ਰਾਜਾ ਸਾਂਸੀ ਹਵਾਈ ਅੱਡੇ ਦੀ ਬੇਹਤਰੀ ਲਈ ਅੰਮ੍ਰਿਤਸਰ ਨੂੰ ਆਈ. ਟੀ. ਹੱਬ ਬਣਾਇਆ ਜਾਵੇ

ਅੰਮ੍ਰਿਤਸਰ (ਜਸਬੀਰ ਸਿੰਘ) : ਅੰਮ੍ਰਿਤਸਰ ਵਿਕਾਸ ਮੰਚ ਨੇ ਰਾਜਾ ਸਾਂਸੀ ਹਵਾਈ ਅੱਡੇ ਦੀ ਬੇਹਤਰੀ ਲਈ ਅੰਮ੍ਰਿਤਸਰ ਵਿਖੇ ਐਸ. ਈ. ਜੈਡ, ਆਈ. ਆਈ. ਐਮ. ਅਤੇ ਇਸ ਨੂੰ ਆਈ. ਟੀ. ਹੱਬ ਬਨਾਉਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੇ ਪੱਤਰ ਵਿੱਚ ਮੰਚ ਦੇ ਸ੍ਰਪਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਹਵਾਈ ਕੰਪਨੀਆਂ ਦੀ ਸਭ ਤੋਂ ਵੱਡੀ ਮੰਗ ਕਿ ਉਨ੍ਹਾਂ ਨੂੰ ਇਥੋਂ ਬਿਜਨਸ ਕਲਾਸ ਨਹੀਂ ਮਿਲਦੀ ਨੂੰ ਦੂਰ ਕਰਨ ਲਈ ਅੰਮ੍ਰਿਤਸਰ ਨੂੰ ਆਈ. ਟੀ. ਹੱਬ ਬਣਾਉਂਦੇ ਹੋਏ ਇਥੇ ਐਸ. ਈ. ਜੈਡ, ਆਈ. ਆਈ. ਐਮ, ਆਈ. ਆਈ. ਟੀ., ਨੈਸ਼ਨਲ ਇੰਸਟੀਚਿਊਟ ਆਫ ਬਾਇਓਟੈਕਨਾਲੋਜੀ, ਨੈਨੋ ਟੈਕਨਾਲੋਜੀ, ਸੈਂਟਰਲ ਯੂਨੀਵਰਸਿਟੀ ਆਦਿ ਅਦਾਰੇ ਸਥਾਪਿਤ ਕੀਤੇ ਜਾਣ, ਤਾਂ ਜੋ ਅਮੀਰ ਲੋਕ ਇਥੇ ਆ ਜਾ ਸਕਣ।
 ਬਾਰਡਰ ਤੇ ਹੋਣ ਕਰਕੇ ਅਤੇ ਇਕ ਛੋਟਾ ਹਵਾਈ ਅੱਡਾ ਹੋਣ ਕਰਕੇ ਇਥੇ ਲੈਂਡਿੰਗ, ਪਾਰਕਿੰਗ ਤੇ ਹੋਰ ਖਰਚੇ ਐਸ. ਈ. ਜੈਡ. ਵਾਂਗ ਕੁੱਝ ਸਾਲਾਂ ਲਈ ਮੁਆਫ ਕੀਤੇ ਜਾਣ ਜਾਂ ਦਿੱਲੀ ਨਾਲੋਂ ਘੱਟੋ ਘੱਟ ਅੱਧੇ ਜਰੂਰ ਕੀਤੇ ਜਾਣ, ਤਾਂ ਜੋ ਨਵੀਂਆ ਹਵਾਈ ਕੰਪਨੀਆਂ ਇਸ ਵੱਲ ਅਕਰਸ਼ਿਤ ਹੋ ਸਕਣ ਤੇ ਮੌਜੂਦਾ ਕੰਪਨੀਆਂ ਵੀ ਆਪਣਾ ਕਾਰੋਬਾਰ ਜਾਰੀ ਰੱਖ ਸਕਣ। ਕਾਰਗੋ ਦਾ ਸਾਰਾ ਕੰਮ ਦਿੱਲੀ ਵਾਂਗ ਕੰਪਿਊਟਰ ਰਾਹੀਂ ਕੀਤਾ ਜਾਵੇ, ਤਾਂ ਜੋ ਵਪਾਰੀਆਂ ਨੂੰ ਦਿੱਲੀ ਵਾਂਗ ਇਕ ਹਫਤੇ ਦੇ ਵਿੱਚ ਵਿੱਚ ਪੈਸਿਆਂ ਦੀ ਅਦਾਇਗੀ ਹੋ ਸਕੇ। ਇਸ ਸਮੇਂ ਇਸ ਕੰਮ ਲਈ 3 ਤੋਂ 4 ਮਹੀਨੇ ਲੱਗਦੇ ਹਨ। ਇਸ ਲਈ ਵਪਾਰੀ ਅੰਮ੍ਰਿਤਸਰ ਦੀ ਥਾਂ ਤੇ ਦਿੱਲੀ ਜਾਣ ਨੂੰ ਪਹਿਲ ਦਿੰਦੇ ਹਨ।
 ਮੰਚ ਆਗੂ ਨੇ ਇਹ ਵੀ ਮੰਗ ਕੀਤੀ ਹੈ ਕਿ ਏਅਰ ਇੰਡੀਆ ਨੇ 1992 ਵਿੱਚ ਅੰਮ੍ਰਿਤਸਰ ਤੋਂ ਬਰਾਸਤਾ ਦਿੱਲੀ, ਅਮਰੀਕਾ, ਕਨੇਡਾ ਅਤੇ ਹੋਰਨਾਂ ਮੁਲਕਾਂ ਨੂੰ ਹੱਬ ਐਂਡ ਸਪੋਕ ਉਡਾਨਾ ਸ਼ੁਰੁੂ ਕੀਤੀਆਂ ਸਨ, ਜੋ ਕਿ 10 ਸਤੰਬਰ ਤੋਂ ਬੰਦ ਕੀਤੀਆਂ ਜਾ ਚੁੱਕੀਆਂ ਹਨ। ਅੰਮ੍ਰਿਤਸਰ, ਦਿੱਲੀ, ਲੰਦਨ, ਨਿਊਜਾਰਕ ਅਤੇ ਅੰਮ੍ਰਿਤਸਰ ਬ੍ਰਿਮਿੰਗਮ ਉਡਾਨਾਂ ਵੀ ਬੰਦ ਹੋ ਚੁੱਕੀਆਂ ਹਨ। ਇੰਨ੍ਹਾਂ ਉਡਾਨਾਂ ਨੂੰ ਬਹਾਲ ਕਰਨ ਤੋਂ ਇਲਾਵਾ ਦਿੱਲੀ, ਮੁੰਬਈ ਤੋਂ ਅਮਰੀਕਾ ਕਨੇਡਾ ਤੇ ਯੋਰਪ ਨੂੰ ਜਾਂਦੀਆਂ ਏਅਰ ਇੰਡੀਆ ਦੀਆਂ ਉਡਾਨਾਂ ਜੋ ਕਿ ਅੰਮ੍ਰਿਤਸਰ ਜਾਂ ਇਸ ਦੇ ਆਸ ਪਾਸ ਤੋਂ ਲੰਘਦੀਆਂ ਹਨ, ਉਨ੍ਹਾਂ ਵਿੱਚੋਂ ਕੁੱਝ ਨੂੰ ਬਰਾਸਤਾ ਅੰਮ੍ਰਿਤਸਰ ਕੀਤਾ ਜਾਵੇ। ਮੁੰਬਈ – ਅੰਮ੍ਰਿਤਸਰ – ਵੈਨਕੁਵਰ ਨਾਨ ਸਟਾਪ ਫਲਾਇਟ ਰੋਜਾਨਾ ਜੇ ਸ਼ੁਰੂ ਕੀਤੀ ਜਾਵੇ ਤਾਂ ਉਹ ਅੰਮ੍ਰਿਤਸਰ ਟੋਰਾਂਟੋ ਫਲਾਇਟ ਵਾਂਗ ਬਹੁਤ ਹੀ ਕਾਮਯਾਬ ਹੋ ਸਕਦੀ ਹੈ। ਇਸੇ ਤਰ੍ਹਾਂ ਦਿੱਲੀ – ਅੰਮ੍ਰਿਤਸਰ – ਨਿਊਜਾਰਕ ਨਾਨ ਸਟਾਪ ਫਲਾਇਟ ਵੀ ਬਹੁਤ ਹੀ ਕਾਮਯਾਬ ਹੋ ਸਕਦੀ ਹੈ। ਆਰਥਿਕ ਮੰਦਵਾੜੇ ਕਾਰਨ ਏਅਰ ਇੰਡੀਆ ਦੇ ਬਹੁਤ ਸਾਰੇ ਜਹਾਜ ਵਿਹਲੇ ਪਏ ਹਨ। ਉਨ੍ਹਾਂ ਦਾ ਲਾਭ ਉਠਾਉਂਦੇ ਹੋਏ ਅੰਮ੍ਰਿਤਸਰ – ਬਿਰਮਿੰਗਮ ਤੋਂ ਅੰਮ੍ਰਿਤਸਰ – ਇਟਲੀ – ਫਰੈਂਕਫਰਟ – ਲਾਸ ਏਂਜਲ, ਸਾਨ ਫਰਾਂਸਿਸਕੋ ਆਦਿ ਉਡਾਨਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।
 ਪੱਤਰ ਦੀਆਂ ਕਾਪੀਆਂ ਸ਼ਹਿਰੀ ਹਵਾਬਾਜੀ ਮੰਤਰੀ ਸ੍ਰੀ ਪ੍ਰਫੁਲ ਪਟੇਲ,ਕੇਂਦਰੀ ਮੰਤਰੀ ਡਾ.ਮਨੋਹਰ ਸਿੰਘ ਗਿੱਲ, ਲੋਕ ਸੰਪਰਕ  ਮੰਤਰੀ ਸ੍ਰ: ਬਿਕਰਮ ਸਿੰਘ ਮਜੀਠੀਆ ,ਸ਼ਹਿਰੀ ਹਵਾਬਾਜੀ ਮੰਤਰੀ ਪੰਜਾਬ ਡਾ. ਉਪਿੰਦਰਜੀਤ ਕੌਰ, ਲੋਕ ਸਭਾ ਮੈਂਬਰ ਸ੍ਰ: ਨਵਜੋਤ ਸਿੰਘ ਸਿੱਧੂ, ਮੇਅਰ ਸ੍ਰੀ ਸ਼ਵੇਤ ਮਲਿਕ, ਡਿਪਟੀ ਕਮਿਸ਼ਨਰ ਸ੍ਰ: ਕਾਹਨ ਸਿੰਘ ਪੰਨੂ ਨੂੰ ਭੇਜੀਆਂ ਗਈਆਂ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>