ਫ਼ਿਲਮ ‘ਲਵ ਯੂ ਦਾਦੂ ਦਾਦੀ ਜੀ’ ਦਿਲ ਨੂੰ ਛੂਹ ਗਈ

‘ਲਵ ਯੂ ਦਾਦੂ ਦਾਦੀ ਜੀ’ ਇਕ ਸੰਗੀਤਕ ਪਰਿਵਾਰਕ ਡਰਾਮਾ ਫ਼ਿਲਮ ਹੈ। ਫ਼ਿਲਮ ਦੀ ਕਹਾਣੀ ਬਜ਼ੁਰਗਾਂ ਦੇ ਸਨਮਾਨ, ਪਰਿਵਾਰਕ ਕਦਰਾਂ-ਕੀਮਤਾਂ ਅਤੇ ਪੀੜ੍ਹੀਆਂ ਦਰਮਿਆਨ ਦੇ ਪਾੜੇ ਨੂੰ ਭਾਵਨਾਤਮਕ ਢੰਗ ਨਾਲ ਪ੍ਰਗਟਾਉਂਦੀ, ਪੇਸ਼ ਕਰਦੀ ਹੈ।

Screenshot_2026-08-27_20-10-02.resizedਫ਼ਿਲਮ ਦੀ ਮੂਲ ਕਥਾ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਦਾਦਾ ਦਾਦੀ ਵਿਚਾਲੇ ਗਹਿਰੇ ਅਤੇ ਅਨਮੋਲ ਰਿਸ਼ਤੇ ਦੇ ਇਰਦ-ਗਿਰਦ ਘੁੰਮਦੀ ਹੈ। ਅਜੋਕੇ ਦੌਰ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਕਿਵੇਂ ਬੱਚੇ ਅਤੇ ਬਜ਼ੁਰਗ ਇਕ ਦੂਸਰੇ ਦੇ ਨਜ਼ਦੀਕ ਆਉਂਦੇ ਹਨ ਅਤੇ ਜੀਵਨ ਦੇ ਸਬਕ ਸਿੱਖਦੇ ਹਨ।

ਸਮੁੱਚੀ ਫ਼ਿਲਮ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਪ੍ਰਤੀ ਪਿਆਰ, ਦੇਖਭਾਲ ਅਤੇ ਉਨ੍ਹਾਂ ਦੇ ਯੋਗਦਾਨ ਦੇ ਮਹੱਤਵ ਨੂੰ ਬੇਹੱਦ ਸੰਵੇਦਨਸ਼ੀਨ ਤਰੀਕੇ ਨਾਲ ਉਜਾਗਰ ਕਰਦਿਆਂ ਭਾਵਨਾਤਮਕ ਸੰਦੇਸ਼ ਦੇ ਜਾਂਦੀ ਹੈ।

ਸਕੂਲ ਜਾਣ ਵਾਲੇ ਚਾਰ ਬੱਚਿਆਂ ਅਤੇ ਉਨ੍ਹਾਂ ਦੇ ਦਾਦਾ ਦਾਦੀ ਦਰਮਿਆਨ ਗਹਿਰੇ ਅਤੇ ਅਟੁੱਟ ਭਾਵਨਾਤਮਕ ਰਿਸ਼ਤੇ ਨੂੰ ਪੇਸ਼ ਕਰਨ ਵਾਲੀ ਫ਼ਿਲਮ ‘ਲਵ ਯੂ ਦਾਦੂ ਦਾਦੀ ਜੀ” ਹਰੇਕ ਵਰਗ ਅਤੇ ਉਮਰ ਦੇ ਦਰਸ਼ਕਾਂ ਨੂੰ ਭਾਵੁਕ ਕਰ ਜਾਂਦੀ ਹੈ।

ਸ਼ਾਦੀ ਦੇ ਕਈ ਸਾਲ ਬਾਅਦ ਦੁਆਵਾਂ ਮੰਗ ਕੇ ਪੁੱਤਰ ਪੈਦਾ ਹੁੰਦਾ ਹੈ। ਪਰੰਤੂ ਜਦ ਉਹ ਬੱਚਾ ਵੱਡਾ ਹੁੰਦਾ ਹੈ, ਵਿਆਹ-ਸ਼ਾਦੀ ਕਰਵਾਉਂਦਾ ਹੈ ਤਾਂ ਆਪਣੇ ਹੀ ਮਾਤਾ ਪਿਤਾ ਨੂੰ ਪਰਾਇਆ ਸਮਝਣ ਲੱਗਦੇ ਹਨ। ਇਕ ਦਿਨ ਉਨ੍ਹਾਂ ਨੂੰ ਰੋਂਦਿਆਂ-ਕਰਲਾਉਂਦਿਆਂ ਛੱਡ ਕੇ ਅਲੱਗ ਹੋ ਜਾਂਦੇ ਹਨ।

ਮਾਤਾ ਪਿਤਾ ਦੇ ਦੂਰ ਹੋ ਜਾਣ ਦੇ ਬਾਵਜੂਦ ਪੋਤੇ ਆਪਣੇ ਦਾਦਾ-ਦਾਦੀ ਨੂੰ ਬੇਹੱਦ ਪਿਆਰ ਕਰਦੇ ਹਨ। ਉਹ ਬੱਚੇ ਦਾਦਾ ਜੀ ਨੂੰ ਆਪਣਾ ਸੱਭ ਤੋਂ ਨਜ਼ਦੀਕੀ ਮਿੱਤਰ ਮੰਨਦੇ ਹਨ।

ਅਜੋਕੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਬਜ਼ੁਰਗ ਇਕੱਲੇ ਰਹਿ ਜਾਂਦੇ ਹਨ। ਉਹ ਅੰਦਰੋਂ ਟੁੱਟ ਜਾਂਦੇ ਹਨ। ਫ਼ਿਲਮ ਸਮਾਜ ਦੀ ਇਕ ਊਣਤਾਈ ’ਤੇ ਤਿੱਖੀ ਚੋਟ ਕਰਦੀ ਹੈ। ਮਾਂ-ਬਾਪ ਸਾਰੀ ਉਮਰ ਸੰਘਰਸ਼ ਕਰਦੇ ਹਨ ਪਰ ਬੁਢਾਪੇ ਵਿਚ ਇਕੱਲੇਪਨ ਦਾ ਦਰਦ ਹੰਢਾਉਂਦੇ ਹਨ।

ਜਦ ਫ਼ਿਲਮ ਇਸ ਪੜਾ ’ਤੇ ਪਹੁੰਚ ਜਾਂਦੀ ਹੈ ਤਾਂ ਬੱਚੇ ਇਕੱਠੇ ਹੋ ਕੇ ਆਪਣੇ ਮਾਤਾ-ਪਿਤਾ ਨੂੰ ਬਜ਼ੁਰਗਾਂ ਦੀ ਅਹਿਮੀਅਤ ਅਤੇ ਉਨ੍ਹਾਂ ਦੇ ਅਸ਼ੀਰੀਵਾਦ ਦੀ ਕੀਮਤ ਸਮਝਾਉਂਦੇ ਹਨ।

ਇੰਝ ਫ਼ਿਲਮ ਵੱਡਿਆਂ ਦੇ ਆਦਰ-ਸਤਿਕਾਰ ਅਤੇ ਸਾਂਝੇ-ਪਰਿਵਾਰ ਦੇ ਮਹੱਤਵ ਨੂੰ ਬੜੇ ਪ੍ਰਭਾਵਸ਼ਾਲੀ ਅਤੇ ਭਾਵਨਾਤਮਕ ਢੰਗ ਨਾਲ ਦਰਸਾਉਂਦੀਆਂ ਹੈ।

ਇਸ ਫ਼ਿਲਮ ਨੂੰ ਸਿਨੇਮਾ ਘਰਾਂ ਦੀ ਬਜਾਏ ਸਿੱਧਾ ਜ਼ੀ5 ਗਲੋਬਲ ਅਤੇ ਚੌਪਾਲ ਓ.ਟੀ.ਟੀ. ਐਪ ‘ਤੇ ਰਲੀਜ਼ ਕੀਤਾ ਗਿਆ ਸੀ। ਸੋਸ਼ਲ ਮੀਡੀਆ ‘ਤੇ ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਵਧੀਆ ਹੁੰਗਾਰਾ ਮਿਲਿਆ ਸੀ। ਭਾਵੁਕ ਪਰਿਵਾਰਕ ਕਹਾਣੀ ਅਤੇ ਰਿਸ਼ਤਿਆਂ ਦੇ ਨਿੱਘ ਤੇ ਟੁੱਟ-ਭੱਜ ਕਾਰਨ ਦਰਸ਼ਕਾਂ ਵੱਲੋਂ ਇਸਨੂੰ ਬਹੱਦ ਪਸੰਦ ਕੀਤਾ ਗਿਆ।

ਇਹ ਫ਼ਿਲਮ ਡਾ. ਕੁਲਬੀਰ ਸਿੰਘ ਸੂਰੀ ਦੇ ਪ੍ਰਸਿੱਧ ਨਾਵਲ ‘ਅੱਧੀ ਛੁੱਟੀ ਸਾਰੀ ’ਤੇ ਅਧਾਰਿਤ ਹੈ। ਫ਼ਿਲਮ ਇਸ ਸਾਹਿਤਕ ਕਿਰਤ ਨੂੰ ਬੜੀ ਖੂਬਸੂਰਤੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੈਮਰੇ ਰਾਹੀਂ ਪਰਦੇ ’ਤੇ ਉਤਾਰਦੀ ਹੈ।

ਫ਼ਿਲਮ ਵਿਚ ਸੰਗੀਤ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਅਤੇ ਇਸਦੀ ਚਰਚਾ ਵੀ ਬਹੁਤ ਹੋਈ ਹੈ। ਜਸਕਰਨ ਸੋਹਲ ਵੱਲੋਂ ਤਿਆਰ ਕੀਤੇ ਗਏ ਗੀਤ ‘ਪ੍ਰੇਅਰ’ ਅਤੇ ‘ਮੀਂਹ’ ਵਰਸਾ ਦੇ ਜ਼ੋਰੋ ਜ਼ੋਰੋ’ ਬੱਚਿਆਂ ਅਤੇ ਪਰਿਵਾਰਾਂ ਵਿਚ ਵਾਹਵਾ ਪਸੰਦ ਕੀਤੇ ਗਏ ਹਨ। ਰਮਨ ਖੁਲ੍ਹਰ ਦੀ ਕੋਰੀਓਗ੍ਰਾਫ਼ੀ ਨੇ ਫ਼ਿਲਮ ਦੇ ਗੀਤਾਂ ਨੂੰ ਹੋਰ ਆਕਰਸ਼ਕ ਬਣਾਇਆ ਹੈ।

‘ਲਵ ਯੂ ਦਾਦੂ ਦਾਦੀ ਜੀ’ ਫ਼ਿਲਮ ਇਕ ਸਾਫ਼-ਸੁਥਰੀ ਭਾਵੁਕ ਪਰਿਵਾਰਕ ਫ਼ਿਲਮ ਵਜੋਂ ਸਾਰਥਕ ਸਮਾਜਕ ਸੰਦੇਸ਼ ਦੇਣ ਵਿਚ ਸਫ਼ਲ ਰਹੀ ਹੈ। ਇਕ ਗੰਭੀਰ ਪਰਿਵਾਰਕ ਵਿਸ਼ੇ ਨੂੰ ਸੰਵੇਦਨਸ਼ੀਲਤਾ ਨਾਲ ਉਭਾਰਿਆ ਗਿਆ ਹੈ।

ਫ਼ਿਲਮ ਵਿਚ ਵੱਖ-ਵੱਖ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ ਹੈ। ਅਦਾਕਾਰਾ ਜਤਿੰਦਰ ਕੌਰ, ਕੁਲਬੀਰ ਸਿੰਘ ਸੂਰੀ…………ਅਤੇ ਚਾਰ ਸਕੂਲੀ ਬੱਚਿਆਂ ਨੇ ਆਪਸੀ ਨਿੱਘੇ ਤੇ ਭਾਵੁਕ ਰਿਸ਼ਤੇ ਨੂੰ ਬਾਖੂਬੀ ਨਿਭਾਇਆ ਹੈ। ਕੁਲਬੀਰ ਸਿੰਘ ਸੂਰੀ ਹੁਰਾਂ ਦੂਹਰੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹ ਮੁਖ ਅਦਾਕਾਰ ਹੋਣ ਦੇ ਨਾਲ ਇਸ ਫ਼ਿਲਮ ਦੀ ਕਹਾਣੀ ਦੇ ਮੂਲ ਲੇਖਕ ਵੀ ਹਨ।

ਇਹ ਫ਼ਿਲਮ ਵਪਾਰਕ ਮਸਾਲਾ ਫ਼ਿਲਮਾਂ ਵਰਗੀ ਨਹੀਂ ਹੈ ਸਗੋਂ ਸਿੱਧੀ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ।

ਇਹ ਪ੍ਰਸਿੱਧ ਨਿਰਦੇਸ਼ਕ ਅਤੇ ਗਾਇਕ ਕਲਾਕਾਰ ਹਰਿੰਦਰ ਸੋਹਲ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ। ਸਕ੍ਰੀਨਨਪਲੇਅ ਅਤੇ ਸੰਵਾਦਾਂ ਨੂੰ ਪਰਦੇ ’ਤੇ ਉਤਾਰਨ ਦਾ ਕੰਮ ਵੀ ਉਨ੍ਹਾਂ ਨੇ ਕੀਤਾ ਹੈ। ਇਕ ਪ੍ਰਸਿੱਧ ਪੰਜਾਬੀ ਸੰਗੀਤਕਾਰ ਹੋਣ ਦੇ ਨਾਤੇ ਹਰਿੰਦਰ ਸੋਹਲ ਨੇ ਇਸ ਫ਼ਿਲਮ ਦੇ ਕਈ ਖੂਬਸੂਰਤ ਗੀਤਾਂ ਦੇ ਬੋਲ ਲਿਖੇ ਹਨ ਅਤੇ ਉਨ੍ਹਾਂ ਦੀਆਂ ਧੁਨਾਂ ਤਿਆਰ ਕੀਤੀਆਂ ਹਨ। ‘ਹੌਲੀ- ਹੌਲੀ ਧੀਰੇ ਧੀਰੇ’ ਅਤੇ ‘ਪ੍ਰੇਅਰ’ ਗੀਤਾਂ ਬੋਲ ਅਤੇ ਕੰਪੋਜੀਸ਼ਨ ਹਰਿੰਦਰ ਸੋਹਲ ਦੁਆਰਾ ਹੀ ਕੀਤੀ ਗਈ ਹੈ।

ਸਰਦਾਰ ਰਘਬੀਰ ਸਿੰਘ ਸੋਹਲ ਹੁਰਾਂ ਇਸ ਫ਼ਿਲਮ ਦੇ ਟਾਈਟਲ ਟਰੈਕ ‘ਲਵ ਯੂ ਦਾਦੂ ਦਾਦੀ ਜੀ’ ਨੂੰ ਬਹੁਤ ਹੀ ਭਾਵੁਕ ਅਤੇ ਪਰਿਵਾਰਕ ਬੋਲਾਂ ਵਿਚ ਪਰੋਇਆ ਹੈ। ਇਸੇ ਗੀਤ ਨੂੰ ਦੋ ਹੋਰ ਰੂਪਾਂ ਵਿਚ ਵੀ ਫ਼ਿਲਮ ਵਿਚ ਵਰਤਿਆ ਗਿਆ ਹੈ। ਇਕ ਉਦਾਸ ਰੂਪ ਵਿਚ ਅਤੇ ਦੂਸਰਾ ‘ਮੁਖ ਪਿਛੋਕੜ ਥੀਮ ਸੰਗੀਤ’ ਵਜੋਂ। ਉਨ੍ਹਾਂ ਨੇ ਫ਼ਿਲਮ ਦੇ ਕੁਝ ਹੋਰ ਗੀਤਾਂ ਦੇ ਖੂਬਸੂਰਤ ਬੋਲ ਵੀ ਲਿਖੇ ਹਨ ਜਿਹੜੇ ਪਰਿਵਾਰਕ ਰਿਸ਼ਤਿਆਂ, ਵਿਸ਼ੇਸ਼ ਕਰਕੇ ਦਾਦਾ-ਦਾਦੀ ਅਤੇ ਬੱਚਿਆਂ ਦੇ ਆਪਸੀ ਪਿਆਰ ਅਤੇ ਜਜ਼ਬਾਤਾਂ ਨੂੰ ਬਹੁਤਮ ਗਹਿਰਾਈ ਨਾਲ ਬਿਆਨ ਕਰਦੇ ਹਨ।

ਇਹ ਭਾਵੁਕ ਫ਼ਿਲਮ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿਚ ਵੀ ਪਰਵਾਸੀ ਪੰਜਾਬੀਆਂ ਦੁਆਰਾ ਵੇਖੀ ਗਈ ਹੈ। ਫ਼ਿਲਮ ਦੇ ਨਾਲ ਅੰਗਰੇਜ਼ੀ ਉਪ-ਸਿਰਲੇਖ ਦੇਣ ਕਾਰਨ ਵਿਦੇਸ਼ਾਂ ਵਿਚ ਜੰਮੀ-ਪਲੀ ਨਵੀਂ ਪੀੜ੍ਹੀ, ਜਿਹੜੀ ਪੰਜਾਬੀ ਚੰਗੀ ਤਰ੍ਹਾਂ ਪੜ੍ਹ-ਸਮਝ ਨਹੀਂ ਸਕਦੀ, ਨੇ ਵੀ ਇਸਨੂੰ ਉਤਸ਼ਾਹ ਨਾਲ ਵੇਖਿਆ।

ਮੁੱਖ ਕਲਾਕਾਰਾਂ ਤੋਂ ਇਲਾਵਾ ਫ਼ਿਲਮ ਵਿਚ ਜਿਹੜੇ ਬਾਲ-ਕਲਾਕਾਰਾਂ ਨੇ ਆਪਣੇ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਉਨ੍ਹਾਂ ਵਿਚ ਬੌਬੀ ਖੰਨਾ, ਸੁਦੇਸ਼ ਵਿੰਕਲ, ਅਥਰਵ ਭਾਟੀਆ, ਜਸ਼ਨ ਗਿੱਲ ਸ਼ਾਮਲ ਹਨ। ਮਨਪ੍ਰੀਤ ਸੋਹਲ ਨੇ ਫ਼ਿਲਮ ਦਾ ਚਰਚਿਤ ਗੀਤ ‘ਪ੍ਰੇਅਰ’ ਗਾ ਕੇ ਦਰਸ਼ਕ-ਮਨਾਂ ’ਤੇ ਗੂੜ੍ਹੀ ਛਾਪ ਛੱਡੀ। ਬੱਬਰ ਗਿੱਲ, ਦਿਲਰਾਜ ਉਦੈ ਅਤੇ ਗੁਰੀ ਸਿੰਘ ਹਰਜੀਤ ਨੇ ਫ਼ਿਲਮ ਵਿਚ ਯਾਦਗਾਰੀ ਕੰਮ ਕੀਤਾ। ਇਸਦੇ ਪ੍ਰੋਡਿਊਸਰ ਬਲਰਾਜ ਕੌਰ ਹਨ।

ਸਮੇਂ ਨਾਲ ਬੜਾ ਕੁਝ ਬਦਲਦਾ ਜਾ ਰਿਹਾ ਹੈ। ਤਬਦੀਲੀ ਕੁਦਰਤ ਦਾ ਨਿਯਮ ਹੈ। ਸਮੇਂ ਨਾਲ ਜ਼ਰੂਰ ਬਦਲਣਾ ਚਾਹੀਦਾ ਹੈ ਪਰ ਕਦਰਾਂ ਕੀਮਤਾਂ ਦਾ ਆਪਣਾ ਮਹੱਤਵ ਹੈ।

ਕੌੜੀ ਸੱਚਾਈ ਹੈ ਕਿ ਅਜੋਕੀ ਰੁਝੇਵਿਆਂ ਭਰੀ ਜੀਵਨ-ਸ਼ੈਲੀ ਦੇ ਚੱਲਦੇ ਬੱਚਿਆਂ ਕੋਲ ਸਮੇਂ ਦੀ ਘਾਟ ਹੈ। ਪਰ ਮਾਂ-ਬਾਪ ਦਾ ਦਿਲ ਹਮੇਸ਼ਾ ਬੱਚਿਆਂ ਵੱਲ ਰਹਿੰਦਾ ਹੈ।

ਇਹ ਸੰਦੇਸ਼ ਬੜੇ ਸ਼ਕਤੀਸ਼ਾਲੀ ਢੰਗ ਨਾਲ ਦਰਸ਼ਕਾਂ ਤੱਕ ਪਹੁੰਚਾਉਣ ਵਿਚ ਫ਼ਿਲਮ ਕਾਮਯਾਬ ਰਹੀ ਹੈ। ਅਜਿਹੀਆਂ ਸਮਾਜਕ ਪਰਿਵਾਰਕ ਸਰੋਕਾਰਾਂ ਨਾਲ ਨੇੜੇ ਤੋਂ ਜੁੜੀਆਂ ਵਿਸ਼ਾ-ਕੇਂਦਰਿਤ ਫ਼ਿਲਮਾਂ ਬਣਦੀਆਂ ਰਹਿਣੀਆਂ ਚਾਹੀਦੀਆਂ ਹਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>