੇ ਵਾਂਗ ਬਣ ਜਾਂਦਾ ਹੈ। ਜਦਕਿ ਛਬੀਲ ਦਾ ਅਸਲ ਮਕਸਦ ਗੁਰੂ ਸਾਹਿਬ ਦੇ ਉਸ ਸੰਦੇਸ਼ ਨੂੰ ਜੀਵਨ ਵਿੱਚ ਅਪਣਾਉਣਾ ਹੈ, ਜਿਸ ਵਿੱਚ ਹਰ ਹਾਲਤ ਵਿੱਚ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ ਗਈ ਹੈ। ਲੰਗਰ ਅਤੇ ਛੱਬੀਲ ਸੇਵਾ ਸਿੱਖ ਧਰਮ ਦੀ ਮਹਾਨ ਪਰੰਪਰਾ ਹੈ, ਜੋ ਬਰਾਬਰੀ ਅਤੇ ਸੇਵਾ ਦਾ ਪ੍ਰਤੀਕ ਹੈ। ਪਰ ਨਾਲ ਹੀ, ਜੇ ਕੌਮ ਆਪਣੀ ਜਵਾਨੀ ਨੂੰ ਪੜ੍ਹਾਈ, ਵਿਗਿਆਨ, ਪ੍ਰਸ਼ਾਸਨ, ਕਾਰੋਬਾਰ ਅਤੇ ਨੇਤ੍ਰਿਤਵ ਵਿੱਚ ਅੱਗੇ ਲਿਆਵੇਗੀ ਤਾਂ ਸਮਾਜ ਹੋਰ ਮਜ਼ਬੂਤ ਬਣੇਗਾ। ਇਸ ਨਾਲ ਸੇਵਾ ਵੀ ਰਹੇਗੀ, ਤੇ ਸਿੱਖਿਆ ਅਤੇ ਉੱਚੀ ਸੋਚ ਵੀ ਵਧੇਗੀ । ਕਿਉਕਿ ਸੇਵਾ ਦੇ ਨਾਲ ਸਿੱਖਿਆ ਵੀ ਜ਼ਰੂਰੀ ਹੈ, ਲੰਗਰ ਕੌਮ ਨੂੰ ਜੋੜਦਾ ਹੈ ਤੇ ਪੜ੍ਹਾਈ ਕੌਮ ਨੂੰ ਉੱਚਾਈਆਂ ਤੱਕ ਲੈ ਜਾਂਦੀ ਹੈ। ਉਨ੍ਹਾਂ ਕਿਹਾ ਸਿਰਫ਼ ਲੰਗਰਾਂ ਦੇ ਸੁਆਦ ਅਤੇ ਰਸਮਾਂ ਵਿੱਚ ਹੀ ਨਾ ਫਸ ਕੇ, ਸਾਨੂੰ ਆਪਣੀ ਨਵੀਂ ਪੀੜ੍ਹੀ ਦੀ ਸਿੱਖਿਆ, ਤਰੱਕੀ ਅਤੇ ਉੱਚ ਅਹੁਦਿਆਂ ਤੱਕ ਪਹੁੰਚ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਸ਼ਹੀਦੀ ਦਿਹਾੜੇ ਦਾ ਮਕਸਦ ਸ਼ੋਰ ਨਹੀਂ, ਸਿਮਰਨ, ਸੇਵਾ, ਇਤਿਹਾਸ ਤੋਂ ਸਿੱਖਿਆ ਅਤੇ ਚੰਗੇ ਵਿਚਾਰਾਂ ਨੂੰ ਅਪਣਾਉਣਾ ਹੋਣਾ ਚਾਹੀਦਾ ਹੈ। ਇਸ ਲਈ ਅੱਜ ਲੋੜ ਇਸ ਗੱਲ ਦੀ ਹੈ ਕਿ ਸ਼ਹੀਦੀ ਦਿਹਾੜੇ ਦੀ ਰੂਹਾਨੀ ਅਤੇ ਇਤਿਹਾਸਕ ਮਹੱਤਤਾ ਨੂੰ ਸਮਝਦਿਆਂ ਸਾਦਗੀ, ਸੇਵਾ ਅਤੇ ਸਿਮਰਨ ਨਾਲ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਜਾਵੇ। ਕਿਉਕਿ ਸ਼ਹੀਦੀ ਦਿਹਾੜੇ ਸ਼ੋਰ ਨਾਲ ਨਹੀਂ, ਸਿਮਰਨ, ਸੇਵਾ ਅਤੇ ਸਤਿਕਾਰ ਨਾਲ ਮਨਾਏ ਜਾਣੇ ਚਾਹੀਦੇ ਹਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>