ਡੇਟਨ ਓਹਾਇਓ ਵਿਖੇ ਰੀਜਨਲ ‘ਸਿਆਨਾ ਸਿੱਖ ਯੂਥ ਸਿਮਪੋਜ਼ੀਅਮ 2026’ ਕਰਵਾਇਆ ਗਿਆ

ਰੀਜਨਲ ਸਿੱਖ ਯੂਥ ਸਿਮਪੋਜ਼ੀਅਮ 2026 ‘ਚ ਸ਼ਮੂਲੀਅਤ ਕਰਨ ਵਾਲੇ ਬੱਚੇ, ਪਰਿਵਾਰਕ ਮੈਂਬਰ ਅਤੇ ਸੇਵਾਦਾਰ।

ਰੀਜਨਲ ਸਿੱਖ ਯੂਥ ਸਿਮਪੋਜ਼ੀਅਮ 2026 ‘ਚ ਸ਼ਮੂਲੀਅਤ ਕਰਨ ਵਾਲੇ ਬੱਚੇ, ਪਰਿਵਾਰਕ ਮੈਂਬਰ ਅਤੇ ਸੇਵਾਦਾਰ।

ਡੇਟਨ, (ਸਮੀਪ ਸਿੰਘ ਗੁਮਟਾਲਾ): ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ), ਸੰਸਥਾ ਵਲੋਂ ਕਰਵਾਏ ਜਾਂਦੇ ਸਾਲਾਨਾ ਸਿੱਖ ਯੂਥ ਸਿਮਪੋਜ਼ੀਅਮ 2026 ਸੰਬੰਧੀ ਓਹਾਇਓ ਅਤੇ ਪੈਨਸਿਲਵੇਨੀਆ ਸੂਬਿਆਂ ਦੇ ਖੇਤਰੀ (ਰੀਜਨਲ) ਪੱਧਰ ਦੇ ਭਾਸ਼ਣ ਹਾਲ ਹੀ ਵਿੱਚ ਅਮਰੀਕਾ ਦੇ ਓਹਾਇਓ ਸੂਬੇ ਦੇ ਸ਼ਹਿਰ ਡੇਟਨ ਸਥਿਤ ਸਿੱਖ ਸੋਸਾਇਟੀ ਆਫ ਡੇਟਨ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ। ਇਸ ਰੀਜਨਲ ਸਿਮਪੋਜ਼ੀਅਮ ਵਿੱਚ ਡੇਟਨ, ਸਿਨਸਿਨਾਟੀ, ਕੋਲੰਬਸ, ਕਲੀਵਲੈਂਡ ਅਤੇ ਪਿਟਸਬਰਗ ਸ਼ਹਿਰਾਂ ਦੇ 6 ਤੋਂ 22 ਸਾਲ ਤੱਕ ਦੇ 37 ਬੱਚਿਆਂ ਅਤੇ ਨੌਜਵਾਨਾਂ ਨੇ ਭਾਗ ਲਿਆ।

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੇਟਨ ਅਤੇ ਸਿਨਸਿਨਾਟੀ ਖੇਤਰ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਸਥਾਨਕ ਪੱਧਰ ’ਤੇ ਹੋਏ ਸਿਮਪੋਜ਼ੀਅਮ ਦੇ ਜੇਤੂ ਬੱਚੇ ਰੀਜਨਲ ਸਿਮਪੋਜ਼ੀਅਮ ਵਿੱਚ ਭਾਗ ਲੈਂਦੇ ਹਨ। ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿੱਚ ਵੰਡਿਆ ਜਾਂਦਾ ਹੈ। ਹਰੇਕ ਗਰੁੱਪ ਨੂੰ ਕੁਝ ਮਹੀਨੇ ਪਹਿਲਾਂ ਇੱਕ ਕਿਤਾਬ ਜਾਂ ਵਿਸ਼ਾ ਅਤੇ ਤਿੰਨ ਸਵਾਲ ਦਿੱਤੇ ਜਾਂਦੇ ਹਨ, ਜਿਨ੍ਹਾਂ ਦੇ ਜਵਾਬ ਭਾਸ਼ਣ ਦੇ ਰੂਪ ਵਿੱਚ ਪੇਸ਼ ਕੀਤੇ ਜਾਂਦੇ ਹਨ।

ਸਾਲ 2026 ਦੇ ਸਿਮਪੋਜ਼ੀਅਮ ਲਈ ਪਹਿਲੇ ਗਰੁੱਪ ਨੂੰ “ਮਾਈ ਗੁਰੂਜ਼ ਬਲੈਸਿੰਗਜ਼ – ਬੁੱਕ 6”, ਦੂਜੇ ਗਰੁੱਪ ਨੂੰ “ਦੀ ਵਾਰੀਅਰ ਪ੍ਰਿੰਸੈਸ – ਪਾਰਟ 2”, ਤੀਜੇ ਗਰੁੱਪ ਨੂੰ “ਟੀਚਿੰਗ ਸਿੱਖ ਹੈਰੀਟੇਜ ਟੂ ਦੀ ਯੂਥ” ਅਤੇ ਚੌਥੇ ਗਰੁੱਪ ਨੂੰ “ਦੀ ਮੈਸੇਜ ਆਫ ਗੁਰਬਾਣੀ – ਆਨੰਦ” ਪੁਸਤਕਾਂ ਦਿੱਤੀਆਂ ਗਈਆਂ। ਪੰਜਵੇਂ ਗਰੁੱਪ ਦਾ ਵਿਸ਼ਾ “ਗੁਰੂਜ਼ ਵੀਊ ਆਫ ਏ ਜਸਟ ਵਰਲਡ – ਬੇਗਮਪੁਰਾ ਸਹਰ ਕੋ ਨਾਉ” ਰੱਖਿਆ ਗਿਆ, ਜਿਸ ਰਾਹੀਂ ਨੌਜਵਾਨਾਂ ਨੇ ਬਰਾਬਰੀ, ਮਨੁੱਖੀ ਮਰਿਆਦਾ, ਸਮਾਜਿਕ ਨਿਆਂ, ਲੰਗਰ ਅਤੇ ਗੁਰੂ ਸਾਹਿਬ ਦੀ ਨਿਆਂਪੂਰਨ ਸੰਸਾਰ ਬਾਰੇ ਦ੍ਰਿਸ਼ਟੀ ’ਤੇ ਆਪਣੇ ਵਿਚਾਰ ਪੇਸ਼ ਕੀਤੇ।

ਸਿਮਪੋਜ਼ੀਅਮ ਦੀ ਅਰੰਭਤਾ ਅਤੇ ਸਮਾਪਤੀ ਅਰਦਾਸ ਅਤੇ ਹੁਕਮਨਾਮਾ ਲੈ ਕੇ ਹੋਈ। ਭਾਗ ਲੈਣ ਵਾਲੇ ਬੱਚਿਆਂ ਅਤੇ ਨੌਜਵਾਨਾਂ ਨੇ ਸਿੱਖ ਧਰਮ, ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਂਤਾਂ ਨਾਲ ਸੰਬੰਧਤ ਵੱਖ-ਵੱਖ ਵਿਸ਼ਿਆਂ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਭਾਸ਼ਣਾਂ ਵਿੱਚ ਆਤਮ-ਵਿਸ਼ਵਾਸ, ਸਪੱਸ਼ਟਤਾ ਅਤੇ ਤਿਆਰੀ ਦੇ ਨਾਲ-ਨਾਲ ਸਿੱਖੀ ਪ੍ਰਤੀ ਉਹਨਾਂ ਦਾ ਪਿਆਰ ਵੀ ਸਪੱਸ਼ਟ ਝਲਕਦਾ ਸੀ।

ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ, ਸੇਵਾਦਾਰਾਂ, ਮਾਪਿਆਂ ਅਤੇ ਸੰਗਤ ਦੇ ਸਹਿਯੋਗ ਨਾਲ ਇਹ ਸਿਮਪੋਜ਼ੀਅਮ ਸਫਲਤਾਪੂਰਵਕ ਸੰਪੰਨ ਹੋਇਆ। ਸਥਾਨਕ ਅਤੇ ਦੂਰੋਂ ਆਈਆਂ ਸੰਗਤਾਂ ਲਈ ਸਾਰਾ ਦਿਨ ਲੰਗਰ ਦੀ ਸੇਵਾ ਕੀਤੀ ਗਈ। ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਉਹਨਾਂ ਦੀ ਮਿਹਨਤ ਅਤੇ ਸਮਰਪਣ ਲਈ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
ਸਿਆਨਾ ਦੇ ਨੈਸ਼ਨਲ ਕਨਵੀਨਰ ਸ. ਕੁਲਦੀਪ ਸਿੰਘ ਅਨੁਸਾਰ ਸੰਸਥਾ ਵਲੋਂ ਇਹ ਸਿਮਪੋਜ਼ੀਅਮ ਪਹਿਲਾਂ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਾਨਕ ਪੱਧਰ ’ਤੇ ਕਰਵਾਏ ਜਾਂਦੇ ਹਨ, ਫਿਰ ਰੀਜਨਲ ਪੱਧਰ ਦੇ ਸਿਮਪੋਜ਼ੀਅਮ ਹੁੰਦੇ ਹਨ ਅਤੇ ਉਸ ਤੋਂ ਬਾਅਦ ਰੀਜਨਲ ਪੱਧਰ ਦੇ ਜੇਤੂ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ ਵਿੱਚ ਭਾਗ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਅਮਰੀਕਾ ਅਤੇ ਕੈਨੇਡਾ ਨੂੰ ਕੁੱਲ 13 ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਵਿੱਚ ਓਹਾਇਓ-ਪੈਨਸਿਲਵੇਨੀਆ ਰੀਜਨ ਵੀ ਸ਼ਾਮਲ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆਂ ਨੂੰ ਜਿੱਥੇ ਸਿੱਖ ਇਤਿਹਾਸ, ਗੁਰਬਾਣੀ ਅਤੇ ਸਿੱਖ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ, ਉਥੇ ਉਹਨਾਂ ਨੂੰ ਭਾਸ਼ਣ ਲਿਖਣ, ਵਿਚਾਰ ਕਰਨ ਅਤੇ ਆਤਮ-ਵਿਸ਼ਵਾਸ ਨਾਲ ਬੋਲਣ ਦੀ ਕਲਾ ਵੀ ਸਿੱਖਣ ਦਾ ਮੌਕਾ ਮਿਲਦਾ ਹੈ। ਰੀਜਨਲ ਸਿਮਪੋਜ਼ੀਅਮ ਦੇ ਜੇਤੂ ਹੁਣ 30 ਜੁਲਾਈ ਤੋਂ 2 ਅਗਸਤ, 2026 ਤੱਕ ਐਟਲਾਂਟਾ, ਜਾਰਜੀਆ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ ਵਿੱਚ ਭਾਗ ਲੈਣਗੇ।

 

 

 

 

 

 

 

 

 

 

 

 

 

 

 

 

 

 

 

This entry was posted in ਅੰਤਰਰਾਸ਼ਟਰੀ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>