ਦਿੱਲੀ ਵਿਚ ਅਕਾਲੀਆਂ ਨੇ ਕਮਲ ਵੱਟੇ ਤਕੜੀ ਵੇਚੀ

 ਨਵੀਂ ਦਿੱਲੀ: ਦਿੱਲੀ ਵਿਚ ਹੋ ਰਹੀਆਂ ਚੋਣਾਂ ਦੀ ਖਿੱਚੋਤਾਣ ਵਿਚ ਅਕਾਲੀਆਂ ਨੂੰ ਸਿਰਫ਼ ਚਾਰ ਸੀਟਾਂ ‘ਤੇ ਹੀ ਆਪਣੇ ਉਮੀਦਵਾਰ ਖੜੇ ਕਰਨ ਦੀ ਇਜਾਜ਼ਤ ਮਿਲੀ ਹੈ। ਪਰੰਤੂ ਇਸਦੇ ਨਾਲ ਹੀ ਉਨ੍ਹਾਂ ਨੇ ਆਪਣੀ ਤੱਕੜੀ ਭਾਜਪਾ ਪਾਸ ਗਹਿਣੇ ਰੱਖਦੇ ਹੋਏ ਇਨ੍ਹਾਂ ਚਾਰ ਸੀਟਾਂ ਚੋਂ ਦੋ ਸੀਟਾਂ ‘ਤੇ ਕਮਲ ਦੇ ਫੁੱਲ ਵਾਲੇ ਚੋਣ ਨਿਸ਼ਾਨ ‘ਤੇ ਚੋਣ ਲੜਣ ਦਾ ਫੈ਼ਸਲਾ ਕੀਤਾ ਹੈ।
 ਭਾਜਪਾ ਅਤੇ ਅਕਾਲੀ ਦਲ ਵਿਚਕਾਰ ਹੋਏ ਇਸ ਲੰਗੜੇ ਚੋਣ ਗਠਜੋੜ ਦੇ ਨਾਲ ਅਕਾਲੀ ਬਹੁਤ ਖ਼ੁਸ਼ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੇ ਇਕ ਬਹੁਤ ਵੱਡੀ ਜੰਗ ਜਿੱਤ ਲਈ ਹੈ। ਇਸ ਚੋਣ ਮੁਹਿੰਮ ਦੌਰਾਨ ਅਕਾਲੀ ਦਲ ਬਾਦਲ ਵਲੋਂ 1984 ਦੇ ਦੰਗਿਆਂ ਨੂੰ ਮੁੱਦਾ ਬਣਾਕੇ ਕਾਂਗਰਸ ਦੇ ਵਿਰੁੱਧ ਉਤਰਨ ਦਾ ਫੈ਼ਸਲਾ ਕੀਤਾ ਗਿਆ ਹੈ। ਇਨ੍ਹਾਂ ਦੰਗਿਆਂ ਦੇ ਲਈ ਦੋਸ਼ੀ ਕਾਂਗਰਸੀ ਲੀਡਰਾਂ ਨੂੰ ਸਜ਼ਾ ਦਿਵਾਉਣ ਅਤੇ ਪੀੜਤਾਂ ਦੇ ਮੁੜ ਵਸੇਬੇ ਦੇ ਮਸਲੇ ਅਕਾਲੀ ਦਲ ਬਾਦਲ ਦੇ ਅਹਿਮ ਮੁੱਦੇ ਹੋਣਗੇ।
 ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਪਣੇ ਸਹਿਯੋਗੀ ਭਾਜਪਾ ਪਾਸੋਂ ਅਕਾਲੀ 15 ਸੀਟਾਂ ਦੀ ਮੰਗ ਕਰ ਰਹੇ ਸਨ, ਪਰੰਤੂ ਅਕਾਲੀਆਂ ਨੂੰ ਸਿਰਫ਼ ਚਾਰ ਸੀਟਾਂ ਨਾਲ ਹੀ ਸਬਰ ਕਰਨਾ ਪਵੇਗਾ। ਇਨ੍ਹਾਂ ਚੋਂ ਵੀ ਦੋ ਸੀਟਾਂ ਤਾਂ ਅਕਾਲੀ ਆਪਣੇ ਚੋਣ ਨਿਸ਼ਾਨ ਤੱਕੜੀ ‘ਤੇ ਲੜਣਗੇ ਅਤੇ ਬਾਕੀ ਦੀਆਂ ਦੋ ਵਿਧਾਨਸਭਾ ਹਲਕਿਆਂ ਜੰਗਪੁਰਾ ਅਤੇ ਆਦਰਸ਼ ਨਗਰ ਦੀ ਜੰਗ ਅਕਾਲੀ ਭਾਜਪਾ ਦੇ ਚੋਣ ਨਿਸ਼ਾਨ ‘ਕਮਲ’ ‘ਤੇ ਬੈਠਕੇ ਲੜਣਗੇ। ਭਾਜਪਾ ਦੇ ਚੋਣ ਮੁੱਦਿਆਂ ਵਿਚ ਜਿਥੇ ਕਾਨੂੰਨ ਪ੍ਰਬੰਧ, ਅਤਿਵਾਦ ਅਤੇ ਮਹਿੰਗਾਈ ਤੇ ਹੋਰ ਸਥਾਨਕ ਮੁੱਦਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਪਰੰਤੂ ਅਕਾਲੀ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਵਾਲੇ ਮੁੱਦਿਆਂ ਨੂੰ ਛੋਹਣ ਦੀ ਕੋਸਿ਼ਸ਼ ਕਰ ਰਹੇ ਹਨ ਤਾਂਜੋ ਸਿੱਖਾਂ ਦਾ ਰਵਈਆ ਭਾਜਪਾ ਵੱਲ ਮੋੜਿਆ ਜਾ ਸਕੇ।
 ਅਕਾਲੀ ਦਲ ਦੇ ਪ੍ਰਦੇਸ਼ ਪ੍ਰਧਾਨ ਮਨਜੀਤ ਸਿੰਘ ਗਰੇਟਰ ਕੈਲਾਸ਼ ਨੇ ਦਸਿਆ ਕਿ ਮਹਿੰਗਾਈ, ਕਾਨੂੰਨ ਪ੍ਰਬੰਧ ਅਤੇ ਭ੍ਰਿਸ਼ਟਾਚਾਰ ਦੇ ਨਾਲ ਸਿੱਖਾਂ ਨਾਲ ਜੁੜੇ ਮੁੱਦਿਆਂ ਨੂੰ ਵੀ ਪਹਿਲ ਦਿੱਤੀ ਜਾਵੇਗੀ। ਅਕਾਲੀ ਦਲ ਕਾਂਗਰਸ ਨੂੰ ਨੰਗਿਆਂ ਕਰਨ ਲਈ 1984 ਦੇ ਦੰਗਿਆਂ ਨੂੰ ਅਹਿਮ ਮੁੱਦਾ ਬਣਾਵੇਗਾ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ 1984 ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭੜਕੀ ਹਿੰਸਾ ਵਿਚ ਕਾਂਗਰਸੀ ਲੀਡਰਾਂ ਦਾ ਹੱਥ ਸੀ। ਇਨ੍ਹਾਂ ਲੀਡਰਾਂ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਨਾ ਹੀ ਦੰਗਾ ਪੀੜਤਾਂ ਦੇ ਮੁੜ ਵਸੇਬੇ ਲਈ ਕੁਝ ਕੀਤਾ ਗਿਆ ਹੈ। ਪੰਜਾਬੀ ਬੋਲੀ ਨੂੰ ਦੂਜੀ ਸਰਕਾਰੀ ਜ਼ਬਾਨ ਬਣਾਏ ਜਾਣ ਦੇ ਐਲਾਨ ਤੋਂ ਬਾਅਦ ਉਸਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਜਾ ਸਕਿਆ।
 ਜਿ਼ਕਰਯੋਗ ਹੈ ਕਿ ਦੰਗਿਆਂ ਤੋਂ ਬਾਅਦ 1984 ਵਿਚ ਲੋਕਸਭਾ ਅਤੇ 1993 ਦੀਆਂ ਦਿੱਲੀ ਵਿਧਾਨਸਭਾ ਚੋਣਾਂ ਵਿਚ ਸਿੱਖਾਂ ਨੇ ਜ਼ੋਰਦਾਰ ਢੰਗ ਨਾਲ ਕਾਂਗਰਸ ਦੀ ਮੁਖਾਲਫਤ ਕੀਤੀ ਸੀ। ਪਰ ਹੌਲੀ ਹੌਲੀ ਸਿੱਖਾਂ ਦਾ ਭਾਜਪਾ ਤੋਂ ਮੋਹ ਭੰਗ ਹੁੰਦਾ ਗਿਆ ਅਤੇ 1998 ਤੇ 2003 ਵਿਚ ਸ਼ੀਲਾ ਦੀਕਸਿ਼ਤ ਦੀ ਅਗਵਾਈ ਵਿਚ ਹੋਈਆਂ ਚੋਣਾਂ ਵਿਚ ਉਨ੍ਹਾਂ ਨੇ ਖੁਲ੍ਹੇ ਕਾਂਗਰਸ ਦੀ ਹਿਮਾਇਤ ਕੀਤੀ। ਇਸ ਕਰਕੇ 2003 ਵਿਚ ਚਾਰੇ ਸੀਟਾਂ ‘ਤੇ ਅਕਾਲੀ ਉਮੀਦਵਾਰ ਬੁਰੀ ਤਰ੍ਹਾਂ ਹਾਰ ਗਏ ਸਨ। ਇਨ੍ਹਾਂ ਚੋਣਾਂ ਵਿਚ ਫਿਰ ਅਕਾਲੀ ਦਲ ਭਾਜਪਾ ਦੇ ਸਹਾਰੇ ਆਪਣਾ ਖਾਤਾ ਖੋਲ੍ਹਣ ਦੀ ਕੋਸਿ਼ਸ਼ ਕਰ ਰਿਹਾ ਹੈ। ਇਨ੍ਹਾਂ ਹਲਕਿਆਂ ਅਤੇ ਉਮੀਦਵਾਰਾਂ ਵਿਚ ਜੰਗਪੁਰਾ ਤੋਂ ਮਨਜਿੰਦਰ ਸਿੰਘ ਸਿਰਸਾ, ਰਾਜੌਰੀ ਗਾਰਡਨ ਤੋਂ ਅਵਤਾਰ ਸਿੰਘ ਹਿਤ, ਸ਼ਾਹਦਰਾ ਤੋਂ ਜਤਿੰਦਰ ਸਿੰਘ ਸ਼ੰਟੀ ਅਤੇ ਆਦਰਸ਼ ਨਗਰ ਤੋਂ ਰਵਿੰਦਰ ਖੁਰਾਨਾ ਚੋਣ ਲੜ ਰਹੇ ਹਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>