ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ ਪੁਸਤਕ ਇਤਿਹਾਸਕ ਦਸਤਾਵੇਜ਼: ਉਜਾਗਰ ਸਿੰਘ

IMG_6944.resizedਸੰਸਾਰ ਦੇ ਲਗਪਗ 130 ਦੇਸ਼ਾਂ ਵਿੱਚ ਪੰਜਾਬੀ ਬੋਲੀ ਜਾਂਦੀ ਹੈ, ਪ੍ਰੰਤੂ ਫਿਰ ਵੀ ਪੰਜਾਬੀ ਬੋਲੀ ਦੇ ਖ਼ਤਮ ਹੋਣ ਦੀਆਂ ਆ ਰਹੀਆਂ ਖ਼ਬਰਾਂ ਚਿੰਤਾਜਨਕ ਹਨ। ਪੰਜਾਬੀ ਬੋਲੀ ਨਾਲ ਸਾਡਾ ਸਭਿਆਚਾਰ, ਵਿਰਸਾ ਅਤੇ ਪਛਾਣ ਜੁੜੇ ਹੋਏ ਹਨ। ਇਸ ਕਰਕੇ ਪੰਜਾਬੀ ਬੋਲੀ ਦੀ ਹੋਂਦ ਨੂੰ ਬਚਾਉਣਾ ਅਤਿਅੰਤ ਜ਼ਰੂਰੀ ਹੈ। ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਵੱਖਰੇ ਕਰਕੇ ਨਹੀਂ ਵੇਖਿਆ ਜਾ ਸਕਦਾ। ਇੰਗਲੈਂਡ ਵਿੱਚ ਚੌਥੇ ਤੇ ਕੈਨੇਡਾ ਵਿੱਚ ਪੰਜਵੇਂ ਨੰਬਰ ਤੇ ਪੰਜਾਬੀ ਬੋਲੀ ਜਾਂਦੀ ਹੈ। ਵਿਸ਼ਵ ਪੰਜਾਬੀ ਕਾਨਫਰੰਸਾਂ 1980 ਤੋਂ ਸ਼ੁਰੂ ਹੋਈਆਂ ਤੇ ਲਗਾਤਾਰ ਹੋ ਰਹੀਆਂ ਹਨ, ਪ੍ਰੰਤੂ ਇਨ੍ਹਾਂ ਕਾਨਫ਼ਰੰਸਾਂ ਦੇ ਕੀਤੇ ਕੋਈ ਸਾਰਥਿਕ ਉਪਰਾਲੇ ਨਜ਼ਰ ਨਹੀਂ ਆਏ। ਇਹ ਸੰਤੁਸ਼ਟੀ ਦੀ ਗੱਲ ਹੈ ਕਿ ਵਿਸ਼ਵ ਪੰਜਾਬੀ ਸਭਾ ਬਰੈਂਮਟਨ ਕੈਨੇਡਾ ਦੇ ਰੂਹੇ ਰਵਾਂ ਡਾ.ਦਲਬੀਰ ਸਿੰਘ ਕਥੂਰੀਆ ਨੇ ਆਪਣੀ ਸੰਸਥਾ ਰਾਹੀਂ ‘ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ’ ਪੁਸਤਕ ਪ੍ਰਕਾਸ਼ਿਤ ਕਰਕੇ ਇਸ ਮੰਚ ਦਾ ਸਦਉਪਯੋਗ ਕੀਤਾ ਹੈ। ਪੰਜਾਬੀ ਦੇ ਸੁਪ੍ਰਸਿੱਧ ਵਿਦਵਾਨਾ ਆਤਮਜੀਤ ਅਤੇ ਗੁਰਭਜਨ ਗਿੱਲ ਨੇ ‘ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ’ ਪੁਸਤਕ ਦੀ ਸੰਪਾਦਨਾ ਕਰਕੇ ਪੰਜਾਬੀ ਬੋਲੀ ਨੂੰ ਪ੍ਰਫ਼ੁੱਲਤ ਕਰਨ ਲਈ ਸ਼ਲਾਘਾਯੋਗ ਉਦਮ ਕੀਤਾ ਹੈ। ਇਸ ਪੁਸਤਕ ਵਿੱਚ ਪੰਜਾਬੀ ਬੋਲੀ ਦੇ ਤਿੰਨ ਦਰਜਨ ਦੇਸ਼ ਵਿਦੇਸ਼ ਦੇ ਵਿਦਵਾਨਾ ਦੇ ਖੋਜ ਭਰਪੂਰ ਲੇਖ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਤੋਂ ਪੰਜਾਬੀ ਬੋਲੀ ਦੇ ਅਨੁਆਈ ਪ੍ਰੇਰਨਾ ਲੈ ਸਕਣਗੇ। ਇਸ ਪੁਸਤਕ ਵਿੱਚ ਪੰਜਾਬੀ ਭਾਸ਼ਾ ਦੇ ਗਲੋਬਲ ਸਰੋਕਾਰ, ਖੇਤਰੀ ਸਮੱਸਿਆਵਾਂ ਤੇ ਹੱਲ, ਵਿਰਸਾ ਤੇ ਵਰਤਮਾਨ ਤੋਂ ਅੱਗੇ ਭਵਿੱਖ ਮੁੱਖੀ ਨਿਸ਼ਾਨੇ ਵੀ ਹਨ। ਇਸ ਕਰਕੇ ਇਹ ਪੁਸਤਕ ਪੰਜਾਬੀ ਬੋਲੀ ਦੀ ਸਮੁੱਚੀ, ਸਥਿਤੀ, ਖ਼ਾਸੀਅਤਾਂ ਅਤੇ ਵਿਕਾਸ ਦੀਆਂ ਉਲਝਣਾ ਨੂੰ ਸਮਝਣ ਅਤੇ ਉਨ੍ਹਾਂ ਵਿੱਚੋਂ ਨਿਕਲਣ ਵਾਸਤੇ ਰਾਹ ਤਲਾਸ਼ਣ ਦਾ ਇੱਕ ਸਾਰਥਿਕ ਯਤਨ ਸਾਬਤ ਹੋਵੇਗੀ। ਇਸ ਪੁਸਤਕ ਨੂੰ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ 16, ਦੂਜੇ ਵਿੱਚ 5, ਤੀਜੇ ਵਿੱਚ 5, ਚੌਥੇ ਵਿੱਚ 5 ਅਤੇ ਪੰਜਵੇਂ ਵਿੱਚ ਦੋ ਵਿਦਵਾਨਾਂ ਦੇ ਲੇਖ ਹਨ, ਜਿਨ੍ਹਾਂ ਵਿੱਚ ਪੰਜਾਬੀ ਬੋਲੀ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਵੱਖਰੇ ਦ੍ਰਿਸ਼ਟੀਕੋਣ ਤੋਂ ਅਧਿਐਨ ਕੀਤਾ ਗਿਆ ਹੈ।IMG_6945 (1).resized ਅਸਲ ਵਿੱਚ ਪੰਜਾਬੀ ਬੋਲੀ ਨੂੰ ਸਤਾ, ਰਾਜਨੀਤੀ, ਸਰਮਾਏਦਾਰੀ, ਵਿਸ਼ਵੀਕਰਨ, ਮੰਡੀਕਰਨ ਆਦਿ ਤਾਕਤਾਂ ਨੇ ਨੁਕਸਾਨ ਪਹੁੰਚਾਇਆ ਹੈ। ਬੋਲੀ ਨੂੰ ਧਰਮ ਨਾਲ ਜੋੜਨਾ ਵੀ ਗ਼ਲਤ ਹੈ, ਪ੍ਰੰਤੂ ਪੰਜਾਬੀਆਂ ਨੂੰ ਇਸ ਬਾਰੇ ਸਪਸ਼ਟ ਰੁੱਖ ਅਖਤਿਆਰ ਕਰਨਾ ਚਾਹੀਦਾ ਹੈ। ਸਿਰਫ ਸਿੱਖਾਂ ਨਾਲ ਜੋੜਨਾ ਗ਼ਲਤ ਹੈ, ਕਿਉਂਕਿ ਗ਼ੈਰ ਸਿੱਖ ਵੀ ਪੰਜਾਬੀ ਬੋਲਦੇ ਹਨ। ਅਜਿਹੀਆਂ ਕੁਝ ਬੇਸਮਝੀਆਂ ਅਤੇ ਗ਼ਲਤ ਧਾਰਨਾਵਾਂ ਤੋਂ ਮੁਕਤ ਹੋਣਾ ਪਵੇਗਾ। ਵਿਗਿਆਨਕ ਢੰਗ ਦੇ ਲੜ ਲੱਗਣਾ ਪਵੇਗਾ। ਪੰਜਾਬੀ ਰਾਜ ਭਾਸ਼ਾ ਐਕਟ ਨੂੰ ਸਰਕਾਰੀ ਦਫ਼ਤਰਾਂ ਅਤੇ ਅਦਾਲਤਾਂ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ। ਪੰਜਾਬੀ ਦੀਆਂ ਦੋ ਲਿਪੀਆਂ ਗੁਰਮੁੱਖੀ ਅਤੇ ਸ਼ਾਹਮੁਖੀ ਹਨ, ਜਿਨ੍ਹਾਂ ਦਾ ਇਕ ਦੂਜੇ ਨਾਲ ਮੇਲ ਨਹੀਂ ਹੈ। ਪਾਕਿਸਤਾਨ ਵਾਲੇ ਪੰਜਾਬ ਵਿੱਚ ਪੰਜਾਬੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਈ ਨਹੀਂ ਜਾਂਦੀ। ਹਾਇਰ ਕਲਾਸਾਂ ਵਿੱਚ ਆਪਸ਼ਨਲ ਵਿਸ਼ਾ ਹੈ। ਪੰਜਾਬੀ ਨੂੰ ਨੌਕਰਾਂ ਦੀ ਜ਼ੁਬਾਨ ਕਿਹਾ ਜਾਂਦਾ ਹੈ। ਗੁਰਮੁਖੀ ਪੁਰਾਣੀ ਸਿੰਧੂ, ਸ਼ਾਰਦਾ ਤੇ ਟਾਕਰੀ ਨਾਲ ਜਲਦੀ ਮਿਲਦੀ ਹੈ। ਇੱਕ ਹੋਰ ਵੱਡਾ ਨੁਕਸਾਨ ਵਿਦਵਾਨਾ ਅਤੇ ਆਮ ਲੋਕਾਂ ਦੀ ਬੋਲੀ ਦਾ ਜ਼ਮੀਨ ਅਸਮਾਨ ਦਾ ਅੰਤਰ ਹੋਣਾ ਹੈ। ਬੋਲੀ ਲਚਕਦਾਰ ਹੋਣੀ ਚਾਹੀਦੀ ਹੈ, ਤਾਂ ਹੀ ਬਚ ਸਕਦੀ ਹੈ। ਪੰਜਾਬੀਆਂ ਦਾ ਆਪਣਾ ਗਿਆਨ ਵੀ ਬਨਾਵਟੀ ਜਿਹਾ ਹੈ, ਜਿਸ ਕਰਕੇ ਬੋਲੀ ਦਾ ਸਭਿਆਚਾਰ ਅਤੇ ਅੰਤਰ-ਮਨ ਨਾਲੋਂ ਸਿੱਧਾ ਸੰਬੰਧ ਟੁੱਟ ਚੁੱਕਾ ਹੈ। ਇਸ ਸਮੇਂ ਪੰਜਾਬੀਆਂ ਦਾ ਰੁਝਾਨ ਸ਼ਹਿਰਾਂ ਵਿੱਚ ਵਸਣ ਦਾ ਹੈ, ਜਿਸ ਕਰਕੇ ਪੰਜਾਬੀ ‘ਤੇ ਹਿੰਦੀ ਦਾ ਪ੍ਰਭਾਵ ਪੈ ਰਿਹਾ ਹੈ। ਵਿਦਵਾਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬੀ ਬੋਲੀ ਬਾਰੇ ਬਹੁਤ ਸਾਰੇ ਡਰ ਅਗਿਆਨਤਾ ਅਤੇ ਅਵੇਸਲੇਪਣ ਕਰਕੇ ਹਨ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਹੈ ਕਿ ਆਰਫ਼ੀਸ਼ੀਅਲ ਇੰਟੈਲੀਜੈਂਸ ਦੇ ਯੁਗ ਵਿੱਚ ਪੰਜਾਬੀ ਨੂੰ ਇਸਦੇ ਹਾਣ ਦੀ ਬਣਾਉਣ ਦੀ ਲੋੜ ਵੀ ਹੈ। ਆਰਟੀਫ਼ੀਸ਼ੀਅਲ ਇੰਟੈਲੀਜੈਂਸ ਸਾਨੂੰ ਘੇਰੀ ਬੈਠੀ ਹੈ। ਬੋਲੀ ਦੇ ਵਿਕਾਸ ਦੇ ਰਾਹ ਵਿੱਚ ਜਿਥੇ ਸਰਕਾਰਾਂ ਨੇ ਵੀ ਰੁਕਾਵਟਾਂ ਪਾਈਆਂ ਹਨ, ਉਥੇ ਸਾਡੇ ਵਿਦਵਾਨ ਅਤੇ ਲੋਕ ਵੀ ਸ਼ਾਮਲ ਹਨ। ਪੰਜਾਬੀ ਬੋਲੀ ਕੋਲ ਵਿਚਾਰਾਂ, ਸੋਚਾਂ ਅਤੇ ਸਭਿਆਚਾਰਕ ਪ੍ਰਗਟਾਵਿਆਂ ਦਾ ਭੰਡਾਰ ਹੈ, ਪ੍ਰੰਤੂ ਬੋਲੀ ਦਾ ਮਰਨਾ  ਅੰਦਰਲੇ ਵੱਖਰੇਪਣ ਦੀ ਮੌਤ ਹੁੰਦੀ ਹੈ। ਬੋਲੀ ਨਾਲ ਜੁੜੇ ਹੋਏ ਗੰਭੀਰ ਮਸਲੇ ਹਨ, ਪ੍ਰੰਤੂ ਬੋਲੀ ਨੂੰ ਇਨ੍ਹਾਂ ਤੋਂ ਕੱਟਕੇ ਨਹੀਂ ਵੇਖਿਆ ਜਾ ਸਕਦਾ। ਵਿਦਵਾਨਾਂ ਨੇ ਪੰਜਾਬੀ ਬੋਲੀ ਦੀਆਂ ਸਾਰੀਆਂ ਰਮਜ਼ਾਂ ਨੂੰ ਪਛਾਣਿਆਂ ਹੈ, ਬਹੁਤ ਸਾਰੀਆਂ ਰੁਕਾਵਟਾਂ ਦੀ ਨਿਸ਼ਾਨਦੇਹੀ ਦੀ ਹੋਈ ਹੈ। ਜੇਕਰ ਪੰਜਾਬੀ ਕੰਪਿਊਟਰ, ਐਲ.ਐਲ.ਐਮ. ਡਿਜੀਟਲ ਪਲੇਟਫਾਰਮ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਆਪਣੀ ਪਹੁੰਚ ਦੇ ਰਾਹ ਵਿੱਚ ਆਉਣ ਵਾਲੀਆਂ ਮੁਸ਼ਕਲਾਂ  ਲੱਭ ਲੈਣ ਤਾਂ ਦੁਨੀਆਂ ਭਰ ਦੇ ਪੰਜਾਬੀ ਇਕ ਪਲੇਟਫਾਰਮ ‘ਤੇ ਇਕੱਠੇ ਕੀਤੇ ਜਾ ਸਕਦੇ ਹਨ। ਬੱਚਿਆਂ ਨੂੰ ਪੰਜਾਬੀ ਬੋਲਣਾ ਸਿਖਾਉਣਾ ਮਾਂ ਦੇ ਹੱਥ ਹੁੰਦਾ ਹੈ। ਉਸਤੋਂ ਬਾਅਦ ਮੁੱਢਲੀ ਸਿਖਿਆ ਮਾਂ ਬੋਲੀ ਪੰਜਾਬੀ ਵਿੱਚ ਹੋਣੀ ਚਾਹੀਦੀ ਹੈ। ਸਮਾਜ ਵਿਗਿਆਨ, ਮਨੋਵਿਗਿਆਨ ਭੌਤਿਕ ਤੇ ਰਸਾਇਣ ਵਿਗਿਆਨ ਦੇ ਵਿਸ਼ਿਆਂ ਨੂੰ ਪੰਜਾਬੀ ਵਿੱਚ ਪੜ੍ਹਾਉਣਾ ਜ਼ਰੂਰੀ ਹੈ। ਵਿਗਿਆਨ ਦੀ ਪੰਜਾਬੀ ਵਿੱਚ ਪੜ੍ਹਾਈ ਲਈ ਮਿਆਰੀਕਰਨ, ਸ਼ਬਦਾਵਲੀ, ਅਧਿਆਪਕਾਂ ਦੀ ਟ੍ਰੇਨਿੰਗ, ਪੁਸਤਕਾਂ, ਲੋੜੀਂਦੇ ਸ੍ਰੋਤਾਂ ਦੀ ਘਾਟ ਹੈ। ਵਿਸ਼ਵੀਕਰਨ ਨੇ ਪੰਜਾਬੀ ਬੋਲੀ ‘ਤੇ ਵੀ ਆਪਣਾ ਅਸਰ ਪਾਇਆ ਹੈ। ਵਿਸ਼ਵੀਕਰਨ ਦੇ ਪ੍ਰਭਾਵ ਹੇਠ ਪੰਜਾਬੀ ਮਨੁੱਖ ਗਿਆਨ-ਵਿਹੂਣੀ ਤੇ ਦੂਰ-ਦਰਸ਼ਿਤਾ ਵਿਹੂਣੇ ਗਿਆਨ ਦੇ ਰਸਤੇ ਉਪਰ ਚਲ ਰਿਹਾ ਹੈ। ਉਪਭੋਗਤਾਵਾਦ ਨੇ ਸੰਚਾਰ ਮਾਧਿਅਮਾ ਦੇ ਜ਼ਰੀਏ ਇੱਕ ਨਵੀਂ ਭਾਸ਼ਾ ਨੂੰ ਸਿਰਜਿਆ ਹੈ, ਜਿਸਨੇ ਸੱਚ ਜਾਂ ਯਥਾਰਥ ਨੂੰ ਧੁੰਦ, ਰਹੱਸ ਜਾਂ ਰੁਮਾਂਸ ਵਿੱਚ ਗਲੇਫ ਕੇ ਰੱਖ ਦਿੱਤਾ ਹੈ। ਇਹ ਖਾਸ ਤਰ੍ਹਾਂ ਦੀ ਸ਼ਬਦਾਵਲੀ ਤੇ ਗਿਆਨ ਤੋਂ ਸੱਖਣੀ ਹੈ। ਇਸ ਮੰਡੀ ਨੇ ਸਾਹਿਤ ਨੂੰ ਵਪਾਰੀ ਮਾਨਸਿਕਤਾ ਵਿੱਚ ਬਦਲ ਦਿੱਤਾ ਹੈ। ਪੰਜਾਬੀ ਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣ ਨਾਲ ਵਿਕਾਸ ਸੰਭਵ ਹੋ ਸਕਦਾ ਹੈ। ਪੰਜਾਬੀ ਦੀਆਂ ਦੋਵੇਂ ਲਿਪੀਆਂ ਗੁਰਮੁੱਖੀ ਅਤੇ ਸ਼ਾਹਮੁਖੀ ਸਿੱਖਣ ਨਾਲ ਵੀ ਲਾਭ ਹੋ ਸਕਦਾ ਹੈ। ਮੁਕਾਬਲੇ ਦੇ ਇਮਤਿਹਾਨਾ ਦਾ ਮਾਧਿਅਮ ਪੰਜਾਬੀ ਹੋਣੀ ਚਾਹੀਦੀ ਹੈ। ਪੰਜਾਬੀ ਸੰਸਾਰ ਵਿੱਚ ਵਸੇ ਹੋਣ ਕਰਕੇ ਆਪੋ ਆਪਣੀ ਵਿਲੱਖਣਤਾ  ‘ਤੇ ਜ਼ੋਰ ਦੇ ਰਹੇ ਹਨ, ਭਾਵ ਬਿਖਰਾਵ ਦਾ ਸ਼ਿਕਾਰ ਹਨ, ਜਿਸ ਨਾਲ ਪੰਜਾਬੀ ਦਾ ਨੁਕਸਾਨ ਹੋ ਰਿਹਾ ਹੈ, ਹਓਮੈ ਛੱਡਣੀ ਹੋਵੇਗੀ। ਇਸ ਲਈ ਵਰਗ-ਵਿਸ਼ੇਸ਼ ਤੋਂ ਉਪਰ ਉਠਣਾ ਹੋਵੇਗਾ। ਮਾਂ ਦੇ ਦੁੱਧ ਤੋਂ ਸਿੱਖੀ ਪੰਜਾਬੀ ਦਾ ਵਿਕਾਸ ਕਰਨਾ ਵੀ ਜ਼ਰੂਰੀ ਹੈ। ਗਿਆਨ ਸੰਚਾਰ ਅੰਦਰੂਨੀ ਤੇ ਬੈਰੂਨੀ ਦੋਹਾਂ ਪੱਖਾਂ ਦਾ ਹੋਵੇ। ਗੁਰੂ ਗ੍ਰੰਥ ਸਾਹਿਬ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਵਿਕਾਸ ਵਿੱਚ ਇੱਕ ਮੀਲ ਪੱਥਰ ਹੈ। ਪੰਜਾਬੀ ਸਿਆਸਤਦਾਨ ਸੱਤਾ ਪ੍ਰਾਪਤੀ ਦੀ ਥਾਂ ਪੰਜਾਬੀ ਦੇ ਵਿਕਾਸ ਵੱਲ ਧਿਆਨ ਦੇਣ। ਘਰਾਂ ਵਿੱਚ ਵੀ ਠੇਠ ਪੰਜਾਬੀ ਬੋਲਣੀ ਚਾਹੀਦੀ ਹੈ। ਪੰਜਾਬੀ ਦਾ ਸੰਬੰਧ ਸੰਸਕ੍ਰਿਤ ਤੇ ਅਰਬੀ ਫਾਰਸੀ ਨਾਲ ਵੀ ਜੁੜਦਾ ਹੈ। ਪੰਜਾਬੀ ਲਚਕਦਾਰ ਹੈ, ਜਿਸਨੇ ਅਨੇਕ ਭਾਸ਼ਾਵਾਂ ਦੇ ਸ਼ਬਦਾਂ ਨੂੰ ਹਜ਼ਮ ਕਰਕੇ ਆਪਣੇ ਬਣਾ ਲਿਆ ਹੈ। ਇਨ੍ਹਾਂ ਵਿੱਚ ਤੁਰਕੀ, ਪੁਰਤਗੇਜ਼ੀ, ਅੰਗਰੇਜ਼ੀ, ਹਿੰਦੀ, ਉਰਦੂ ਦੇ ਵੀ ਅਨੇਕ ਸ਼ਬਦ ਹਨ। ਇਸ ਕਰਕੇ ਪੰਜਾਬੀ ਦੀ ਐਟਮਾਲੌਜੀ ਇਨ੍ਹਾਂ ਭਾਸ਼ਾਵਾਂ ਨਾਲ ਮਿਲਦੀ ਜੁਲਦੀ ਹੈ। ਪੰਜਾਬੀ ਦੇ ਖ਼ਤਮ ਹੋਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਪੰਜਾਬੀ ਸੰਸਾਰ ਵਿੱਚ ਵਸਦੇ ਹਨ, ਇਸਦਾ ਪੀੜ੍ਹੀ ਦਰ ਪੀੜ੍ਹੀ ਸੰਚਾਰ ਨਿਰਵਿਘਨ ਹੋ ਰਿਹਾ ਹੈ। ਕਿਤਨੀਆਂ ਹੀ ਸੰਸਥਾਵਾਂ, ਅਦਾਰੇ, ਸਰਕਾਰ ਅਤੇ ਅਦੀਬ, ਅਦਬੀ ਮੇਲੇ ਕਰਵਾਕੇ ਯਤਨਸ਼ੀਲ ਹਨ। ਪੰਜਾਬੀ ਭਾਸ਼ਾ ਦਾ ਭਵਿਖ ਤਕਨੀਕੀ ਵਿਕਾਸ ਤੋਂ ਬਗ਼ੈਰ ਸੰਭਵ ਨਹੀਂ। ਇੱਕ ਲਿਪੀ, ਇੱਕ ਫੌਂਟ, ਇੱਕ ਕੀ-ਬੋਰਡ ਦੀ ਜ਼ਰੂਰਤ ਹੈ। ਸਾਨੂੰ ਯੂਨੀਕੋਡ ਨੂੰ ਅਪਨਾਉਣਾ ਚਾਹੀਦਾ ਹੈ। ਦੂਸਰੇ ਲੋਕਾਂ ਲਈ ਫੌਂਟ ਕਨਵਰਟਰ, ਕੀ-ਬੋਰਡ ਲੇਅ ਆਊਟ ਕਨਵਰਟਰ ਵੀ ਵਧੇਰੇ ਬਣਾਉਣੇ ਚਾਹੀਦੇ ਹਨ। ਜਿਸਨੂੰ ਅੰਗਰੇਜ਼ੀ ਆਉਂਦੀ ਹੈ, ਉਸ ਲਈ ਕੋਈ ਵੀ ਫ਼ੌਂਟ ਵਰਤਣ ਵਿੱਚ ਮੁਸ਼ਕਲ ਨਹੀਂ, ਪ੍ਰੰਤੂ ਵਿਸ਼ੇਸ਼ ਚਿੰਨਾ ਦੀ ਘਾਟ ਹੈ। ਲਿਪੀਆਂ ਦਾ ਰੇੜਕਾ ਦੋਹਾਂ ਦੇਸ਼ਾਂ ਦੀ ਧਾਰਮਿਕ ਤੰਗਦਿਲੀ ਦਾ ਨਤੀਜਾ ਹੈ। ਵਿਕੀਪੀਡੀਆ ਦੇ ਗੁਰਮੁਖੀ ਰੂਪ ਨੂੰ ਹੋਰ ਉਤਸ਼ਾਹਤ ਕਰਨਾ ਚਾਹੀਦਾ ਹੈ। ਚੈਟ ਜੀ ਪੀ ਟੀ ਜਾਂ ਕਿਸੇ ਹੋਰ ਪਲੇਟਫਾਰਮ ਕੋਲ ਪੰਜਾਬੀ ਦਾ ਗਿਆਨ ਸੀਮਤ ਹੈ। ਇਸ ਵਿੱਚ ਸਾਡਾ ਆਪਣਾ ਕਸੂਰ ਹੈ, ਕਿਉਂਕਿ ਪੰਜਾਬੀ ਅਵੇਸਲੇ ਹਨ। ਡਿਜਿਟਲ ਲਾਇਬ੍ਰੇਰੀਆਂ ਦੀ ਲੋੜ ਹੈ। ਗੁਰਭਜਨ ਗਿੱਲ ਅਨੁਸਾਰ ਪੰਜਾਬੀਆਂ ਨੂੰ ਪੰਜਾਬੀ  ਬੋਲਣ ਤੇ ਮਾਣ ਕਰਨ ਲਈ ਆਪਣੀ ਮਾਨਸਿਕਤਾ ਬਦਲਣੀ ਪਵੇਗੀ। ਹੀਣ ਭਾਵਨਾ ਨਹੀਂ ਰੱਖਣੀ ਚਾਹੀਦੀ। ਪੁਰਖਿਆਂ ਦੀ ਬੋਲੀ ਤੋਂ ਮੁੱਖ ਨਹੀਂ ਮੋੜਨਾ ਚਾਹੀਦਾ। ਕਚਹਿਰੀਆਂ ਵਿੱਚ ਦੇਸ਼ ਦੇ ਕਈ ਰਾਜਾਂ ਵਿੱਚ ਉਥੋਂ ਦੀਆਂ ਮਾਤ ਭਾਸ਼ਾਵਾਂ ਵਿੱਚ ਕੰਮ ਹੋ ਰਿਹਾ ਹੈ, ਪ੍ਰੰਤ ਪੰਜਾਬ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ। ਪੰਜਾਬੀ ਸਾਹਿਤ, ਇਤਿਹਾਸਕ ਦਸਤਾਵੇਜ਼ ਅਤੇ ਸਭਿਆਚਾਰਕ ਵਿਰਸੇ ਨਾਲ ਸੰਬੰਧਤ ਸੰਭਾਲ ਅਤੇ ਪ੍ਰਚਾਰ ਹਿਤ ਏ ਆਈ ਡਿਜਟਿਲ ਰੂਪ ਵਿੱਚ ਬਦਲਕੇ ਚੰਗਾ ਕੰਮ ਕਰ ਰਹੀ ਹੈ, ਪ੍ਰੰਤੂ ਅਨੁਵਾਦ ਤਕਨਾਲੋਜੀ ਖਾਸ ਕਰਕੇ ਪ੍ਰਾਸੈਸਿੰਗ, ਅਵਾਜ਼ ਪਛਾਣ ਉਤਨੀ ਉਨਤ ਨਹੀਂ ਹੈ। ਇਸ ਲਈ ਸਾਡੇ ਵਿਰਸੇ ਨੂੰ ਖੋਰਾ ਲੱਗ ਰਿਹਾ ਹੈ। ਇਸਨੂੰ ਵਿਕਸਤ ਕਰਨ ਦੀ ਲੋੜ ਹੈ। ਏ ਆਈ ਅਧਾਰਤ ਭਾਸ਼ਾ ਸਿਖਲਾਈ ਤਕਨਾਲੋਜੀ ਨੂੰ ਪਾਠਕ੍ਰਮ ਦਾ ਹਿੱਸਾ ਬਣਾਕੇ ਭਾਸ਼ਾ ਸਿਖਲਾੲਂੀ ਕਾਰਜਾਂ ਦਾ ਸਹੀ ਇਸਤੇਮਾਲ ਕਰ ਸਕਦੇ ਹਾਂ। ਪੱਛਮ ਦੀ ਅੰਨ੍ਹੇਵਾਹ ਨਕਲ ਬੰਦ ਕਰਨ ਨਾਲ ਪੰਜਾਬੀ ਭਾਸ਼ਾ ਦਾ ਵਿਕਾਸ ਹੋ ਸਕਦਾ ਹੈ। ਪਰਵਾਸ ਵਿੱਚ ਪੰਜਾਬੀ ਸਾਹਿਤਕ ਸਮਾਗਮਾ ਅਤੇ ਗੁਰਦੁਆਰਿਆਂ ਤੱਕ ਹੀ ਸੀਮਤ ਹੈ। ਕੈਨੇਡਾ ਵਿੱਚ ਪੰਜਾਬੀ ਜ਼ਿਆਦਾ ਬੋਲੀ ਜਾਂਦੀ ਹੈ, ਪ੍ਰੰਤੂ ਬੱਚੇ ਮਿਲਗੋਭਾ ਹੀ ਬੋਲਦੇ ਹਨ। ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਰਾਹ ਦਸੇਰਾ ਬਣ ਸਕਦੀ ਹੈ, ਪ੍ਰੰਤੂ ਇਸ ਵਿੱਚ ਵੀ ਵਿਦਵਾਨਾ ਦੀ ਭਾਸ਼ਾ ਆਮ ਪਾਠਕਾਂ ਦੀ ਸਮਝ ਤੋਂ ਬਾਹਰ ਹੈ।

350 ਪੰਨਿਆਂ, 500 ਰੁਪਏ ਭਾਰਤੀ, ਕੈਨੇਡੀਅਨ 25 ਡਾਲਰ ਅਤੇ ਅਮਰੀਕਨ 20 ਡਾਲਰ ਕੀਮਤ ਵਾਲੀ ਇਹ ਪੁਸਤਕ ਵਿਸ਼ਵ ਪੰਜਾਬੀ ਸਭਾ ਬਰੈਂਮਪਟਨ, ਕੈਨੇਡਾ ਨੇ ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮਟਿਡ ਮੋਹਾਲੀ ਤੋਂ ਪ੍ਰਕਾਸ਼ਤ ਕਰਵਾਈ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>