Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

ਫਰਾਂਸ ‘ਚ ਨਕਾਬ ਤੇ ਬੁਰਕੇ ‘ਤੇ ਵੀ ਪਾਬੰਦੀ ਦੇ ਆਸਾਰ

By ਕੌਮੀ ਏਕਤਾ ਨਿਊਜ਼ ਬੀਊਰੋ • Jan 26th, 2010 • Category: ਅੰਤਰਰਾਸ਼ਟਰੀ

ਪੈਰਿਸ-ਫਰਾਂਸ ਵਿਚ ਇਕ ਸੰਸਦੀ ਕਮੇਟੀ ਨੇ ਆਮ ਥਾਵਾਂ ‘ਤੇ ਮੁਸਲਮਾਨ ਔਰਤਾਂ ਦੇ ਬੁਰਕਾ ਤੇ ਨਕਾਬ ਪਾਉਣ ‘ਤੇ ਪਾਬੰਦੀ ਲਾਏ ਜਾਣ ਦੀ ਸਿਫਾਰਿਸ਼ ਕੀਤੀ ਹੈ। ਕਮੇਟੀ ਨੇ ਰਿਪੋਰਟ ਵਿਚ ਕਿਹਾ ਹੈ ਕਿ ਮੁਸਲਿਮ ਔਰਤਾਂ ‘ਤੇ ਹਸਪਤਾਲਾਂ, ਸਕੂਲਾਂ ਅਤੇ ਆਮ ਟਰਾਂਸਪੋਰਟ ਸੇਵਾਵਾਂ ਵਿਚ ਬੁਰਕਾ ਪਾਉਣ ਦੀ ਪਾਬੰਦੀ ਲਾਈ ਜਾਣੀ ਚਾਹੀਦੀ ਹੈ।
ਨਾਲ ਹੀ ਕਮੇਟੀ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਆਦਮੀ ਖੁਲ੍ਹੇ ਤੌਰ ‘ਤੇ ਕੱਟੜ ਧਾਰਮਿਕ ਵਤੀਰਾ ਕਰਦੇ ਹੋਏ ਦਿਖਾਈ ਦੇਸ, ਉਨ੍ਹਾਂ ਨੂੰ ਫਰਾਂਸ ਵਿਚ ਰਹਿਣ ਲਈ ਕਾਰਡ ਜਾਂ ਉਥੋਂ ਦੀ ਨਾਗਰਿਕਤਾ ਦੇਣ ਤੋਂ ਮਨ੍ਹਾਂ ਕੀਤਾ ਜਾਣਾ ਚਾਹੀਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਔਰਤਾਂ ਵਲੋਂ ਚੇਹਰਾ ਲੁਕਾਕੇ ਰਖਣਾ ਫਰਾਂਸ ਵਿਚ ਧਰਮ ਨਿਰਪੇਖਤਾ ਅਤੇ ਸਮਾਨਤਾ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦਾ। ਕਮੇਟੀ ਨੇ ਆਪਣੀ ਅੰਦਾਜ਼ਨ ੨੦੦ ਪੰਨਿਆਂ ਦੀ ਰਿਪੋਰਟ ਵਿਚ ਕਿਹਾ ਹੈ ਕਿ ਪੂਰੀ ਤਰ੍ਹਾਂ ਪਰਦਾ ਸਾਡੇ ਗਣਤੰਤਰ ਦੇ ਲਈ ਇਕ ਵੰਗਾਰ ਹੈ ਇਸਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸਾਨੂੰ ਇਸ ਜਿ਼ਆਦਤੀ ਦੀ ਵਿਰੋਧਤਾ ਕਰਨੀ ਹੀ ਚਾਹੀਦੀ ਹੈ। ਫਰਾਂਸ ਦੇ ਗ੍ਰਹਿ ਮੰਤਰਾਲੇ ਮੁਤਾਬਕ ਫਰਾਂਸ ਵਿਚ ਚੇਹਰੇ ਸਮੇਤ ਪੂਰਾ ਸਰੀਰ ਢੱਕਕੇ ਰੱਖਣ ਵਾਲੀਆਂ ਮੁਸਲਮਾਨ ਔਰਤਾਂ ਦੀ ਗਿਣਤੀ ਸਿਰਫ਼ ੧੯੦੦ ਹੈ।

ਬੁਰਕੇ ਅਤੇ ਨਕਾਬ ‘ਤੇ ਪਾਬੰਦੀ ਲਾਉਣ ਸਬੰਧੀ ਫਰਾਂਸ ਦੀਆਂ ਸਿਆਸੀ ਪਾਰਟੀਆਂ ਵਿਚ ਕਾਫ਼ੀ ਮਤਭੇਦ ਹਨ। ਵਿਰੋਧੀ ਸੋਸ਼ਲਿਸਟ ਬੁਰਕੇ ‘ਤੇ ਰੋਕ ਲਾਏ ਜਾਣ ਦਾ ਵਿਰੋਧ ਕਰਦੇ ਹਨ ਪਰ ਰਾਸ਼ਟਰਪਤੀ ਨਿਕੋਲਾ ਸਾਰਕੋਜ਼ੀ ਦੀ ਪਾਰਟੀ ਇਸਦੇ ਹੱਕ ਵਿਚ ਹੈ। ਸੰਸਦੀ ਕਮੇਟੀ ਦੀ ਰਿਪੋਰਟ ਕਈ ਮਹੀਨਿਆਂ ਤੱਕ ਚਲੀ ਆਮ ਬਹਿਸ ਤੋਂ ਬਾਅਦ ਆਈ ਹੈ, ਜਿਸਦੀ ਸ਼ੁਰੂਆਤ ਰਾਸ਼ਟਰਪਤੀ ਸਰਕੋਜ਼ੀ ਵਲੋਂ  ਨਕਾਬ ਤੇ ਬੁਰਕੇ ਦਾ ਵਿਰੋਧ ਕਰਨ ਤੋਂ ਬਾਅਦ ਹੋਈ ਸੀ। ਸਾਰਕੋਜ਼ੀ ਨੇ ਹਾਲਾਂਕਿ ਪਾਬੰਦੀ ਦੀ ਗੱਲ ਨਹੀਂ ਸੀ ਕੀਤੀ ਅਤੇ ਨਾਲ ਹੀ ਕਿਹਾ ਸੀ ਕਿ ਅਜਿਹਾ ਵੀ ਨਹੀਂ ਹੋਣਾ ਚਾਹੀਦਾ ਕਿ ਕਿਸੇ ਕਾਨੂੰਨ ਤੋਂ ਕੋਈ ਆਪਣੇ ਆਪ ਨੂੰ ਕਲੰਕਿਤ ਮਹਿਸੂਸ ਕਰਨ ਲੱਗੇ। ਵੈਸੇ ਸਰਵੇਖਣਾਂ ਅਨੁਸਾਰ ਫਰਾਂਸ ਦੇ ਵਧੇਰੇ ਲੋਕਾਂ ਦੀ ਸੋਚ ਹੈ ਕਿ ਬੁਰਕੇ ‘ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ। ਪਰੰਤੂ ਸੰਸਦੀ ਕਮੇਟੀ ਨੇ ਆਪਣੀ ਰਿਪੋਰਟ ਵਿਚ ਸਿਰਫ਼ ਕੁਝ ਥਾਵਾਂ ‘ਤੇ ਨਕਾਬ ‘ਤੇ ਪਾਬੰਦੀ ਲਾਉਣ ਦੀ ਸੋਚ ਹੈ। ਇਸ ਰਿਪੋਰਟ ਤੋਂ ਬਾਅਦ ਹੁਣ ਇਕ ਬਿੱਲ ਦਾ ਸਰੂਪ ਤਿਆਰ ਕੀਤਾ ਜਾਵੇਗਾ ਜਿਸਤੋਂ ਬਾਅਦ ਉਸ ‘ਤੇ ਸੰਸਦ ਵਿਚ ਬਹਿਸ ਹੋਵੇਗੀ।

ਮੁਸਲਮਾਨ ਔਰਤਾਂ ਆਮ ਤੌਰ ‘ਤੇ ਸਰੀਰ ਢਕਣ ਲਈ ਕਈ ਤਰ੍ਹਾਂ ਦੇ ਪਰਦਿਆਂ ਦੀ ਵਰਤੋਂ ਕਰਦੀਆਂ ਹਨ ਜਿਨ੍ਹਾਂ ਵਿਚ ਨਕਾਬ ਅਤੇ ਬੁਰਕਾ ਸਭ ਤੋਂ ਵਧੇਰੇ ਪ੍ਰਚਲਿਤ ਹੈ। ਨਕਾਬ ਵਿਚ ਸਿਰ ਢੱਕਿਆ ਹੁੰਦਾ ਹੈ ਅਤੇ ਆਮ ਤੌਰ ‘ਤੇ ਸਿਰਫ਼ ਅੱਖਾਂ ਹੀ ਖੁਲ੍ਹੀਆਂ ਰਹਿੰਦੀਆਂ ਹਨ। ਪਰ ਅੱਖਾਂ ‘ਤੇ ਵੀ ਪਰਦਾ ਲਾਇਆ ਜਾ ਸਕਦਾ ਹੈ। ਬੁਰਕੇ ਵਿਚ ਸਾਰਾ ਸਰੀਰ ਅਤੇ ਚੇਹਰਾ ਢੱਕਕੇ ਰੱਖਿਆ ਜਾਂਦਾ ਹੈ ਅਤੇ ਵੇਖਣ ਲਈ ਇਕ ਜਾਲੀ ਬਣੀ ਹੁੰਦੀ ਹੈ।


GREAT DEALS...
- Call India for 1.66¢, International Calling for 1.2¢ . Low Rates, No Fees. Harwing. Sign-up! (USA)
- Unlimited Calling & Text Messages Cell Phone Service. USA Coverage, $39.95, no fees!

Leave a Reply