ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪਤਾ ਨਹੀਂ ਇਹ ਨਿਵਾਣ ਕਿੱਥੇ ਤੱਕ ਹੈ। ਜਿਨ੍ਹਾਂ ਸਿਧਾਂਤਾਂ ਨੂੰ ਕਦੇ ਠੋਕਰ ਮਾਰੀ ਗਈ, ਅੱਜ ਉਹੀ ਹਾਲਾਤ ਉਨ੍ਹਾਂ ਲੋਕਾਂ ਨੂੰ ਆਪਣੇ ਘੇਰੇ ਵਿੱਚ ਲੈ ਚੁੱਕੇ ਹਨ। ਦੁੱਖ ਦੀ ਗੱਲ ਇਹ ਹੈ ਕਿ ਨਾ ਤਾਂ ਸਿਧਾਂਤਾਂ ਦੀ ਗੱਲ ਕਰਨ ਵਾਲੇ ਬਚੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਸਮਝਣ ਅਤੇ ਲਾਗੂ ਕਰਨ ਵਾਲੇ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਐਸਜੀਪੀਸੀ ਦੇ ਸੀਨੀਅਰ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਗਿਆਨੀ ਰਘਬੀਰ ਸਿੰਘ ਵੱਲੋਂ ਪਹਿਲਾਂ ਆਪਣੇ ਹੈਡ ਗ੍ਰੰਥੀ ਦੇ ਅਹੁਦੇ ਨੂੰ ਕਾਇਮ ਰੱਖਣ ਲਈ ਹਾਈ ਕੋਰਟ ਦਾ ਰੁਖ ਕੀਤਾ ਗਿਆ। ਉਸ ਤੋਂ ਬਾਅਦ ਬੇਅਦਬੀ ਦੇ ਮਾਮਲਿਆਂ ਵਿੱਚ ਸਖ਼ਤ ਸਜ਼ਾਵਾਂ ਦੀ ਮੰਗ ਦੇ ਨਾਮ ‘ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਕਰਨ ਵਾਲੇ ਵਿਅਕਤੀ ਨੂੰ ਕਾਨੂੰਨੀ ਘੇਰੇ ਵਿੱਚ ਲਿਆਉਣ ਦੇ ਯਤਨਾਂ ਦਾ ਸਮਰਥਨ ਕੀਤਾ ਗਿਆ। ਹੁਣ ਅਕਾਲ ਤਖ਼ਤ ਸਾਹਿਬ ਅਤੇ ਪੰਥਕ ਰਵਾਇਤਾਂ ਨਾਲ ਜੁੜੇ ਮਸਲਿਆਂ ਨੂੰ ਵੀ ਸਰਕਾਰੀ ਕਾਨੂੰਨ ਦੇ ਦਾਇਰੇ ਵਿੱਚ ਲਿਆਂਦਾ ਜਾ ਰਿਹਾ ਹੈ। ਇਹ ਘਟਨਾਵਾਂ ਸਿੱਖ ਪੰਥ ਦੀਆਂ ਰਵਾਇਤੀ ਸੰਸਥਾਵਾਂ ਦੀ ਖੁਦਮੁਖਤਿਆਰੀ ਅਤੇ ਸਰਵਉੱਚਤਾ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਬੀਬੀ ਕਿਰਨਜੋਰ ਕੌਰ ਨੇ ਦਸਿਆ ਕਿ ਸਿੱਖ ਪੰਥ ਦੀ ਆਪਣੀ ਮਰਯਾਦਾ, ਆਪਣੇ ਨਿਯਮ ਅਤੇ ਆਪਣੇ ਫ਼ੈਸਲਾ ਕਰਨ ਦੇ ਇਤਿਹਾਸਕ ਢੰਗ ਰਹੇ ਹਨ। ਜਦੋਂ ਪੰਥਕ ਮਸਲਿਆਂ ਦਾ ਹੱਲ ਪੰਥ ਦੇ ਅੰਦਰ ਕਰਨ ਦੀ ਬਜਾਏ ਬਾਹਰੀ ਸੰਸਥਾਵਾਂ ਅਤੇ ਅਦਾਲਤਾਂ ਰਾਹੀਂ ਲੱਭਿਆ ਜਾਣ ਲੱਗ ਪਏ, ਤਾਂ ਇਹ ਚਿੰਤਾ ਸੁਭਾਵਿਕ ਹੈ ਕਿ ਪੰਥ ਦੀ ਸੰਸਥਾਗਤ ਆਜ਼ਾਦੀ ਅਤੇ ਅਸੂਲਾਂ ਦਾ ਕੀ ਬਣੇਗਾ। ਓਨ੍ਹਾ ਕਿਹਾ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਇਕੱਠਿਆਂ ਵੇਖਣ ਨਾਲ ਬਹੁਤ ਸਾਰੇ ਸਿੱਖਾਂ ਦੇ ਮਨ ਵਿੱਚ ਇਹ ਪ੍ਰਭਾਵ ਬਣ ਰਿਹਾ ਹੈ ਕਿ ਗਿਆਨੀ ਰਘਬੀਰ ਸਿੰਘ ਜੀ ਦੀ ਭੂਮਿਕਾ ਪੰਥਕ ਸੰਸਥਾਵਾਂ ਦੀ ਖੁਦਮੁਖਤਿਆਰੀ ਨੂੰ ਮਜ਼ਬੂਤ ਕਰਨ ਦੀ ਬਜਾਏ ਉਨ੍ਹਾਂ ਨੂੰ ਕਮਜ਼ੋਰ ਕਰਨ ਵਾਲੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਫ਼ੈਸਲੇ ਅਤੇ ਰਵੱਈਏ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਨਿੱਜੀ ਅਹੁਦਿਆਂ ਅਤੇ ਹਿਤਾਂ ਨੂੰ ਪੰਥਕ ਸਿਧਾਂਤਾਂ ਤੋਂ ਉੱਪਰ ਰੱਖਿਆ ਜਾ ਰਿਹਾ ਹੈ। ਇਸੇ ਕਾਰਨ ਕਈ ਵਰਗਾਂ ਵਿੱਚ ਇਹ ਧਾਰਨਾ ਬਣ ਰਹੀ ਹੈ ਕਿ ਉਨ੍ਹਾਂ ਦਾ ਕਿਰਦਾਰ ਪੰਥਕ ਹਿੱਤਾਂ ਦੇ ਅਨੁਕੂਲ ਨਹੀਂ ਦਿਸਦਾ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੇ ਪੰਥ ਦੇ ਅੰਦਰ ਬੇਲੋੜੇ ਵਿਵਾਦ ਅਤੇ ਸ਼ੰਕੇ ਪੈਦਾ ਕੀਤੇ ਹਨ। ਅੰਤ ਵਿਚ ਓਨ੍ਹਾ ਕਿਹਾ ਪੰਥ ਨੂੰ ਅੱਜ ਵਿਅਕਤੀ ਪੂਜਾ ਨਹੀਂ, ਸਗੋਂ ਸਿਧਾਂਤਾਂ ਪ੍ਰਤੀ ਵਚਨਬੱਧਤਾ ਦੀ ਲੋੜ ਹੈ। ਅਹੁਦੇ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸਿਧਾਂਤ ਅਤੇ ਪੰਥਕ ਮਰਯਾਦਾ ਕਾਇਮ ਰਹਿਣੀ ਚਾਹੀਦੀ ਹੈ। ਇਸ ਲਈ ਸਮਾਂ ਆ ਗਿਆ ਹੈ ਕਿ ਪੰਥ ਦੇ ਸਾਰੇ ਜ਼ਿੰਮੇਵਾਰ ਅਹੁਦੇਦਾਰ ਆਪਣੇ ਫ਼ੈਸਲਿਆਂ ਅਤੇ ਕਦਮਾਂ ਨੂੰ ਗੁਰੂ ਸਾਹਿਬ ਦੇ ਦਰਸਾਏ ਅਸੂਲਾਂ ਅਤੇ ਪੰਥਕ ਰਵਾਇਤਾਂ ਦੀ ਕਸੌਟੀ ‘ਤੇ ਪਰਖਣ।
ਪੰਥਕ ਸਿਧਾਂਤਾਂ ਤੋਂ ਭਟਕਾਅ ਜਾਂ ਮਜਬੂਰੀ.? ਗਿਆਨੀ ਰਘਬੀਰ ਸਿੰਘ ਦੇ ਫ਼ੈਸਲੇ ਕਟਹਿਰੇ ਵਿੱਚ: ਬੀਬੀ ਕਿਰਨਜੋਤ ਕੌਰ
This entry was posted in ਪੰਜਾਬ.
