ਪਿਛਲੇ ਅੰਦਾਜ਼ਨ ਦੋ ਸਾਲਾਂ ਤੋਂ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਲਈ ਅੰਦਾਜ਼ੇ ਲਾਏ ਜਾ ਰਹੇ ਸਨ। ਸਭ ਤੋਂ ਪਹਿਲਾਂ ਜਦੋਂ ਰੀਪਬਲੀਕਨ ਅਤੇ ਡੈਮੋਕ੍ਰੇਟਿਕ ਪਾਰਟੀਆਂ ਦੇ ਉਮੀਦਵਾਰਾਂ ਦੀ ਚੋਣ ਹੋਣੀ ਸੀ ਉਸ ਵੇਲੇ ਰੀਬਲੀਕਨ ਉਮੀਦਵਾਰ ਜੌਹਨ ਮੈਕਕੇਨ ਆਸਾਨੀ ਨਾਲ ਆਪਣੇ ਵਿਰੋਧੀ ਉਮੀਦਵਾਰਾਂ ਤੋਂ ਜਿੱਤ ਗਿਆ। ਪਰ ਇਸਦੇ ਉਲਟ ਡੈਮੋਕ੍ਰੇਟਿਕ ਉਮੀਦਵਾਰਾਂ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਅਤੇ ਬਰਾਕ ਓਬਾਮਾ ਵਿਚਕਾਰ ਕਾਂਟੇ ਦੀ ਟੱਕਰ ਹੋਈ। ਇਸ ਤੋਂ ਬਾਅਦ ਬਰਾਕ ਓਬਾਮਾ ਜੇਤੂ ਰਿਹਾ।
ਆਖਰੀ ਦੌਰ ਵਿਚ ਹੋਏ ਮੁਕਾਬਲੇ ਵਿਚ ਵੀ ਬਰਾਕ ਓਬਾਮਾ ਨੇ ਇਤਿਹਾਸਕ ਜਿੱਤ ਹਾਸਲ ਕੀਤੀ। ਇਸਨੂੰ ਕਈ ਕਾਰਨਾਂ ਕਰਕੇ ਇਤਿਹਾਸਕ ਮੰਨਿਆਂ ਜਾ ਸਕਦਾ ਹੈ। ਪਹਿਲਾ ਇਹ ਕਿ ਬਰਾਕ ਓਬਾਮਾ ਦੇ ਪਿਤਾ ਅਫ਼ਰੀਕਨ ਅਮਰੀਕਨ ਸਨ ਅਤੇ ਉਨ੍ਹਾਂ ਦੀ ਮਾਂ ਅਮਰੀਕਨ ਸੀ। ਇਸ ਸੰਦਰਭ ਵਿਚ ਉਨ੍ਹਾਂ ਨੂੰ ਅਫ਼ਰੀਕਨ ਅਮਰੀਕਨ ਮੰਨਿਆ ਜਾਂਦਾ ਰਿਹਾ ਹੈ। ਇਸ ਹਿਸਾਬ ਨਾਲ ਬਰਾਕ ਓਬਾਮਾ ਪਹਿਲੇ ਅਫ਼ਰੀਕਨ ਅਮਰੀਕਨ ਹਨ ਜੋ ਅਮਰੀਕਾ ਦੇ ਵਾਈਟ ਹਾਊਸ ਅੰਦਰ ਬਤੌਰ ਰਾਸ਼ਟਰਪਤੀ ਪਹੁੰਚੇ ਹਨ। ਦੂਸਰਾ ਇਹ ਕਿ ਇਸ ਚੋਣ ਵਿਚ ਲੋਕਾਂ ਨੇ ਵੱਡੀ ਗਿਣਤੀ ਵਿਚ ਵੋਟਿੰਗ ਕੀਤੀ। ਕਈ ਥਾਈਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਇਸਦੇ ਨਾਲ ਹੀ ਉਨ੍ਹਾਂ ਨੂੰ ਭਾਰੀ ਬਹੁਮਤ ਵੀ ਹਾਸਲ ਹੋਇਆ। ਭਾਵ ਕੈਲੀਫੋਰਨੀਆਂ ਸਟੇਟ ਦਾ ਨਤੀਜਾ ਆਉਂਦੇ ਸਾਰ ਹੀ ਜੌਹਨ ਮੈਕਕੇਨ ਨੇ ਆਪਣੀ ਹਾਰ ਕਬੂਲ ਲਈ। ਇਨ੍ਹਾਂ ਤੱਥਾਂ ਦੇ ਆਧਾਰ ‘ਤੇ ਓਬਾਮਾ ਦੀ ਜਿੱਤ ਇਤਿਹਾਸਕ ਜਿੱਤ ਹੋ ਨਿਬੜੀ ਹੈ।
ਇਸਦੇ ਨਾਲ ਹੀ ਬਰਾਕ ਓਬਾਮਾ ਦੀ ਜਿਤ ਤੋਂ ਬਾਅਦ ਆਮ ਲੋਕਾਂ ਦੀ ਸੋਚ ਵਿਚ ਇਹ ਤਬਦੀਲੀ ਵੇਖੀ ਜਾ ਰਹੀ ਹੈ ਕਿ ਹੁਣ ਓਬਾਮਾ ਇਕ ਦਮ ਦੇਸ਼ ਵਿਚ ਤਬਦੀਲੀ ਲੈ ਆਵੇਗਾ। ਕਿਉਂਕਿ ਅਜੇ ਉਨ੍ਹਾਂ ਨੂੰ ਆਪਣਾ ਅਹੁਦਾ ਸੰਭਾਲ ਲਈ ਦੋ ਮਹੀਨਿਆਂ ਦਾ ਸਮਾਂ ਪਿਆ ਹੋਇਆ ਹੈ। ਕਿਉਂਕਿ ਰਾਸ਼ਟਰਪਤੀ ਬੁੱਸ਼ ਦੀ ਮਿਆਦ 2008 ਦਸੰਬਰ ਤੱਕ ਹੈ। ਪਰ ਲੋਕਾਂ ਦੀ ਸੋਚ ਇਹੀ ਕੰਮ ਕਰਨ ਲੱਗ ਪਈ ਹੈ ਕਿ ਬਰਾਕ ਓਬਾਮਾ ਰਾਸ਼ਟਰਪਤੀ ਬਣਦੇ ਸਾਰ ਹੀ ਦੇਸ਼ ਵਿਚ ਰਾਸ਼ਟਰਪਤੀ ਬੁੱਸ਼ ਵਲੋਂ 8 ਸਾਲਾਂ ਵਿਚ ਪਈਆਂ ਮੁਸ਼ਕਲਾਂ ਨੂੰ ਮਿੰਟਾਂ ਵਿਚ ਹੀ ਹਲ ਕਰ ਲੈਣਗੇ। ਇਹ ਸੋਚ ਬਿਲਕੁਲ ਗਲਤ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਅੱਠ ਸਾਲਾਂ ਤੋਂ ਵਿਗੜੇ ਹੋਏ ਢਾਂਚੇ ਨੂੰ ਕੁਝ ਹੀ ਦਿਨਾਂ ਜਾਂ ਮਹੀਨਿਆਂ ਵਿਚ ਹੱਲ ਕਰ ਲਿਆ ਜਾਵੇ।
ਇਨ੍ਹਾਂ ਵਿਚ ਇਰਾਕ ਜੰਗ, ਈਰਾਨ ਨਾਲ ਪ੍ਰਮਾਣੂ ਸਮਝੌਤੇ ਸਬੰਧੀ ਚਲ ਰਿਹਾ ਵਿਵਾਦ, ਅਫ਼ਗਾਨਿਸਤਾਨ ਦਾ ਮਸਲਾ ਅਤੇ ਇਨ੍ਹਾਂ ਸਭ ਤੋਂ ਉਪਰ ਅਮਰੀਕਾ ਵਿਚ ਮੌਜੂਦਾ ਸਮੇਂ ਚਲ ਰਹੀ ਆਰਥਕ ਮੰਦੀ ਹਨ। ਇਰਾਕ ਜੰਗ ਲਈ ਅਮਰੀਕਾ ਵਲੋਂ ਭੇਜੀਆਂ ਗਈਆਂ ਫੌਜਾਂ ਦੀ ਇਕਦਮ ਵਾਪਸੀ ਅਸੰਭਵ ਹੀ ਨਹੀਂ ਸਗੋਂ ਨਾਮੁਮਕਿਨ ਹੈ। ਕਿਉਂਕਿ ਇਸ ਕਾਰਜ ਲਈ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਰਾਕ ਓਬਾਮਾ ਨੂੰ ਹਾਊਸ ਆਫ਼ ਰੀਪ੍ਰੈਜੈਂਟੇਟਿਵਜ਼ ਅਤੇ ਸੈਨੇਟ ਦੇ ਸੈ਼ਸਨਾਂ ਵਿਚੋਂ ਗੁਜ਼ਰਨਾ ਪਵੇਗਾ। ਭਾਵੇਂ ਹੁਣ ਇਨ੍ਹਾਂ ਦੋਹਾਂ ਵਿਚ ਡੈਮੋਕ੍ਰੇਟਿਕ ਪਾਰਟੀ ਦਾ ਬਹੁਮਤ ਹੈ ਪਰ ਫਿਰ ਵੀ ਇਸ ਵਿਚ ਸਮਾਂ ਲਗਣਾ ਆਮ ਜਿਹੀ ਗੱਲ ਹੈ। ਇਸਤੋਂ ਬਾਅਦ ਆਪਣੀ ਚੋਣ ਮੁਹਿੰਮ ਦੌਰਾਨ ਬਰਾਕ ਓਬਾਮਾ ਵਲੋਂ ਈਰਾਨ ਮਸਲੇ ਬਾਰੇ ਕਿਹਾ ਗਿਆ ਸੀ ਕਿ ਉਹ ਜੰਗ ਨਾਲੋਂ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਚਾਹੁੰਦੇ ਹਨ, ਜੋ ਇਕ ਚੰਗੀ ਗੱਲ ਹੈ। ਕਿਉਂਕਿ ਦੁਨੀਆਂ ਵਿਚ ਸਿਆਸਤਦਾਨਾਂ ਤੋਂ ਸਿਵਾਇ ਹੋਰ ਬਹੁਤ ਘੱਟ ਲੋਕੀਂ ਹੋਣਗੇ ਜਿਹੜੇ ਲੜਾਈਆਂ ਜਾਂ ਜੰਗਾਂ-ਯੁੱਧਾਂ ਦੇ ਹੱਕ ਵਿਚ ਹੋਣਗੇ। ਪਰ ਇਸ ਸਬੰਧੀ ਵੀ ਜੇਕਰ ਇਹ ਸੋਚਿਆ ਜਾਵੇ ਕਿ ਅਮਰੀਕਾ ਦਾ ਇਕ ਵਫ਼ਦ ਈਰਾਨ ਵਿਚ ਜਾਵੇਗਾ ਅਤੇ ਉਹ ਉਸਨੂੰ ਜੀਅ ਆਇਆਂ ਕਹਿੰਦੇ ਹੋਏ ਉਨ੍ਹਾਂ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨਦੇ ਹੋਏ ਆਪਣਾ ਪ੍ਰਮਾਣੂ ਪ੍ਰੋਗਰਾਮ ਬੰਦ ਕਰ ਦੇਣਗੇ ਇਹ ਸੋਚ ਰੱਖਣੀ ਵੀ ਠੀਕ ਨਹੀਂ ਹੋਵੇਗੀ। ਕਿਉਂਕਿ ਈਰਾਨ ਨੂੰ ਆਪਣੇ ਪ੍ਰਮਾਣੂ ਪ੍ਰੋਗਰਾਮ ਬੰਦ ਕਰਨ ਲਈ ਅਮਰੀਕਾ ਹੀ ਨਹੀਂ ਸਗੋਂ ਦੁਨੀਆਂ ਦੇ ਕਈ ਦੇਸ਼ਾਂ ਵਲੋਂ ਆਪਣਾ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਲੇਕਨ ਈਰਾਨ ਆਪਣੇ ਫੈਸਲੇ ਤੋਂ ਟਸ ਤੋਂ ਮਸ ਨਹੀਂ ਹੋ ਰਿਹਾ। ਇਥੋਂ ਤੱਕ ਕਿ ਯੂ ਐਨ ਓ ਵਲੋਂ ਵੀ ਆਪਣੀਆਂ ਸਾਰੀਆਂ ਕੋਸਿ਼ਸ਼ਾਂ ਕਰਦੇ ਹੋਏ ਉਨ੍ਹਾਂ ‘ਤੇ ਕਈ ਪ੍ਰਕਾਰ ਦੀਆਂ ਆਰਥਿਕ ਪਾਬੰਦੀਆਂ ਵੀ ਲਾਈਆਂ ਜਾ ਚੁੱਕੀਆਂ ਹਨ। ਇਸ ਲਈ ਇਸ ਮਸਲੇ ਦੇ ਹੱਲ ਨੂੰ ਵੀ ਸਮਾਂ ਲੱਗਣਾ ਲਾਜ਼ਮੀ ਹੈ। ਰਹੀ ਗੱਲ ਅਫ਼ਗਾਨਿਸਤਾਨ ਦੀ ਉਥੇ ਅਮਰੀਕਾ ਦੀ ਸੋਚ ਇਹੀ ਕੰਮ ਕਰ ਰਹੀ ਹੈ ਕਿ ਅਫ਼ਗਾਨਿਸਤਾਨ ਵਿਚ ਹੋਰ ਫੌਜਾਂ ਭੇਜੀਆਂ ਜਾਣ ਅਤੇ ਬਰਾਕ ਓਬਾਮਾ ਦੀ ਸੋਚ ਵੀ ਇਸੇ ਦੀ ਹੀ ਧਾਰਣੀ ਹੈ।
ਅੰਤ ਵਿਚ ਗੱਲ ਕੀਤੀ ਜਾਵੇ ਅਮਰੀਕਾ ਦੀ ਵਿਗੜੀ ਹੋਈ ਅਰਥ ਵਿਵਸਥਾ ਦੀ। ਇਹ ਇਹ ਅਜਿਹੀ ਗੁੰਝਲਦਾਰ ਪਹੇਲੀ ਹੈ ਜਿਸਨੂੰ ਸੁਝਾਉਣ ਲਈ ਅਮਰੀਕੀ ਪ੍ਰਸ਼ਾਸਨ ਦੇ ਨਾਲ ਨਾਲ ਇਥੋਂ ਦੇ ਅਰਥ ਸ਼ਾਸਤਰੀ ਵੀ ਆਪਣੀ ਪੂਰੀ ਵਾਹ ਲਾ ਰਹੇ ਹਨ। ਇਸਦੇ ਹਲ ਲਈ ਬਿਜ਼ਨੈਸਮੈਨ ਵੀ ਆਪਣਾ ਪੂਰਾ ਤਾਣ ਲਾ ਰਹੇ ਹਨ। ਇਸਦਾ ਕਾਰਨ ਇਹ ਹੈ ਕਿ ਕੋਈ ਵੀ ਆਪਣੇ ਫ਼ੈਲੇ ਹੋਏ ਕਾਰੋਬਾਰ ਨੂੰ ਖ਼ਤਮ ਹੁੰਦਿਆਂ ਵੇਖਣ ਦਾ ਇੱਛਕ ਨਹੀਂ ਹੈ।
ਇਸਦੇ ਨਾਲ ਹੀ ਇਹ ਗੱਲ ਵੀ ਧਿਆਨ ਵਿਚ ਰੱਖਣ ਵਾਲੀ ਹੈ ਕਿ ਆਰਥਕ ਮੰਦਹਾਲੀ ਦਾ ਖ਼ਤਰਾ ਸਿਰਫ਼ ਅਮਰੀਕਾ ‘ਤੇ ਹੀ ਨਹੀਂ ਸਗੋਂ ਸਾਰੀਆਂ ਦੁਨੀਆਂ ਦੇ ਦੇਸ਼ ਇਸਤੋਂ ਚਿੰਤਿਤ ਹਨ। ਜਿਥੇ ਸਾਰੀ ਦੁਨੀਆਂ ਇਸਤੋਂ ਚਿੰਤਿਤ ਹੈ ਉਥੇ ਇਕ ਦੇਸ਼ ਦੇ ਰਾਸ਼ਟਰਪਤੀ ਵਲੋਂ ਉਸਨੂੰ ਇਕ ਜਾਦੂਮਈ ਢੰਗ ਨਾਲ ਠੀਕ ਕਰਨਾ ਵੀ ਸੁਖਾਲਾ ਨਹੀਂ ਲਗਦਾ। ਕਿਉਂਕਿ ਬਰਾਕ ਓਬਾਮਾ ਦੇ ਜਿੱਤਦੇ ਸਾਰ ਹੀ ਕਈ ਲੋਕਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਹੁਣ ਸਭ ਕੁਝ ਠੀਕ ਹੋ ਜਾਵੇਗਾ। ਇਸ ਲਈ ਉਨ੍ਹਾਂ ਨੂੰ ਕੁਝ ਸਮਾਂ ਦੇਣਾ ਹੀ ਨਿਆਂ ਸੰਗਤ ਹੋਵੇਗਾ। ਇਹ ਵੀ ਵੇਖਿਆ ਗਿਆ ਹੈ ਜਿਸ ਤੇ ਆਮ ਜਨਤਾ ਬਹੁਤੀਆਂ ਉਮੀਦਾਂ ਲਾਉਂਦੀ ਹੈ ਉਹ ਜਦੋਂ ਉਨ੍ਹਾਂ ਨੂੰ ਜਲਦੀ ਹੱਲ ਹੁੰਦੀਆਂ ਨਹੀਂ ਲਗਦੀਆਂ ਤਾਂ ਉਹ ਉਸ ਹੁਕਮਰਾਨ ਦੇ ਖਿਲਾਫ਼ ਵੀ ਬੜੀ ਜਲਦੀ ਹੋ ਜਾਂਦੇ ਹਨ। ਇਥੇ ਇਹ ਗੱਲ ਧਿਆਨ ਵਿਚ ਰੱਖਕੇ ਚਲਣਾ ਚਾਹੀਦਾ ਹੈ ਕਿ ਇਸ ਵਿਗੜੀ ਹੋਈ ਅਰਥ ਵਿਵਸਥਾ ਨੂੰ ਠੀਕ ਹੋਣ ਵਿਚ ਕਾਫ਼ੀ ਸਮਾਂ ਲੱਗ ਸਕਦਾ ਹੈ। ਕਿਉਂਕਿ ਅਹੁਦਾ ਸੰਭਾਲਣ ਤੋਂ ਬਾਅਦ ਬਰਾਕ ਓਬਾਮਾ ਵਲੋਂ ਆਪਣੇ ਆਰਥਕ ਨੀਤੀ ਘਾੜਿਆਂ ਨਾਲ ਸਲਾਹ ਮਸ਼ਵਰੇ ਕਰਨੇ ਆਦਿ ਇਸੇ ਹੀ ਲੜੀ ਦਾ ਇਕ ਹਿੱਸਾ ਹਨ।
ਇਸਦੇ ਨਾਲ ਹੀ ਉਨ੍ਹਾਂ ਦੇ ਅਰਥ ਸ਼ਾਸਤਰੀਆਂ ਵਲੋਂ ਮੌਜੂਦਾ ਹਾਲਾਤ ਦੇ ਨਾਲ ਨਾਲ ਕੀਤੀਆਂ ਗਈਆਂ ਗਲਤੀਆਂ ਅਤੇ ਊਣਤਾਈਆਂ ਦਾ ਜਾਇਜ਼ਾ ਲੈਣਾ ਵੀ ਬਹੁਤ ਜ਼ਰੂਰੀ ਲਗਦਾ ਹੈ। ਇਥੇ ਇਹ ਕਹਿਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਜਿਸ ਆਦਮੀ ਵਲੋਂ ਆਪਣੀ ਸਾਰੀ ਤਨਖਾਹ ਇਕ ਘਰ ਖਰੀਦਣ ਤੋਂ ਬਾਅਦ ਉਸਦੀਆਂ ਕਿਸ਼ਤਾਂ ਤਾਰਨ ‘ਤੇ ਲਾਈ ਜਾ ਰਹੀ ਹੈ। ਉਸ ਵਲੋਂ ਹੋਰ ਚੀਜ਼ਾਂ ਦੀ ਖਰੀਦਾਰੀ ਵਿਚ ਆਈ ਕਮੀ ਨੂੰ ਉਦੋਂ ਤੱਕ ਵਧਾਇਆ ਨਹੀਂ ਜਾ ਸਕਦਾ ਜਦੋਂ ਤੱਕ ਕਿ ਉਸਦੀ ਤਨਖਾਹ ਵਿਚ ਵਾਧਾ ਨਾ ਹੋਵੇ ਜਾਂ ਜਦੋਂ ਤੱਕ ਉਸਦੇ ਘਰ ਦੀ ਕਿਸ਼ਤ ਵਿਚ ਕਮੀ ਨਾ ਆਵੇ। ਇਸਤੋਂ ਬਾਅਦ ਉਸ ਸ਼ਖ਼ਸ ਦੀ ਸੋਚ ਫੋਰਕਲੋਜ਼ਰ ਦੇ ਖੌਫ਼ ਚੋਂ ਬਾਹਰ ਨਿਕਲ ਸਕੇਗੀ ਅਤੇ ਉਹ ਬਾਜ਼ਾਰ ਵਿਚ ਜਾਕੇ ਫਿਰ ਆਪਣੇ ਲਈ ਨਵੀਂ ਕਾਰ, ਨਵੇਂ ਕੰਪਿਊਟਰ, ਟੀਵੀ ਆਦਿ ਦੀ ਖਰੀਦਾਰੀ ਦੀ ਗੱਲ ਸੋਚ ਸਕੇਗਾ।
ਕਾਰੋਬਾਰ ਵਿਚ ਆਈ ਮੰਦੀ ਦਾ ਸਭ ਤੋਂ ਵੱਡਾ ਕਾਰਨ ਵੀ ਇਹੀ ਹੈ ਕਿ ਇਸ ਵੇਲੇ ਲੋਕ ਬਹੁਤੀ ਖਰੀਦਾਰੀ ਨਹੀਂ ਕਰ ਰਹੇ। ਕਿਉਂਕਿ ਉਨ੍ਹਾਂ ਦੇ ਮਨਾਂ ਵਿਚ ਇਕ ਡਰ ਬੈਠਾ ਹੋਇਆ ਹੈ ਕਿ ਇਸ ਮੰਦੀ ਦੇ ਮਾਹੌਲ ਵਿਚ ਜੇਕਰ ਉਨ੍ਹਾਂ ਨੂੰ ਨੌਕਰੀ ਤੋਂ ਜਵਾਬ ਹੋ ਜਾਂਦਾ ਹੈ ਤਾਂ ਉਨ੍ਹਾਂ ਪਾਸ ਆਪਣੇ ਪ੍ਰਵਾਰ ਦੇ ਗੁਜ਼ਾਰੇ ਲਈ ਕੁਝ ਨਾ ਕੁਝ ਜਮ੍ਹਾਂ ਪੂੰਜੀ ਹੋਣੀ ਜ਼ਰੂਰੀ ਹੈ। ਜੇਕਰ ਸੋਚਿਆ ਜਾਵੇ ਕਿ ਬਰਾਕ ਓਬਾਮਾ ਇਕ ਜਾਦੂਗਰ ਵਾਂਗੂ ਇਨ੍ਹਾਂ ਲੋਕਾਂ ਦੇ ਮਨਾਂ ਵਿਚੋਂ ਬੇਰੁਜ਼ਗਾਰੀ ਹੋਣ ਦਾ ਖੌ਼ਫ਼ ਕੱਢ ਦੇਵੇਗਾ ਅਤੇ ਉਹ ਫਿਰ ਆਮ ਵਾਂਗ ਖਰੀਦੋ ਫਰੋਖਤ ਸ਼ੁਰੂ ਕਰ ਦੇਣਗੇ ਤਾਂ ਇਹ ਸੋਚ ਵੀ ਠੀਕ ਨਹੀਂ ਲਗਦੀ।
ਕਿਉਂਕਿ ਜਦੋਂ ਬਰਾਕ ਓਬਾਮਾ ਵਲੋਂ ਚੋਣਾਂ ਜਿੱਤਣ ਲਈ ਇਹ ਬਿਆਨ ਦਿੱਤੇ ਗਏ ਸਨ ਤਾਂ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਨ੍ਹਾਂ ਮੁਸ਼ਕਲਾਂ ਨੂੰ ਕਿਵੇਂ ਹੱਲ ਕੀਤਾ ਜਾਵੇਗਾ। ਹੁਣ ਜਦੋਂ ਉਹ ਰਾਸ਼ਟਰਪਤੀ ਬਣਨ ਤੋਂ ਬਾਅਦ ਆਪਣੇ ਸਲਾਹਕਾਰਾਂ ਨਾਲ ਸਲਾਹਾਂ ਕਰਨਗੇ ਜਾਂ ਉਨ੍ਹਾਂ ਦੇ ਵਿਚਾਰ ਸੁਣਨਗੇ ਤਾਂ ਪਤਾ ਚਲੇਗਾ ਕਿ ਇਸ ਸਾਰੇ ਵਿਗੜੇ ਹੋਏ ਆਰਥਕ ਢਾਂਚੇ ਨੂੰ ਕਿਵੇਂ ਮੁੜ ਪੈਰਾਂ ਭਾਰ ਕੀਤਾ ਜਾ ਸਕੇਗਾ। ਮੁਮਕਿਨ ਹੈ ਇਨ੍ਹਾਂ ਮੀਟਿੰਗਾਂ ਆਦਿ ਵਿਚ ਸਮਾਂ ਤਾਂ ਲਗੇਗਾ ਹੀ ਅਤੇ ਇਸਤੋਂ ਬਾਅਦ ਉਨ੍ਹਾਂ ਵਲੋਂ ਮਨਜ਼ੂਰ ਕੀਤੀਆਂ ਨੀਤੀਆਂ ਨੂੰ ਵੀ ਲਾਗੂ ਕਰਨ ਵਿਚ ਸਮਾਂ ਵੀ ਲੱਗੇਗਾ ਹੈ। ਫਿਰ ਪਤਾ ਲਗ ਸਕੇਗਾ ਕਿ ਇਹ ਲਾਗੂ ਕੀਤੀਆਂ ਗਈਆਂ ਨੀਤੀਆਂ ਸੁਚਾਰੂ ਢੰਗ ਨਾਲ ਕੰਮ ਕਰ ਰਹੀਆਂ ਹਨ ਜਾਂ ਨਹੀਂ। ਸੋ ਸਾਨੂੰ ਇਹ ਸੋਚ ਛੱਡ ਦੇਣੀ ਚਾਹੀਦੀ ਹੈ ਕਿ ਹੁਣ ਬਰਾਕ ਓਬਾਮਾ ਆ ਗਿਆ ਹੈ ਤਾਂ ਸਭ ਕੁਝ ਠੀਕ ਹੋ ਜਾਵੇਗਾ। ਇਸ ਵਿਗੜੀ ਹੋਈ ਅਰਥ ਵਿਵਸਥਾ ਨੂੰ ਸੁਧਰਨ ਵਿਚ ਉਨ੍ਹਾਂ ਨੂੰ ਕਈ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।
ਪਰੰਤੂ ਇਥੇ ਇਹ ਕਹਿਣਾ ਤਾਂ ਜ਼ਰੂਰੀ ਹੈ ਕਿ ਉਹ ਅਜਿਹੀਆਂ ਨੀਤੀਆਂ ਅਪਨਾਉਣਗੇ ਜਿਨ੍ਹਾਂ ਨਾਲ ਦੇਸ਼ ਦਾ ਭਲਾ ਹੋ ਸਕੇ ਅਤੇ ਇਸ ਦੇਸ਼ ਦੇ ਨਾਗਰਿਕ ਆਪਣੇ ਉਨ੍ਹਾਂ ਨੂੰ ਜਿਤਾਉਣ ਦੇ ਫੈ਼ਸਲੇ ‘ਤੇ ਅਫ਼ਸੋਸ ਨਹੀਂ ਸਗੋਂ ਫ਼ਖ਼ਰ ਕਰਨ।
ਓਬਾਮਾ ਦੀ ਜਿੱਤ ਅਤੇ ਆਮ ਲੋਕਾਂ ਦੀ ਸੋਚ
This entry was posted in ਸੰਪਾਦਕੀ.