ਕੁੰਬਲੇ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

ਕੁੰਬਲੇ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ ਨਵੀਂ ਦਿੱਲੀ- ਭਾਰਤੀ ਟੈਸਟ ਟੀਮ ਦੇ ਕਪਤਾਨ ਅਨਿਲ ਕੁੰਬਲੇ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਆਸਟ੍ਰੇਲੀਆ ਦੇ ਖਿਲਾਫ਼ ਦਿੱਲੀ ਦੇ ਕੋਟਲਾ ਫਿਰੋਜ਼ਸ਼ਾਹ ਮੈਦਾਨ ਵਿਚ ਖੇਡੇ ਜਾ ਰਹੇ ਟੈਸਟ ਦੇ ਆਖ਼ਰੀ ਦਿਨ ਕੁੰਬਲੇ ਨੇ ਇਸਦਾ ਐਲਾਨ ਕੀਤਾ। ਹੁਣ ਉਹ ਆਸਟ੍ਰੇਲੀਆ ਦੇ ਖਿਲਾਫ਼ ਨਾਗਪੁਰ ਵਿਚ ਖੇਡੇ ਜਾਣ ਵਾਲੇ ਚੌਥੇ ਅਤੇ ਅੰਤਮ ਟੈਸਟ ਵਿਚ ਨਹੀਂ ਖੇਡਣਗੇ।
 ਦਿੱਲੀ ਟੈਸਟ ਖ਼ਤਮ ਹੋਣ ਤੋਂ ਬਾਅਦ ਕੁੰਬਲੇ ਨੇ ਕਿਹਾ ਕਿ ਉਸਨੇ ਸੀਰੀਜ਼ ਤੋਂ ਬਾਅਦ ਸੰਨਿਆਸ ਲੈਣ ਦਾ ਫੈ਼ਸਲਾ ਕੀਤਾ ਸੀ ਪਰ ਸੱਟ ਲੱਗਣ ਕਰਕੇ ਇਹ ਥੋੜ੍ਹਾ ਪਹਿਲਾਂ ਲੈ ਲਿਆ ਗਿਆ। ਉਸਦਾ ਕਹਿਣਾ ਸੀ ਕਿ ਦਿੱਲੀ ਉਸ ਲਈ ਇਕ ਖਾਸ ਜਗ੍ਹਾ ਹੈ ਅਤੇ ਇਥੇ ਉਸਨੇ ਕਈ ਰਿਕਾਰਡ ਬਣਾਏ ਹਨ। ਦਿੱਲੀ ਟੈਸਟ ਡਰਾਅ ਹੋਣ ਤੋਂ ਬਾਅਦ ਭਾਰਤੀ ਟੀਮ ਦੇ ਖਿਡਾਰੀਆਂ ਨੇ ਉਸਨੂੰ ਮੋਢਿਆਂ ‘ਤੇ ਬਿਠਾਕੇ ਪੂਰੇ ਮੈਦਾਨ ਦਾ ਚੱਕਰ ਲਾਇਆ। ਆਸਟ੍ਰੇਲੀਆ ਦੇ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਕਿ ਕੁੰਬਲੇ ਦਾ ਸ਼ਾਨਦਾਰ ਕੈਰੀਅਰ ਰਿਹਾ ਹੈ ਅਤੇ ਉਹ ਮੁਕਾਬਲਾ ਕਰਨ ਦੀ ਜ਼ਬਰਦਸਤ ਭਾਵਨਾ ਰਖਦੇ ਸਨ। ਬਾਰਡਰ-ਗਾਵਸਕਰ ਟਰਾਫ਼ੀ ਦੇ ਅਗਲੇ ਨਾਗਪੁਰ ਟੈਸਟ ਦੀ ਕਪਤਾਨੀ ਮਹਿੰਦਰ ਧੋਨੀ ਕਰੇਗਾ। ਕੋਟਲਾ ਟੈਸਟ ਦੇ ਤੀਜੇ ਦਿਨ ਕੁੰਬਲੇ ਦੇ ਖੱਬੇ ਹੱਥ ਦੀ ਛੋਟੀ ਉਂਗਲੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ। ਉਸਨੂੰ ਇਲਾਜ ਲਈ ਹਸਪਤਾਲ ਜਾਣਾ ਪਿਆ ਸੀ। ਇਸਦੇ ਬਾਵਜੂਦ ਉਹ ਹੱਥ ‘ਤੇ ਪੱਟੀ ਬੰਨ੍ਹਕੇ ਚੌਥੇ ਦਿਨ ਮੈਦਾਨ ਵਿਚ ਉਤਰਿਆ ਅਤੇ ਦੋ ਵਿਕਟਾਂ ਲਈਆਂ। ਜਿ਼ਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਸਦੀ ਗੇਂਦਬਾਜ਼ੀ ਬਾਰੇ ਭਾਰੀ ਆਲੋਚਨਾ ਹੋ ਰਹੀ ਸੀ। ਕੁਝ ਲੋਕਾਂ ਨੇ ਤਾਂ ਇਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਹੁਣ ਉਸਨੂੰ ਸਨਮਾਨ ਸਹਿਤ ਸੰਨਿਆਸ ਲੈ ਲੈਣਾ ਚਾਹੀਦਾ ਹੈ। ਨਾਲ ਹੀ ਇਹ ਵੀ ਕਿਹਾ ਜਾ ਲੱਗਿਆ ਸੀ ਕਿ ਕੁੰਬਲੇ ਦੀਆਂ ਗੇਂਦਾਂ ਵਿਚ ਹੁਣ ਪਹਿਲਾਂ ਵਰਗੀ ਲੈਅ ਨਹੀਂ ਸੀ ਰਹਿ ਗਈ। ਅਨਿਲ ਕੁੰਬਲੇ ਨੇ ਆਪਣਾ ਮੁੱਢਲਾ ਕ੍ਰਿਕਟ ਜੀਵਨ ਤੇਜ਼ ਗੇਂਦਬਾਜ਼ ਵਜੋਂ ਸ਼ੁਰੂ ਕੀਤਾ ਪਰ ਬਾਅਦ ਵਿਚ ਉਸਨੂੰ ਅਹਿਸਾਸ ਹੋਇਆ ਕਿ ਸਪਿਨਰ ਵਜੋਂ ਉਹ ਵਧੇਰੇ ਠੀਕ ਰਹੇਗਾ।
 ਅਨਿਲ ਕੁੰਬਲੇ ਬਾਕੀ ਸਪਿਨਰਾਂ ਨਾਲੋਂ ਬਿਲਕੁਲ ਵੱਖਰਾ ਹੈ। ਜਿਥੇ ਸ਼ੇਨ ਵਾਰਨ ਅਤੇ ਮੁਰਲੀਧਰਨ ਨੇ ਗੇਂਦ ਨੂੰ ਜ਼ਬਰਦਸਤ ਢੰਗ ਨਾਲ ਘੁੰਮਾਉਣ ਦੀ ਸਮਰਥਾ ਨਾਲ ਵਿਕਟਾਂ ਲਈਆਂ ਉਥੇ ਕੁੰਬਲੇ ਨੇ ਵਧੇਰੇ ਵਿਕਟਾਂ ਆਪਣੀ ਗੁਗਲੀ, ਟਾਪ ਸਪਿਨ ਅਤੇ ਫਲਿਪਰ ਜਿਹੀਆਂ ਗੇਂਦਾਂ ਨਾਲ ਲਈਆਂ। ਉਸਦੀ ਇਕ ਸੀਮਾ ਵੀ ਹੈ ਕਿ ਉਹ ਗੇਂਦ ਨੂੰ ਵਧੇਰੇ ਘੁੰਮਾ ਨਹੀਂ ਸਕਦੇ ਪਰ ਇਹ ਕਮੀ ਉਹ ਆਪਣੀਆਂ ਗੇਂਦਾਂ ਵਿਚ ਰਫ਼ਤਾਰ ਲਿਆਕੇ ਪੂਰੀ ਕਰਦਾ ਹੈ।
 38 ਸਾਲਾ ਅਨਿਲ ਕੁੰਬਲੇ ਇਸ ਵੇਲੇ ਦੁਨੀਆਂ ਦੇ ਤੀਜੇ ਸਭ ਤੋਂ ਵਧੇਰੇ ਵਿਕਟਾਂ ਲੈਣ ਵਾਲੇ ਖਿਡਾਰੀ ਹਨ। ਉਸਨੇ 619 ਵਿਕਟਾਂ ਲਈਆਂ ਹਨ। ਭਾਰਤੀ ਟੈਸਟ ਕ੍ਰਿਕਟ ਵਿਚ ਸ਼ਾਇਦ ਹੀ ਕਿਸੇ ਗੇਂਦਬਾਜ਼ ਨੇ ਭਾਰਤ ਨੂੰ ਇੰਨੇ ਮੈਚਾਂ ਵਿਚ ਜਿੱਤ ਦਿਵਾਈ ਹੋਵੇ ਜਿੰਨੇ ਮੈਚ ਅਨਿਲ ਕੁੰਬਲੇ ਨੇ ਜਿਤਵਾਏ ਹਨ। ਆਪਣੇ 18 ਸਾਲ ਦੇ ਕੈਰੀਅਰ ਵਿਚ ਅਨਿਲ ਕੁੰਬਲੇ ਨੇ ਚੰਗੇ ਚੰਗੇ ਬੱਲੇਬਾਜ਼ਾਂ ਦੀਆਂ ਵਿਕਟਾਂ ਝਾੜੀਆਂ ਅਤੇ ਟੈਸਟ ਮੈਚਾਂ ਵਿਚ 600 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਅਤੇ ਦੁਨੀਆਂ ਦੇ ਤੀਜੇ ਗੇਂਦਬਾਜ਼ ਹਨ। ਕੁੰਬਲੇ ਦੇ ਨਾਮ ਰਿਕਾਰਡਾਂ ਦੀ ਲਾਈਨ ਲੱਗੀ ਹੋਈ ਹੈ। ਸਾਲ 1999 ਵਿਚ ਉਸਨੇ ਪਾਕਿਸਤਾਨ ਦੇ ਖਿਲਾਫ਼ ਟੈਸਟ ਮੈਚ ਵਿਚ ਸਾਰੀਆਂ ਦਸ ਵਿਕਟਾਂ ਲਈਆਂ ਅਤੇ ਅਜਿਹਾ ਕਰਨ ਵਾਲਾ ਉਹ ਦੁਨੀਆਂ ਦਾ ਦੂਜਾ ਗੇਂਦਬਾਜ਼ ਹੈ।
 ਕੁੰਬਲੇ ਨੇ ਆਪਣੇ ਕੈਰੀਅਰ ਦੇ ਆਖ਼ਰੀ ਪੜਾਅ ਵਿਚ ਟੈਸਟ ਟੀਮ ਦੀ ਕਪਤਾਨੀ ਸੰਭਾਲੀ ਅਤੇ ਉਸਨੂੰ ਚੰਗੀ ਤਰ੍ਹਾਂ ਨਿਭਾਇਆ।
 ਸਾਲ 1990 ਵਿਚ ਇੰਗਲੈਂਡ ਦੇ ਮੈਨਚੈਸਟਰ ਵਿਚ ਇੰਗਲੈਂਡ ਦੇ ਖਿਲਾਫ਼ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਕੁੰਬਲੇ ਨੇ ਭਾਰਤ ਲਈ 132 ਟੈਸਟ ਮੈਚ ਖੇਡਦੇ ਹੋਏ 29.59 ਦੌੜਾਂ ਦੀ ਔਸਤ ਨਾਲ ਕੁੱਲ 619 ਵਿਕਟਾਂ ਲਈਆਂ। ਕੁੰਬਲੇ ਨੇ ਟੈਸਟ ਮੈਚਾਂ ਵਿਚ 2461 ਦੌੜਾਂ ਵੀ ਬਣਾਈਆਂ ਹਨ। ਉਸਦੇ ਖਾਤੇ ਵਿਚ ਇਕ ਸੈਂਕੜਾ ਅਤੇ ਪੰਜ ਅਰਧ ਸੈਂਕੜੇ ਹਨ। ਇਸਤੋਂ ਇਲਾਵਾ ਉਸਨੇ 59 ਕੈਚ ਵੀ ਲਈਆਂ ਹਨ। ਵਿਕਟਾਂ ਦੇ ਲਿਹਾਜ਼ ਨਾਲ ਉਹ ਦੁਨੀਆਂ ਦੇ ਤੀਜੇ ਸਭ ਤੋਂ ਕਾਮਯਾਬ ਟੈਸਟ ਗੇਂਦਬਾਜ਼ ਹਨ। ਉਸਤੋਂ ਅਗੇ ਸ੍ਰੀਲੰਕਾ ਦੇ ਮੁਥਈਆ ਮੁਰਲੀਧਰਨ (756) ਅਤੇ ਆਸਟ੍ਰੇਲੀਆ ਦੇ ਸ਼ੇਨਵਾਰਨ (708) ਵਿਕਟਾਂ ਨਾਲ ਹਨ। ਕੁੰਬਲੇ ਭਾਰਤ ਦਾ ਸਭ ਤੋਂ ਕਾਮਯਾਬ ਇਕ ਰੋਜ਼ਾ ਅਤੇ ਟੈਸਟ ਗੇਂਦਬਾਜ਼ ਹੈ। ਕੁੰਬਲੇ ਨੇ 19 ਮਾਰਚ 2007 ਨੂੰ ਪੋਰਟ ਆਫ਼ ਸਪੇਨ ਵਿਚ ਆਪਣੇ ਕੈਰੀਅਰ ਦਾ ਆਖ਼ਰੀ ਇਕ ਰੋਜ਼ਾ ਮੈਚ ਖੇਡਿਆ ਸੀ। ਉਸਨੇ 271 ਮੈਚਾਂ ਵਿਚ 337 ਵਿਕਟਾਂ ਲਈਆਂ ਹਨ।
 ਅਨਿਲ ਕੁੰਬਲੇ ਨੇ ਆਪਣੇ ਕੌਮਾਂਤਰੀ ਕ੍ਰਿਕਟ ਜੀਵਨ ਦੀ ਸ਼ੁਰੂਆਤ ਜਿਸ ਸ਼ਾਨ ਨਾਲ ਕੀਤੀ ਸੀ, ਉਸੇ ਹੀ ਸ਼ਾਨ ਨਾਲ ਉਸਨੂੰ ਭਾਰਤੀ ਟੀਮ ਵਲੋਂ ਵਿਦਾਈ ਵੀ ਦਿੱਤੀ ਗਈ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>