ਐਟਲਾਂਟਾ, ਜਾਰਜੀਆ, (ਸਮੀਪ ਸਿੰਘ ਗੁਮਟਾਲਾ) : ਬੀਤੇ ਦਿਨੀਂ ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ (ਸਿਆਨਾ) ਵਲੋਂ ਕਰਵਾਏ ਜਾਂਦੇ ਚਾਰ ਰੋਜ਼ਾ ਸਲਾਨਾ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ 2026 ਦੇ ਫਾਈਨਲ ਮੁਕਾਬਲੇ ਅਮਰੀਕਾ ਦੇ ਸੂਬੇ ਜਾਰਜੀਆ ਦੇ ਸ਼ਹਿਰ ਐਟਲਾਂਟਾ (ਸਟੋਨ ਮਾਊਂਟੇਨ) ਸਥਿਤ ਸਿੱਖ ਸਟੱਡੀ ਸਰਕਲ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤੇ ਗਏ। ਐਟਲਾਂਟਾ ਵਿਖੇ 13 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਹੋਏ ਇਸ ਅੰਤਰਰਾਸ਼ਟਰੀ ਸਮਾਗਮ ਵਿੱਚ ਅਮਰੀਕਾ ਅਤੇ ਕੈਨੇਡਾ ਦੇ 14 ਵੱਖ-ਵੱਖ ਖੇਤਰਾਂ (ਰੀਜਨਾਂ) ਤੋਂ ਆਏ 6 ਸਾਲ ਤੋਂ ਲੈ ਕੇ 22 ਸਾਲ ਤੱਕ ਦੇ 73 ਬੱਚਿਆਂ ਅਤੇ ਨੌਜਵਾਨਾਂ ਨੇ ਭਾਗ ਲਿਆ। ਇਹਨਾਂ ਪ੍ਰਤੀਭਾਗੀਆਂ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਪ੍ਰਬੰਧਕਾਂ ਸਮੇਤ 300 ਤੋਂ ਵੱਧ ਸੰਗਤਾਂ ਨੇ ਸ਼ਿਰਕਤ ਕੀਤੀ।
ਸਿਮਪੋਜ਼ੀਅਮ ਦੀ ਸ਼ੁਰੂਆਤ ਸਥਾਨਕ, ਰੀਜਨਲ ਅਤੇ ਫਿਰ ਅੰਤਰਰਾਸ਼ਟਰੀ ਪੱਧਰ ‘ਤੇ ਹੁੰਦੀ ਹੈ। ਇਸ ਲੜੀ ਤਹਿਤ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਾਨਕ ਪੱਧਰ ‘ਤੇ ਸਿਮਪੋਜ਼ੀਅਮ ਕਰਵਾਏ ਜਾਂਦੇ ਹਨ, ਜਿਨ੍ਹਾਂ ਦੇ ਜੇਤੂ ਰੀਜਨਲ ਪੱਧਰ ‘ਤੇ ਪਹੁੰਚਦੇ ਹਨ ਅਤੇ ਰੀਜਨਲ ਫਾਈਨਲ ਦੇ ਜੇਤੂ ਬੱਚੇ ਇਸ ਅੰਤਰਰਾਸ਼ਟਰੀ ਫਾਈਨਲ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹਨ।
ਇਸ ਸਾਲ ਸਿਮਪੋਜ਼ੀਅਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਪਹਿਲੇ ਗਰੁੱਪ ਨੂੰ “ਮਾਈ ਗੁਰੂਜ਼ ਬਲੈਸਿੰਗਜ਼ – ਬੁੱਕ 6”, ਦੂਜੇ ਗਰੁੱਪ ਨੂੰ “ਦੀ ਵਾਰੀਅਰ ਪ੍ਰਿੰਸੈਸ – ਪਾਰਟ 2”, ਤੀਜੇ ਗਰੁੱਪ ਨੂੰ “ਟੀਚਿੰਗ ਸਿੱਖ ਹੈਰੀਟੇਜ ਟੂ ਦੀ ਯੂਥ” ਅਤੇ ਚੌਥੇ ਗਰੁੱਪ ਨੂੰ “ਦੀ ਮੈਸੇਜ ਆਫ ਗੁਰਬਾਣੀ – ਆਨੰਦ” ਪੁਸਤਕਾਂ ਦਿੱਤੀਆਂ ਗਈਆਂ ਸਨ। ਬੱਚਿਆਂ ਨੇ ਦਿੱਤੇ ਗਏ ਸਵਾਲਾਂ ਦੇ ਜਵਾਬ 5 ਤੋਂ 7 ਮਿੰਟ ਵਿੱਚ ਭਾਸ਼ਣ ਦੇ ਰੂਪ ਵਿੱਚ ਪੇਸ਼ ਕੀਤੇ। ਪੰਜਵੇਂ ਗਰੁੱਪ (16 ਤੋਂ 22 ਸਾਲ) ਦਾ ਵਿਸ਼ਾ “ਗੁਰੂਜ਼ ਵੀਊ ਆਫ ਏ ਜਸਟ ਵਰਲਡ – ਬੇਗਮਪੁਰਾ ਸਹਰ ਕੋ ਨਾਉ” ਰੱਖਿਆ ਗਿਆ ਸੀ, ਜਿਸ ‘ਤੇ ਨੌਜਵਾਨਾਂ ਨੇ ਬਰਾਬਰੀ, ਮਨੁੱਖੀ ਮਰਿਆਦਾ, ਸਮਾਜਿਕ ਨਿਆਂ, ਲੰਗਰ ਅਤੇ ਨਿਆਂਪੂਰਨ ਸੰਸਾਰ ਬਾਰੇ ਗੁਰੂ ਸਾਹਿਬ ਦੀ ਦ੍ਰਿਸ਼ਟੀ ‘ਤੇ ਡੂੰਘੀ ਚਰਚਾ ਕੀਤੀ।
ਇਸ ਸਮਾਗਮ ਦੌਰਾਨ ਮਈ 2026 ਵਿੱਚ ਇੱਕ ਦੁਰਘਟਨਾ ਵਿੱਚ ਅਕਾਲ ਚਲਾਣਾ ਕਰ ਗਏ ‘ਸਿਆਨਾ’ ਦੇ ਰਾਸ਼ਟਰੀ ਕਨਵੀਨਰ ਸ. ਕੁਲਦੀਪ ਸਿੰਘ ਜੀ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ। ਸਮੂਹ ਸੰਗਤ ਅਤੇ ਪ੍ਰਬੰਧਕਾਂ ਨੇ ਉੱਤਰੀ ਅਮਰੀਕਾ ‘ਚ ਗੁਰਮਤਿ ਕੈਂਪ, ਸਿਮਪੋਜ਼ੀਅਮ ਦੀ ਸਥਾਪਨਾ ਅਤੇ ਸਿੱਖ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਉਹਨਾਂ ਦੁਆਰਾ ਦਿੱਤੇ ਗਏ ਅਕੱਥਯੋਗ ਯੋਗਦਾਨ ਨੂੰ ਯਾਦ ਕੀਤਾ।
ਹਰ ਸਾਲ ਦੀ ਤਰ੍ਹਾਂ, ਅੰਤਰਰਾਸ਼ਟਰੀ ਫਾਈਨਲ ਵਿੱਚ ਪਹੁੰਚਣ ਵਾਲੇ ਸਾਰੇ ਬੱਚਿਆਂ ਲਈ ਇੱਕ ਵਿਸ਼ੇਸ਼ ਸਨਮਾਨ ਸਮਾਰੋਹ (ਬੈਂਕੁਇਟ) ਵੀ ਆਯੋਜਿਤ ਕੀਤਾ ਗਿਆ, ਜਿੱਥੇ ਸਾਰਿਆਂ ਦੀ ਮਿਹਨਤ ਅਤੇ ਜਜ਼ਬੇ ਦੀ ਸ਼ਲਾਘਾ ਕੀਤੀ ਗਈ।
ਅਖੀਰਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਉਪਰੰਤ ਨਤੀਜਿਆਂ ਦਾ ਐਲਾਨ ਕੀਤਾ ਗਿਆ। ਸਿਮਪੋਜ਼ੀਅਮ ਵਿੱਚ ਪਹਿਲੇ ਗਰੁੱਪ ਵਿੱਚ ਜਲਨਿਧ ਕੌਰ, ਦੂਜੇ ਵਿੱਚ ਸਰਬੱਤ ਸਿੰਘ, ਤੀਜੇ ਵਿੱਚ ਕੇਸਰ ਸਿੰਘ, ਚੌਥੇ ਵਿੱਚ ਸੁਹਾਵੀ ਕੌਰ ਅਤੇ ਪੰਜਵੇਂ ਗਰੁੱਪ ਵਿੱਚ ਸਹਿਜਵੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਪਹਿਲੇ ਸਥਾਨ ਤੋਂ ਇਲਾਵਾ ਫਾਈਨਲ ਵਿੱਚ ਪਹੁੰਚੇ ਸਾਰੇ ਬੱਚਿਆਂ ਨੂੰ “ਡਿਸਟਿੰਗੂਇਸ਼ਡ ਸਪੀਕਰ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ।
ਐਟਲਾਂਟਾ ਵਿਖੇ ਇਸ ਸਮਾਗਮ ਦੀ ਅਗਵਾਈ ਕਰਨ ਵਾਲੇ ਮੁੱਖ ਪ੍ਰਬੰਧਕਾਂ ਮਨਪ੍ਰੀਤ ਸਿੰਘ ਜੀ ਅਤੇ ਪਰਮਿੰਦਰ ਸਿੰਘ ਜੀ ਨੇ ਇਸ ਚਾਰ ਰੋਜ਼ਾ ਸਲਾਨਾ ਸਮਾਗਮ ਨੂੰ ਸਫਲ ਬਣਾਉਣ ਲਈ ਆਈਆਂ ਸਭ ਸੰਗਤਾਂ, ਸੇਵਾਦਾਰਾਂ, ਬੱਚਿਆਂ, ਮਾਪਿਆਂ ਅਤੇ ਸਿੱਖ ਸਟੱਡੀ ਸਰਕਲ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸੇਵਾਦਾਰਾਂ ਵਲੋਂ ਤਨ, ਮਨ ਅਤੇ ਧਨ ਨਾਲ ਰਹਿਣ-ਸਹਿਣ ਅਤੇ ਲੰਗਰ ਦੀਆਂ ਬਿਹਤਰੀਨ ਸੇਵਾਵਾਂ ਨਿਭਾਈਆਂ ਗਈਆਂ।
ਪ੍ਰਬੰਧਕਾਂ ਵਲੋਂ ਐਲਾਨ ਕੀਤਾ ਗਿਆ ਕਿ ਅਗਲਾ ‘ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ 2027′ ਅਗਸਤ 2027 ਦੇ ਪਹਿਲੇ ਵੀਕਐਂਡ (ਹਫ਼ਤੇ ਦੇ ਅੰਤ) ਦੌਰਾਨ ਨਿਊ ਜਰਸੀ ਵਿਖੇ ਕਰਵਾਇਆ ਜਾਵੇਗਾ।
