ਪੁਣੇ- ਭਾਰਤ ਦੀ ਸਾਈਨਾ ਨੇਹਵਾਲ ਨੇ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸਿ਼ਪ ਦਾ ਖਿਤਾਬ ਜਿੱਤ ਲਿਆ ਹੈ। ਇਹ ਖਿਤਾਬ ਜਿੱਤਣ ਵਾਲੀ ਉਹ ਭਾਰਤ ਦੀ ਪਹਿਲੀ ਖਿਡਾਰਨ ਹੈ।
ਪੁਣੇ ਵਿਚ ਹੋਏ ਇਸ ਮੁਕਾਬਲੇ ਦੇ ਫਾਈਨਲ ਵਿਚ ਉਸਨੇ ਜਾਪਾਨ ਦੀ ਨੌਂਵੀਂ ਸੀਡਿੰਗ ਹਾਸਲ ਸਾਯਕਾ ਸਾਤੋ ਨੂੰ ਸਿੱਧੇ ਸੈਟਾਂ ਵਿਚ 21-9 ਅਤੇ 21-18 ਨਾਲ ਮਾਤ ਦਿੱਤੀ। ਇਨ੍ਹਾਂ ਦੋਹਾਂ ਵਿਚ ਖੇਡਿਆ ਗਿਆ ਇਹ ਫਾਈਨਲ ਮੈਚ ਅੰਦਾਜ਼ਨ ਅੰਦਾਜ਼ਨ ਇਕਪਾਸੜ ਹੀ ਰਿਹਾ। ਇਸਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਮੈਚ ਸਿਰਫ਼ 25 ਮਿੰਟਾਂ ਵਿਚ ਹੀ ਖ਼ਤਮ ਹੋ ਗਿਆ।
ਬੀਜਿੰਗ ਉਲੰਪਿਕ ਦੇ ਕਵਾਰਟਰ ਫਾਈਨਲ ਤੱਕ ਪਹੁੰਚ ਵਾਲੀ ਸਾਈਨਾ ਨੇ ਖਿਤਾਬ ਜਿੱਤਣ ਤੋਂ ਬਾਅਦ ਕਿਹਾ ਕਿ ਸਾਲ 2006 ਵਿਚ ਮੁਕਾਬਲੇ ਦੇ ਫਾਈਨਲ ਵਿਚ ਮੈਂ ਹਾਰ ਗਈ ਸਾਂ। ਪਰ ਇਸ ਵਾਰ ਮੈਂ ਇਹ ਖਿਤਾਬ ਜਿੱਤ ਲਿਆ ਹੈ ਅਤੇ ਮੈਂ ਬਹੁਤ ਖੁਸ਼ ਹਾਂ।
ਸਾਈਨਾ ਨੇ ਕਿਹਾ ਕਿ ਉਸਨੇ ਇਹ ਨਹੀਂ ਸੀ ਸੋਚਿਆ ਕਿ ਉਹ ਇੰਨਾ ਸੋਹਣਾ ਪ੍ਰਦਰਸ਼ਨ ਕਰੇਗੀ। ਪਹਿਲੀ ਗੇਮ ਸਾਈਨਾ ਦੇ ਲਈ ਸੌਖੀ ਸੀ। ਉਸਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ 21-9 ਨਾਲ ਸੈਟ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ। ਪਰ ਦੂਜੇ ਸੈਟ ਵਿਚ ਹਾਲਤ ਥੋੜ੍ਹੀ ਜਿਹੀ ਵੱਖਰੀ ਸੀ। ਸਾਯਕਾ ਸਾਤੇ ਚੰਗਾ ਖੇਡ ਰਹੀ ਸੀ। ਪਰ ਸਾਈਨਾ ਨੇ ਆਪਣੇ ਵਧੀਆ ਬੈਕਹੈਂਡ ਨਾਲ ਉਸਨੂੰ ਪਰੇਸ਼ਾਨ ਕਰੀ ਰੱਖਿਆ। ਨੇਟਸ ‘ਤੇ ਸਾਤੋ ਦੀ ਪਰੇਸ਼ਾਨੀ ਦਾ ਵੀ ਫਾਇਦਾ ਸਾਈਨਾ ਨੂੰ ਮਿਲਿਆ ਅਤੇ ਆਖ਼ਰਕਾਰ ਇਹ ਮੈਚ ਜਿੱਤ ਵਿਚ ਉਹ ਕਾਮਯਾਬ ਰਹੀ। ਸਾਈਨਾ ਨੇ ਕਿਹਾ ਕਿ ਮੁਕਾਬਲੇ ਦਾ ਸੈਮੀ ਫਾਈਨਲ ਮੈਚ ਉਸ ਲਈ ਕਾਫ਼ੀ ਮੁਸ਼ਕਲ ਸੀ। ਸੈਮੀਫਾਈਨਲ ਵਿਚ ਸਾਈਨਾ ਨੇ ਚੀਨ ਦੀ ਸਿ਼ਸ਼ੀਯਾਨ ਵਾਂਗ ਨੂੰ ਹਰਾਇਆ ਸੀ। ਰਾਸ਼ਟਰਮੰਡਲ ਯੁਵਾ ਗੋਲਡ ਮੈਡਲ ਜਿੱਤਣ ਵਾਲੀ ਸਾਈਨਾ ਦੇ ਕੋਲ ਹੁਣ ਵਿਸ਼ਵ ਜੂਨੀਅਰ ਬੈਡਮਿੰਟਨ ਦਾ ਵੀ ਖਿਤਾਬ ਹੈ। ਇਸ ਵੇਲੇ ਸਾਈਨਾ ਵਿਸ਼ਵ ਰੈਂਕਿੰਗ ਵਿਚ 11ਵੇਂ ਸਥਾਨ ‘ਤੇ ਹੈ ਅਤੇ ਹੁਣ ਉਸਦੀਆਂ ਨਿਗਾਹਾਂ ਇਸ ਮਹੀਨੇ ਹੋਣ ਵਾਲੀ ਚਾਈਨਾ ਅਤੇ ਹਾਂਗਕਾਂਗ ਓਪਨਜ਼ ‘ਤੇ ਹਨ।
ਸਾਈਨਾ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨ ਬਣੀ
This entry was posted in ਖੇਡਾਂ.