ਸਰਕਾਰਾਂ ਜਿਸ ਤਰਾਂ ਨਸ਼ੇ ਦੇ ਨਾਮ ‘ਤੇ ਸਿਰਫ ਬਦਨਾਮੀ ਕਰ ਰਹੀਆਂ ਹਨ, ਪੰਜਾਬ ਦੇ ਨੌਜਵਾਨ ਉਸਨੂੰ ਚੈਲੰਜ ਵਾਂਗ ਲੈਣ – ਸ. ਰਵੀਇੰਦਰ ਸਿੰਘ

raviinders.resizedਚੰਡੀਗੜ੍ਹ, ( ਸ. ਤੇਜਿੰਦਰ ਸਿੰਘ ਪੰਨੂੰ ) -:  ਸਿੱਖ ਰਾਜਨੀਤੀ ਦੇ ਵਿਦਵਾਨ ਆਗੂ, ਸਾਬਕਾ ਸਪੀਕਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੋਸ਼ ਲਗਾਇਆ ਕਿ ਨਸ਼ੇ ਦੇ ਮਾਮਲੇ ਵਿੱਚ ਪੰਜਾਬ ਨੂੰ ਫੁੱਟਬਾਲ ਵਾਂਗ ਸਮਝਕੇ ਕਦੇ ਕੇਂਦਰ ਅਤੇ ਕਦੇ ਪੰਜਾਬ ਸਰਕਾਰ ਇਕ ਦੂਜੇ ‘ਤੇ ਗੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਦੋਹਾਂ ਦੇ ਸਿਆਸੀ ਉਦੇਸ਼ਾਂ ਤੋਂ ਸਾਫ ਝਲਕਦਾ ਹੈ ਕਿ ਉਹਨਾਂ ਵਿੱਚ ਇਸ ਨੂੰ ਖਤਮ ਕਰਨ ਪ੍ਰਤੀ ਗੰਭੀਰਤਾ ਦੀ ਕਿੰਨੀ ਘਾਟ ਹੈ। ਉਹਨਾਂ ਕਿਹਾ ਕਿ ਪੰਜਾਹ ਕਿਲੋਮੀਟਰ ਸਰਹੱਦੀ ਪੱਟੀ ‘ਤੇ ਕਾਬਜ ਕੇਂਦਰ ਸਰਕਾਰ ਗੁਆਂਢੀ ਮੁਲਕਾਂ ਤੋਂ ਡਰੋਨਾਂ ਰਾਹੀਂ ਆ ਰਹੇ ਨਸ਼ੇ ਨੂੰ ਰੋਕਣ ਵਿੱਚ ਬੁਰੀ ਤਰਾਂ ਫੇਲ੍ਹ ਹੋਣ ਤੋਂ ਬਾਅਦ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਰੈਲੀਆਂ ਕਰ ਰਹੀ ਹੈ। ਉੱਥੇ ਪੰਜਾਬ ਦੀ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਵੀ ਕੋਈ ਅਸਰ ਨਹੀ ਵਿਖਾ ਸਕਿਆ ਕਿ ਜਮੀਨੀ ਪੱਧਰ ‘ਤੇ ਨਸ਼ਾ ਖਤਮ ਹੋਇਆ ਹੋਵੇ। ਅਜਿਹੇ ਵਿੱਚ ਦੋਹਾਂ ਸਰਕਾਰਾਂ ਦਾ ਯਤਨ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਦੇ ਤੌਰ ‘ਤੇ ਸਿਰਫ ਬਦਨਾਮ ਕਰਨਾ ਹੀ ਜਾਪਦਾ ਹੈ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਦੇਸ਼ ਦੇ ਸਭ ਤੋਂ ਜਾਗਰੂਕ ਨੌਜਵਾਨ ਹਨ ਜੋ ਰਾਜਨੀਤਿਕ ਲੋਕਾਂ ਦੀਆਂ ਕੁਚਾਲਾਂ ਨੂੰ ਬਹੁਤ ਚੰਗੀ ਤਰਾਂ ਸਮਝਦੇ ਹਨ। ਉਹਨਾਂ ਨੇ ਆਪਣੇ ਪੱਧਰ ‘ਤੇ ਨਸ਼ਿਆਂ ਦੀ ਰੋਕਥਾਮ ਲਈ ਯਤਨ ਵੀ ਕੀਤੇ ਹਨ ਅਤੇ ਸਰਕਾਰਾਂ ਦੀਆਂ ਨਾਕਾਮੀਆਂ ‘ਤੇ ਖੁਲੇਆਮ ਸਵਾਲ ਵੀ ਚੁੱਕੇ ਹਨ। ਭਾਵੇਂ ਕਿ ਇਸਦੇ ਖਮਿਆਜ਼ੇ ਵਜੋਂ ਉਹਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਵੀ ਬਣਾਇਆ ਗਿਆ। ਫਿਰ ਵੀ ਇਹ ਉਤਸ਼ਾਹੀ ਨੌਜਵਾਨ ਪੰਜਾਬ ‘ਤੇ ਆਉਣ ਵਾਲੀ ਹਰ ਬਿਪਤਾ ਵਿੱਚ ਵੱਧ ਚੜ੍ਹ ਕੇ ਅੱਗੇ ਆਉਂਦੇ ਹਨ। ਉਹਨਾਂ ਤਾਜਾ ਮਿਸਾਲ ਸਾਂਝੀ ਕੀਤੀ ਕਿ ਜਲੰਧਰ ਦੀ ਇਕ ਨਿੱਜੀ ਯੂਨੀਵਰਸਿਟੀ ਵਿੱਚ ਹੋਈ ਲੁਟ ਅਤੇ ਆਗਜਨੀ ਦੀ ਘਟਨਾ ਵੇਲੇ ਮੌਕਾ ਸਾਂਭਣ ਲਈ ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਅੰਮ੍ਰਿਤਧਾਰੀ ਨੌਜਵਾਨ ਅੱਗੇ ਆਏ ਜਿੰਨਾ ਨੇ ਵਿਦਿਆਰਥੀਆਂ ਨੂੰ ਵਿਰੋਧ ਕਰਨ ਦੇ ਲੋਕਤਾਂਤਰਿਕ ਤਰੀਕੇ ਸਮਝਾਏ। ਏਸੇ ਤਰਾਂ ਪੰਜਾਬ ਯੁਨੀਵਰਸਿਟੀ ਵਿੱਚ ਵੀ ਸਿੱਖ ਵਿਦਿਆਰਥੀ ਭਗਵਾਂਕਰਨ ਦੀ ਹਰ ਸਾਜਿਸ਼ ਦਾ ਡੱਟ ਕੇ ਵਿਰੋਧ ਕਰਦੇ ਹਨ। ਫਿਰ ਵੀ ਦੋਵੇਂ ਸਰਕਾਰਾਂ ਮਿਲ ਕੇ ਇਸ ਤਰਾਂ ਪ੍ਰਚਾਰ ਕਰ ਰਹੀਆਂ ਹਨ ਜਿਵੇਂ ਪੰਜਾਬ ਦੇ ਸਾਰੇ ਨੌਜਵਾਨ ਚਿੱਟੇ ‘ਤੇ ਲੱਗੇ ਹੋਏ ਹਨ। ਇਹਨਾਂ ਲੀਡਰਾਂ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਲੋਕਾਂ ਨੇ ਚੁਣਕੇ ਤੁਹਾਨੂੰ ਰਾਜ ਭਾਗ ਦੇ ਮਾਲਕ ਇਸ ਲਈ ਨਹੀਂ ਬਣਾਇਆ ਕਿ ਤੁਸੀਂ ਮਜਮੇ ਲਾ ਕੇ ਇਕ ਦੂਜੇ ‘ਤੇ ਇਲਜ਼ਾਮ ਲਗਾਉਂਦੇ ਰਹੋ। ਮਿਲੀ ਹੋਈ ਤਾਕਤ ਦਾ ਸਹੀ ਇਸਤੇਮਾਲ ਕਰਕੇ ਪੀੜਤਾਂ ਨੂੰ ਇਨਸਾਫ ਦਿਓ। ਪੰਜਾਬ ਵਿੱਚ ਨਾ ਉਗਣ ਵਾਲੇ ਨਸ਼ੇ ਦਾ ਰਾਹ ਬੰਦ ਕਰਨਾ ਤੁਹਾਡੀ ਜਿੰਮੇਵਾਰੀ ਹੈ। ਸ ਰਵੀਇੰਦਰ ਸਿੰਘ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਸਰਕਾਰਾਂ ਦੀ ਇਲਜ਼ਾਮ ਦਰਾਜੀ ਨੂੰ ਇਕ ਚੈਲੰਜ ਵਾਂਗ ਲੈਣ ਅਤੇ ਹੋਰ ਵੀ ਚੰਗੇ ਤਰੀਕੇ ਨਾਲ ਸੰਗਠਿਤ ਹੋ ਕੇ ਸਮਾਜ ਭਲਾਈ ਦੇ ਕੰਮ ਵਿਚ ਅੱਗੇ ਆਉਣ। ਕਿਉਕਿ ਉਹਨਾਂ ਦੇ ਕਰਨ ਵਾਲੇ ਬਹੁਤ ਕੰਮ ਹਨ। ਜਿਵੇਂ ਪ੍ਰਸ਼ਾਸਕੀ ਮਾਮਲਿਆਂ ਵਿੱਚ ਸਰਕਾਰਾਂ ਵਿੱਚ ਨਿਗਾਰ ਆਇਆ ਹੈ ਉਸੇ ਤਰਾਂ ਧਾਰਮਿਕ ਮਾਮਲਿਆਂ ਵਿੱਚ ਐਸ ਜੀ ਪੀ ਸੀ ਵਰਗੀ ਸੰਸਥਾ ਵੀ ਸਿਧਾਂਤ ਅਤੇ ਪ੍ਰਬੰਧਨ ਵਿੱਚ ਨਿਵਾਨਾਂ ਛੂਹ ਰਹੀ ਹੈ। ਨੌਜਵਾਨ ਇਹਨਾਂ ਵਿੱਚ ਸੁਧਾਰ ਲਈ ਅੱਗੇ ਆਉਣ। ਪੰਜਾਬ ਦੇ ਸਿਰੋਂ ਨਸ਼ਿਆਂ ਦਾ ਕਲੰਕ ਨੌਜਵਾਨਾਂ ਦੀ ਹਿੰਮਤ ਅਤੇ ਦਲੇਰੀ ਨਾਲ ਹੀ ਲੱਥਣਾ ਹੈ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>