ਲੁਧਿਆਣਾ: ਭਾਰਤ-ਰੂਸ ਦੋਸਤੀ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਅਤੇ ਦੋਹਾਂ ਦੇਸ਼ਾਂ ਨੇ ਇਸ ਦੁਵੱਲੇ ਰਿਸ਼ਤੇ ਵਿੱਚੋਂ ਮਨੁੱਖਤਾ ਦੇ ਵਿਕਾਸ ਅਤੇ ਭਲਾਈ ਲਈ ਅਨੇਕਾਂ ਸਾਂਝੇ ਕਦਮ ਪੁੱਟੇ ਹਨ। ਮਾਸਕੋ ਸਟੇਟ ਯੂਨੀਵਰਸਿਟੀ ਤੋਂ ਆਏ ਪੰਜ ਮੈਂਬਰੀ ਵਿਦਿਆਰਥੀ ਵਫਦ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਆਖਿਆ ਕਿ ਵਾਤਾਵਰਨ ਇੰਜੀਨੀਅਰਿੰਗ ਸੰਬੰਧੀ ਮਾਸਕੋ ਸਟੇਟ ਯੂਨੀਵਰਸਿਟੀ ਨਾਲ ਸਾਡਾ ਸਹਿਮਤੀ ਪੱਤਰ ਲਿਖਿਆ ਹੋਣ ਕਰਕੇ ਇਨ੍ਹਾਂ ਦੋਹਾਂ ਸੰਸਥਾਵਾਂ ਦੇ ਸਾਂਝੇ ਯਤਨਾਂ ਨਾਲ ਗਿਆਨ ਵਿਗਿਆਨ ਆਦਾਨ ਪ੍ਰਦਾਨ ਨੂੰ ਵੀ ਹੁਲਾਰਾ ਮਿਲੇਗਾ। ਡਾ: ਕੰਗ ਨੇ ਆਖਿਆ ਕਿ ਗਿਆਨ ਵਿਗਿਆਨ ਤੋਂ ਇਲਾਵਾ ਇਹ ਮੌਕੇ ਸਭਿਆਚਾਰ, ਵਿਰਾਸਤ ਅਤੇ ਆਪਸੀ ਸਹਿਯੋਗ ਦੇ ਵਿਚਾਰ ਵਟਾਂਦਰੇ ਲਈ ਵੀ ਸਹਾਈ ਹੁੰਦੇ ਹਨ।
ਰੂਸੀ ਡੈਲੀਗੇਸ਼ਨ ਦੇ ਆਗੂ ਅਤੇ ਮਾਸਕੋ ਸਟੇਟ ਯੂਨੀਵਰਸਿਟੀ ਵਿੱਚ ਭੂਮੀ ਸੁਧਾਰ ਮਸ਼ੀਨਰੀ ਵਿਭਾਗ ਦੇ ਮੁਖੀ ਡਾ: ਖਮਜ਼ਤ ਅਬਦੁੱਲਮਾਜ਼ੀਦੋਵ ਨੇ ਦੱਸਿਆ ਕਿ ਇਹ ਵਿਦਿਆਰਥੀ ਵਫਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰੇ ਇਨਕਲਾਬ ਵਿੱਚ ਪਾਏ ਯੋਗਦਾਨ ਸਦਕਾ ਏਥੇ ਆਉਣ ਲਈ ਬਹੁਤ ਉਤਸ਼ਾਹਿਤ ਸੀ ਅਤੇ ਏਥੇ ੧੫ ਦਿਨ ਠਹਿਰਨ ਦੌਰਾਨ ਉਹ ਖੇਤੀ ਵਿਕਾਸ ਢਾਂਚੇ ਲਈ ਜਿੰਮੇਂਵਾਰ ਖੋਜ ਅਤੇ ਅਧਿਆਪਨ ਦੇ ਨਿਜ਼ਾਮ ਨੂੰ ਖੁਦ ਮਾਣ ਸਕਣਗੇ। ਇਸ ਵਫਦ ਵਿੱਚ ਮਿਖਾਈਲ ਜ਼ਵੇਰਕੋਵ, ਮਿਸ ਤਾਤਿਆਨਾ ਲਾਰੇਨਾ, ਮਿਸ ਆਇਰੀਨਾਲਿਮ ਅਤੇ ਮਿਸ ਐਨਾਸਤੇਸੀਆ ਬਾਰਾਨੋਵਾ ਸ਼ਾਮਿਲ ਹਨ। ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ: ਪੀ ਕੇ ਗੁਪਤਾ ਨੇ ਆਖਿਆ ਕਿ ਇਨ੍ਹਾਂ ਰੂਸੀ ਵਿਦਿਆਰਥੀਆਂ ਨੂੰ ਖੇਤੀ ਇੰਜੀਨੀਅਰਿੰਗ ਕਾਲਜ ਵਿੱਚ ਸਿਖਲਾਈ ਦੇਣ ਤੋਂ ਇਲਾਵਾ ਯੂਨੀਵਰਸਿਟੀ ਦੇ ਬਾਕੀ ਵਿਭਾਗਾਂ ਦਾ ਵੀ ਦੌਰਾ ਕਰਵਾਇਆ ਜਾਵੇਗਾ।
ਹੋਰ:
- ਮਾਸਕੋ ਸਟੇਟ ਐਗਰੋ ਇੰਜੀਨੀਅਰਿੰਗ ਯੂਨੀਵਰਸਿਟੀ ਵਫਦ ਪੀ ਏ ਯੂ ਦੌਰੇ ਤੇ
- ਅਮਰੀਕਾ ਦੀ ਕਲੋਰਾਡੋ ਸਟੇਟ ਯੂਨੀਵਰਸਿਟੀ ਨਾਲ ਪੰਜਾਬ ਖੇਤੀ ਵਰਸਿਟੀ ਵੱਲੋਂ ਖੋਜ ਸੰਬੰਧੀ ਦੁਵੱਲੇ ਸਹਿਯੋਗ ਦਾ ਅਹਿਦਨਾਮਾ ਸਹੀਬੰਦ
- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਯੁਵਕ ਮੇਲਾ ਧੂਮ ਧੜੱਕੇ ਨਾਲ ਸ਼ੁਰੂ
- ਪੰਜਾਬੀ ਫਿਲਮ ਲੱਗਦੈ ਇਸ਼ਕ ਹੋ ਗਿਆ ਦੀ ਟੀਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੌਰੇ ਤੇ ਆਈ
- ਸੀ.ਐਸ.ਆਰ.ਟੀ.ਆਈ.ਵੱਲੋਂ ਪੰਜ ਰੋਜ਼ਾ ਸਿਖਲਾਈ ਕੈਂਪ ਸੰਪੰਨ
