ਸਿੱਖਿਆ ਪ੍ਰਬੰਧ ਦੇ ਚਾਨਣ ਮੁਨਾਰੇ ਸਨ ਗਿਆਨੀ ਰਘਬੀਰ ਸਿੰਘ

ਗਿਆਨੀ ਰਘਬੀਰ ਸਿੰਘ 19ਵੀਂ ਸਦੀ ਦੇ ਆਖਰੀ ਸਾਲਾਂ ਵਿੱਚ ਗੁਜਰਾਂਵਾਲਾ ਵਿੱਚ ਪੈਦਾ ਹੋਏ। 1894 ਤੋਂ 1998 ਤੀਕ ਦੇ 84 ਵਰ੍ਹੇ ਉਨ੍ਹਾਂ ਦੀ ਜ਼ਿੰਦਗੀ ਸਿੱਖਿਆ ਅਦਾਰਿਆਂ ਦੀ ਸਥਾਪਨਾ ਅਤੇ ਪ੍ਰਬੰਧ ਵਿੱਚ ਹੀ ਲੰਘੀ। ਦੇਸ਼ ਵੰਡ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਬਜ਼ੁਰਗ ਸਾਥੀਆਂ ਦੀ ਅਗਵਾਈ ਹੇਠ ਖਾਲਸਾ ਸਕੂਲ ਗੁਜਰਾਂਵਾਲਾ ਅਤੇ ਗੁਰੂ ਨਾਨਕ ਖਾਲਸਾ ਗੁਜਰਾਂਵਾਲਾ ਦੀ ਸਥਾਪਨਾ ਵਿੱਚ ਮੋਹਰੀ ਰੋਲ ਅਦਾ ਕੀਤਾ। ਕੋਈ ਵੀ ਅਕਾਲੀ ਮੋਰਚਾ ਐਸਾ ਨਹੀਂ ਲੱਗਾ ਜਿਸ ਵਿੱਚ ਉਨ੍ਹਾਂ ਨੇ ਨੀਲੀ ਦਸਤਾਰ ਉੱਪਰ ਮੋਰਚੇ ਦੀ ਕੇਸਰੀ ਪੱਟੀ ਨਾ ਬੰਨੀ ਹੋਵੇ। ਗੁਜਰਾਂਵਾਲਾ ਵਿੱਚ ਈਸਾਈ ਪਾਦਰੀਆਂ ਦੀ ਅਗਵਾਈ ਹੇਠ ਬਣਾਈ ਈਸਾਈ ਨੌਜਵਾਨਾਂ ਦੀ ਜਥੇਬੰਦੀ ਵਾਈ ਐਮ ਸੀ ਏ ਦੇ ਮੁਕਾਬਲੇ ਉਨ੍ਹਾਂ ਨੇ ਯੰਗ ਮੈਨ ਸਿੱਖ ਐਸੋਸੀਏਸ਼ਨ ਦੀ ਸਥਾਪਨਾ ਕੀਤੀ। ਉਹ ਇਸ ਦੇ ਬਾਨੀ ਪ੍ਰਧਾਨ ਬਣੇ।
ਦੇਸ਼ ਦੀ ਵੰਡ ਵੇਲੇ ਉਹ ਉਨ੍ਹਾਂ ਲੱਖਾਂ ਸ਼ਰਨਾਰਥੀਆਂ ਵਿਚੋਂ ਇਕ ਸਨ ਜਿਨ੍ਹਾਂ ਨੇ ਫਿਰਕੂ ਹਨੇਰੀਆਂ, ਝੱਖੜਾਂ ਦਾ ਟਾਕਰਾ ਕੀਤਾ ਅਤੇ ਆਪਣੇ ਸਿਦਕ ਨੂੰ ਕਿਤੇ ਵੀ  ਨਾ ਡੋਲਣ ਦਿੱਤਾ। ਖੁਦ ਸ਼ਰਨਾਰਥੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਸ਼ਰਨਾਰਥੀ ਕੈਂਪਾਂ ਵਿੱਚ ਸੇਵਾ ਕਰਕੇ ਪੰਜਾਬੀਆਂ ਨੂੰ ਮਾਨਸਿਕ ਤੌਰ ਤੇ ਤਕੜੇ ਰੱਖਿਆ। ਗੁਜਰਾਂਵਾਲੇ ਤੋਂ ਜਲੰਧਰ ਆ ਕੇ ਉਨ੍ਹਾਂ ਨੇ ਆਪਣੀ ਪਛਾਣ ਇਕ ਸਫਲ ਪ੍ਰਬੰਧਕ ਵਜੋਂ ਸਥਾਪਿਤ ਕੀਤੀ। ਪ੍ਰਸਿੱਧ ਪੰਜਾਬੀ ਲੇਖਕ ਕਰਤਾਰ ਸਿੰਘ ਦੁੱਗਲ ਦੇ ਸਤਿਕਾਰਯੋਗ ਪਿਤਾ ਜੀ ਸ: ਉੱਤਮ ਸਿੰਘ ਦੁੱਗਲ ਦੇ ਸੰਗ ਸਾਥ ਉਨ੍ਹਾਂ ਨੇ ਜਲੰਧਰ ਵਿੱਚ ਗੁਰਦੁਆਰਾ ਪ੍ਰਬੰਧਕ ਵਜੋਂ ਨਿਵਕੇਲੀ ਹਸਤੀ ਬਣਾਈ। ਜਲੰਧਰ ਦੇ ਪ੍ਰਮੁੱਖ ਗੁਰਦੁਆਰਾ ਦੀਵਾਨ ਅਸਥਾਨ ਦੇ ਉਹ ਲਗਪਗ ਅੱਧੀ ਸਦੀ ਪ੍ਰਧਾਨ ਅਤੇ ਸਕੱਤਰ ਰਹੇ। ਜਲੰਧਰ ਦੇ ਪ੍ਰਮੁੱਖ ਪੱਤਰਕਾਰਾਂ ਡਾ: ਸਾਧੂ ਸਿੰਘ ਹਮਦਰਦ, ਲਾਲਾ ਜਗਤ ਨਰਾਇਣ, ਗਿਆਨੀ ਸ਼ਾਦੀ ਸਿੰਘ, ਅਮਰ ਸਿੰਘ ਦੁਸਾਂਝ, ਵਰਿੰਦਰ ਅਤੇ ਯਸ਼ ਜੀ ਨਾਲ ਉਨ੍ਹਾਂ ਦੇ ਨਿਕਟਵਰਤੀ ਸਬੰਧ ਰਹੇ। ਜਲੰਧਰ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦੀ ਅਕਾਲੀ ਸਿਆਸਤ ਵਿੱਚ ਉਨ੍ਹਾਂ ਨੂੰ ਸਤਿਕਾਰਯੋਗ ਹਸਤੀ ਵਜੋਂ ਮਾਸਟਰ ਤਾਰਾ ਸਿੰਘ ਵੀ ਮੰਨਦੇ ਰਹੇ ਅਤੇ ਸੰਤ ਫਤਿਹ ਸਿੰਘ ਵੀ। ਸ: ਗੁਰਚਰਨ ਸਿੰਘ ਟੌਹੜਾ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੱਖ-ਵੱਖ ਸਮੇਂ ਹਾਸਿਲ ਕਰਦੇ ਰਹੇ ਹਨ। ਸਿਆਸੀ ਸੱਤਾ ਦੀ ਕੁਰਸੀ ਵੱਲ ਝਾਕ ਰੱਖਣ ਦੀ ਥਾਂ ਉਨ੍ਹਾਂ ਨੇ ਹਮੇਸ਼ਾਂ ਸੇਵਾ ਨੂੰ ਪਹਿਲ ਦਿੱਤੀ।
ਲੁਧਿਆਣਾ ਦੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਉਹ ਲਗਾਤਾਰ 12 ਸਾਲ ਪ੍ਰਧਾਨ ਅਤੇ ਇਸ ਤੋਂ ਪਹਿਲਾਂ 10 ਸਾਲ ਮੀਤ ਪ੍ਰਧਾਨ ਰਹੇ। ਆਪਣੇ ਵਡੇਰਿਆਂ ਸ: ਸੰਤ ਸਿੰਘ ਅਰੂਪ, ਗਿਆਨੀ ਲਾਲ ਸਿੰਘ ਗੁਜਰਾਂਵਾਲੀਆ, ਸ: ਬਲਵੰਤ ਸਿੰਘ ਕਪੂਰ ਅਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਉਨ੍ਹਾਂ ਨੇ ਇਸ ਕਾਲਜ ਵਿੱਚ ਸਿੱਖਿਆ ਪੱਖੋਂ ਵੰਨ ਸੁਵੰਨਤਾ ਲਿਆਂਦੀ। ਉਨ੍ਹਾਂ ਦੀ ਪ੍ਰਧਾਨਗੀ ਵੇਲੇ ਹੀ ਜੀ ਜੀ ਐਨ ਪਬਲਿਕ ਸਕੂਲ, ਫਾਰਮੇਸੀ ਕਾਲਜ, ਮੈਨੇਜਮੈਂਟ ਇੰਸਟੀਚਿਊਟ ਦੀ ਸਥਾਪਨਾ ਅਤੇ ਇਮਾਰਤ ਉਸਾਰੀ ਪੱਖੋਂ ਕਾਇਆ ਕਲਪ ਹੋਇਆ। ਉਨ੍ਹਾਂ ਦੇ ਸਪੁੱਤਰਾਂ ਨੇ ਉਚੇਰੀ ਸਿੱਖਿਆ ਹਾਸਲ ਕਰਕੇ ਵਡੇਰੇ ਰੁਤਬੇ  ਹਾਸਿਲ ਕੀਤੇ। ਉਨ੍ਹਾਂ ਦੇ ਸਭ ਤੋਂ ਨਿੱਕੇ ਪੁੱਤਰ ਡਾ: ਐਸ ਪੀ ਸਿੰਘ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਨ ਦਾ ਸੁਭਾਗ ਹਾਸਿਲ ਹੋਇਆ ਜਦ ਕਿ ਦਾਮਾਦ ਸ: ਮਨਮੋਹਨ ਸਿੰਘ ਕਪੂਰ ਵਿਜੇ ਬੈਂਕ ਦੇ ਚੇਅਰਮੈਨ ਵਜੋਂ ਸੇਵਾ ਮੁਕਤ ਹੋਏ। ਆਪਣੇ ਵੱਡੇ ਪੁੱਤਰਾਂ ਗੁਰਕਿਰਪਾਲ ਸਿੰਘ ਐਕਸੀਅਨ ਪੰਜਾਬ ਰਾਜ ਬਿਜਲੀ ਬੋਰਡ ਅਤੇ ਗਜਿੰਦਰਪਾਲ ਸਿੰਘ ਏਅਰ ਕਮਾਂਡੋਰ ਤੋਂ ਇਲਾਵਾ ਦੋਵੇਂ ਧੀਆਂ  ਅਤੇ ਵੱਡੇ ਦਾਮਾਦ ਸ: ਜਸਜੀਤ ਸਿੰਘ ਗੁਲਾਟੀ ਵੀ ਜ਼ਿੰਦਗੀ ਦੇ ਸ਼ਾਹ ਸਵਾਰ ਹਨ। ਗਿਆਨੀ ਰਘਬੀਰ ਸਿੰਘ ਦੀ 20ਵੀਂ ਬਰਸੀ ਮੌਕੇ ਅੱਜ ਉਨ੍ਹਾਂ ਨੂੰ ਚੇਤੇ ਕਰਦਿਆਂ ਸਾਨੂੰ ਇਸ ਗੱਲ ਦਾ ਮਾਣ ਮਹਿਸੂਸ ਹੈ ਕਿ ਅਸੀਂ ਉਨ੍ਹਾਂ ਦੇ ਚਰਨਾਂ ਵਿੱਚ ਬੈਠ ਕੇ ਜ਼ਿੰਦਗੀ ਦੇ ਉਹ ਸਬਕ ਸਿੱਖੇ ਹਨ ਜਿਨ੍ਹਾਂ ਨੂੰ ਕਿਤਾਬਾਂ ਵਿਚੋਂ ਲੱਭਣਾ ਮੁਸ਼ਕਲ ਹੈ। ਮੇਰੇ ਵੱਡੇ ਵੀਰ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਲਈ ਹੀ ਨਹੀਂ ਸਗੋਂ ਮੇਰੀ ਵਿਦਿਅਕ, ਸਮਾਜਿਕ ਅਤੇ ਸਾਹਿਤਕ ਪ੍ਰਾਪਤੀ ਨੂੰ ਜਿੰਨੇ ਚਾਅ ਅਤੇ ਉਤਸ਼ਾਹ ਨਾਲ ਗਿਆਨੀ ਰਘਬੀਰ ਸਿੰਘ ਜੀ ਮਾਣਦੇ ਸਨ ਉਹ ਬਹੁਤ ਥੋੜ੍ਹੇ ਲੋਕਾਂ ਦੇ ਹਿੱਸੇ ਆਉਂਦੀ ਹੈ। ਮੇਰਾ ਉਨ੍ਹਾਂ ਨਾਲ ਸਿਰਫ ਇਹੀ ਰਿਸ਼ਤਾ ਸੀ ਕਿ ਉਹ ਮੇਰੇ ਗੁਰੂਦੇਵ ਅਧਿਆਪਕ ਡਾ: ਐਸ ਪੀ ਸਿੰਘ ਜੀ ਦੇ ਪਿਤਾ ਜੀ ਸਨ ਪਰ ਉਨ੍ਹਾਂ ਦੀ ਨਿੱਘੀ ਥਾਪੜੀ ਮੈਨੂੰ ਅੱਜ ਵੀ ਉਤਸ਼ਾਹ ਦਾ ਸੋਮਾ ਬਣ ਕੇ ਥਾਂ ਪਰ ਥਾਂ ਹਾਜ਼ਰ ਮਿਲਦੀ ਹੈ। ਗਿਆਨੀ ਰਘਬੀਰ ਸਿੰਘ ਨਮਿਤ 20ਵੀਂ ਬਰਸੀ ਮੌਕੇ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਭਾਈ ਰਣਧੀਰ ਸਿੰਘ ਨਗਰ, ਬਲਾਕ ਈ, ਲੁਧਿਆਣਾ ਵਿਖੇ ਬਾਅਦ ਦੁਪਹਿਰ 1.00 ਵਜੇ ਤੋਂ 2 .00 ਵਜੇ ਤੀਕ ਸ਼ਰਧਾਂਜ਼ਲੀ, ਅੰਤਿਮ ਅਰਦਾਸ ਸਮਾਗਮ ਕਰਵਾਇਆ ਜਾ ਰਿਹਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>