ਸ਼੍ਰੋਮਣੀ ਅਕਾਲੀ ਦਲ ਨੂੰ ਸੰਕਟ ਮੋਚਨ ਕੈਪਟਨ ਕੰਵਲਜੀਤ ਸਿੰਘ ਵਰਗੇ ਨੇਤਾ ਦੀ ਲੋੜ

ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਇਤਿਹਾਸ ਵਿੱਚ ਕੁਝ ਅਜਿਹੇ ਆਗੂ ਹੋਏ ਹਨ, ਜਿਨ੍ਹਾਂ ਨੇ ਆਪਣੇ ਅਹੁਦੇ ਨਾਲੋਂ ਵੱਧ ਆਪਣੀ ਸੋਚ, ਸਾਦਗੀ, ਇਮਾਨਦਾਰੀ ਅਤੇ ਲੋਕ-ਪੱਖੀ ਪਹੁੰਚ ਕਰਕੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਹੈ।Screenshot_2026-08-31_21-22-04.resized ਮਰਹੂਮ ਕੈਪਟਨ ਕੰਵਲਜੀਤ ਸਿੰਘ ਉਨ੍ਹਾਂ ਵਿੱਚੋਂ ਅਜਿਹੇ ਹੀ ਆਗੂ ਸਨ। ਉਨ੍ਹਾਂ ਦਾ ਨਾਮ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿੱਚ ਸੂਝਵਾਨ, ਸਾਫ਼-ਸੁਥਰੀ ਅਤੇ ਵਿਕਾਸਮੁਖੀ ਰਾਜਨੀਤੀ ਨਾਲ ਜੋੜ ਕੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਵਿਅਕਤਿਤਵ ਵਿੱਚ ਅਨੁਸ਼ਾਸਨ, ਦ੍ਰਿੜ੍ਹਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਸੀ, ਜਿਸ ਦਾ ਪ੍ਰਭਾਵ ਉਨ੍ਹਾਂ ਦੇ ਸਿਆਸੀ ਜੀਵਨ ਵਿੱਚ ਵੀ ਸਪੱਸ਼ਟ ਨਜ਼ਰ ਆਇਆ ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਸਭ ਤੋਂ ਪੁਰਾਣੀ ਰੀਜਨਲ ਪਾਰਟੀ ਹੈ। ਇਸਦਾ ਦਾ ਇਤਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਭਾਰਤ ਦੀ ਆਜ਼ਾਦੀ ਦੀ ਜਦੋਜਹਿਦ ਵਿੱਚ ਸਾਰੇ ਦੇਸ਼ ਨਾਲੋਂ ਪੰਜਾਬੀਆਂ ਖਾਸ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਨੇਤਾਵਾਂ ਦਾ ਯੋਗਦਾਨ ਰਿਹਾ ਹੈ। 100 ਸੌ ਸਾਲ ਤੋਂ ਵੀ ਵਧੇਰੇ ਪੁਰਾਣੀ ਸਿਆਸੀ ਪਾਰਟੀ ਦੀ ਇਸ ਸਮੇਂ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਪਾਰਟੀ ਸਿਆਸਤ ਦੀ ਮੁੱਖ ਧਾਰਾ ਤੋਂ ਬਾਹਰ ਹੁੰਦੀ ਜਾ ਰਹੀ ਹੈ। ਇਸਦੇ ਪਤਨ ਵਿੱਚ ਸਭ ਤੋਂ ਵੱਡਾ ਯੋਗਦਾਨ ਅਕਾਲੀ ਦਲ ਦੇ ਕੁੱਝ ਪ੍ਰਮੁੱਖ ਨੇਤਾਵਾਂ ਦੀ ਕਾਰਗੁਜ਼ਾਰੀ ਦਾ ਹੈ। ਉਹ ਲੋਕਾਂ ਦੀ ਭਰੋਸੇਯੋਗਤਾ ਖੋ ਬੈਠੇ ਹਨ। ਹਾਲਾਂ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਅਸਤਿਤਵ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪ੍ਰੰਤੂ ਨੇਤਾਵਾਂ ਦੀ ਹਓਮੈ ਇਸਦੇ ਰਸਤੇ ਵਿੱਚ ਰੋੜਾ ਬਣ ਰਹੀ ਹੈ। ਨੇਤਾਵਾਂ ਦੀ ਆਪੋ-ਧਾਪੀ ਪਾਰਟੀ ਦਾ ਨੁਕਸਾਨ ਕਰ ਰਹੀ ਹੈ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਕੇ ਪਾਰਟੀ ਦੀ ਬੇੜੀ ਦਾ ਮਲਾਹ ਬਣਨ ਦੇ ਸਮਰੱਥ ਕੋਈ ਇਮਾਨਦਾਰ ਤੇ ਦਿਆਨਤਦਾਰ ਨੇਤਾ ਨਜ਼ਰ ਨਹੀਂ ਆ ਰਿਹਾ। ਅਜਿਹੇ ਨਾਜ਼ਕ ਮੌਕੇ ‘ਤੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਵਰਗੇ ਸੰਕਟ ਮੋਚਨ ਨੇਤਾ ਦੀ ਅਣਹੋਂਦ ਖੱਟਕ ਰਹੀ ਹੈ। ਕੁਝ ਸਿਆਸਤਦਾਨਾ ਨੇ ਸਿਆਸਤ ਨੂੰ ਸੇਵਾ ਦੀ ਥਾਂ ਵਿਓਪਾਰ ਬਣਾ ਲਿਆ ਹੈ। ਉਹ ਇੱਕ ਵਿਓਪਾਰੀ ਦੀ ਤਰ੍ਹਾਂ ਵਿਚਰਦੇ ਹਨ। ਸਾਰੇ ਸਿਆਸਦਾਨਾ ਨੂੰ ਇਕੋ ਰੱਸੇ ਨਾਲ ਤਾਂ ਨਹੀਂ ਬੰਨਿ੍ਹਆਂ ਜਾ ਸਕਦਾ। ਅਜੇ ਵੀ ‘ਕੋਈ ਹਰਿਆ ਬੂਟਾ ਰਹਿਓ ਰੀ’ ਹੈ। ਆਪਣੇ ਕਿਤੇ ਪ੍ਰਤੀ ਬਚਨਵੱਧਤਾ ਰੱਖਣ ਵਾਲੇ ਸਿਆਸਤਦਾਨਾ ਵਿਚ ਮਰਹੂਮ ਕੈਪਟਨ ਕੰਵਲਜੀਤ ਸਿੰਘ ਸਨ, ਕਿਉਂਕਿ ਮੈਂ ਉਨ੍ਹਾਂ ਨੂੰ ਆਪਣੀ ਨੌਕਰੀ ਦੌਰਾਨ ਬਹੁਤ ਨੇੜਿੳਂ ਹੋ ਕੇ ਵੇਖਿਆ ਹੈ। ਉਨ੍ਹਾਂ ਦੀ ਬੇਬਾਕੀ, ਕਾਰਜ਼ਕੁਸ਼ਲਤਾ ਅਤੇ ਇਮਾਨਦਾਰੀ ਦਾ ਕੋਈ ਸਾਨੀ ਨਹੀਂ ਹੋ ਸਕਦਾ, ਪ੍ਰੰਤੂ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ‘ਤੇ ਸੰਕਟ ਦੇ ਬੱਦਲ ਆਏ ਤਾਂ ਕੈਪਟਨ ਕੰਵਲਜੀਤ ਸਿੰਘ ਹਮੇਸ਼ਾ ਯੋਗ ਸਲਾਹ ਹੀ ਨਹੀਂ ਦਿੰਦੇ ਸਨ, ਸਗੋਂ ਬੇਬਾਕੀ ਨਾਲ ਪਾਰਟੀ ਦੇ ਗ਼ਲਤ ਫ਼ੈਸਲੇ ਨੂੰ ਗ਼ਲਤ ਕਹਿਣ ਦੀ ਹਿੰਮਤ ਰੱਖਦੇ ਸਨ, ਕਿਉਂਕਿ ਉਹ ਖ਼ੁਦਗਰਜ਼ ਨਹੀਂ ਸਨ। ਆਪਣੀ ਪਾਰਟੀ ਦੇ ਨੇਤਾਵਾਂ ਵੱਲੋਂ ਕੀਤੇ ਜਾਂਦੇ ਗ਼ਲਤ ਕੰਮਾ ਬਾਰੇ ਉਹ ਬੇਬਾਕੀ ਨਾਲ ਕਹਿ ਦਿੰਦੇ ਸਨ, ਭਾਵੇਂ ਕਿਸੇ ਦੇ ਗੋਡੇ ਤੇ ਗਿੱਟੇ ਲੱਗੇ। ਜਿਸ ਕਰਕੇ ਅਕਾਲੀ ਦਲ ਦੇ ਬਹੁਤੇ ਨੇਤਾ ਉਨ੍ਹਾਂ ਤੋਂ ਦੁੱਖੀ ਸਨ। ਇਸੇ ਲਈ 29 ਮਾਰਚ 2009 ਨੂੰ ਉਨ੍ਹਾਂ ਦੀ ਸੜਕੀ ਦੁਰਘਟਨਾ ਨਾਲ ਹੋਈ ਮੌਤ ਅਜੇ ਤੱਕ ਸ਼ੱਕ ਦੇ ਘੇਰੇ ਵਿਚ ਹੈ। ਕੈਪਟਨ ਕੰਵਲਜੀਤ ਸਿੰਘ ਪਾਰਟੀ ਪ੍ਰਤੀ ਵਫਾਦਰ ਸਨ। ਨੇਤਾਵਾਂ ਦੀ ਨਿੱਜੀ ਵਫ਼ਾਦਾਰੀ ਵਿਚ ਉਹ ਵਿਸ਼ਵਾਸ ਨਹੀਂ ਰੱਖਦੇ ਸਨ, ਪ੍ਰੰਤੂ ਬਹੁਤੇ ਸਿਆਸਤਦਾਨ ਨਿੱਜੀ ਵਫ਼ਾਦਾਰੀਆਂ ਦਾ ਖੱਟਿਆ ਖਾਂਦੇ ਹਨ। ਉਨ੍ਹਾਂ ਦੀ ਬੇਬਾਕੀ ਕਰਕੇ ਉਨ੍ਹਾਂ ਨਾਲ ਨਾਰਾਜ਼ ਸਿਆਸਤਦਾਨ, ਕੈਪਟਨ ਕੰਵਲਜੀਤ ਸਿੰਘ ਦਾ ਤਾਂ ਜਿਉਂਦੇ ਜੀਅ ਤਾਂ ਕੁਝ ਵਿਗਾੜ ਨਹੀਂ ਸਕੇ, ਪ੍ਰੰਤੂ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਰੋਲ ਕੇ ਰੱਖ ਦਿੱਤਾ। ਉਹ ਪਟਿਆਲਾ ਜਿਲ੍ਹੇ ਦੇ ਬਨੂੜ/ ਡੇਰਾ ਬਸੀ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਚਣੇ

ਗਏ ਸਨ। ਪਹਿਲੀ ਵਾਰ ਹੀ ਬਤੌਰ ਆਜ਼ਾਦ ਉਮੀਦਵਾਰ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਸੁਰਜੀਤ ਸਿੰਘ ਬਰਨਾਲਾ ਦੀ ਵਜ਼ਾਰਤ ਵਿਚ ਗ੍ਰਹਿ ਰਾਜ ਮੰਤਰੀ ਬਣਾਇਆ ਗਿਆ ਸੀ। ਉਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਸਰਕਾਰ ਵਿੱਚ ਵੀ ਦੋ ਵਾਰ ਮੰਤਰੀ ਰਹੇ ਸਨ। ਪੰਜਾਬ ਸਰਕਾਰ ਵਿੱਚ ਉਨ੍ਹਾਂ ਨੇ ਵਿੱਤ, ਯੋਜਨਾ, ਗ੍ਰਹਿ ਅਤੇ ਸਹਿਕਾਰਤਾ ਸਮੇਤ ਕਈ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲੀ। ਖਾਸ ਤੌਰ ’ਤੇ ਵਿੱਤ ਮੰਤਰੀ ਵਜੋਂ ਉਨ੍ਹਾਂ ਦੀ ਪਛਾਣ ਇੱਕ ਗੰਭੀਰ, ਪੜ੍ਹੇ-ਲਿਖੇ ਅਤੇ ਅੰਕੜਿਆਂ ਤੇ ਨੀਤੀਆਂ ਨੂੰ ਸਮਝਣ ਵਾਲੇ ਸਿਆਸਤਦਾਨ ਵਜੋਂ ਬਣੀ। ਕੈਪਟਨ ਕੰਵਲਜੀਤ ਸਿੰਘ ਦੀ ਸਿਆਸਤ ਦਾ ਇੱਕ ਮਹੱਤਵਪੂਰਨ ਪੱਖ ਇਹ ਸੀ ਕਿ ਉਹ ਸਿਰਫ਼ ਸਿਆਸੀ ਨਾਅਰਿਆਂ ਤੱਕ ਸੀਮਤ ਰਹਿਣ ਦੀ ਬਜਾਏ ਪ੍ਰਸ਼ਾਸਨ ਅਤੇ ਨੀਤੀ-ਨਿਰਮਾਣ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਸਨ। ਸਹਿਕਾਰਤਾ ਖੇਤਰ ਨਾਲ ਉਨ੍ਹਾਂ ਦੀ ਡੂੰਘੀ ਦਿਲਚਸਪੀ ਅਤੇ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕਰਨ ਦੀ ਸੋਚ ਉਨ੍ਹਾਂ ਦੇ ਜਨਤਕ ਜੀਵਨ ਦਾ ਮਹੱਤਵਪੂਰਨ ਹਿੱਸਾ ਸੀ।

ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਸਿਆਸਤਦਾਨ ਦੇ ਨਾਲ-ਨਾਲ ਇੱਕ ਸਿਪਾਹੀ ਵਾਲਾ ਅਨੁਸ਼ਾਸਨ ਵੀ ਨਜ਼ਰ ਆਉਂਦਾ ਸੀ। ਉਹ ਸਪੱਸ਼ਟ ਗੱਲ ਕਰਨ ਅਤੇ ਆਪਣੀ ਗੱਲ ਨੂੰ ਤਰਕ ਨਾਲ ਰੱਖਣ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨਾਲ ਜੁੜੇ ਲੋਕ ਅਕਸਰ ਉਨ੍ਹਾਂ ਦੀ ਸਾਦਗੀ ਅਤੇ ਲੋਕਾਂ ਨਾਲ ਸਿੱਧੇ ਸੰਪਰਕ ਨੂੰ ਯਾਦ ਕਰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਇਸ ਸੰਸਾਰ ਵਿੱਚੋਂ ਅਲਵਿਦਾ ਲੈਣ ਤੋਂ ਬਾਅਦ ਵੀ ਉਨ੍ਹਾਂ ਦੀ ਲੋਕਪ੍ਰਿਯਤਾ ਕਾਇਮ ਹੈ। ਜਦੋਂ ਉਹ ਪੰਜਾਬ ਦੇ ਗ੍ਰਹਿ ਰਾਜ ਮੰਤਰੀ ਸਨ, ਉਹ ਸਮਾਂ ਬੜਾ ਅਸਥਿਰਤਾ ਵਾਲਾ ਅਤੇ ਨਾਜ਼ੁਕ ਸੀ। ਪੰਜਾਬ ਦੇ ਹਾਲਾਤ ਬਹੁਤੇ ਚੰਗੇ ਨਹੀਂ ਸਨ। ਗ੍ਰਹਿ ਮੰਤਰੀ ਹੁੰਦਿਆਂ ਹੋਇਆਂ ਵੀ ਪੁਲਿਸ ਕੇਂਦਰ ਦੇ ਇਸ਼ਾਰੇ ਤੇ ਉਨ੍ਹਾਂ ਦੇ ਹੁਕਮਾਂ ਨੂੰ ਅਣਡਿਠ ਕਰਦੀ ਸੀ, ਪ੍ਰੰਤੂ ਉਨ੍ਹਾਂ ਨੇ ਇਕ ਸਾਬਕਾ ਫੌਜੀ ਅਧਿਕਾਰੀ ਹੋਣ ਕਰਕੇ ਆਪਣੀ ਜ਼ਿੰਮੇਵਾਰੀ ਸੰਜਮ ਅਤੇ ਕਾਬਲੀਅਤ ਨਾਲ ਅਜਿਹੀ ਨਿਭਾਈ ਸੀ, ਜਿਸ ਕਰਕੇ ਉਹ ਸਫਲ ਹੋਏ ਸਨ। ਲੋਕਾਂ ਵਿੱਚ ਮਕਬੂਲ ਹੋਣ ਲਈ ਨੇਤਾਵਾਂ ਨੂੰ ਆਪਣੀ ਇਮਾਨਦਾਰੀ ਤੇ ਕਾਬਲੀਅਤ ਦਾ ਸਬੂਤ ਦੇਣਾ ਪੈਂਦਾ ਹੈ, ਜਿਸਦੇ ਉਹ ਪ੍ਰਤੀਕ ਸਨ। ਕੈਪਟਨ ਕੰਵਲਜੀਤ ਸਿੰਘ ਸੱਚੇ ਸੁੱਚੇ ਕਿਰਦਾਰ ਵਾਲਾ ਸਿਆਸਤਦਾਨ ਸੀ। ਵਗਾਰ ਕਰਵਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਉਨ੍ਹਾਂ ਦੇ ਸਟਾਫ ਦਾ ਕੋਈ ਵੀ ਮੈਂਬਰ ਕਿਸੇ ਅਧਿਕਾਰੀ ਨੂੰ ਕੈਪਟਨ ਸਾਹਿਬ ਦੀ ਇਜ਼ਾਜ਼ਤ ਤੋਂ ਬਿਨਾ ਫੋਨ ਵੀ ਨਹੀਂ ਕਰ ਸਕਦਾ ਸੀ। ਸਿਆਸਤ ਵਿਚ ਸੰਜੀਦਗੀ ਅਤੇ ਸਿਆਸੀ ਬਚਨਵੱਧਤਾ ਅਤਿਅੰਤ ਜ਼ਰੂਰ ਹੁੰਦੀ ਹੈ, ਪ੍ਰੰਤੂ ਬਹੁਤੇ ਸਿਆਸਤਦਾਨਾ ਵਿਚ ਇਨ੍ਹਾਂ ਦੋਹਾਂ ਨੁਕਤਿਆਂ ਦੀ ਅਣਹੋਂਦ ਹੁੰਦੀ ਹੈ। ਸਿਆਸਤ ਨੂੰ ਤਿਗੜਮਬਾਜ਼ੀ ਵੀ ਕਿਹਾ ਜਾਂਦਾ ਹੈ। ਜਿਹੜਾ ਸਿਆਸਤਦਾਨ ਮੌਕਾ ਤਾੜਕੇ ਕਿਸੇ ਵੀ ਢੰਗ ਨਾਲ ਵੋਟਾਂ ਵਟੋਰ ਲੈਂਦਾ ਹੈ, ਉਸਨੂੰ ਅੱਜ ਕਲ੍ਹ ਸਫਲ ਸਿਆਸਤਦਾਨ ਕਿਹਾ ਜਾਂਦਾ ਹੈ। ਮਰਹੂਮ ਕੈਪਟਨ ਕੰਵਲਜੀਤ ਸਿੰਘ ਪੰਜਾਬ ਦਾ ਅਜਿਹਾ ਸਿਆਸਤਦਾਨ ਹੋਇਆ ਹੈ, ਜਿਨ੍ਹਾਂ ਨੇ ਆਪਣੇ ਇਕੱਲੇ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਹੀ ਨਹੀਂ, ਸਗੋਂ ਉਹ ਪੰਜਾਬ ਦੇ ਹਰ ਇਲਾਕੇ ਵਿੱਚ ਪੂਰੀ ਬਚਨਵੱਧਤਾ ਨਾਲ ਵਿਕਾਸ ਕਰਵਾਉਂਦੇ ਸਨ। ਆਪਣੀ ਨੌਕਰੀ ਦੌਰਾਨ ਮੰਤਰੀਆਂ ਨੂੰ ਮੈਂ ਖ਼ੁਦ ਵੇਖਿਆ ਹੈ ਕਿ ਉਹ ਆਪਣੇ ਹਲਕੇ ਦੇ ਕੰਮ ਕਾਰਾਂ ਦੀਆਂ ਸਿਫਾਰਸ਼ਾਂ ਕਰਨ ਲਈ ਮੁੱਖ ਸਕੱਤਰ ਅਤੇ ਵਿਭਾਗੀ ਸਕੱਤਰਾਂ ਦੇ ਦਫ਼ਤਰਾਂ ਵਿਚ ਜਾ ਕੇ ਉਨ੍ਹਾਂ ਨੂੰ ਕਹਿੰਦੇ ਸਨ, ਪ੍ਰੰਤੂ ਕੈਪਟਨ ਕੰਵਲਜੀਤ ਸਿੰਘ ਮੁੱਖ ਸਕੱਤਰ ਸਮੇਤ ਸਾਰੇ ਅਧਿਕਾਰੀਆਂ ਨੂੰ ਆਪਣੇ ਕੋਲ ਬੁਲਾਕੇ ਕੰਮ ਕਰਵਾਉਂਦੇ ਸਨ। ਅਧਿਕਾਰੀ ਉਨ੍ਹਾਂ ਨੂੰ ਪੂਰਾ ਸਤਿਕਾਰ ਦਿੰਦੇ ਸਨ। ਕੈਪਟਨ ਸਾਹਿਬ ਦੀ ਸਿਆਸਤ ਪਾਰਦਰਸ਼ੀ ਸੀ, ਇਸ ਲਈ ਮੈਂ ਉਨ੍ਹਾਂ ਦੇ ਕੋਲ ਮੁੱਖ ਸਕੱਤਰ ਅਤੇ ਮੰਤਰੀ ਆਪ ਆਕੇ ਹੁਕਮ ਲੈਂਦੇ ਵੇਖੇ ਹਨ। ਇਥੋਂ ਤੱਕ ਕਿ ਜੇਕਰ ਉਹ ਪਹਿਲਾਂ ਕਿਸੇ ਵਿਅਕਤੀ ਨਾਲ ਗੱਲ ਕਰ ਰਹੇ ਹੁੰਦੇ ਤਾਂ ਗੱਲ ਮੁਕੰਮਲ ਕਰਕੇ ਹੀ ਮੰਤਰੀ ਜਾਂ ਮੁੱਖ ਸਕੱਤਰ ਨੂੰ ਮਿਲਦੇ ਸਨ।

ਕੈਪਟਨ ਕੰਵਲਜੀਤ ਸਿੰਘ ਦਾ ਜਨਮ ਦਾਰਾ ਸਿੰਘ ਐਡਵੋਕੇਟ ਦੇ ਘਰ 1 ਸਤੰਬਰ 1942 ਉਨ੍ਹਾਂ ਨੇ 1971 ਵਿੱਚ ਬੰਗਲਾਦੇਸ਼ ਲਿਬਰੇਸ਼ਨ ਜੰਗ ਵਿੱਚ ਹਿੱਸਾ ਲਿਆ। ਕੈਪਟਨ ਕੰਵਲਜੀਤ ਸਿੰਘ ਨੇ 1972 ਵਿੱਚ ਫ਼ੌਜ ਵਿੱਚੋਂ ਸੇਵਾ ਮੁਕਤੀ ਲੈ ਲਈ ਸੀ। ਫਿਰ ਉਹ ਸਿਆਸਤ ਵਿੱਚ ਆ ਗਏ ਤੇ ਸੁਰਜੀਤ ਸਿੰਘ ਬਰਨਾਲਾ ਅਤੇ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਵਜ਼ਾਰਤ ਵਿੱਚ ਗ੍ਰਹਿ, ਵਿਤ, ਯੋਜਨਾ ਤੇ ਸਹਿਕਾਰਤਾ ਵਿਭਾਗ ਦੇ ਮੰਤਰੀ ਰਹੇ ਸਨ। ਉਨ੍ਹਾਂ ਦਾ ਜੱਦੀ ਪਿੰਡ ਅਮਲੋਹ ਨੇੜੇ ਸਲਾਣਾ ਹੈ। ਦਾਰਾ ਸਿੰਘ ਐਡਵੋਕੇਟ ਵੀ ਪੰਜਾਬ ਵਿੱਚ ਮੰਤਰੀ ਰਹੇ ਹਨ। ਕੈਪਟਨ ਕੰਵਲਜੀਤ ਸਿੰਘ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਇੱਕ ਲੜਕਾ ਜਸਜੀਤ ਸਿੰਘ ਬੰਨੀ ਅਤੇ ਇੱਕ ਲੜਕੀ ਮਨਪ੍ਰੀਤ ਕੌਰ ਡੌਲੀ ਹੈ। ਅੱਜ ਕਲ੍ਹ ਮਨਪ੍ਰੀਤ ਕੌਰ ਡੌਲੀ ਕੈਪਟਨ ਕੰਵਲਜੀਤ ਸਿੰਘ ਦੀ ਤਰ੍ਹਾਂ ਡੇਰਾ ਬਸੀ ਹਲਕੇ ਦੇ ਲੋਕਾਂ ਵਿੱਚ ਬਾਖ਼ੂਬੀ ਵਿਚਰ ਰਹੀ ਹੈ। ਕੈਪਟਨ ਕੰਵਲਜੀਤ ਸਿੰਘ 29 ਮਾਰਚ 2009 ਨੂੰ ਸਵਰਗਵਾਸ ਹੋ ਗਏ ਸਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>