ਪੰਜਾਬੀਅਤ ਦੇ ਚਾਨਣ-ਮੁਨਾਰੇ – ਭਾਈ ਕਾਨ੍ਹ ਸਿੰਘ ਨਾਭਾ

ਪੰਜਾਬ ਦੀ ਬੌਧਿਕ ਤੇ ਸਾਹਿਤਕ ਪਰੰਪਰਾ ਵਿੱਚ ਕੁਝ ਅਜਿਹੀਆਂ ਸ਼ਖ਼ਸੀਅਤਾਂ ਹੋਈਆਂ ਹਨ, ਜਿਨ੍ਹਾਂ ਨੇ ਆਪਣੇ ਸਮੇਂ ਨੂੰ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਗਿਆਨ ਦਾ ਰਾਹ ਦਿਖਾਇਆ। ਭਾਈ ਕਾਨ੍ਹ ਸਿੰਘ ਨਾਭਾ ਅਜਿਹੇ ਹੀ ਮਹਾਨ ਵਿਦਵਾਨ ਸਨ। ਉਹ ਕੋਸ਼ਕਾਰ, ਟੀਕਾਕਾਰ, ਛੰਦ-ਸ਼ਾਸਤਰੀ, ਖੋਜੀ, ਚਿੰਤਕ, ਪ੍ਰਬੰਧਕ ਅਤੇ ਗੁਰਮਤਿ ਦੇ ਗਹਿਰੇ ਵਿਆਖਿਆਕਾਰ ਸਨ। ਉਨ੍ਹਾਂ ਦਾ ਸਮੁੱਚਾ ਜੀਵਨ ਗਿਆਨ ਦੀ ਸਾਧਨਾ, ਸਿੱਖੀ ਦੀ ਸੁਚੱਜੀ ਵਿਆਖਿਆ ਅਤੇ ਮਾਂ-ਬੋਲੀ ਪੰਜਾਬੀ ਦੀ ਅਥਾਹ ਸੇਵਾ ਨੂੰ ਸਮਰਪਿਤ ਰਿਹਾ।

Screenshot_2026-08-30_18-25-29.resizedਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ 30 ਅਗਸਤ 1861 ਈ. ਨੂੰ ਉਨ੍ਹਾਂ ਦੇ ਨਾਨਕੇ ਘਰ, ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਵਿਖੇ ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਪਰਿਵਾਰ ਧਾਰਮਿਕਤਾ, ਸੇਵਾ ਅਤੇ ਰਿਆਸਤੀ ਪਰੰਪਰਾ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਸੀ। ਉਨ੍ਹਾਂ ਦੇ ਪੂਰਵਜ ਬਾਬਾ ਨੌਧ ਸਿੰਘ ਪਿੰਡ ਪਿੱਥੋ, ਬਠਿੰਡਾ ਦੇ ਪਤਵੰਤੇ ਵਿਅਕਤੀ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਵੀ ਰਹੇ। ਇਸੇ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਦੇ ਪਿਤਾ ਬਾਬਾ ਨਾਰਾਇਣ ਸਿੰਘ ਜੀ ਨੇ ਨਾਭਾ ਦੇ ਇਤਿਹਾਸਕ ਗੁਰ-ਅਸਥਾਨ ਡੇਰਾ ਬਾਬਾ ਅਜਾਪਾਲ ਸਿੰਘ ਦੀ ਸੇਵਾ ਕੀਤੀ।

ਬਾਬਾ ਨਾਰਾਇਣ ਸਿੰਘ ਜੀ ਉੱਚ ਧਾਰਮਿਕ ਬਿਰਤੀ ਅਤੇ ਅਸਾਧਾਰਣ ਯਾਦ-ਸ਼ਕਤੀ ਦੇ ਮਾਲਕ ਸਨ। ਗੁਰਬਾਣੀ ਪ੍ਰਤੀ ਉਨ੍ਹਾਂ ਦੀ ਗਹਿਰੀ ਲਗਨ ਅਤੇ ਅਨੁਸ਼ਾਸਿਤ ਜੀਵਨ-ਚਰਿਆ ਨੇ ਬਾਲ ਕਾਨ੍ਹ ਸਿੰਘ ਦੇ ਮਨ ਉੱਤੇ ਡੂੰਘਾ ਅਸਰ ਪਾਇਆ। ਗਿਆਨ ਦੀ ਤ੍ਰੇਹ, ਅਧਿਐਨ ਦੀ ਲਗਨ ਅਤੇ ਸੁਚੱਜੀ ਜੀਵਨ-ਰਹਿਣੀ ਦੀ ਬੁਨਿਆਦ ਉਨ੍ਹਾਂ ਨੂੰ ਘਰ ਦੇ ਇਸੇ ਧਾਰਮਿਕ ਅਤੇ ਸੰਸਕਾਰਮਈ ਵਾਤਾਵਰਣ ਵਿੱਚੋਂ ਮਿਲੀ।

ਭਾਈ ਕਾਨ੍ਹ ਸਿੰਘ ਦੀ ਵਿੱਦਿਆ-ਪ੍ਰਾਪਤੀ ਕਿਸੇ ਇੱਕ ਵਿਸ਼ੇ ਜਾਂ ਇੱਕ ਗੁਰੂ ਤੱਕ ਸੀਮਿਤ ਨਹੀਂ ਰਹੀ। ਉਨ੍ਹਾਂ ਨੇ ਭਾਈ ਭੂਪ ਸਿੰਘ, ਭਾਈ ਰਾਮ, ਭਾਈ ਭਗਵਾਨ ਸਿੰਘ ਦੁੱਗ, ਜਵਾਹਰ ਸਿੰਘ, ਪੰਡਿਤ ਸ਼੍ਰੀਧਰ, ਬੰਸੀਧਰ, ਭਾਈ ਵੀਰ ਸਿੰਘ ਜਲਾਲਕੇ, ਬਾਵਾ ਕਲਿਆਣ ਦਾਸ ਅਤੇ ਮਹੰਤ ਗੱਜਾ ਸਿੰਘ ਵਰਗੇ ਵਿਦਵਾਨਾਂ ਕੋਲੋਂ ਵੱਖ-ਵੱਖ ਵਿਸ਼ਿਆਂ ਦੀ ਸਿੱਖਿਆ ਪ੍ਰਾਪਤ ਕੀਤੀ। ਦਿੱਲੀ ਅਤੇ ਲਖਨਊ ਦੇ ਵਿਦਵਾਨਾਂ ਪਾਸੋਂ ਫ਼ਾਰਸੀ ਦਾ ਅਧਿਐਨ ਕੀਤਾ। ਉਨ੍ਹਾਂ ਨੂੰ ਸੰਗੀਤ, ਬਾਗਬਾਨੀ, ਸੈਰ-ਸਪਾਟੇ ਅਤੇ ਕੁਦਰਤ ਨਾਲ ਵੀ ਵਿਸ਼ੇਸ਼ ਲਗਾਅ ਸੀ। ਇਸੇ ਕਾਰਨ ਉਨ੍ਹਾਂ ਦੀ ਵਿਦਵਤਾ ਕੇਵਲ ਪੁਸਤਕੀ ਨਹੀਂ, ਸਗੋਂ ਅਨੁਭਵ ਅਤੇ ਜੀਵਨ-ਦ੍ਰਿਸ਼ਟੀ ਨਾਲ ਭਰਪੂਰ ਸੀ।

ਉਨ੍ਹਾਂ ਦੇ ਸਾਹਿਤਕ ਜੀਵਨ ਦੀ ਸ਼ੁਰੂਆਤ ‘ਰਾਜ ਧਰਮ’ (1884) ਨਾਲ ਮੰਨੀ ਜਾਂਦੀ ਹੈ। ਇਸ ਤੋਂ ਬਾਅਦ ‘ਟੀਕਾ ਜੈਮਨੀ ਅਸਵਮੇਧ’, ‘ਨਾਟਕ ਭਾਵਾਰਥ ਦੀਪਿਕਾ’ ਅਤੇ ‘ਟੀਕਾ ਵਿਸ਼ਨੂੰ ਪੁਰਾਣ’ ਵਰਗੀਆਂ ਰਚਨਾਵਾਂ ਸਾਹਮਣੇ ਆਈਆਂ। ਬਾਅਦ ਵਿੱਚ ਸਿੰਘ ਸਭਾ ਲਹਿਰ ਦੀ ਜਾਗ੍ਰਿਤ ਚੇਤਨਾ ਨੇ ਉਨ੍ਹਾਂ ਦੀ ਕਲਮ ਨੂੰ ਨਵੀਂ ਦਿਸ਼ਾ ਦਿੱਤੀ। ਹੁਣ ਉਨ੍ਹਾਂ ਦੀ ਲਿਖਤ ਦਾ ਕੇਂਦਰ ਸਿੱਖ ਸਿਧਾਂਤਾਂ ਦੀ ਸਪੱਸ਼ਟ ਵਿਆਖਿਆ, ਸਿੱਖ ਪਛਾਣ ਦੀ ਮਜ਼ਬੂਤੀ ਅਤੇ ਗੁਰਮਤਿ ਦੀ ਮੂਲ ਭਾਵਨਾ ਨੂੰ ਉਜਾਗਰ ਕਰਨਾ ਬਣ ਗਿਆ।

ਇਸੇ ਦੌਰ ਵਿੱਚ ਉਨ੍ਹਾਂ ਨੇ ‘ਹਮ ਹਿੰਦੂ ਨਹੀਂ’, ‘ਗੁਰਮਤ ਪ੍ਰਭਾਕਰ’, ‘ਗੁਰਮਤ ਸੁਧਾਕਰ’, ‘ਸੱਦ ਕਾ ਪਰਮਾਰਥ’ ਅਤੇ ‘ਗੁਰੁ ਗਿਰਾ ਕਸੌਟੀ’ ਵਰਗੀਆਂ ਮਹੱਤਵਪੂਰਨ ਪੁਸਤਕਾਂ ਦੀ ਰਚਨਾ ਕੀਤੀ। ਖ਼ਾਸ ਤੌਰ ’ਤੇ ‘ਹਮ ਹਿੰਦੂ ਨਹੀਂ’ ਨੇ ਸਿੱਖ ਧਾਰਮਿਕ ਪਛਾਣ ਸਬੰਧੀ ਚੱਲ ਰਹੇ ਬੌਧਿਕ ਵਿਚਾਰ-ਵਿਮਰਸ਼ ਨੂੰ ਇੱਕ ਮਜ਼ਬੂਤ ਸਿਧਾਂਤਕ ਆਧਾਰ ਦਿੱਤਾ। ਇਸ ਰਚਨਾ ਰਾਹੀਂ ਉਨ੍ਹਾਂ ਨੇ ਤਰਕ, ਇਤਿਹਾਸਕ ਸੰਦਰਭ ਅਤੇ ਧਾਰਮਿਕ ਅਧਿਐਨ ਦੇ ਆਧਾਰ ’ਤੇ ਸਿੱਖ ਪਰੰਪਰਾ ਦੀ ਵਿਲੱਖਣਤਾ ਨੂੰ ਉਜਾਗਰ ਕੀਤਾ।

ਭਾਈ ਕਾਨ੍ਹ ਸਿੰਘ ਨਾਭਾ ਦੀ ਵਿਦਵਤਾ ਦਾ ਸਭ ਤੋਂ ਉੱਚਾ ਸ਼ਿਖਰ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਹੈ। 1930 ਵਿੱਚ ਪ੍ਰਕਾਸ਼ਿਤ ਇਹ ਗ੍ਰੰਥ ਕੇਵਲ ਇੱਕ ਸ਼ਬਦ-ਕੋਸ਼ ਨਹੀਂ, ਸਗੋਂ ਸਿੱਖ ਧਰਮ, ਗੁਰਬਾਣੀ, ਪੰਜਾਬੀ ਭਾਸ਼ਾ, ਇਤਿਹਾਸ, ਦਰਸ਼ਨ, ਭੂਗੋਲ ਅਤੇ ਸੱਭਿਆਚਾਰ ਦਾ ਵਿਸ਼ਾਲ ਗਿਆਨ-ਭੰਡਾਰ ਹੈ। ਇਸ ਮਹਾਨ ਰਚਨਾ ਦੇ ਪਿੱਛੇ ਵਰ੍ਹਿਆਂ ਦੀ ਖੋਜ, ਸੰਦਰਭ-ਸੰਗ੍ਰਹਿ, ਅਧਿਐਨ ਅਤੇ ਅਸਾਧਾਰਣ ਮਿਹਨਤ ਸਮਾਈ ਹੋਈ ਹੈ।

‘ਮਹਾਨ ਕੋਸ਼’ ਦੇ ਪੰਨੇ ਪਲਟਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਇੱਕ ਮਨੁੱਖ ਨੇ ਆਪਣੀ ਸਮੁੱਚੀ ਜੀਵਨ-ਊਰਜਾ ਨੂੰ ਗਿਆਨ ਦੇ ਸਮੁੰਦਰ ਵਿੱਚ ਰੂਪਾਂਤਰਿਤ ਕਰ ਦਿੱਤਾ ਹੋਵੇ। ਅੱਜ ਵੀ ਗੁਰਬਾਣੀ, ਗੁਰਮਤਿ, ਪੰਜਾਬੀ ਭਾਸ਼ਾ ਅਤੇ ਸਿੱਖ ਇਤਿਹਾਸ ਦੇ ਖੋਜਾਰਥੀਆਂ ਲਈ ਇਹ ਇੱਕ ਅਮੋਲਕ ਸੰਦਰਭ-ਗ੍ਰੰਥ ਹੈ।

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸੰਪਾਦਿਤ ‘ਅਨੇਕਾਰਥ ਕੋਸ਼’ ਅਤੇ ‘ਨਾਮਮਾਲਾ ਕੋਸ਼’ ਨੇ ਹਿੰਦੀ ਅਤੇ ਬ੍ਰਜ ਭਾਸ਼ਾ ਦੇ ਕਾਵਿ-ਗ੍ਰੰਥਾਂ ਦੇ ਸ਼ਬਦਾਰਥ ਸਮਝਣ ਲਈ ਪੰਜਾਬੀ ਪਾਠਕਾਂ ਨੂੰ ਮਹੱਤਵਪੂਰਨ ਸਹਾਇਤਾ ਦਿੱਤੀ। ‘ਗੁਰਛੰਦ ਦਿਵਾਕਰ’ ਅਤੇ ‘ਗੁਰੁਸ਼ਬਦਾਲੰਕਾਰ’ ਨੇ ਉਨ੍ਹਾਂ ਨੂੰ ਛੰਦ-ਸ਼ਾਸਤਰ ਅਤੇ ਅਲੰਕਾਰ-ਸ਼ਾਸਤਰ ਦੇ ਖੇਤਰ ਵਿੱਚ ਵੀ ਵਿਲੱਖਣ ਪਛਾਣ ਦਿਵਾਈ।

ਭਾਈ ਸਾਹਿਬ ਦੀ ਸ਼ਖ਼ਸੀਅਤ ਦਾ ਇੱਕ ਹੋਰ ਦਿਲਚਸਪ ਪੱਖ ਉਨ੍ਹਾਂ ਦੀ ਡਾਇਰੀ-ਲਿਖਣ ਦੀ ਆਦਤ ਸੀ। ਉਹ ਆਪਣੇ ਸਮੇਂ ਦੀਆਂ ਘਟਨਾਵਾਂ, ਮੁਲਾਕਾਤਾਂ, ਯਾਤਰਾਵਾਂ ਅਤੇ ਰਿਆਸਤੀ ਹਾਲਾਤਾਂ ਨੂੰ ਨਿਯਮਿਤ ਤੌਰ ’ਤੇ ਦਰਜ ਕਰਦੇ ਸਨ। ਇਸ ਲਈ ਉਨ੍ਹਾਂ ਦੀਆਂ ਡਾਇਰੀਆਂ ਕੇਵਲ ਨਿੱਜੀ ਟਿੱਪਣੀਆਂ ਨਹੀਂ, ਸਗੋਂ ਉਸ ਯੁੱਗ ਦੇ ਅਣਲਿਖੇ ਇਤਿਹਾਸ ਦੀਆਂ ਜੀਵੰਤ ਖਿੜਕੀਆਂ ਹਨ।

ਪ੍ਰਸਿੱਧ ਅੰਗਰੇਜ਼ ਵਿਦਵਾਨ ਮੈਕਸ ਆਰਥਰ ਮੈਕਾਲਿਫ ਨੂੰ ਸਿੱਖ ਧਰਮ, ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਡੂੰਘੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਵੀ ਭਾਈ ਕਾਨ੍ਹ ਸਿੰਘ ਨਾਭਾ ਦਾ ਮਹੱਤਵਪੂਰਨ ਯੋਗਦਾਨ ਰਿਹਾ। ਮੈਕਾਲਿਫ ਦੀ ਪ੍ਰਸਿੱਧ ਰਚਨਾ ‘ਠਹੲ ਸ਼ਕਿਹ ੍ਰੲਲਗਿiੋਨ’ ਦੀ ਤਿਆਰੀ ਅਤੇ ਅੰਤਿਮ ਪਰੂਫ਼ ਪੜ੍ਹਨ ਵਿੱਚ ਭਾਈ ਸਾਹਿਬ ਨੇ ਅਹਿਮ ਸਹਿਯੋਗ ਦਿੱਤਾ। ਇਸ ਸਬੰਧ ਰਾਹੀਂ ਉਨ੍ਹਾਂ ਦੀ ਵਿਦਵਤਾ ਦਾ ਅੰਤਰਰਾਸ਼ਟਰੀ ਪੱਖ ਵੀ ਸਾਹਮਣੇ ਆਉਂਦਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਸਿਰਫ਼ ਕਲਮ ਦੇ ਧਨੀ ਹੀ ਨਹੀਂ ਸਨ, ਸਗੋਂ ਰਿਆਸਤੀ ਪ੍ਰਬੰਧ, ਰਾਜਨੀਤਿਕ ਸੂਝ-ਬੂਝ ਅਤੇ ਦਰਬਾਰੀ ਮਰਯਾਦਾ ਵਿੱਚ ਵੀ ਨਿਪੁੰਨ ਸਨ। ਉਹ ਕਈ ਭਾਸ਼ਾਵਾਂ ਦੇ ਜਾਣਕਾਰ, ਦੂਰਦਰਸ਼ੀ ਨੀਤੀਵਾਨ ਅਤੇ ਬਹੁਪੱਖੀ ਵਿਅਕਤਿਤਵ ਦੇ ਮਾਲਕ ਸਨ। ਇਸੇ ਕਰਕੇ ਉਨ੍ਹਾਂ ਨੂੰ ‘ਪੰਥ ਰਤਨ’, ‘ਭਾਈ ਸਾਹਿਬ’ ਅਤੇ ‘ਸਰਦਾਰ ਬਹਾਦੁਰ’ ਵਰਗੇ ਸਨਮਾਨਾਂ ਨਾਲ ਯਾਦ ਕੀਤਾ ਜਾਂਦਾ ਹੈ।

23 ਨਵੰਬਰ 1938 ਨੂੰ ਨਾਭਾ ਵਿਖੇ ਇਹ ਮਹਾਨ ਗਿਆਨ-ਪੁਰਖ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ, ਪਰ ਉਨ੍ਹਾਂ ਦੀ ਕਲਮ ਦਾ ਚਾਨਣ ਅੱਜ ਵੀ ਮੰਦ ਨਹੀਂ ਪਿਆ।

ਭਾਈ ਕਾਨ੍ਹ ਸਿੰਘ ਨਾਭਾ ਦਾ ਜੀਵਨ ਸਾਨੂੰ ਇਹ ਸਿੱਖਾਉਂਦਾ ਹੈ ਕਿ ਗਿਆਨ ਜਦੋਂ ਨਿੱਜੀ ਪ੍ਰਾਪਤੀ ਤੋਂ ਉੱਪਰ ਉੱਠ ਕੇ ਕੌਮੀ ਵਿਰਾਸਤ ਬਣ ਜਾਂਦਾ ਹੈ, ਤਾਂ ਇੱਕ ਮਨੁੱਖ ਦੀ ਸਾਧਨਾ ਕਈ ਪੀੜ੍ਹੀਆਂ ਦਾ ਰਾਹ ਰੌਸ਼ਨ ਕਰ ਸਕਦੀ ਹੈ। ਉਨ੍ਹਾਂ ਦੀਆਂ ਪੁਸਤਕਾਂ ਅੱਜ ਵੀ ਬੋਲਦੀਆਂ ਹਨ, ਉਨ੍ਹਾਂ ਦਾ ‘ਮਹਾਨ ਕੋਸ਼’ ਅੱਜ ਵੀ ਰਾਹ ਦਿਖਾਉਂਦਾ ਹੈ ਅਤੇ ਉਨ੍ਹਾਂ ਦੀ ਵਿਦਵਤਾ ਪੰਜਾਬੀਅਤ ਦੇ ਮੱਥੇ ਉੱਤੇ ਗਿਆਨ ਦੀ ਅਮਰ ਜੋਤ ਵਾਂਗ ਜਗਮਗਾ ਰਹੀ ਹੈ।

ਸੱਚਮੁੱਚ, ਭਾਈ ਕਾਨ੍ਹ ਸਿੰਘ ਨਾਭਾ ਕੇਵਲ ਇੱਕ ਵਿਅਕਤੀ ਨਹੀਂ, ਇੱਕ ਸੰਸਥਾ ਸਨ; ਕੇਵਲ ਇੱਕ ਲੇਖਕ ਨਹੀਂ, ਇੱਕ ਪੂਰਾ ਯੁੱਗ ਸਨ।

 

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>