ਇਸਲਾਮਾਬਾਦ- ਪਾਕਿਸਤਾਨ ਵਿਚ ਸ੍ਰੀਲੰਕਾ ਦੀ ਕ੍ਰਿਕਟ ਟੀਮ ਤੇ ਹੋਏ ਅਤਵਾਦੀ ਹਮਲੇ ਲਈ ਰਾਸ਼ਟਰਪਤੀ ਜਰਦਾਰੀ ਨੇ ਸ੍ਰੀਲੰਕਾ ਦੀ ਸਰਕਾਰ ਕੋਲੋਂ ਮਾਫੀ ਮੰਗੀ ਹੈ। ਰਾਸ਼ਟਰਪਤੀ ਜਰਦਾਰੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿਦਾ ਰਾਜਪਕਸ਼ੇ ਨਾਲ ਫੋਨ ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਕ੍ਰਿਕਟ ਖਿਡਾਰੀਆਂ ਤੇ ਹੋਏ ਇਸ ਅਤਵਾਦੀ ਹਮਲੇ ਦੀ ਨਿੰਦਿਆ ਕਰਦੇ ਹੋਏ ਮਾਫੀ ਮੰਗੀ। ਸ੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜਰਦਾਰੀ ਨੇ ਕਿਹਾ ਕਿ ਅਸੀਂ ਅਤਵਾਦ ਨੂੰ ਖਤਮ ਕਰਨਾ ਚਾਹੁੰਦੇ ਹਾਂ। ਇਸ ਲਈ ਅਸੀਂ ਅਤਵਾਦ ਦੇ ਖਿਲਾਫ ਲੜ ਰਹੇ ਹਾਂ। ਪਾਕਿਸਤਾਨ ਅਤਵਾਦ ਦੇ ਖਾਤਮੇ ਲਈ ਪੂਰੀ ਤਰ੍ਹਾਂ ਨਾਲ ਵਚਨਬਧ ਹੈ ਅਤੇ ਸ੍ਰੀਲੰਕਾ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ।
ਜਿਕਰਯੋਗ ਹੈ ਕਿ ਹੁਣੇ ਜਿਹੇ ਪਾਕਿਸਤਾਨ ਵਿਚ ਗਦਾਫੀ ਸਟੇਡੀਅਮ ਦੇ ਕੋਲ ਕੁਝ ਅਣਪਛਾਤੇ ਹਮਲਾਵਰਾਂ ਨੇ ਸ੍ਰੀਲੰਕਾ ਦੀ ਟੀਮ ਤੇ ਫਾਇਰਿੰਗ ਕੀਤੀ ਸੀ। ਜਿਸ ਨਾਲ ਘੱਟ ਤੋਂ ਘੱਟ ਟੀਮ ਦੇ ਛੇ ਖਿਡਾਰੀ ਜਖਮੀ ਹੋ ਗਏ ਹਨ ਅਤੇ 8 ਸੁਰੱਖਿਆ ਕਰਮਚਾਰੀ ਮਾਰੇ ਗਏ ਹਨ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਟੀਮ ਖੇਡਣ ਲਈ ਸਟੇਡੀਅਮ ਜਾ ਰਹੀ ਸੀ। ਹਮਲਾਵਰਾਂ ਨੇ ਖਿਡਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਤੇ ਲਿਬਰਟੀ ਚੌਂਕ ਲਾਗੇ ਹਮਲਾ ਕੀਤਾ ਜੋ ਕਿ ਗਦਾਫੀ ਸਟੇਡੀਅਮ ਤੌਂ ਇਕ ਕਿਲੋਮੀਟਰ ਦੇ ਦਾਇਰੇ ਵਿਚ ਹੈ।
ਪਾਕਿਸਤਾਨ ਦੇ ਇਕ ਟੀਵੀ ਚੈਨਲ ਅਨੁਸਾਰ ਮਾਡਲ ਟਾਊਨ ਪੁਲਿਸ ਨੇ ਹਮਲੇ ਤੋਂ ਬਾਅਦ ਚਾਰ ਅਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਵਿਚੋਂ ਦੋ ਕੋਲੋਂ ਹਥਿਆਰ ਬਰਾਮਦ ਹੋਏ ਹਨ। ਸ਼ਰਦ ਪਵਾਰ ਨੇ ਖਿਡਾਰੀਆਂ ਤੇ ਹੋਏ ਹਮਲੇ ਬਾਰੇ ਬੋਲਦੇ ਹੋਏ ਪਾਕਿਸਤਾਨ ਵਿਚ ਹੋਣ ਵਾਲੇ ਵਿਸ਼ਵ ਕਪ ਦੇ ਅਯੋਜਨ ਤੇ ਵੀ ਚਿੰਤਾ ਜਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿਚ ਆਈਸੀਸੀ ਮੀਟਿੰਗ ਕਰੇਗੀ। ਫਿਲਮ ਅਭਿਨੇਤਰੀ ਪ੍ਰੀਟੀ ਜਿੰਟਾ ਵੀ ਮੈਚ ਵੇਖਣ ਪਾਕਿਸਤਾਨ ਗਈ ਸੀ ਜਦੋਂ ਉਸਨੂੰ ਇਸ ਹਮਲੇ ਬਾਰੇ ਪਤਾ ਚਲਿਆ ਤਾਂ ਉਸ ਦੀਆਂ ਅੱਖਾਂ ਵਿਚ ਅਥਰੂ ਆ ਗਏ। ਪੀਸੀਬੀ ਅਧਿਕਾਰੀਆਂ ਦੇ ਹਵਾਲੇ ਨਾਲ ਡਾਨ ਸਮਾਚਾਰ ਚੇਨਲ ਦਾ ਕਹਿਣਾ ਹੈ ਕਿ ਚਮਿੰਡਾ ਵਾਸ, ਮਹੇਲਾ ਜੈਵਰਧਨੇ, ਕੁਮਾਰ ਸੰਗਕਾਰਾ, ਅਜੰਤਾ ਮੇਂਡਿਸ, ਥਾਰੰਗਾ ਪਰਾਵਿਤਾਨਾ ਅਤੇ ਥਿਲਨ ਸਮਰਵੀਰਾ ਸ਼ਾਮਿਲ ਹਨ। ਇਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਫਾਈਰਿੰਗ ਚਾਰ ਪਾਸਿਆਂ ਤੋਂ ਹੋਈ ਅਤੇ ਕੁਝ ਮਿੰਟ ਤਕ ਚਲੀ। ਹਮਲਾਵਰ 12 ਬੰਦੂਕਧਾਰੀ ਸਨ। ਪੁਲਿਸ ਨੇ 25 ਮਿੰਟ ਤਕ ਉਨ੍ਹਾਂ ਦਾ ਮੁਕਾਬਲਾ ਕੀਤਾ। ਹਮਲਾਵਰ ਟਰੇਂਡ ਅਤਵਾਦੀ ਸਨ ਅਤੇ ਰਿਕਸ਼ਾ ਤੇ ਆਏ ਸਨ। ਉਨ੍ਹਾਂ ਕੋਲ ਰਾਕੇਟ ਅਤੇ ਹੱਥਗੋਲੇ ਵੀ ਸਨ। ਹਮਲਾਵਰ ਵੱਖ-ਵੱਖ ਗਰੁੱਪਾਂ ਵਿਚ ਫਰਾਰ ਹੋ ਗਏ। ਇਸ ਹਮਲੇ ਦੀ ਧਮਕੀ ਪਹਿਲਾਂ ਮਿਲੀ ਹੋਈ ਸੀ। ਇਸ ਕਰਕੇ ਸਟੇਡੀਅਮ ਜਾਣ ਲਈ ਵੱਖਰਾ ਰਸਤਾ ਚੁਣਿਆ ਗਿਆ ਸੀ। ਪਾਕਿਸਤਾਨ ਦੇ ਪ੍ਰਧਾਨਮੰਤਰੀ ਗਿਲਨੀ ਨੇ ਇਸ ਹਮਲੇ ਦੀ ਸਖਤ ਨਿੰਦਿਆ ਕੀਤੀ ਹੈ। ਜਖਮੀ ਖਿਡਾਰੀਆਂ ਦਾ ਸੈਨਾ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਇਕ ਖਿਡਾਰੀ ਦੇ ਛਾਤੀ ਵਿਚ ਅਤੇ ਇਕ ਦੇ ਪੈਰ ਵਿਚ ਗੋਲੀ ਲਗੀ ਹੈ।
ਸ੍ਰੀਲੰਕਾ ਦੀ ਟੀੰਮ ਹਮਲੇ ਤੋਂ ਬਾਅਦ ਆਪਣੇ ਦੇਸ਼ ਵਾਪਿਸ ਆ ਰਹੀ ਹੈ। ਸਾਰੇ ਖਿਡਾਰੀ ਹੈਲਕਿਾਪਟਰ ਤੇ ਸਵਾਰ ਹੋ ਕੇ ਆਬੂਧਾਬੀ ਦੇ ਰਸਤੇ ਸ੍ਰੀਲੰਕਾ ਪਹੁੰਚਣਗੇ। ਇਸ ਦੇ ਲਈ ਗਦਾਫੀ ਸਟੇਡੀਅਮ ਵਿਚ ਹੈਲੀਕਾਪਟਰ ਉਤਾਰਿਆ ਗਿਆ ਹੈ। ਜਖਮੀ ਖਿਡਾਰੀਆਂ ਨੂੰ ਛਡ ਕੇ ਬਾਕੀ ਸਾਰੇ ਖਿਡਾਰੀ ਵਾਪਿਸ ਸ੍ਰੀਲੰਕਾ ਪਹੁੰਚ ਰਹੇ ਹਨ।