ਸਿ਼ਵਸੈਨਾ ਸਾਧਣੀ ਦੀ ਹਿਮਾਇਤ ਵਿਚ ਆਈ

 ਪੁਣੇ/ਨਵੀਂ ਦਿੱਲੀ- ਸਿ਼ਵਸੈਨਾ ਮਾਲੇਗਾਂਵ ਬੰਬ ਧਮਾਕੇ ਦੇ ਮਾਮਲੇ ‘ਚ ਗ੍ਰਿਫਤਾਰ ਸਾਧਣੀ ਪ੍ਰਗਿਆ ਠਾਕੁਰ ਸਮੇਤ ਹੋਰਨਾਂ ਆਰੋਪੀਆਂ ਦੀ ਹਿਮਾਇਤ ਵਿਚ ਖੁਲ੍ਹ ਕੇ ਸਾਹਮਣੇ ਆ ਗਈ ਹੈ। ਸਿ਼ਵਸੈਨਾ ਦੇ ਮੁੱਖੀ ਬਾਲ ਠਾਕਰੇ ਨੇ ਸਾਧਣੀ ਨਾਲ ਸੰਬਧਾਂ ਤੋਂ ਇਨਕਾਰ ਕਰਨ ਵਾਲੀਆਂ ਹਿੰਦੂ ਜਥੇਬੰਦੀਆਂ ਦੀ ਸਖ਼ਤ ਆਲੋਚਨਾ ਕੀਤੀ ਹੈ। ਨਾਲ ਹੀ ਸਿ਼ਵਸੈਨਾ ਨੇ ਤਿੰਨੇ ਆਰੋਪੀਆਂ ਨੂੰ ਕਾਨੂੰਨੀ ਮਦਦ ਦੇਣ ਦੀ ਵੀ ਗੱਲ ਕਹੀ ਹੈ। ਉਧਰ, ਭਾਜਪਾ ਨੇ ਮਾਲੇਗਾਂਵ ਧਮਾਕੇ ਦੇ ਆਰੋਪੀਆਂ ਨੂੰ ਕਾਨੂੰਨੀ ਮਦਦ ਦੇਣ ਦੇ ਸਿ਼ਵਸੈਨਾ ਦੇ ਕਦਮ ਦੀ ਹਿਮਾਇਤ ਕੀਤੀ ਹੈ। ਇਸ ਬਾਰੇ ਭਾਜਪਾ ਦਾ ਕਹਿਣਾ ਹੈ ਕਿ ਕਿਸੇ ਦੀ ਮਦਦ ਦੇ ਲਈ ਨਿਜੀ ਫੰਡ ਦੀ ਵਰਤੋਂ ਕਰਨ ਵਿਚ ਕੋਈ ਗਲਤ ਗੱਲ ਨਹੀਂ ਹੈ।
 ਪਾਰਟੀ ਦੇ ਮੁੱਖ ਪੱਤਰ ‘ਸਾਮਨਾ’ ਵਿਚ ਲਿਖੇ ਸੰਪਾਦਕੀ ਵਿਚ ਬਾਲ ਠਾਕਰੇ ਨੇ ਕਿਹਾ ਹੈ ਕਿ ਪੂਰੇ ਹਿੰਦੂ ਭਾਈਚਾਰੇ ਨੂੰ ਸਾਧਣੀ ਦੇ ਬਚਾਅ ਲਈ ਅੱਗੇ ਆਉਣਾ ਚਾਹੀਦਾ ਹੈ। ਅਤਿਵਾਦ ਰੋਕੂ ਦਸਤੇ ‘ਤੇ ਨਿਸ਼ਾਨਾ ਲਾਉਂਦੇ ਹੋਏ ਬਾਲ ਠਾਕਰੇ ਨੇ ਕਿਹਾ ਕਿ ਰਿਟਾਇਰਡ ਮੇਜਰ ਰਮੇਸ਼ ਉਪਾਧਿਆਇ ਅਤੇ ਸਮੀਰ ਕੁਲਕਰਣੀ ਨੂੰ ਏਟੀਐਸ ਗਲਤ ਢੰਗ ਨਾਲ ਫਸਾ ਰਹੀ ਹੈ। ਠਾਕਰੇ ਨੇ ਕਿਹਾ ਕਿ ਉਹ ਅਤਿਵਾਦ ਦਾ ਕਿਸੇ ਤਰ੍ਹਾਂ ਸਮਰਥਨ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਉਹ ਮਾਲੇਗਾਂਵ ਘਟਨਾ ਦੀ ਨਿਖੇਧੀ ਕਰਦੇ ਹਨ।
 ਬਾਲ ਠਾਕਰੇ ਨੇ ਕਿਹਾ ਕਿ ਜਦ ਧਰਮ ਨਿਰਪੇਖਤਾ ਦਾ ਨਾਟਕ ਕਰਨ ਵਾਲੇ ਸੰਸਦ ‘ਤੇ ਹਮਲਾ ਕਰਨ ਵਾਲੇ ਅਫ਼ਜਲ ਗੁਰੂ ਦੀ ਹਿਮਾਇਤ ਕਰ ਸਕਦੇ ਹਨ ਤਾਂ ਸਾਨੂੰ ਕਿਉਂ ਸਾਧਣੀ ਪ੍ਰਗਿਆ ਠਾਕੁਰ, ਰਮੇਸ਼ ਉਪਾਧਿਆਇ ਅਤੇ ਸਮੀਰ ਕੁਲਕਰਣੀ ‘ਤੇ ਫ਼ਖਰ ਨਹੀਂ ਕਰਨਾ ਚਾਹੀਦਾ? ਦੇਸ਼ ਭਰ ਵਿਚ ਅਤਿਵਾਦੀਆਂ ਹੱਥੋਂ ਹਿੰਦੂ ਮਾਰੇ ਜਾ ਰਹੇ ਹਨ। ਅਜੇ ਅਸਮ ਵਿਚ ਹੋਏ ਧਮਾਕਿਆਂ ਵਿਚ ਵੀ ਗ਼ੈਰਕਾਨੂੰਨੀ ਬੰਗਲਾਦੇਸ਼ੀਆਂ ਦਾ ਹੱਥ ਹੈ। ਠਾਕਰੇ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਏਟੀਐਸ ਮਸ਼ੀਨਰੀ ਦੀ ਗਲਤ ਵਰਤੋਂ ਕਰ ਰਹੀ ਹੈ। ਅਜਿਹਾ ਗਲਤ ਨੀਤੀਆਂ ਦੇ ਤਹਿਤ ਕੀਤਾ ਜਾ ਰਿਹਾ ਹੈ। ਠਾਕਰੇ ਨੇ ਕਿਹਾ ਕਿ ਮੁਸਲਿਮ ਕੱਟੜ ਪੰਥੀਆਂ ਨੂੰ ਖੁਸ਼ ਕਰਨ ਲਈ ਜਾਣਬੁੱਝਕੇ ਹਿੰਦੂਆਂ ਨੂੰ ਫਸਾਇਆ ਜਾ ਰਿਹਾ ਹੈ। ਸੰਪਾਦਕੀ ਵਿਚ ਉਨ੍ਹਾਂ ਹਿੰਦੂ ਜਥੇਬੰਦੀਆਂ ਅਤੇ ਪਾਰਟੀਆਂ ਦੀ ਵੀ ਨਿਖੇਧੀ ਕੀਤੀ ਗਈ ਹੈ ਜੋ ਮਾਲੇਗਾਂਵ ਧਮਾਕੇ ਦੇ ਤਿੰਨ ਆਰੋਪੀਆਂ ਨੂੰ ਪਛਾਣਨ ਤੋਂ ਇਨਕਾਰ ਕਰ ਰਹੇ ਹਨ।
 ਮਾਲੇਗਾਂਵ ਧਮਾਕਿਆਂ ਦੇ ਆਰੋਪੀਆਂ ਨੂੰ ਕਾਨੂੰਨੀ ਮਦਦ ਦੇਣ ਦੇ ਮੁੱਦੇ ‘ਤੇ ਭਾਜਪਾ ਦੇ ਬੁਲਾਰੇ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਇਸ ਮੁੱਦੇ ‘ਤੇ ਸੰਘ ਨੇ ਵੀ ਮਦਦ ਦਾ ਭਰੋਸਾ ਦਿੱਤਾ ਹੈ। ਇਸ ਮਸਲੇ ‘ਤੇ ਸਾਡੀ ਪਾਰਟੀ ਦਾ ਸਟੈਂਡ ਪਹਿਲੇ ਦਿਨ ਤੋਂ ਹੀ ਇਕੋ ਜਿਹਾ ਹੈ। ਕਿਸੇ ਨਾਲ ਵੀ ਧਰਮ, ਜਾਤੀ ਅਤੇ ਆਧਾਰ ‘ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਜਾਮੀਆ ਨਗਰ ਵਿਚ ਫੜੇ ਗਏ ਅਤਿਵਾਦੀਆਂ ਨੂੰ ਕਾਨੂੰਨੀ ਮਦਦ ਦੇਣ ਦਾ ਵਿਰੋਧ ਕਰਨ ਦੇ ਮੁੱਦੇ ‘ਤੇ ਪੁੱਛੇ ਜਾਣ ‘ਤੇ ਜਾਵਡੇਕਰ ਨੇ ਕਿਹਾ ਕਿ ਅਸੀਂ ਇਸਦੀ ਵਿਰੋਧਤਾ ਇਸ ਲਈ ਕਰ ਰਹੇ ਹਾਂ ਕਿ ਇਸ ਲਈ ਜਨਤਾ ਦੇ ਪੈਸੇ ਦੀ ਵਰਤੋਂ ਕੀਤੀ ਜਾਣੀ ਹੈ।
 ਸਾਧਣੀ ਪ੍ਰਗਿਆ ਠਾਕੁਰ ਸਮੇਤ ਮਾਲੇਗਾਂਵ ਧਮਾਕੇ ਦੇ ਤਿੰਨੇ ਆਰੋਪੀਆਂ ਦਾ ਸ਼ਨਿੱਚਰਵਾਰ ਨੂੰ ਪਾਲੀਗਰਾਫ਼ ਟੈਸਟ ਕਰਾਇਆ ਗਿਆ। ਟੈਸਟ ਮੁੰਬਈ ਵਿਖੇ ਕਲੀਨਾ ਫੋਰੇਂਸਿਕ ਸਾਇੰਸ ਲੈਬਾਰਟਰੀ ਵਿਚ ਕਰਾਇਆ ਗਿਆ। ਪੁਲਿਸ ਸੂਤਰਾਂ ਮੁਤਾਬਕ ਸਖ਼ਤ ਸੁਰੱਖਿਆ ਵਿਚ ਸਾਧਣੀ ਪ੍ਰਗਿਆ ਠਾਕੁਰ, ਸਾਬਕਾ ਫੌਜੀ ਅਫ਼ਸਰ ਰਮੇਸ਼ ਉਪਾਧਿਆਇ ਅਤੇ ਸਮੀਰ ਕੁਲਕਰਣੀ ਨੂੰ ਟੈਸਟ ਲਈ ਲੇਬਰੇਟਰੀ ਲਿਆਂਦਾ ਗਿਆ। ਇਨ੍ਹਾਂ ਚੋਂ ਕੁਝ ਆਰੋਪੀਆਂ ਦਾ ਟੈਸਟ ਸ਼ੁਕਰਵਾਰ ਨੂੰ ਵੀ ਹੋਇਆ ਸੀ। ਮਾਲੇਗਾਂਵ ਧਮਾਕੇ ਦੇ ਮਾਮਲੇ ਵਿਚ ਸਾਧਵੀ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਧਮਾਕੇ ਵਿਚ ਛੇ ਲੋਕ ਮਾਰੇ ਗਏ ਸਨ।
 ਇਸ ਸਬੰਧੀ ਬੰਬ ਧਮਾਕਕਿਆਂ ਦੇ ਸਿਲਸਿਲੇ ਵਿਚ ਜਦ ਮਹਾਰਾਸ਼ਟਰ ਪੁਲਿਸ ਦੇ ਅਤਿਵਾਦ ਵਿਰੋਧੀ ਦਸਤੇ ( ਏਟੀਐਸ) ਨੇ ਕੁਝ ਸਾਬਕਾ ਫੌਜੀਆਂ ਤੋਂ ਪੁੱਛਗਿੱਛ ਲਈ ਗ੍ਰਿਫਤਾਰ ਕੀਤਾ ਤਾਂ ਨਾਸਿਕ ਵਿਖੇ ਭੋਂਸਲਾ ਮਿਲਟਰੀ ਸਕੂਲ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਪਿਛਲੇ ਦਿਨੀਂ ਭੋਂਸਲਾ ਮਿਲਟਰੀ ਸਕੂਲ ਨਾਲ ਜੁੜੇ ਦੋ ਲੋਕਾਂ ਪਾਸੋਂ ਪੁੱਛਗਿੱਛ ਕੀਤੀ ਗਈ ਹੈ। ਇਸ ਮਿਲਟਰੀ ਸਕੂਲ ਨੂੰ ਸੈਂਟਰਲ ਹਿੰਦੂ ਮਿਲਟਰੀ ਐਜੂਕੇਸ਼ਨ ਸੋਸਾਇਟੀ ਚਲਾਉਂਦੀ ਹੈ।
 ਇਸ ਸਬੰਧੀ ਉਨ੍ਹਾਂ ਦੇ ਇਕ ਪ੍ਰਬੰਧਕ ਨੇ ਕਿਹਾ ਕਿ ਮਾਲੇਗਾਂਵ ਦੇ ਧਮਾਕਿਆਂ ਨਾਲ ਸਾਡਾ ਕੋਈ ਸਬੰਧਨਹੀਂ ਹੈ। ਇਹ ਗੱਲ ਠੀਕ ਹੈ ਕਿ ਸੰਸਥਾ ਦੇ ਕੁਝ ਲੋਕਾਂ ਤੋਂ ਪੁੱਛਗਿੱਛ ਹੋ ਰਹੀ ਹੈ। ਉਨ੍ਹਾਂ ਲੋਕਾਂ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਅਭਿਨਵ ਭਾਰਤ ਦੀ ਮੀਟਿੰਗ ਲਈ ਥਾਂ ਦਿੱਤੀ ਸੀ ਲੇਕਨ ਭੋਂਸਲਾ ਮਿਲਟਰੀ ਸਕੂਲ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।
 ਉਸ ਪ੍ਰਬੰਧਕ ਨੇ ਅਭਿਨਵ ਭਾਰਤ ਨਾਲ ਸਬੰਧ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜਿਵੇਂ ਕਿਸੇ ਵੀ ਦਫ਼ਤਰ ਵਿਚ ਕੋਈ ਮੀਟਿੰਗ ਦੇ ਲਈ ਅਰਜ਼ੀ ਦਿੰਦਾ ਹੈ ਅਤੇ ਇਵੇਂ ਹੀ ਉਨ੍ਹਾਂ ਨੇ ਵੀ ਅਰਜ਼ੀ ਦਿੱਤੀ ਸੀ ਅਤੇ ਮੀਟਿੰਗ ਕਰਕੇ ਚਲੇ ਗਏ। ਜਿ਼ਕਰਯੋਗ ਹੈ ਕਿ ਇਸ ਸੰਸਥਾ ਵਲੋਂ ਰਾਈਡਿੰਗ, ਫਾਇਰਿੰਗ, ਤੈਰਾਕੀ, ਡਿਜ਼ਾਸਟਰ ਮੈਨੇਜਮੈਂਟ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਥੇ ਕਲਾਸ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕੈਂਪ ਵੀ ਲਗਦੇ ਹਨ ਅਤੇ ਪੂਰੇ ਭਾਰਤ ਤੋਂ ਬੱਚੇ ਇਥੇ ਟ੍ਰੇਨਿੰਗ ਲਈ ਆਉਂਦੇ ਹਨ। ਉਸ ਪ੍ਰਬੰਧਕ ਨੇ ਦਿਆ ਕਿ ਸੈਂਟਰਲ ਹਿੰਦੂ ਮਿਲਟਰੀ ਐਜੂਕੇਸ਼ਨ ਸੁਸਾਇਟੀ ਇਕ ਸੁਤੰਤਰ ਸੰਸਥਾ ਹੈ ਅਤੇ ਸੰਸਥਾ ਦਾ ਸਬੰਧ ਕਿਸੇ ਤਰ੍ਹਾਂ ਵੀ ਆਰਐਸਐਸ ਨਾਲ ਨਹੀਂ ਹੈ।
 ਅਹਿਮਦਾਬਾਦ ਅਤੇ ਦਿੱਲੀ ਤੋਂ ਬਾਅਦ ਹੁਣ ਅਸਮ ਦੇ ਚਾਰ ਸ਼ਹਿਰਾਂ ਵਿਚ ਹੋਏ ਸੀਰੀਅਲ ਬਲਾਸਟ ਦੇ ਪਿੱਛੇ ਵੀ ਤੌਕੀਰ ਦਾ ਹੱਥ ਮੰਨਿਆ ਜਾ ਰਿਹਾ ਹੈ। ਅਸਮ ਧਮਾਕਿਆਂ ਦੀ ਜਾਂਚ ਕਰ ਰਹੀਆਂ ਸੁਰੱਖਿਆ ਏਜੰਸੀਆਂ ਮੁਤਾਬਕ ਅਸਮ ਵਿਚ ਹੋਏ ਬਲਾਸਟ ਦੀ ਸਾਜਿ਼ਸ਼ ਨੂੰ ਦੋ ਮੁੱਖ ਅਤਿਵਾਦੀਆਂ ਤੌਕੀਰ ਅਤੇ ਜਹਾਂਗੀਰ ਨੇ  ਅਮਲੀ ਜਾਮਾ ਪਹਿਨਾਇਆ। ਏਜੰਸੀਆਂ ਮੁਤਾਬਕ ਬੰਬ ਦੀ ਬਨਾਵਟ ਅਤੇ ਧਮਾਕਿਆਂ ਦੇ ਢੰਗ ਨੂੰ ਵੇਖਦੇ ਹੋਏ ਇਨ੍ਹਾਂ ਧਮਾਕਿਆਂ ਵਿਚ ਵੀ ਸਿਮੀ ਅਤੇ ਬੰਗਲਾਦੇਸ਼ੀ ਜਥੇਬੰਦੀ ਹੂਜੀ ਦਾ ਨਾਮ ਸਾਹਮਣੇ ਆ ਰਿਹਾ ਹੈ। ਲੇਕਨ ਸੁਰੱਖਿਆ ਏਜੰਸੀਆਂ ਅਨੁਸਾਰ ਤੌਕੀਰ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਜਹਾਂਗੀਰ ਬੰਗਲਾਦੇਸ਼ ਵਿਚ ਹੈ ਅਤੇ ਉਹ ਹੂਜੀ ਦਾ ਮੈਂਬਰ ਮੀਨਆ ਜਾ ਰਿਹਾ ਹੈ। ਇਨ੍ਹਾਂ ਧਮਾਕਿਆਂ ਦੀ ਜਾਂਦ ਕਰਦੇ ਵੇਲੇ ਜਿਹੜੇ ਵੀ ਸਬੂਤ ਮਿਲੇ ਹਨ ਉਹ ਬਲਾਸਟ ਵਿਚ ਇਲਸਲਾਮਿਕ ਕੱਟੜਪੰਥੀਆਂ ਵੱਲ ਇਸ਼ਾਰਾ ਕਰਦੇ ਹਨ। ਇਸਦੇ ਨਾਲ ਨਾਲ ਜਾਂਚਕਰਤਾ ਅਸਮ ਧਮਾਕਿਆਂ ਵਿਚ ਆਈਐਸਆਈ ਅਤੇ ਡਾਇਰੈਕਟਰੋਲ ਜੇਨਰਲ ਆਫ਼ ਫੋਰਸਿਸ ਇੰਟੈਲੀਜੈਂਸ ਆਫ਼ ਬੰਗਲਾਦੇਸ਼ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੇ ਹਨ। ਜਿ਼ਕਰਯੋਗ ਹੈ ਕਿ ਪਿਛਲੇ ਵੀਰਵਾਰ ਨੂੰ ਅਸਮ ਦੇ ਚਾਰ ਸ਼ਹਿਰਾਂ ਵਿਚ ਇਕ ਘੰਟੇ ਦੇ ਅੰਦਰ ਅੰਦਰ 12 ਧਮਾਕੇ ਹੋਏ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>