ਡੇਟਨ ਦੇ ਸਿੱਖਾਂ ਨੇ ਹੋਰ ਅਮਰੀਕਨਾਂ ਨਾਲ 9/11 ਦੀ 25ਵੀਂ ਵਰ੍ਹੇਗੰਢ ਦੇ ਸਮਾਰੋਹ ‘ਚ ਦਿੱਤੀ ਸ਼ਰਧਾਂਜਲੀ ਵਲੋਂ: ਸਮੀਪ ਸਿੰਘ ਗੁਮਟਾਲਾ

Screenshot_2026-09-16_22-39-12.resizedਡੇਟਨ, ਓਹਾਇਓ : ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਡੇਟਨ ਖੇਤਰ ਦੇ ਸਿੱਖ ਭਾਈਚਾਰੇ ਨੇ ਬੀਵਰਕ੍ਰੀਕ ਪੁਲਿਸ, ਅੱਗ ਬੁਝਾਉ ਵਿਭਾਗ, ਫੌਜੀ ਜਵਾਨਾਂ, ਸਥਾਨਕ ਨਿਵਾਸੀਆਂ ਅਤੇ ਸੈਂਕੜੇ ਹੋਰ ਅਮਰੀਕਨਾਂ ਨਾਲ ਮਿਲ ਕੇ 11 ਸਤੰਬਰ, 2001 ਦੇ ਅੱਤਵਾਦੀ ਹਮਲਿਆਂ ਦੀ 25ਵੀਂ ਵਰ੍ਹੇਗੰਢ ਮੌਕੇ ਬੀਵਰਕ੍ਰੀਕ ਸ਼ਹਿਰ ਦੇ 9/11 ਮੈਮੋਰੀਅਲ ਵਿਖੇ ਸ਼ਰਧਾਂਜਲੀ ਭੇਟ ਕੀਤੀ।

ਬੀਵਰਕ੍ਰੀਕ ਸ਼ਹਿਰ ਅਤੇ ਇਸ ਦੇ ਪੁਲਿਸ ਵਿਭਾਗ ਵੱਲੋਂ ਆਯੋਜਿਤ ਕੀਤੇ ਗਏ ਇਸ ਸਲਾਨਾ ਯਾਦਗਾਰੀ ਸਮਾਗਮ ਦੌਰਾਨ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ, ਪੈਂਟਾਗਨ ਅਤੇ ਪੈਨਸਿਲਵੇਨੀਆ ਵਿੱਚ ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ ਨੰਬਰ 93 ਵਿੱਚ ਮਾਰੇ ਗਏ 2,977 ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਸਮਾਰੋਹ ਵਿੱਚ ਅਮਰੀਕਾ ਦਾ ਝੰਡਾ ਨੀਵਾਂ ਕੀਤਾ ਗਿਆ, ਫੁੱਲ ਚੜ੍ਹਾਏ ਗਏ, ਰਾਸ਼ਟਰੀ ਗੀਤ ਗਾਇਆ ਗਿਆ ਅਤੇ ਸਵੇਰੇ 8:46 ਵਜੇ ਇੱਕ ਰਸਮੀ ਘੰਟੀ ਵਜਾਈ ਗਈ, ਜਿਸ ਸਮੇਂ ਪਹਿਲਾ ਅਗਵਾ ਜਹਾਜ਼ ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਨਾਲ ਟਕਰਾਇਆ ਸੀ। ਬੀਵਰਕ੍ਰੀਕ ਦੇ ਮੇਅਰ ਡੋਨ ਐਡਮਜ਼ ਨੇ ਸ਼ਰਧਾਂਜਲੀ ਸੰਦੇਸ਼ ‘ਚ 25 ਸਾਲ ਬਾਅਦ ਵੀ 9/11 ਨੂੰ ਯਾਦ ਰੱਖਣ ਦੀ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ।

Screenshot_2026-09-16_22-38-21.resizedਬੀਵਰਕ੍ਰੀਕ ਤੋਂ ਸਿੱਖ ਭਾਈਚਾਰੇ ਦੇ ਕਾਰਕੁਨ ਸਮੀਪ ਸਿੰਘ ਗੁਮਟਾਲਾ ਨੇ ਕਿਹਾ, “9/11 ਦੇ 25 ਸਾਲ ਬਾਅਦ, ਅਸੀਂ ਉਨ੍ਹਾਂ ਸਭਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆਈਆਂ ਅਤੇ ਉਨ੍ਹਾਂ ਫਸਟ ਰਿਸਪੌਂਡਰਾਂ ਨੂੰ ਜਿਨ੍ਹਾਂ ਨੇ ਬੇਮਿਸਾਲ ਦਲੇਰੀ ਅਤੇ ਕੁਰਬਾਨੀ ਦਾ ਸਬੂਤ ਦਿੱਤਾ। ਸਿੱਖ ਅਮਰੀਕਨਾਂ ਵਜੋਂ, ਅਸੀਂ ਇਨ੍ਹਾਂ ਹਮਲਿਆਂ ਤੋਂ ਬਾਅਦ ਸ਼ੁਰੂ ਹੋਈ ਨਫ਼ਰਤ ਅਤੇ ਗਲਤਫਹਿਮੀਆਂ ਨੂੰ ਵੀ ਯਾਦ ਕਰਦੇ ਹਾਂ। ਹੁਣ ਜਦੋਂ ਇੱਕ ਨਵੀਂ ਪੀੜ੍ਹੀ ਵੱਡੀ ਹੋ ਰਹੀ ਹੈ ਜਿਸ ਨੂੰ 9/11 ਦੀ ਕੋਈ ਨਿੱਜੀ ਯਾਦ ਨਹੀਂ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਸੀ ਏਕਤਾ, ਸੇਵਾ ਅਤੇ ਨਫ਼ਰਤ ਵਿਰੁੱਧ ਡਟਣ ਦੇ ਸਬਕ ਲਗਾਤਾਰ ਸਿਖਾਉਂਦੇ ਰਹੀਏ।”

ਦੱਸਣਯੋਗ ਹੈ ਕਿ ਹਮਲਿਆਂ ਤੋਂ ਮਹਿਜ਼ ਚਾਰ ਦਿਨ ਬਾਅਦ ਮੀਸਾ, ਐਰੀਜ਼ੋਨਾ ਵਿਖੇ ਸਿੱਖ ਅਮਰੀਕਨ ਬਲਬੀਰ ਸਿੰਘ ਸੋਢੀ ਨੂੰ ਉਨ੍ਹਾਂ ਦੇ ਗੈਸ ਸਟੇਸ਼ਨ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ 9/11 ਦੇ ਹਮਲਿਆਂ ਤੋਂ ਬਾਅਦ ਦਾ ਪਹਿਲਾ ਘਾਤਕ ਨਫ਼ਰਤੀ ਅਪਰਾਧ ਸੀ ਅਤੇ ਸਿੱਖਾਂ, ਮੁਸਲਮਾਨਾਂ, ਅਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਵਿਰੁੱਧ ਵਧੀ ਨਫ਼ਰਤ ਅਤੇ ਵਿਤਕਰੇ ਦੀ ਲਹਿਰ ਦੀ ਇੱਕ ਦਰਦਨਾਕ ਸ਼ੁਰੂਆਤੀ ਮਿਸਾਲ ਬਣਿਆ।

ਬੀਵਰਕ੍ਰੀਕ ਮੈਮੋਰੀਅਲ ਵਿਖੇ ਸਥਾਪਿਤ ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਦਾ ਲਗਭਗ 25 ਫੁੱਟ ਉੱਚਾ ਮੁੜਿਆ ਹੋਇਆ ਸਟੀਲ ਦਾ ਪਿਲਰ ਹਮਲੇ ਤੋਂ ਪਹਿਲਾਂ 101ਵੀਂ ਅਤੇ 105ਵੀਂ ਮੰਜ਼ਿਲ ਦੇ ਵਿਚਕਾਰ ਲੱਗਾ ਹੋਇਆ ਸੀ। ਇਸ ਨੂੰ ਓਹਾਇਓ ਟਾਸਕ ਫੋਰਸ ਵਨ ਨਾਲ ਜੁੜੇ ਅੱਗ ਬੁਝਾਊ ਕਰਮਚਾਰੀਆਂ ਵੱਲੋਂ ਬੀਵਰਕ੍ਰੀਕ ਲਿਆਂਦਾ ਗਿਆ ਸੀ।

ਇਸ ਸਮਾਰੋਹ ਵਿੱਚ ਭਾਗ ਲੈਣ ਵਾਲੇ ਸਿੱਖ ਭਾਈਚਾਰੇ ਦੇ ਮੈਂਬਰਾਂ ਵਿੱਚ ਡਾ. ਚਰਨਜੀਤ ਸਿੰਘ ਗੁਮਟਾਲਾ, ਅਵਤਾਰ ਸਿੰਘ ਸਪਰਿੰਗਫੀਲਡ, ਡਾ. ਦਰਸ਼ਨ ਸਿੰਘ ਸਹਿਬੀ, ਡਾ. ਸਿਮਰਨ ਕੌਰ ਸਹਿਬੀ, ਲਖਵਿੰਦਰ ਸਿੰਘ, ਹਰਪ੍ਰੀਤ ਕੌਰ ਅਤੇ ਰਵਨੂਰ ਸਿੰਘ ਸ਼ਾਮਲ ਸਨ। ਪਿਛਲੇ ਸਾਲਾਂ ਵਾਂਗ ਸ. ਅਵਤਾਰ ਸਿੰਘ ਇਸ ਵਾਰ ਵੀ ਆਪਣੇ ਵਾਹਨ ਨੂੰ ਅਮਰੀਕੀ ਝੰਡਿਆਂ ਅਤੇ ਬੈਨਰਾਂ ਨਾਲ ਸਜਾ ਕੇ ਪਹੁੰਚੇ, ਜਿਨ੍ਹਾਂ ਉੱਤੇ “ਸਿੱਖ ਅਮਰੀਕਨ, ਸਟੈਂਡ ਫਾਰ ਫਰੀਡਮ” ਅਤੇ “ਗੌਡ ਬਲੈੱਸ ਅਮਰੀਕਾ” ਵਰਗੇ ਸੰਦੇਸ਼ ਲਿਖੇ ਹੋਏ ਸਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>