ਕੇਵਲ ਸਿੰਘ ਢਿੱਲੋਂ ਲਈ ਪ੍ਰਧਾਨਗੀ ਦਾ ਤਾਜ਼ ਸੂਲਾਂ ਦੀ ਸੇਜ

ਭਾਰਤ ਦੀਆਂ ਸਿਆਸੀ ਪਾਰਟੀਆਂ ਮੁੱਦਿਆਂ ਦੀ ਸਿਆਸਤ ਕਰਨ ਦੀ ਥਾਂ ਚੋਣਾਂ ਜਿੱਤਣ ਲਈ ਨਵੇਂ ਤਰੀਕੇ ਢੰਗ ਲੱਭਦੀਆਂ ਰਹਿੰਦੀਆਂ ਹਨ। ਭਾਰਤੀ ਜਨਤਾ ਪਾਰਟੀ ਨੇ ਵੀ ਪੰਜਾਬ ਵਿਧਾਨ ਸਭਾ ਦੀਆਂ 2027 ਵਿੱਚ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰਖਦਿਆਂ ਇੱਕ ਦਾ ਨਵਾਂ ਫਾਰਮੂਲਾ ਜੱਟ ਸਿੱਖ ਪ੍ਰਧਾਨ ਬਣਾਕੇ ਲਾਗੂ ਕੀਤਾ ਹੈ। ਚੋਣਾਂ ਵਿੱਚ ਇਹ ਨਵਾਂ ਫਾਰਮੂਲਾ ਕੀ ਰੰਗ ਖਿਲਾਰੇਗਾ ?, ਇਹ ਤਾਂ ਸਮਾਂ ਹੀ ਦੱਸੇਗਾ। ਭਾਰਤੀ ਜਨਤਾ ਪਾਰਟੀ ਨੇ ਮਹਿਸੂਸ ਕਰ ਲਿਆ ਹੈ ਕਿ ਪੰਜਾਬ ਵਿੱਚ ਜੱਟ ਸਿੱਖਾਂ ਦੇ ਸਹਿਯੋਗ ਤੋਂ ਬਿਨਾ, ਉਨ੍ਹਾਂ ਦੇ ਪੈਰ ਨਹੀਂ ਲੱਗ ਸਕਦੇ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਕਿਸਾਨਾ ਅਤੇ ਜੱਟ ਸਿੱਖਾਂ ਨਾਲ ਟਕਰਾਓ ਦੀ ਸਥਿਤੀ ਵਿੱਚ ਰਹੀ ਹੈ। ਉਨ੍ਹਾਂ ਨੇ ਇੱਕ ਸਮੁਦਾਇ ਨੂੰ ਅੱਗੇ ਲਾ ਕੇ ਪੰਜਾਬ ਵਿੱਚ ਆਪਣੇ ਇਕੱਲਿਆਂ ਪੈਰ ਜਮ੍ਹਾਉਣ ਦੀ ਕੋਸ਼ਿਸ਼ ਕੀਤੀ ਸੀ, ਜੋ ਅਸਫਲ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ, ਜਦੋਂ ਉਨ੍ਹਾਂ ਨੇ ਪੰਜਾਬ ਵਿੱਚ ਇੱਕ ਜੱਟ ਸਿੱਖ ਨੂੰ ਪ੍ਰਧਾਨ ਬਣਾਇਆ ਹੈ। ਪੱਛਵੀਂ ਬੰਗਾਲ ਸੂਬੇ ਵਿੱਚ ਪਹਿਲੀ ਵਾਰ ਸਰਕਾਰ ਬਣਾਉਣ ਤੋਂ ਬਾਅਦ ਭਾਜਪਾ ਨੇ ਪੰਜਾਬ ਨੂੰ ਪਹਿਲ ਦੇ ਆਧਾਰ ‘ਤੇ ਇਕੱਲਿਆਂ ਚੋਣ ਜਿੱਤਣ ਦੀ ਯੋਜਨਾ ਬਣਾਈ ਹੈ। 2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ  ਇਕੱਲਿਆਂ ਚੋਣਾਂ ਲੜਕੇ ਵੇਖ ਲਿਆ ਸੀ ਕਿ ਜੱਟ ਸਿੱਖ ਸਮੁਦਾਇ ਤੋਂ ਬਿਨਾ ਚੋਣਾਂ ਜਿੱਤਣਾ ਸੰਭਵ ਨਹੀਂ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਰਲਕੇ ਚੋਣਾਂ ਲੜਦੀ ਰਹੀ ਹੈ। ਫਿਰ ਉਨ੍ਹਾਂ ਨੇ ਜੱਟ ਸਿੱਖਾਂ ਨੂੰ ਆਪਣੇ ਨਾਲ ਜੋੜਨ ਦੀ ਕੋਸਿਸ਼ ਕੀਤੀ ਸੀ। ਇਸ ਸਮੇਂ ਪੰਜਾਬ ਦੇ 23 ਜਿਲ੍ਹਿਆਂ ਵਿੱਚੋਂ ਅੱਧੇ ਤੋਂ ਵੱਧ ਜਿਲ੍ਹਿਆਂ ਦੇ ਪ੍ਰਧਾਨ ਜੱਟ/ਸਿੱਖ ਹਨ। ਭਾਜਪਾ ਦੇ ਹੋਰ ਰਾਜ ਪੱਧਰ ਦੇ ਅਹੁਦੇਦਾਰ ਵੀ ਜੱਟ ਸਿੱਖ ਹਨ। ਇੱਕ ਜਨਰਲ ਸਕੱਤਰ ਵੀ ਇੱਕ ਜੱਟ ਸਿੱਖ ਹੈ। ਇਥੋਂ ਤੱਕ ਕਿ ਪਾਰਟੀ ਦੇ ਕਈ ਵਿੰਗਾਂ ਦੇ ਮੁੱਖੀ ਵੀ ਸਿੱਖ ਹਨ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ  ਜਿਹੜੀ, ਸ਼੍ਰੋਮਣੀ ਅਕਾਲੀ ਦਲ ਦੀ ਨਰਸਰੀ ਅਰਥਾਤ ਹਰਾ ਦਸਤਾ ਗਿਣੀ ਜਾਂਦੀ ਹੈ, ਉਸਦੇ ਬਹੁਤ ਸਾਰੇ ਸਾਬਕਾ ਅਹੁਦੇਦਾਰਾਂ ਨੂੰ ਵੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਜਾਬ ਜੱਟ ਸਿੱਖਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕਰਨ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ। ਉਹ ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਦਸਤਾਰ ਸਜਾਕੇ ਆਉਂਦੇ ਹਨ।

ਪੰਜਾਬ ਵਿਧਾਨ ਸਭਾ ਦੀ ਚੋਣ ਹਰ ਹਾਲਤ ਵਿੱਚ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਪ੍ਰਧਾਨ ਨਿਤਿਨ ਨਿਬਿਨ ਨੇ ਪੰਜਾਬ ਇਕਾਈ ਦੀ ਪ੍ਰਧਾਨਗੀ ਦਾ ਤਾਜ ਕੇਵਲ ਸਿੰਘ ਢਿੱਲੋਂ ਦੇ ਸਿਰ ‘ਤੇ ਸਜਾ ਦਿੱਤਾ ਹੈ। ਇਹ ਤਾਜ ਕੇਵਲ ਸਿੰਘ ਢਿਲੋਂ ਲਈ ਸੂਲਾਂ ਦੀ ਸੇਜ ਦੇ ਬਰਾਬਰ ਹੈ, ਕਿਉਂਕਿ ਪੰਜਾਬ ਵਿੱਚ ਕੰਵਲ ਦਾ ਫੁੱਲ ਖਿਲਾਉਣਾ ਸੌਖਾ ਕਾਰਜ ਨਹੀਂ। ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਕੇਵਲ ਸਿੰਘ ਢਿੱਲੋਂ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਨੇਤਾਵਾਂ ਤੇ ਵਰਕਰਾਂ ਨੂੰ ਆਪਣੇ ਨਾਲ ਜੋੜ ਸਕੇਗਾ ? ਕਿਉਂਕਿ ਕੇਵਲ ਸਿੰਘ ਢਿੱਲੋਂ ਕਾਂਗਰਸ ਪਾਰਟੀ ਵਿੱਚੋਂ ਆਇਆ ਹੋਇਆ ਨੇਤਾ ਹੈ। ਉਹ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਨਾਲ ਹੀ 4 ਜੂਨ 2022 ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਸੀ। ਭਾਰਤੀ ਜਨਤਾ ਪਾਰਟੀ ਕੇਡਰ ਵਾਲੀ ਅਨੁਸ਼ਸਾਸਨ ਵਿੱਚ ਯਕੀਨ ਰੱਖਣ ਵਾਲੀ ਪਾਰਟੀ ਹੈ, ਇਸ ਲਈ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਨੇਤਾਵਾਂ ਵੱਲੋਂ ਕੇਵਲ ਸਿੰਘ ਢਿੱਲੋਂ ਦਾ ਵਿਰੋਧ ਕਰਨਾ ਅਸੰਭਵ ਹੈ, ਭਾਵੇਂ ਉਹ ਅੰਦਰਖਾਤੇ ਦੁੱਖੀ ਹੋਣਗੇ।  ਇਸ ਸਮੇਂ ਉਹ ਸਗੋਂ ਇੱਕ ਦੂਜੇ ਤੋਂ ਅੱਗੇ ਹੋ ਕੇ ਕੇਵਲ ਸਿੰਘ ਢਿਲੋਂ ਦਾ ਸਵਾਗਤ ਕਰ ਰਹੇ ਹਨ। ਕੇਵਲ ਸਿੰਘ ਢਿੱਲੋਂ ਸਿਆਸੀ ਜੋੜ ਤੋੜ ਵਿੱਚ ਵੀ ਮਾਹਿਰ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਕੋਟਰੀ ਦਾ ਮੈਂਬਰ ਸੀ। ਉਹ ਸਿਆਸਤਦਾਨਾ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਜੋੜਦਾ ਰਹਿੰਦਾ ਸੀ। ਉਸਨੇ ਕੈਪਟਨ ਅਮਰਿੰਦਰ ਸਿੰਘ ਨਾਲ ਰਹਿਣ ਕਰਕੇ ਸਿਆਸੀ ਜੋੜ ਤੋੜ ਦਾ ਤਜ਼ਰਬਾ ਹਾਸਲ ਕਰ ਲਿਆ ਹੋਵੇਗਾ। ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਕੇਵਲ ਸਿੰਘ ਢਿਲੋਂ ਦੀ ਚੋਣ ਨੂੰ ਬੀ ਜੇ ਪੀ ਦਾ ਫੈਸਲਾ ਠੀਕ ਨਹੀਂ ਮੰਨਦਾ। ਇਸ ਤੋਂ ਪਹਿਲਾਂ ਬੀ ਜੇ ਪੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਸੁਨੀਲ ਜਾਖੜ ਵੀ ਕਾਂਗਰਸ ਪਾਰਟੀ ਵਿੱਚੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਸੀ। ਸੁਨੀਲ ਕੁਮਾਰ ਜਾਖੜ ਦਾ ਪੰਜਾਬ ਪ੍ਰਦੇਸ ਕਾਂਗਰਸ ਦਾ ਪ੍ਰਧਾਨ ਹੋਣ ਕਰਕੇ ਆਰਗੇਨਾਈਜੇਸ਼ਨ ਦਾ ਲੰਬਾ ਤਜ਼ਰਬਾ ਸੀ। ਭਾਵੇਂ ਉਹ ਦੋ ਸਾਲ ਪ੍ਰਧਾਨਗੀ ਕਰ ਗਿਆ, ਪ੍ਰੰਤੂ ਉਸਦੀ ਸੁਰ ਕੇਂਦਰੀ ਲੀਡਰਸ਼ਿਪ ਨਾਲ ਪੰਜਾਬ ਦੇ ਮਸਲਿਆਂ ਬਾਰੇ ਮੇਲ ਨਹੀਂ ਖਾਂਦੀ ਸੀ। ਇਸ ਕਰਕੇ ਉਸਨੇ ਅਸਤੀਫਾ ਵੀ ਦੇ ਦਿੱਤਾ ਸੀ, ਕਾਫੀ ਦੇਰ ਉਸਦਾ ਅਸਤੀਫਾ ਲਟਕਦਾ ਰਿਹਾ ਸੀ, ਪ੍ਰੰਤੂ ਫਿਰ ਵੀ ਉਹ ਕੰਮ ਚਲਾਉਂਦਾ ਰਿਹਾ ਹੈ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ, ਇਸ ਲਈ ਸੁਨੀਲ ਕੁਮਾਰ ਜਾਖੜ ਵੀ ਸਫਲ ਨਹੀਂ ਹੋ ਸਕਿਆ। ਅਜਿਹੀ ਸਥਿਤੀ ਵਿੱਚ ਆਰਗੇਨਾਈਜੇਸ਼ਨ ਦਾ ਅਨਾੜੀ ਕੇਵਲ ਸਿੰਘ ਢਿਲੋਂ ਕਿਵੇਂ ਪਾਰਟੀ ਨੂੰ ਚਲਾਵੇਗਾ ਇਹ ਸਵਾਲ ਬਣਿਆਂ ਹੋਇਆ ਹੈ। ਪਾਰਟੀ ਦੀ ਅਗਵਾਈ ਕਰਨ ਵਾਲੇ ਨੇਤਾ ਵਿੱਚ ਕੁਝ ਗੁਣ ਹੋਣੇ ਲਾਜ਼ਮੀ ਹਨ, ਜਿਨ੍ਹਾਂ ਵਿੱਚ ਲੀਡਰਸ਼ਿਪ ਦੇ ਗੁਣਾਂ ਦਾ ਹੋਣਾ,  ਲੀਡਰ ਦਾ ਅਗਰੈਸਿਵ ਹੋਣਾਂ, ਪੰਜਾਬ ਦੇ ਮੁੱਦਿਆਂ ‘ਤੇ ਸਟੈਂਡ ਲੈਣ ਵਾਲਾ ਹੋਣਾਂ ਅਤੇ ਨੌਜਵਾਨ ਹੋਣਾਂ ਸ਼ਾਮਲ ਹਨ।

ਕੇਵਲ ਸਿੰਘ ਢਿਲੋਂ ਭਾਵੇਂ ਦੋ ਵਾਰ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਿਹਾ ਹੈ, ਦੋ ਵਾਰ ਉਹ ਵਿਧਾਨ ਸਭਾ ਅਤੇ ਦੋ ਵਾਰ ਲੋਕ ਸਭਾ ਦੀ ਚੋਣ ਲੜਿਆ ਸੀ ਤੇ ਹਾਰ ਗਿਆ ਸੀ, ਪ੍ਰੰਤੂ ਸਰਕਾਰ ਅਤੇ ਪਾਰਟੀ ਵਿੱਚ ਕੰਮ ਕਰਨ  ਦਾ ਉਸਦਾ ਤਜ਼ਰਬਾ ਨਹੀਂ ਹੈ। ਇਹ ਗੱਲ ਮੰਨਣ ਵਾਲੀ ਹੈ ਕਿ ਉਹ ਕਾਰੋਬਾਰ ਵਿੱਚ ਅਤਿਅੰਤ ਸਫਲ ਵਿਅਕਤੀ ਹੈ। ਉਹ ਇਸ ਸਮੇਂ ਵੱਡਾ ਕਾਰੋਬਾਰੀ ਹੈ। 1980 ਵਿੱਚ ਉਸਨੇ ਵਿਦੇਸ਼ ਵਿੱਚੋਂ ਆ ਕੇ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ, ਜਿਸ ਵਿੱਚ ਉਹ ਬਹੁਤ ਜਲਦੀ ਹੀ ਆਪਣੀ ਮਿਕਨਾਤੀਸੀ ਸੋਚ ਨਾਲ ਸਫਲ ਹੋ ਗਿਆ ਸੀ। ਹੋ ਸਕਦਾ ਕਾਰੋਬਾਰ ਦੇ ਤਜ਼ਰਬੇ ਰਾਹੀਂ ਪਾਰਟੀ ਵਿੱਚ ਚੰਗੀ ਕਾਰਗੁਜ਼ਾਰੀ ਵਿਖਾ ਸਕੇ। ਜਦੋਂ ਉਸਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਉਸ ਸਮੇਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਸੀ। ਉਹ ਪੰਜਾਬ ਦੇ ਰਾਜਪਾਲ ਸਿਧਾਰਥ ਸ਼ੰਕਰ ਰੇਅ ਪੰਜਾਬ ਦੇ ਬਹੁਤ ਨਜ਼ਦੀਕ ਸੀ। ਉਸ ਸਮੇਂ ਦੌਰਾਨ ਹੀ ਉਹ ਕਾਂਗਰਸ ਪਾਰਟੀ ਦੀ ਸਿਆਸਤ ਵਿੱਚ ਦਿਲਚਸਪੀ ਲੈਣ ਲੱਗ ਗਿਆ ਸੀ। 1986 ਵਿੱਚ ਉਹ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਵਿੱਚ ਸਰਗਰਮ ਹੋ ਗਿਆ ਸੀ। ਜਦੋਂ ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਸਨ ਤਾਂ ਸਿਧਾਰਥ ਸ਼ੰਕਰ ਰੇਅ ਉਸਨੂੰ ਸੰਗਰੂਰ ਤੋਂ ਚੋਣ ਲੜਾਉਣਾ ਚਾਹੁੰਦਾ ਸੀ, ਪ੍ਰੰਤੂ ਤਕਨੀਕੀ ਕਾਰਨਾ ਕਰਕੇ ਉਸਨੂੰ ਪਾਰਟੀ ਦਾ ਅਥਾਰਟੀ ਲੈਟਰ ਮੌਕੇ ‘ਤੇ ਪਹੁੰਚਾਇਆ ਨਹੀਂ ਜਾ ਸਕਿਆ ਸੀ।

ਕੇਵਲ ਸਿੰਘ ਢਿਲੋਂ ਮੂਹਰੇ ਬਹੁਤ ਸਾਰੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ। ਉਸਨੂੰ ਪਾਰਟੀ ਨੂੰ ਸਰਗਰਮ ਕਰਨ ਲਈ ਬੜੀ ਸਖ਼ਤ ਮਿਹਨਤ ਕਰਨੀ ਪਵੇਗੀ, ਕਿਉਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਫ਼ਰਵਰੀ 2027 ਤੋਂ ਪਹਿਲਾਂ ਹੋਣਗੀਆਂ। ਚੋਣਾਂ ਵਿੱਚ ਸਿਰਫ ਨੌਂ ਮਹੀਨੇ ਰਹਿ ਗਏ ਹਨ। ਸਾਰੀਆਂ ਸਿਆਸੀ ਪਾਰਟੀਆਂ ਨੇ ਇੱਕ ਕਿਸਮ ਨਾਲ ਚੋਣ ਮੁਹਿੰਮਾਂ ਸ਼ੁਰੂ ਕਰ ਦਿੱਤੀਆਂ ਹਨ। ਕੇਵਲ ਸਿੰਘ ਢਿਲੋਂ ਬਾਕੀ ਪਾਰਟੀਆਂ ਦੇ ਮੁੱਖੀਆਂ ਨਾਲੋਂ ਉਮਰ ਵਿੱਚ ਵੀ  ਵੱਡਾ ਹੈ, ਮੀਟਿੰਗਾਂ ਤੇ ਕਾਨਫਰੰਸਾਂ ਕਰਨ ਲਈ ਭੱਜ ਦੌੜ ਕਰਨ ਵਿੱਚ ਵੀ ਮੁਸ਼ਕਲ ਆਵੇਗੀ। ਭਾਰਤੀ  ਜਨਤਾ ਪਾਰਟੀ ਨੇ ਕੇਵਲ ਸਿੰਘ ਢਿਲੋਂ ਨੂੰ ਪ੍ਰਧਾਨ ਬਣਾਉਣ ਲੱਗਿਆਂ, 70  ਸਾਲ ਤੋਂ ਵਧੇਰੇ ਉਮਰ ਵਾਲੇ ਨੇਤਾਵਾਂ ਨੂੰ ਅਹੁਦੇਦਾਰੀਆਂ ਨਾ ਦੇਣ ਦੀ ਸ਼ਰਤ ਵੀ ਅਣਡਿਠ ਕੀਤੀ ਹੈ, ਕਿਉਂਕਿ ਕੇਵਲ ਸਿੰਘ ਢਿਲੋਂ  77 ਸਾਲ ਦਾ ਹੈ।  ਉਸਨੂੰ ਸ਼ਾਇਦ ਇਸ ਕਰਕੇ ਵੀ ਪ੍ਰਧਾਨ ਬਣਾਇਆ ਹੋਵੇ, ਕਿਉਂਕਿ ਉਹ  ਮਾਲਵੇ ਦੇ ਬਰਨਾਲਾ ਲਾਗਲੇ ਟੱਲੇਵਾਲ ਪਿੰਡ ਦਾ ਨਿਵਾਸੀ ਹੈ। ਮਾਲਵੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪੋਜ਼ੀਸ਼ਨ ਵੀ ਬਹੁਤੀ ਚੰਗੀ ਨਹੀਂ ਹੈ। ਕੇਵਲ ਸਿੰਘ ਢਿਲੋਂ ਨੂੰ ਆਪਣੀ ਮਰਜ਼ੀ ਦੇ ਅਹੁਦੇਦਾਰ ਜਿਲ੍ਹਿਆਂ ਅਤੇ ਪ੍ਰਦੇਸ ਇਕਾਈ ਵਿੱਚ ਨਿਯੁਕਤ ਕਰਵਾਉਣ ਦੀ ਵੀ ਲੋੜ ਹੋਵੇਗੀ ਤਾਂ ਜੋ ਚੋਣ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਚਲਾ ਸਕੇ। ਉਸ ਲਈ ਪਹਿਲੀ ਚਣੌਤੀ ਪਾਰਟੀ ਦੇ ਤਾਣੇ ਬਾਣੇ ਤੇ ਵਰਕਿੰਗ ਨੂੰ ਸਮਝਕੇ ਪਾਰਟੀ ਕੇਡਰ ਨੂੰ ਆਪਣੇ ਨਾਲ ਤੋਰਨਾ ਹੋਵੇਗਾ, ਕਿਉਂਕਿ ਉਹ ਪਾਰਟੀ ਵਿੱਚ ਨਵਾਂ ਹੈ। ਦੂਜੀ ਸੰਗਠਨ ਨਾਲ ਜਾਣ ਪਹਿਚਾਣ ਕਰਕੇ ਤਾਲਮੇਲ ਕਰਨਾ ਜ਼ਰੂਰੀ ਹੋਵੇਗਾ। ਹੇਠਲੇ ਪੱਧਰ ਦੇ ਵਰਕਰਾਂ ਨੂੰ ਸਰਗਰਮ ਕਰਨਾ, ਜਿਲ੍ਹਾ, ਮੰਡਲ ਅਤੇ ਪਿੰਡ ਪੱਧਰ ਦੇ ਨੇਤਾਵਾਂ ਤੇ ਵਰਕਰਾਂ ਦੀਆਂ ਮੀਟਿੰਗਾਂ ਬੁਲਾਕੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਸਚਤ ਕਰਨੀਆਂ ਪੈਣਗੀਆਂ। ਪਾਰਟੀ ਹਾਈਕਮਾਂਡ ਦੀ ਹਾਂ ਵਿੱਚ ਹਾਂ ਮਿਲਾਉਣੀ ਪਵੇਗੀ ਨਹੀਂ ਤਾਂ ਫਿਰ ਸੁਨੀਲ ਕੁਮਾਰ ਜਾਖੜ ਦੀ ਤਰ੍ਹਾਂ ਅਹੁਦਾ ਛੱਡਣਾ ਪਵੇਗਾ, ਕਿਉਂਕਿ ਸੁਨੀਲ ਕੁਮਾਰ ਜਾਖੜ ਕਈ ਮੁੱਦਿਆਂ ‘ਤੇ ਪਾਰਟੀ ਦੀ ਨੀਤੀ ਅਨੁਸਾਰ ਚਲਣ ਤੋਂ ਗੁਰੇਜ ਕਰਦਾ ਸੀ। ਇਸ ਲਈ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਉਸਤੋਂ ਔਖੇ ਹੁੰਦੇ ਸਨ। ਸਭ ਤੋਂ ਵੱਡੀ ਚਣੌਤੀ ਪੰਜਾਬ ਦੇ ਕਿਸਾਨਾ ਨਾਲ ਬੀ ਜੇ ਪੀ ਦੇ ਸੰਬੰਧ ਸੁਧਾਰਨ ਲਈ ਕੇਂਦਰ ਤੋਂ ਕਿਸਾਨ ਪੱਖੀ ਫੈਸਲੇ ਕਰਵਾਉਣੇ ਹੋਣਗੇ। ਬੀ ਜੇ ਪੀ ਬਾਰੇ ਜੋ ਪ੍ਰਭਾਵ ਲੋਕਾਂ ‘ਤੇ ਪਿਆ ਹੈ ਕਿ ਉਹ ਘੱਟ ਗਿਣਤੀਆਂ ਦੀ ਵਿਰੋਧੀ ਹੈ, ਇਸ ਬਿ੍ਰਤਾਂਤ ਨੂੰ ਵੀ ਖ਼ਤਮ ਕਰਨਾ ਹੋਵੇਗਾ। ਪੰਜਾਬ ਸਰਹੱਦੀ ਸੂਬਾ ਹੈ, ਇਸਦੀ ਸਿਆਸਤ ਬਾਕੀ ਸੂਬਿਆਂ ਨਾਲੋਂ ਵੱਖਰੀ ਹੈ। ਬਾਗੀ ਸੁਰਾਂ ਨੂੰ ਰੋਕਣਾ ਹੋਵੇਗਾ, ਸਭ ਤੋਂ ਪਹਿਲਾਂ ਆਪਣੇ ਪੁਰਾਣੇ ਸਾਥੀ ਕੈਪਟਨ ਅਮਰਿੰਦਰ ਸਿੰਘ ਨਾਲ ਤਾਲਮੇਲ ਕਰਕੇ ਪਾਰਟੀ ਵਿਰੋਧੀ ਬਿਆਨਬਾਜ਼ੀ ਬੰਦ ਕਰਵਾਉਣੀ ਹੋਵੇਗੀ, ਕਿਉਂਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਹੀ ਨਜ਼ਦੀਕ ਰਿਹਾ ਹੈ। ਅਜਿਹੇ ਬਿਆਨਾ ਨਾਲ ਪਾਰਟੀ ਦੇ ਭਵਿਖ ‘ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਨਤੀਜਾ ਕੀ ਨਿਕਲਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>