ਲਾਲੂ ਨੇ ਦਿਤਾ ਰਾਜ ਠਾਕੁਰੇ ਬਾਰੇ ਅਲਟੀਮੇਟਮ

 ਪਟਨਾ- ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਅਪੀਲ ਕੀਤੀ ਹੈ ਕਿ ਜੇਕਰ ਰਾਜ ਠਾਕਰੇ ਦੇ ਖਿਲਾਫ਼ 15 ਨਵੰਬਰ ਤੱਕ ਸਖ਼ਤ ਕਾਰਵਾਈ ਨਾ ਹੋਈ ਤਾਂ ਬਿਹਾਰ ਦੇ ਸਾਰੇ ਸਾਂਸਦਾਂ ਅਤੇ ਵਿਧਾਇਕਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਪਟਨਾ ਵਿਖੇ ਛਠ ਪੂਜਾ ਤੋਂ ਪਹਿਲਾਂ ਪਤੱਰਕਾਰਾਂ ਨਾਲ ਗੱਲਬਾਤ ਵਿਚ ਲਾਲੂ ਪ੍ਰਸਾਦ ਨੇ ਬਿਹਾਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਰਾਜ ਠਾਕਰੇ ਅਤੇ ਸਿ਼ਵਸੈਨਾ ਦੇ ਖਿਲਾਫ਼  ਕਾਰਵਾਈ ਲਈ ਰਾਜ ਦੇ ਸਾਰੇ ਸਾਂਸਦਾਂ ਅਤੇ ਵਿਧਾਇਕਾਂ ਨੂੰ ਰਲਕੇ ਅੱਗੇ ਆਉਣਾ ਚਾਹੀਦਾ ਹੈ।
 ਲਾਲੂ ਨੇ ਕਿਹਾ ਕਿ ਰਾਜ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਭਾਵੇਂ ਉਹ ਸੱਤਾ ਵਿਚ ਹੋਣ ਜਾਂ ਬਾਹਰ, ਇਸ ਮੁੱਦੇ ‘ਤੇ 15 ਨਵੰਬਰ ਤੋਂ ਪਹਿਲਾਂ ਇਕ ਰਾਏ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, “ਇਹ ਵੋਟ ਦੀ ਰਾਜਨੀਤੀ ਦੇ ਲਈ ਨਹੀਂ ਹੈ। ਬਿਹਾਰ ਦੇ ਲੋਕਾਂ ਦੇ ਹਿੱਤ ਵਿਚ ਸਾਰੀਆਂ ਪਾਰਟੀਆਂ ਅੱਗੇ ਆਉਣ। ਸੁਸ਼ੀਲ ਮੋਦੀ, ਪਾਸਵਾਨ, ਬਸਪਾ, ਸਾਡੀ ਪਾਰਟੀ ਅਤੇ ਹੋਰ ਪਾਰਟੀਆਂ ਨੂੰ ਵੀ ਇਕਠਿਆਂ ਇਸ ਮੁੱਦੇ ‘ਤੇ ਅੱਗੇ ਆਉਣਾ ਚਾਹੀਦਾ ਹੈ।”
  ਲਾਲੂ ਪ੍ਰਸਾਦ ਦਾ ਕਹਿਣਾ ਹੈ ਕਿ ਬਿਹਾਰ ਦੇ ਰਹਿਣ ਵਾਲੇ ਰਾਹਲ ਰਾਜ ਦੇ ਐਨਕਾਊਂਟਰ ਤੋਂ ਬਾਅਦ ਜਿਵੇਂ ਸਾਰੀਆਂ ਪਾਰਟੀਆਂ ਨੇ ਏਕਾ ਵਿਖਾਇਆ ਸੀ, ਉਵੇਂ ਹੀ ਅਗਲੀ ਲੜਾਈ ਲੜਣ ਦੀ ਲੋੜ ਵੀ ਹੈ। ਉਨ੍ਹਾਂ ਨੇ ਰਾਹੁਲ ਰਾਜ ਅਤੇ ਹੋਰਨਾਂ ਉੱਤਰ ਭਾਰਤੀਆਂ ਦੇ ਮਾਰੇ ਜਾਣ ਦੀ ਨਿਆਂਇਕ ਜਾਂਚ ਅਤੇ ਰਾਜ ਠਾਕਰੇ ਦੀ ਗ੍ਰਿਫਤਾਰੀ ਦੀ ਮੰਗ ਕੀਤੀ।
 ਇਸਦੇ ਨਾਲ ਹੀ ਲਾਲੂ ਨੇ ਮੁੱਖ ਮੰਤਰੀ ਨੀਤੀਸ਼ ਕੁਮਾਰ ‘ਤੇ ਸਾਰੀਆਂ ਪਾਰਟੀਆਂ ਦੇ ਏਕੇ ਨੂੰ ਖ਼ਤਮ ਕਰਨ ਦਾ ਇਲਜ਼ਾਮ ਵੀ ਲਾਇਆ ਹੈ। ਲਾਲੂ ਨੇ ਇਸ ਮਸਲੇ ‘ਤੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਰਾਜ ਤੋਂ ਸਬੰਧ ਤੋੜਣ ਦੀ ਚੁਣੌਤੀ ਦਿੱਤੀ। ਰੇਲ ਮੰਤਰੀ ਨੇ ਕਿਹਾ ਕਿ ਰਾਜ ਠਾਕਰੇ ਦੇਸ਼ਧਰੋਹੀ ਹੈ ਅਤੇ ਜਿਹੜੀ ਵੀ ਪਾਰਟੀ ਰਾਜ ਠਾਕਰੇ ਦੇ ਖਾਨਦਾਨ ਨਾਲ ਸਬੰਧ ਰੱਖੇਗੀ ਉਹ ਵੀ ਦੇਸ਼ਧਰੋਹੀ ਹੈ।
 ਜਿ਼ਕਰਯੋਗ ਹੈ ਕਿ ਲਾਲੂ ਨੇ ਸਾਰੀਆਂ ਪਾਰਟੀਆਂ ਦੇ ਅਸਤੀਫ਼ੇ ਦੀ ਗੱਲ ਅਜਿਹੇ ਸਮੇਂ ਕੀਤੀ ਹੈ ਜਦ ਬਿਹਾਰ ਦੀ ਸੱਤਾਧਾਰੀ ਪਾਰਟੀ ਜਨਤਾ ਦਲ-ਯੂ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਜੇਕਰ ਰਾਜ ਠਾਕਰੇ ‘ਤੇ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਦੇ ਪੰਜ ਸਾਂਸਦ ਸੰਸਦ ਤੋਂ ਅਸਤੀਫ਼ਾ ਦੇ ਦੇਣਗੇ।
 ਲਾਲੂ ਨੇ ਕਿਹਾ ਕਿ ਇਹ ਇਕ ਤ੍ਰਾਸਦੀ ਹੈ ਕਿ ਸਿ਼ਵਸੈਨਾ ਦਾ ਸਾਥ ਦੇਣ ਵਾਲੀ ਬੀਜੇਪੀ ਦੇ ਨਾਲ ਜੇਡੀਯੂ ਦਾ ਗਠਜੋੜ ਹੈ। ਪਟਨਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲਾਲੂ ਨੇ ਕਿਹਾ ਕਿ ਜੇਕਰ 15 ਨਵੰਬਰ ਤੱਕ ਰਾਜ ਠਾਕਰੇ ਨੂੰ ਰਾਸੁਕਾ ਦੇ ਤਹਿਤ ਗ੍ਰਿਫਤਾਰ ਨਾ ਕੀਤਾ ਗਿਾ ਤਾਂ ਉਨ੍ਹਾਂ ਦੀ ਪਾਰਟੀ ਦੇ ਸਾਂਸਦ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਨੇ ਕਿਹਾ ਕਿ ਮੈਂ 15 ਸਤੰਬਰ ਤਕ ਆਪਣੀ ਪਾਰਟੀ ਦੇ 24 ਲੋਕਸਭਾ ਮੈਂਬਰਾਂ, ਚਾਰ ਰਾਜਸਭਾ ਮੈਂਬਰਾਂ, 55 ਵਿਧਾਇਕਾਂ ਅਤੇ 15 ਵਿਧਾਨ ਕੌਂਸਲ ਦੇ ਮੈਂਬਰਾਂ ਦਾ ਅਸਤੀਫ਼ਾ ਲੈ ਲਵਾਂਗਾ। ਲਾਲੂ ਨੇ ਬਿਹਾਰ ਦੀਆਂ ਹੋਰਨਾਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਅਜਿਹਾ ਹੀ ਕਦਮ ਚੁਕਣ। ਲਾਲੂ ਨੇ ਕਿਹਾ ਕਿ ਬਿਹਾਰ ਦੇ ਸਾਰੇ ਸਾਂਸਦ, ਵਿਧਾਇਕ ਪਟਨੇ ਵਿਚ ਜੈਪ੍ਰਕਾਸ਼ ਨਾਰਾਇਣ ਦੀ ਮੂਰਤੀ ਦੇ ਸਾਹਮਣੇ ਅੰਦੋਲਨ ਦੀ ਸ਼ੁਰੂਆਤ ਕਰਨਗੇ।
 ਲਾਲੂ ਪ੍ਰਸਾਦ ਵਲੋਂ ਦਿੱਤੇ ਬਿਆਨ ਸਬੰਧੀ ਆਪਣੀ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਕਿਹਾ ਹੈ ਕਿ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁੱਖੀ ਰਾਜ ਠਾਕਰੇ ‘ਤੇ ਕਾਰਵਾਈ ਦਾ ਅਸਲੀ ਦਬਾਅ ਰੇਲ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਹੀ ਪਾ ਸਕਦੇ ਹਨ।
 ਉਨ੍ਹਾਂ ਨੇ ਕਿਹਾ ਕਿ ਜੇਕਰ ਇਕ ਵਾਰ ਲਾਲੂ ਪ੍ਰਸਾਦ ਯਾਦਵ ਯੂਪੀਏ ਸਰਕਾਰ ਦੇ ਲੀਡਰਾਂ ਨੂੰ ਮਨੋਂ ਧਮਕੀ ਦੇ ਦੇਣ ਕਿ ਕਾਰਵਾਈ ਨਾ ਹੋਣ ‘ਤੇ ਉਨ੍ਹਾਂ ਦੇ ਸਾਂਸਦ ਅਸਤੀਫ਼ਾ ਦੇ ਦੇਣਗੇ ਤਾਂ ਸਰਕਾਰ ਬਚਾਉਣ ਲਈ ਇਹ ਕਾਰਵਾਈ ਤੁਰੰਤ ਹੋ ਸਕਦੀ ਹੈ। ਬਿਹਾਰ ਦੇ ਸਾਰੇ ਸਾਂਸਦਾਂ ਅਤੇ ਵਿਧਾਇਕਾਂ ਦੇ ਅਸਤੀਫ਼ੇ ਦੇ ਲਾਲੂ ਪ੍ਰਸਾਦ ਯਾਦਵ ਦੇ ਅਲਟੀਮੇਟਮ ਬਾਰੇ ਨੀਤੀਸ਼ ਕੁਮਾਰ ਨੇ ਕਿਹਾ ਕਿ ਬਿਹਾਰ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਾਉਣ ਕਈ ਵਧੀਆ ਰਣਨੀਤੀ ਨਹੀਂ ਹੋਵੇਗੀ।
 ਨੀਤੀਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਸਾਂਸਦਾਂ ਦੇ ਅਸਤੀਫ਼ੇ ਦੀ ਗੱਲ ਇਸਲਈ ਕਰ ਰਹੇ ਹਨ ਜਿਸ ਨਾਲ ਯੂਪੀਏ ਵਿਚ ਸ਼ਾਮਲ ਬਿਹਾਰ ਦੇ ਸਾਂਸਦਾਂ ਨੂੰ ਤਾਕਤ ਮਿਲ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਪੇਸ਼ਕੱਸ਼ ਦਾ ਮਤਲਬ ਰਾਜਨੀਤੀ ਕਰਨਾ ਨਹੀਂ ਹੈ ਅਤੇ ਲਾਲੂ ਪ੍ਰਸਾਦ ਯਾਦਵ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ।  ਬਿਹਾਰ ਦੇ ਵਿਧਾਇਕਾਂ ਦੇ ਅਸਤੀਫਿਆਂ ਬਾਰੇ ਲਾਲੂ ਪ੍ਰਸਾਦ ਦੇ ਅਲਟੀਮੇਟਮ ਦਾ ਵਿਰੋਧ ਕਰਦੇ ਹੋਏ ਬਿਹਾਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੰਗ ਇਹ ਹੈ ਕਿ ਮਹਾਰਾਸ਼ਟਰ ਸਰਕਾਰ ਨੂੰ ਧਾਰਾ 356 ਦੇ ਤਹਿਤ ਬਰਖਾਸਤ ਕਰ ਦਿੱਤਾ ਜਾਵੇ ਪਰ ਬਿਹਾਰ ਦੇ ਵਿਧਾਇਕਾਂ ਦੇ ਅਸਤੀਫ਼ੇ ਨਾਲ ਬਿਹਾਰ ਵਿਚ ਹੀ ਧਾਰਾ 356 ਲਵਾਕੇ ਰਾਸ਼ਟਰਪਤੀ ਰਾਜ ਲੁਆਉਣਾ ਪਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਵਿਧਾਇਕਾਂ ਦਾ ਅਸਤੀਫ਼ਾ ਤਾਂ ਆਪਣੇ ਪੈਰਾਂ ‘ਤੇ ਕੁਹਾੜੀ ਮਾਰਨ ਵਰਗਾ ਹੀ ਹੈ। ਨੀਤੀਸ਼ ਨੇ ਕਿਹਾ ਕਿ ਅਸਤੀਫ਼ਾ ਦੇਣ ਦਾ ਕੋਈ ਮਤਲਬ ਹੋਣਾ ਚਾਹੀਦਾ ਹੈ।
 ਜਿ਼ਕਰਯੋਗ ਹੈ ਕਿ ਮੁੰਬਈ ਰੇਲਵੇ ਦੀ ਪਰੀਖਿਆ ਦੇਣ ਗਏ ਵਿਦਿਆਰਥੀਆਂ ਨੂੰ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਵਰਕਰਾਂ ਨੇ ਕੁਟਾਪਾ ਚਾੜ੍ਹਿਆ ਸੀ ਅਤੇ ਇਸਤੋਂ ਬਾਅਦ ਤੋਂ ਰਾਜ ਠਾਕਰੇ ‘ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਸਰਕਾਰ ਰਾਜ ਠਾਕਰੇ ਨੂੰ ਬਚਾਉਣ ਲਈ ਕੋਸਿ਼ਸ਼ਾਂ ਕਰ ਰਹੀ ਹੈ।
 ਇਸਤੋਂ ਬਾਅਦ ਬਿਹਾਰ ਦੇ ਇਕ ਨੌਜਵਾਨ ਨੂੰ ਪੁਲਿਸ ਵਲੋਂ ਕਥਿਤ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਇਸ ਸਬੰਧੀ ਵੀ ਬਿਹਾਰ ਵਿਚ ਮਹਾਰਾਸ਼ਟਰ ਸਰਕਾਰ ਦੇ ਖਿਲਾਫ਼ ਨਰਾਜ਼ਗ਼ੀ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>