ਇੰਡੀਗੋ 1 ਅਕਤੂਬਰ ਨੂੰ ਮੁੜ ਸ਼ੁਰੂ ਕਰੇਗੀ ਅੰਮ੍ਰਿਤਸਰ–ਕੋਲਕਾਤਾ ਸਿੱਧੀ ਉਡਾਣ, ਗੁਵਾਹਾਟੀ ਨਾਲ ਵੀ ਜੁੜੇਗਾ ਅੰਮ੍ਰਿਤਸਰ

Logo_FAI_Round(6).resizedਅੰਮ੍ਰਿਤਸਰ -  ਪੰਜਾਬ ਅਤੇ ਪੱਛਮੀ ਬੰਗਾਲ ਵਿਚਕਾਰ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇੱਕ ਵਾਰ ਫਿਰ ਸਿੱਧੀ ਉਡਾਣ ਮਿਲੇਗੀ, ਕਿਉਂਕਿ ਇੰਡੀਗੋ 1 ਅਕਤੂਬਰ 2026 ਤੋਂ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਕੋਲਕਤਾ ਉਡਾਣ ਮੁੜ ਸ਼ੁਰੂ ਕਰਨ ਜਾ ਰਹੀ ਹੈ। ਇਹ ਉਡਾਣ ਹਫ਼ਤੇ ਵਿੱਚ ਤਿੰਨ ਦਿਨ ਚੱਲੇਗੀ। ਇਸ ਦੇ ਨਾਲ ਹੀ ਇੰਡੀਗੋ ਕੋਲਕਤਾ ਰਾਹੀਂ ਅੰਮ੍ਰਿਤਸਰ ਅਤੇ ਗੁਵਾਹਾਟੀ ਵਿਚਕਾਰ ਵੀ ਹਵਾਈ ਸੰਪਰਕ ਮੁਹੱਈਆ ਕਰੇਗੀ।

ਇੱਕ ਸਾਂਝੇ ਬਿਆਨ ਵਿੱਚ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ, ਇਨੀਸ਼ੀਏਟਿਵ ਦੇ ਕਨਵੀਨਰ ਇੰਡੀਆ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਜਨਰਲ ਸਕੱਤਰ ਯੋਗੇਸ਼ ਕਾਮਰਾ ਨੇ ਇਸ ਰੂਟ ਦੀ ਬਹਾਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ, ਪੱਛਮੀ ਬੰਗਾਲ ਅਤੇ ਉੱਤਰ-ਪੂਰਬ ਵਿਚਕਾਰ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੱਡਾ ਫਾਇਦਾ ਹੋਵੇਗਾ।

ਗੁਮਟਾਲਾ ਨੇ ਕਿਹਾ ਕਿ ਮੌਜੂਦਾ ਜਾਰੀ ਸਮਾਂ-ਸਾਰਣੀ ਅਨੁਸਾਰ, ਕੋਲਕਾਤਾ-ਅੰਮ੍ਰਿਤਸਰ ਉਡਾਣ 6ਈ201 ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਚੱਲੇਗੀ, ਜੋ ਕੋਲਕਾਤਾ ਤੋਂ ਸਵੇਰੇ 9:45 ਵਜੇ ਰਵਾਨਾ ਹੋ ਕੇ ਦੁਪਹਿਰ 12:25 ਵਜੇ ਅੰਮ੍ਰਿਤਸਰ ਪਹੁੰਚੇਗੀ। ਵਾਪਸੀ ਦੀ ਅੰਮ੍ਰਿਤਸਰ-ਕੋਲਕਾਤਾ ਉਡਾਣ 6ਈ6344 ਦੁਪਹਿਰ 1:05 ਵਜੇ ਰਵਾਨਾ ਹੋ ਕੇ ਦੁਪਹਿਰ 3:35 ਵਜੇ ਕੋਲਕਾਤਾ ਪਹੁੰਚੇਗੀ, ਜਿਸ ਨਾਲ ਦੋਵਾਂ ਸ਼ਹਿਰਾਂ ਵਿਚਕਾਰ ਲਗਭਗ ਢਾਈ ਘੰਟੇ ਦਾ ਸਿੱਧਾ ਸਫ਼ਰ ਹੋਵੇਗਾ।

ਉਡਾਣ 6ਈ201 ਗੁਵਾਹਾਟੀ ਤੋਂ ਸਵੇਰੇ 7:50 ਵਜੇ ਰਵਾਨਾ ਹੋ ਕੇ 9:05 ਵਜੇ ਕੋਲਕਾਤਾ ਪਹੁੰਚਣ ਤੋਂ ਬਾਅਦ 9:45 ਵਜੇ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ। ਵਾਪਸੀ ਵਿੱਚ ਉਡਾਣ 6ਈ6344 ਅੰਮ੍ਰਿਤਸਰ ਤੋਂ 3:35 ਵਜੇ ਕੋਲਕਾਤਾ ਪਹੁੰਚਣ ਤੋਂ ਬਾਅਦ ਸ਼ਾਮ 4:15 ਵਜੇ ਗੁਵਾਹਾਟੀ ਲਈ ਅੱਗੇ ਰਵਾਨਾ ਹੋ ਕੇ ਸ਼ਾਮ 5:30 ਵਜੇ ਪਹੁੰਚੇਗੀ। ਇਸ ਨਾਲ ਪੰਜਾਬ ਅਤੇ ਅਸਾਮ ਵਿਚਕਾਰ ਯਾਤਰੀਆਂ ਨੂੰ ਉਸੇ ਉਡਾਣ ‘ਚ ਹੀ ਕੋਲਕਤਾ ਰਾਹੀਂ ਅੰਮ੍ਰਿਤਸਰ ਦਾ ਸੁਵਿਧਾਜਨਕ ਸੰਪਰਕ ਮਿਲੇਗਾ ਅਤੇ ਦਿੱਲੀ ਜਾਂ ਹੋਰ ਏਅਰਪੋਰਟ ਰਾਹੀਂ ਜਹਾਜ਼ ਬਦਲਣ ਅਤੇ ਲੰਮੇ ਇੰਤਜ਼ਾਰ ਤੋਂ ਰਾਹਤ ਮਿਲੇਗੀ।

ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ, ਸੈਲਾਨੀਆਂ, ਪਰਿਵਾਰਾਂ, ਵਿਦਿਆਰਥੀਆਂ ਅਤੇ ਵਪਾਰੀਆਂ ਲਈ ਵਿਸ਼ੇਸ਼ ਤੌਰ ‘ਤੇ ਲਾਹੇਵੰਦ ਹੋਵੇਗੀ। ਕੋਲਕਾਤਾ ਭਾਰਤ ਦੇ ਪ੍ਰਮੁੱਖ ਵਪਾਰਕ ਅਤੇ ਸੱਭਿਆਚਾਰਕ ਕੇਂਦਰਾਂ ਵਿੱਚੋਂ ਇੱਕ ਹੈ। ਇਹਨਾਂ ਉਡਾਣਾਂ ਨਾਲ ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਲਈ ਅੰਮ੍ਰਿਤਸਰ ਅਤੇ ਪੰਜਾਬ ਤੱਕ ਪਹੁੰਚ ਹੋਰ ਸੁਖਾਲੀ ਹੋਵੇਗੀ।

ਕਾਮਰਾ, ਜੋ ਕਿ 2018 ਵਿੱਚ ਅੰਮ੍ਰਿਤਸਰ ਤੋਂ ਵਧੇਰੇ ਘਰੇਲੂ ਕਨੈਕਟੀਵਿਟੀ ਲਈ ਯਤਨ ਕਰਨ ਵਾਲੇ ਮੰਚ ਦੇ ਵਫ਼ਦ ਦਾ ਹਿੱਸਾ ਸਨ ਅਤੇ ਬਾਅਦ ਵਿੱਚ ਅੰਮ੍ਰਿਤਸਰ-ਕੋਲਕਾਤਾ ਦੀ ਪਹਿਲੀ ਉਡਾਣ ਵਿੱਚ ਵੀ ਸਫ਼ਰ ਕੀਤਾ ਸੀ, ਨੇ ਦੱਸਿਆ ਕਿ ਮੰਚ ਨੇ ਉਸ ਸਮੇਂ ਦੇ ਕੇਂਦਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਅਤੇ ਸੈਰ-ਸਪਾਟਾ ਮਹਿਕਮੇ ਦੇ ਮੰਤਰੀ ਕੇ. ਜੇ. ਅਲਫੋਂਸ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਤੋਂ ਕੋਲਕਾਤਾ ਸਮੇਤ ਛੇ ਨਵੇਂ ਘਰੇਲੂ ਰੂਟਾਂ ਦੀ ਮੰਗ ਕੀਤੀ ਸੀ। ਬਾਅਦ ਵਿੱਚ ਕੋਲਕਤਾ ਨੂੰ ਕੇਂਦਰ ਸਰਕਾਰ ਦੀ ਉਡਾਨ ਯੋਜਨਾ ਦੇ ਤੀਜੇ ਪੜਾਅ ਹੇਠ ਅੰਮ੍ਰਿਤਸਰ ਦੇ ਰੂਟ ਵਿੱਚ ਸ਼ਾਮਲ ਕੀਤਾ ਗਿਆ ਸੀ, ਅਤੇ ਅੰਮ੍ਰਿਤਸਰ-ਕੋਲਕਤਾ ਸੇਵਾ 1 ਦਸੰਬਰ 2019 ਨੂੰ ਸ਼ੁਰੂ ਹੋਈ ਸੀ।

ਦੋਵਾਂ ਨੁਮਾਇੰਦਿਆਂ ਨੇ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ ਦੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਮੁੜ ਸ਼ੁਰੂ ਹੋ ਰਹੀ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਉਣ, ਅਤੇ ਕਿਹਾ ਕਿ ਯਾਤਰੀਆਂ ਦਾ ਨਿਰੰਤਰ ਸਮਰਥਨ ਇਸ ਰੂਟ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਉਡਾਣਾਂ ਦੀ ਗਿਣਤੀ ਵਧਾਉਣ ਲਈ ਮਜ਼ਬੂਤ ਆਧਾਰ ਬਣਾ ਸਕਦਾ ਹੈ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>