ਨਸ਼ਾ ਪੀੜਤ ਪਰਿਵਾਰਾਂ ਦਾ ਦਰਦ ਸੁਣ ਸਿਰਸਾ ਹੋਏ ਭਾਵੁਕ; ਮਾਂ ਨੇ ਕਿਹਾ -ਤਿੰਨ ਪੁੱਤਰਾਂ ’ਚੋਂ ਦੋ ਨਸ਼ਿਆਂ ਨੇ ਖੋਹ ਲਏ

Screenshot_2026-09-24_18-08-50.resizedਰਾਜਾਸਾਂਸੀ / ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਰਾਜਾਸਾਂਸੀ ਵਿਖੇ ਦਰਜਨਾਂ ਨਸ਼ਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦੁੱਖ ਸਾਂਝਾ ਕੀਤਾ। ਪਰਿਵਾਰਾਂ ਦੀਆਂ ਦਰਦਨਾਕ ਕਹਾਣੀਆਂ ਸੁਣ ਕੇ ਸਰਦਾਰ ਸਿਰਸਾ ਭਾਵੁਕ ਹੋ ਗਏ।

ਇੱਕ ਪੀੜਤ ਮਾਂ ਨੇ ਹੰਝੂਆਂ ਨਾਲ ਆਪਣੀ ਕਹਾਣੀ ਦੱਸਦਿਆਂ ਕਿਹਾ ਕਿ “ਮੇਰੇ ਤਿੰਨ ਪੁੱਤਰਾਂ ਵਿੱਚੋਂ ਦੋ ਨੂੰ ਨਸ਼ਾ ਖਾ ਗਿਆ, ਤੀਜਾ ਵੀ ਨਸ਼ੇ ਦੀ ਲਤ ਵਿੱਚ ਹੈ।” ਉਸ ਨੇ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਘਰ ਦਾ ਪੱਖਾ, ਭਾਂਡੇ ਅਤੇ ਹੋਰ ਸਾਮਾਨ ਤੱਕ ਵੇਚ ਦਿੱਤਾ ਗਿਆ। “ਰੋਟੀ ਭਾਵੇਂ ਨਾ ਮਿਲੇ, ਪਰ ਨਸ਼ਾ ਜ਼ਰੂਰ ਚਾਹੀਦਾ ਹੈ। ਰੋਕਣ ’ਤੇ ਮਾਂ-ਬਾਪ ਨੂੰ ਕੁੱਟਿਆ ਜਾਂਦਾ ਹੈ।” ਉਸ ਨੇ ਦੱਸਿਆ ਕਿ ਨਸ਼ੇ ਦਾ ਕਹਿਰ ਹੁਣ ਪਰਿਵਾਰ ਦੀ ਅਗਲੀ ਪੀੜ੍ਹੀ ਤੱਕ ਵੀ ਪਹੁੰਚ ਗਿਆ ਹੈ ਅਤੇ ਨੂੰਹ ਤੇ ਪੋਤਾ ਵੀ ਇਸ ਦੀ ਲਪੇਟ ਵਿੱਚ ਆ ਗਏ ਹਨ। ਉਸ ਨੇ ਕਿਹਾ ਕਿ “ਘਰ ਵਿੱਚ ਇੱਕ ਚੁਟਕੀ ਵੀ ਆਟਾ ਨਹੀਂ।”

ਪਰਿਵਾਰਾਂ ਦੀਆਂ ਔਰਤਾਂ ਨੇ ਭਰੇ ਗਲੇ ਨਾਲ ਕਿਹਾ, “ਜੇ ਪੰਜਾਬ ਨੂੰ ਬਚਾ ਸਕਦੇ ਹੋ ਤਾਂ ਬਚਾ ਲਓ। ਸਾਨੂੰ ਮੁਫ਼ਤ ਦੀਆਂ ਸਹੂਲਤਾਂ ਨਹੀਂ ਚਾਹੀਦੀਆਂ, ਸਾਨੂੰ ਨਸ਼ਾ ਮੁਕਤ ਪੰਜਾਬ ਚਾਹੀਦਾ ਹੈ।”

ਪਰਿਵਾਰਾਂ ਨੇ ਦੋਸ਼ ਲਾਇਆ ਕਿ ਨਸ਼ਿਆਂ ਕਾਰਨ ਬੱਚਿਆਂ ਦੀ ਮੌਤ ਸਬੰਧੀ ਪੁਲਿਸ ਅਤੇ ਸਰਕਾਰੀ ਤੰਤਰ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਕਈ ਮਾਮਲਿਆਂ ਵਿੱਚ ਰਿਪੋਰਟ ਦਰਜ ਨਹੀਂ ਕੀਤੀ ਗਈ ਅਤੇ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਤਾਂ ਫੜੇ ਜਾਂਦੇ ਹਨ, ਪਰ ਨਸ਼ਾ ਵੇਚਣ ਅਤੇ ਸਪਲਾਈ ਕਰਨ ਵਾਲਿਆਂ ਤੱਕ ਪੁਲਿਸ ਦਾ ਹੱਥ ਨਹੀਂ ਪਹੁੰਚਦਾ।

ਪਰਿਵਾਰਾਂ ਮੁਤਾਬਕ ਰਾਜਾਸਾਂਸੀ ਇਲਾਕੇ ਵਿੱਚ ਪਿਛਲੇ ਸਮੇਂ ਦੌਰਾਨ ਨਸ਼ਿਆਂ ਜਾਂ ਓਵਰਡੋਜ਼ ਕਾਰਨ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ ਅਤੇ ਇੱਕੋ ਪਿੰਡ ਦੇ 20 ਨੌਜਵਾਨਾਂ ਦੀ ਨਸ਼ਿਆਂ ਨੇ ਜਾਨ ਲੈ ਲਈ।

ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੀ ਸਮੱਸਿਆ ਨੂੰ ਹਰ ਹਾਲ ਵਿੱਚ ਜੜ੍ਹੋਂ ਪੁੱਟ ਕੇ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਸੁਨੇਹਾ ਲੈ ਕੇ ਪੰਜਾਬ ਆਏ ਹਨ।

ਉਨ੍ਹਾਂ ਕਿਹਾ ਕਿ “ਪੰਜਾਬ ਦੀ ਮਾਂ ਅੱਜ ਸਰਕਾਰ ਤੋਂ ਪੁੱਛ ਰਹੀ ਹੈ ਕਿ ਉਸ ਦੇ ਪੁੱਤਰ ਕਿੱਥੇ ਹਨ। ‘ਆਪ’ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕੀਤਾ ਸੀ, ਪਰ ਅੱਜ ਵੀ ਮਾਵਾਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਤਰਲੇ ਕਰ ਰਹੀਆਂ ਹਨ। ਇਹ ਸਿਰਫ਼ ਨਸ਼ੇ ਦੀ ਸਮੱਸਿਆ ਨਹੀਂ, ਇਹ ਸਰਕਾਰ ਦੀ ਜਵਾਬਦੇਹੀ ਦਾ ਸਵਾਲ ਹੈ।”

ਸਰਦਾਰ ਸਿਰਸਾ ਨੇ ਕਿਹਾ ਕਿ ਭਾਜਪਾ ਦਾ ਟਰੈਕ ਰਿਕਾਰਡ ਸਖ਼ਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦਾ ਰਿਹਾ ਹੈ ਅਤੇ ਨਸ਼ਿਆਂ ਵਿਰੁੱਧ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਭਾਜਪਾ ਪੂਰੀ ਤਾਕਤ ਨਾਲ ਮੈਦਾਨ ਵਿੱਚ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ “ਪੰਜਾਬ ਨੂੰ ਮੁਫ਼ਤ ਦੀਆਂ ਸਹੂਲਤਾਂ ਦੇ ਨਾਂ ’ਤੇ ਨਸ਼ਿਆਂ ਦੀ ਅੱਗ ਵਿੱਚ ਨਹੀਂ ਸੁੱਟਿਆ ਜਾ ਸਕਦਾ। ਪੰਜਾਬ ਦੀ ਨੌਜਵਾਨੀ ਬਚਾਉਣਾ ਸਭ ਤੋਂ ਵੱਡੀ ਤਰਜੀਹ ਹੈ।”

ਇਸ ਮੌਕੇ ਯਾਤਰਾ ਦੇ ਕੋਆਰਡੀਨੇਟਰ ਰਵੀਕਰ ਸਿੰਘ ਕਾਹਲੋਂ, ਬੋਨੀ ਅਮਰਪਾਲ ਸਿੰਘ, ਅਜੈਬੀਰ ਪਾਲ ਸਿੰਘ ਰੰਧਾਵਾ ਅਤੇ ਪ੍ਰੋ. ਸਰਚਾਂਦ ਸਿੰਘ ਖਿਆਲਾ ਵੀ ਮੌਜੂਦ ਸਨ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>