ਵਿਸ਼ਵ ਮੀਡੀਆ ਦੀ ਵਰਤਮਾਨ ਸਥਿਤੀ

ਵਿਸ਼ਵ ਮੀਡੀਆ ਅੱਜ ਕ੍ਰਾਂਤੀਕਾਰੀ ਤਬਦੀਲੀਆਂ ਦੇ ਦੌਰ ਵਿਚੋਂ ਲੰਘ ਰਿਹਾ ਹੈ। ਇਕ ਪਾਸੇ ਸੂਚਨਾ-ਤਕਨੀਕ ਨੇ ਨਿਊਜ਼ ਨੂੰ ਵਿਸ਼ਵ ਦੇ ਹਰੇਕ ਕੋਨੇ ਤੱਕ ਮਿੰਟਾਂ-ਸਕਿੰਟਾਂ ਵਿਚ ਪਹੁੰਚਾਉਣ ਦਾ ਪ੍ਰਬੰਧ ਕਰ ਦਿੱਤਾ ਹੈ। ਦੂਸਰੇ ਪਾਸੇ ਸੱਚਾਈ, ਨੈਤਿਕਤਾ ਅਤੇ ਭਰੋਸੇਯੋਗਤਾ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਮੌਜੂਦਾ ਮੀਡੀਆ ਦੇ ਸੋਚਣ-ਢੰਗ ਵਿਚ ਵੱਡਾ ਬਦਲਾਅ ਆ ਗਿਆ ਹੈ। ਇਹ ਸਿਰਫ਼ ਖਬਰਾਂ ਦਾ ਸੰਚਾਰ ਨਹੀਂ ਕਰ ਰਿਹਾ, ਸਗੋਂ ਮਨੁੱਖੀ ਸੋਚ, ਰਾਜਨੀਤਕ ਬਿਰਤਾਂਤ ਅਤੇ ਸਮਾਜਿਕ ਤਾਣੇ-ਬਾਣੇ ਨੂੰ ਨਵੇਂ ਸਿਰਿਉਂ ਘੜ ਰਿਹਾ ਹੈ।

ਵਿਸ਼ਵ ਮੀਡੀਆ ਵਿਚ ਡਿਜ਼ੀਟਲ ਕ੍ਰਾਂਤੀ ਅਤੇ ਐਲਗੋਰਿਦਮ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ। ਅੱਜ ਦਾ ਮੀਡੀਆ ਲੈਂਡਸਕੇਪ ਮੁੱਖ ਤੌਰ ‘ਤੇ ਐਲਗੋਰਿਦਮ ਦੁਆਰਾ ਸੰਚਾਲਿਤ ਹੈ, ਜੋ ਉਪਭੋਗਤਾਵਾਂ ਨੂੰ ‘ਈਕੋ ਚੈਂਬਰਜ਼’ ਵਿਚ ਕੈਦ ਕਰਦਾ ਹੈ। ਇਹ ਡਿਜ਼ੀਟਲ ਢਾਂਚਾ ਲੋਕਾਂ ਨੂੰ ਜਾਣਬੁੱਝ ਕੇ ਉਹੀ ਜਾਣਕਾਰੀ ਪ੍ਰਦਾਨ ਕਰਦਾ ਹੈ ਜੋ ਉਨ੍ਹਾਂ ਦੀ ਪਹਿਲਾਂ ਤੋਂ ਬਣੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ, ਜਿਸ ਨਾਲ ਸਮਾਜ ਵਿਚ ਧਰੁਵੀਕਰਨ ਅਤੇ ਅਸਹਿਣਸ਼ੀਲਤਾ ਵਿਚ ਵਾਧਾ ਹੋਇਆ ਹੈ।

ਅਸੀਂ ਇਕ ਅਜਿਹੇ ਇਤਿਹਾਸਕ ਦੌਰ ਵਿਚ ਜੀਅ ਰਹੇ ਹਾਂ ਜਿਸਨੂੰ ‘ਪੋਸਟ-ਟਰੂਥ’ ਯੁਗ ਕਰਾਰ ਦਿੱਤਾ ਜਾ ਰਿਹਾ ਹੈ। ਇਸ ਯੁੱਗ ਵਿਚ ਉਦੇਸ਼ਪੂਰਨ ਤੱਥਾਂ ਨਾਲੋਂ ਜਜ਼ਬਾਤ ਅਤੇ ਨਿੱਜੀ ਵਿਸ਼ਵਾਸਾਂ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ।

ਸੂਚਨਾ ਯੁੱਧ, ਪ੍ਰਾਪੇਗੰਡਾ, ਡੀਪਫੇਕ, ਸੰਗਠਿਤ ਆਈ.ਟੀ.ਸੈੱਲਾਂ ਅਤੇ ਫੇਕ ਨਿਊਜ਼ ਦੀ ਸੁਨਾਮੀ ਨੇ ਅਸਲ ਅਤੇ ਨਕਲ ਵਿਚਲੀ ਲਕੀਰ ਨੂੰ ਖਤਮ ਕਰ ਦਿੱਤਾ ਹੈ। ਨਤੀਜੇ ਵਜੋਂ ਆਮ ਲੋਕਾਂ ਦਾ ਵਿਸ਼ਵਾਸ ਘੱਟ ਰਿਹਾ ਹੈ, ਜੋ ਲੋਕਤੰਤਰ ਦੇ ਚੌਥੇ ਥੰਮ੍ਹ ਲਈ ਚੰਗਾ ਸੰਕੇਤ ਨਹੀਂ ਹੈ।

ਵਿਸ਼ਵ ਪੱਧਰ ‘ਤੇ ਮੀਡੀਆ ਅਦਾਰੇ ਕੁਠ ਮੁੱਠੀ ਭਰ ਕਾਪੋਰੇਟ ਦਿੱਗਜਾਂ ਦੇ ਹੱਥਾਂ ਵਿਚ ਸਿਮਟ ਰਹੇ ਹਨ। ਇਹ ਪੱਤਰਕਾਰੀ ਦੀ ਅਜ਼ਾਦੀ ਲਈ ਇਕ ਵੱਡਾ ਖਤਰਾ ਬਣ ਗਿਆ ਹੈ।

ਵੱਧਦੇ ਰਾਜਨੀਤਕ ਅਤੇ ਆਰਥਕ ਦਬਾਅ ਕਾਰਨ ਮੀਡੀਆ ਦੀ ਸਥਿਤੀ ਅੱਜ ਪਹਿਲਾਂ ਵਾਲੀ ਨਹੀਂ ਰਹੀ। ਦੁਨੀਆਂ ਦੇ ਕਈ ਹਿੱਸਿਆ ਵਿਚ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਨਿਰਪੱਖ ਅਤੇ ਸੱਚੇ ਪੱਤਰਕਾਰਾਂ ‘ਤੇ ਹੋ ਰਹੇ ਹਮਲੇ, ਜੇਲ੍ਹਾਂ ਅਤੇ ਸੈਂਸਰਸ਼ਿਪ ਨੇ ਪ੍ਰੈੱਸ ਦੀ ਆਜ਼ਾਦੀ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ।

ਵਿਸ਼ਵ ਮੀਡੀਆ ਉਦਯੋਗ ਵਿਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਪ੍ਰਵੇਸ਼ ਨੇ ਸੰਪਾਦਕੀ ਪ੍ਰਕਿਰਿਆ ਨੂੰ ਪ੍ਰਭਾਵਤ ਕੀਤਾ ਹੈ। ਡੇਟਾ ਪੱਤਰਕਾਰੀ ਅਤੇ ਆਟੋਮੇਟਿਡ ਖਬਰਾਂ ਨੇ ਕੰਮ ਦੀ ਰਫ਼ਤਾਰ ਨੂੰ ਵਧਾਇਆ ਹੈ ਪਰ ਏ ਆਈ ਦੁਅਰਾ ਪੈਦਾ ਕੀਤੇ ਪੱਖਪਾਤ ਅਤੇ ਸਿਰਜੀ ਗੁੰਮਰਾਹ ਕਰਨ ਵਾਲੀ ਜਾਣਕਾਰੀ ਦੇ ਪਸਾਰ ਨੇ ਨਵੇਂ ਸਵਾਲ ਪੈਦਾ ਕਰ ਦਿੱਤੇ ਹਨ।

ਵਿਸ਼ਵ ਮੀਡੀਆ ਅੱਜ ਚੁਰਾਹੇ ’ਤੇ ਖੜ੍ਹਾ ਹੈ। ਬਹੁ-ਪੱਖੀ ਸੰਕਟ ਨੇ ਚਿੰਤਾਵਾਂ ਅਤੇ ਚੁਣੌਤੀਆਂ ਵਧਾ ਦਿੱਤੀਆਂ ਹਨ।

ਇਨ੍ਹਾਂ ਵਿਚੋਂ ਉਭਰਨ ਲਈ ਮੀਡੀਆ-ਸਾਜਰਤਾ, ਆਜ਼ਾਦ ਅਤੇ ਸਥਾਨਕ ਪੱਤਰਕਾਰੀ ਨੂੰ ਵਿੱਤੀ ਹਮਾਇਤ ਅਤੇ ਵੱਡੀਆਂ ਆਈ ਟੀ ਕੰਪਨੀਆਂ ਲਈ ਸਖ਼ਤ ਨੈਤਿਕ ਦਿਸ਼ਾ-ਨਿਰਦੇਸ਼ਾਂ ਦੀ ਤੁਰੰਤ ਲੋੜ ਹੈ। ਲੋਕਤੰਤਰ ਅਤੇ ਸਮਾਜਕ ਨਿਆਂ ਲਈ ਜ਼ਰੂਰੀ ਹੈ ਕਿ ਵਿਸ਼ਵ ਮੀਡੀਆ ਮੁੜ ਆਪਣੇ ਮੂਲ-ਉਦੇਸ਼ (ਸੱਚ ਦੀ ਨਿਰਪੱਖ ਖੋਜ) ਵੱਲ ਪਰਤੇ।

ਇਸ ਮਕਸਦ ਲਈ ਕਈ ਪੱਤਰਕਾਰਾਂ ਨੇ ਮੀਡੀਆ ਦੇ ਕਾਰਪੋਰੇਟ ਢਾਂਚੇ ਤੋਂ ਨਿਰਾਸ਼ ਹੋ ਕੇ ਸਬਸਟੈਕ, ਯੂਟਿਊਬ ਅਤੇ ਪੋਡਕਾਸਟਾਂ ਜਿਹੇ ਸੁਤੰਤਰ ਪਲੇਟਫਾਰਮਾਂ ਦਾ ਰਾਹ ਅਖ਼ਤਿਆਰ ਕੀਤਾ ਹੈ। ਲੋਕ ਹੁਣ ਅਜਿਹੇ ਸੁਤੰਤਰ ਪੱਤਰਕਾਰਾਂ ‘ਤੇ ਵਧੇਰੇ ਵਿਸ਼ਵਾਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਹਿਯੋਗ ਦੇ ਰਹੇ ਹਨ।

ਵਿਸ਼ਵ ਪੱਧਰ ’ਤੇ ਛੋਟੀਆਂ ਵੀਡੀਓ ਦਾ ਬੋਲਬਾਲਾ ਹੋ ਰਿਹਾ ਹੈ। ਟਿੱਕਟਾਕ, ਇੰਸਟਾਗ੍ਰਾਮ ਰੀਲਜ਼ ਅਤੇ ਯੂਟਿਊਬ ਸ਼ਾਰਟਸ ਰਾਹੀਂ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ। ਇਸ ਰੁਝਾਨ ਨੇ ਖਬਰਾਂ ਦੇ ਸਰੂਪ ਨੂੰ ਛੋਟਾ ਅਤੇ ਤੇਜ਼ ਬਣਾ ਦਿੱਤਾ ਹੈ। ਇਸ ਨਾਲ ਗੁੰਝਲਦਾਰ ਮੁੱਦਿਆਂ ਦੀ ਡੂੰਘਾਈ ਨਾਲ ਪੜਚੋਲ

ਕਰਨ ਦੀ ਥਾਂ ਓਪਰੀ ਜਿਹੀ ਜਾਣਕਾਰੀ ਦਾ ਪਸਾਰ ਵਧਿਆ ਹੈ। ਇਹੀ ਕਾਰਨ ਹੈ ਕਿ ਸੰਜੀਦਾ ਪਾਠਕ ਅਗਲੇ ਦਿਨ ਸਵੇਰ ਤੱਕ ਅਜੇ ਵੀ ਅਖਬਾਰ ਦੀ ਉਡੀਕ ਕਰਦਾ ਹੈ।

ਓਧਰ ਪੱਛਮੀ ਦੇਸ਼ਾਂ ਦੇ, ਮੀਡੀਆ ਖੇਤਰ ਵਿਚ ਲੰਮੇ ਸਮੇਂ ਤੋਂ ਚਲੇ ਆ ਰਹੇ ਦਬਦਬੇ ਨੂੰ ਹੁਣ ਚੁਣੌਤੀ ਮਿਲ ਰਹੀ ਹੈ। ਅਲਜਜ਼ੀਰਾ, ਵਿਓਨ ਅਤੇ ਹੋਰ ਕਈ ਏਸ਼ੀਆਈ ਤੇ ਅਫ਼ਰੀਕੀ ਮੀਡੀਆ ਨੈੱਟਵਰਕ ਕੌਮਾਂਤਰੀ ਘਟਨਾਵਾਂ ਨੂੰ ਆਪਣੇ ਨਜ਼ਰੀਏ ਤੋਂ ਪੇਸ਼ ਕਰਕੇ ਪੱਛਮੀ ਬਿਰਤਾਂਤ ਨੂੰ ਸੰਤੁਲਿਤ ਕਰ ਰਹੇ ਹਨ।

ਡੇਟਾ ਨਿੱਜਤਾ ਅਤੇ ਡਿਜ਼ੀਟਲ ਨਿਗਰਾਨੀ ਦੀ ਸਮੱਸਿਆ ਹੋਰ ਵਿਕਰਾਲ ਰੂਪ ਧਾਰਨ ਕਰ ਗਈ ਹੈ। ਸੋਸ਼ਲ ਮੀਡੀਆ ਅਤੇ ਟੈਕ ਕੰਪਨੀਆਂ ਖਪਤਕਾਰਾਂ ਦੇ ਡੇਟਾ ਦੀ ਵੱਡੀ ਪੱਧਰ ‘ਤੇ ਵਰਤੋਂ ਕਰ ਰਹੀਆਂ ਹਨ। ਉਪਭੋਗਤਾਵਾਂ ਦੀ ਆਨਲਾਈਨ ਗਤੀਵਿਧੀ ਨੂੰ ਟਰੈਕ ਕਰਕੇ, ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਖ਼ਬਰਾਂ, ਇਸ਼ਤਿਹਾਰ ਅਤੇ ਵਿਚਾਰ ਵਿਖਾਏ ਜਾਂਦੇ ਹਨ। ਜਿਸ ਨਾਲ ਨਿੱਜਤਾ ਦੀ ਉਲੰਘਣਾ ਅਤੇ ਲੋਕ-ਮਾਨਸਿਕਤਾ ਨੂੰ ਕੰਟਰੋਲ ਕਰਨ ਦੇ ਮੁੱਦੇ ਵਿਸ਼ਵ ਭਰ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>