ਸੰਤ ਬਾਬਾ ਹਰਨਾਮ ਸਿੰਘ ਜੀ ਧੁੰਮਾ ਦਾ ਅਸ਼ੀਰਵਾਦ ਸਾਡੀ ਤਾਕਤ ਬਣੇਗਾ- ਸ. ਗੁਰਜੀਤ ਸਿੰਘ ਤਲਵੰਡੀ

Screenshot_2026-08-12_12-05-37.resizedਚੰਡੀਗੜ੍ਹ, (ਤੇਜਿੰਦਰ ਸਿੰਘ ਪੰਨੂੰ) – ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਯੂਥ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ ਨੇ ਕੱਲ੍ਹ ਦਮਦਮੀ ਟਕਸਾਲ, ਚੌਕ ਮਹਿਤਾ ਵਿਖੇ ਪਹੁੰਚ ਕੇ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮਹਾਂਪੁਰਖਾਂ ਵੱਲੋਂ ਸ ਗੁਰਜੀਤ ਸਿੰਘ ਤਲਵੰਡੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸ ਤਲਵੰਡੀ ਨੇ ਕਿਹਾ ਕਿ ਸੰਤ ਜੀ ਦਾ ਅਸ਼ੀਰਵਾਦ ਉਹਨਾਂ ਦੀ ਤਾਕਤ ਬਣੇਗਾ, ਜਿਸ ਨਾਲ ਉਹ ਪੰਥ ਅਤੇ ਪੰਜਾਬ ਦੀ ਸੇਵਾ ਹੋਰ ਵੀ ਤਤਪਰਤਾ ਨਾਲ ਕਰਨਗੇ। ਇਸ ਮੁਲਾਕਾਤ ਦੌਰਾਨ ਦੋਵਾਂ ਸ਼ਖ਼ਸੀਅਤਾਂ ਵਿੱਚਕਾਰ ਲੰਬਾ ਸਮਾਂ ਬੰਦ ਕਮਰਾ ਵਿਚਾਰ ਚਰਚਾ ਹੋਈ, ਜਿਸ ਵਿੱਚ ਪੰਥ ਅਤੇ ਪੰਜਾਬ ਨੂੰ ਦਰਪੇਸ਼ ਮੁਦਿਆਂ ‘ਤੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ। ਭਾਵੇਂ ਇਸ ਮੁਲਾਕਾਤ ਦੌਰਾਨ ਹੋਈ ਵਿਚਾਰ-ਚਰਚਾ ਦੇ ਵੇਰਵੇ ਜਨਤਕ ਨਹੀਂ ਕੀਤੇ ਗਏ, ਪਰ ਇਸ ਮੁਲਾਕਾਤ ਨੂੰ ਪੰਥਕ ਅਤੇ ਅਕਾਲੀ ਸਿਆਸਤ ਦੇ ਸੰਦਰਭ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ।

ਤਲਵੰਡੀ ਪਰਿਵਾਰ ਅਤੇ ਦਮਦਮੀ ਟਕਸਾਲ ਦੇ ਰਿਸ਼ਤੇ ਬਹੁਤ ਪੁਰਾਣੇ ਹਨ। ਇਹ ਸਬੰਧ ਵੱਖ-ਵੱਖ ਦੌਰਾਂ ਦੀਆਂ ਔਖੀਆਂ ਅਤੇ ਚੁਣੌਤੀਪੂਰਨ ਸਥਿਤੀਆਂ ਦੇ ਬਾਵਜੂਦ ਆਪਣੀ ਮਜ਼ਬੂਤੀ ਕਾਇਮ ਰੱਖਦੇ ਆਏ ਹਨ ਅਤੇ ਸਮੇ ਨਾਲ ਹੋਰ ਵੀ ਨਿੱਖਰ ਕੇ ਸਾਹਮਣੇ ਆਉਂਦੇ ਰਹੇ ਹਨ। ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਉਨ੍ਹਾਂ ਦੇ ਪਿਤਾ ਜਥੇਦਾਰ ਛਾਂਗਾ ਸਿੰਘ ਜੀ ਦੀ ਪੰਥਕ ਵਿਰਾਸਤ ਨੂੰ ਅੱਗੇ ਲਿਜਾਣ ਲਈ ਉਸ ਸਮੇਂ ਦੇ ਦਮਦਮੀ ਟਕਸਾਲ ਮੁਖੀ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਸ਼ੀਰਵਾਦ ਮਿਲਿਆ ਸੀ। ਜਥੇਦਾਰ ਛਾਂਗਾ ਸਿੰਘ ਜੀ ਪੰਥਕ ਲਹਿਰ ਅਤੇ ਆਜ਼ਾਦੀ ਦੀ ਲਹਿਰ ਨਾਲ ਜੁੜੇ ਹੋਏ ਪ੍ਰਮੁੱਖ ਅਕਾਲੀ ਆਗੂ ਸਨ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਦੌਰ ਵਿੱਚ ਵੀ, ਜਦੋਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਉਸ ਸਮੇਂ ਦੀ ਲੀਡਰਸ਼ਿਪ ਅਤੇ ਨੀਤੀਆਂ ਦੀ ਕਈ ਮਾਮਲਿਆਂ ਵਿੱਚ ਖੁੱਲ੍ਹ ਕੇ ਆਲੋਚਨਾ ਕਰਦੇ ਸਨ, ਪਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਪ੍ਰਤੀ ਉਨ੍ਹਾਂ ਦੇ ਨਿੱਜੀ ਸਤਿਕਾਰ ਅਤੇ ਸਨੇਹ ਦੀ ਗੱਲ ਪੰਥਕ ਹਲਕਿਆਂ ਵਿੱਚ ਚਰਚਿਤ ਰਹੀ। ਵੱਖ-ਵੱਖ ਪੰਥਕ ਮਸਲਿਆਂ ਅਤੇ ਅੰਦੋਲਨਾਂ ਦੌਰਾਨ ਦੋਵਾਂ ਨੂੰ ਕਈ ਮੌਕਿਆਂ ’ਤੇ ਇਕੱਠੇ ਅਤੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਦੇਖਿਆ ਗਿਆ।ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਧਰਮਯੁੱਧ ਮੋਰਚੇ ਵਿੱਚ ਸ਼ਮੂਲੀਅਤ ਦਮਦਮੀ ਟਕਸਾਲ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕਹਿਣ ‘ਤੇ ਹੀ ਕੀਤੀ ਸੀ ਜਦਕਿ ਉਹ ਉਸ ਵੇਲੇ ਦਿੱਲੀ ਵਿੱਚ ਆਪਣਾ ਵੱਖਰਾ ਮੋਰਚਾ ਚਲਾ ਰਹੇ ਸਨ। ਇਸ ਇਤਿਹਾਸਕ ਪਿਛੋਕੜ ਦੇ ਮੱਦੇਨਜ਼ਰ ਸ ਗੁਰਜੀਤ ਸਿੰਘ ਤਲਵੰਡੀ ਦੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨਾਲ ਹੋਈ ਇਹ ਮੁਲਾਕਾਤ ਪੰਥਕ ਸਿਆਸੀ ਹਲਕਿਆਂ ਵਿੱਚ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣ ਗਈ ਹੈ। ਜਿਸ ਨੇ ਪੰਥਕ ਸਿਆਸਤ ਵਿੱਚ ਨਵੀਆਂ ਸੰਭਾਵਨਾਵਾਂ ਅਤੇ ਭਵਿੱਖੀ ਸਿਆਸੀ ਸਮੀਕਰਨਾਂ ਬਾਰੇ ਚਰਚਾਵਾਂ ਨੂੰ ਜਨਮ ਦਿੱਤਾ ਹੈ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>