ਸੋਮਾਲੀਆ ਦੇ ਸਮੁੰਦਰੀ ਲੁਟੇਰੇ ਅਤੇ ਦੇਸ਼ਾਂ ਦੇ ਜਹਾਜ਼

ਪੁਰਾਣੇ ਸਮਿਆਂ ਵਿਚ ਜਦੋਂ ਲੋਕਾਂ ਨੇ ਪਰਦੇਸਾਂ ਨੂੰ ਜਾਣਾ ਤਾਂ ਆਪਣੇ ਨਾਲ ਲਿਆ ਪੈਸਾ ਆਪਣੇ ਕਪੜਿਆਂ ਦੀ ਕਿਸੇ ਐਸੀ ਤਹਿ ਵਿਚ ਲੁਕਾ ਲੈਣਾ ਜਿਥੋਂ ਕਿ ਲੁਟੇਰੇ ਉਨ੍ਹਾਂ ਦੇ ਪੈਸੇ ਤੱਕ ਨਾ ਪਹੁੰਚ ਸਕਣ। ਕਿਉਂਕਿ ਉਨ੍ਹਾਂ ਸਮਿਆਂ ਵਿਚ ਨਾ ਤਾਂ ਪੁਲਿਸ ਦਾ ਕੋਈ ਵਧੀਆ ਇੰਤਜ਼ਾਮ ਸੀ ਨਾ ਹੀ ਉਨ੍ਹਾਂ ਨੂੰ ਛੇਤੀ ਪਹੁੰਚਾਉਣ ਲਈ ਤੇਜ਼ਗਾਮ ਗੱਡੀਆਂ ਹੀ ਸਨ।  ਇਹੀ ਕਾਰਨ ਸੀ ਕਿ ਰਾਹਗੀਰਾਂ ਵਲੋਂ ਵੱਡੇ ਵੱਡੇ ਕਾਫ਼ਲਿਆਂ ਦੇ ਰੂਪ ਵਿਚ ਆਪਣਾ ਸਫ਼ਰ ਕਰਨਾ ਵਧੇਰੇ ਸੁਰੱਖਿਅਤ ਸਮਝਿਆ ਜਾਂਦਾ ਸੀ। ਕੱਚੀਆਂ ਪਗਡੰਡੀਆਂ ਅਤੇ ਪਹਿਆਂ ਦਾ ਸਫ਼ਰ ਕਰਨ ਵਾਲੇ ਨਵੇਂ ਰਾਹਗੀਰਾਂ ਨੂੰ ਰਾਹਾਂ ਬਾਰੇ ਵੀ ਕੁਝ ਵਧੇਰੇ ਜਾਣਕਾਰੀ ਨਹੀਂ ਸੀ ਹੁੰਦੀ। ਇਸ ਕਰਕੇ ਉਹ ਆਪਣੇ ਆਪ ਨੂੰ ਕਿਸੇ ਕਾਫ਼ਲੇ ਨਾਲ ਜੋੜਕੇ ਇਕ ਪਿੰਡ ਤੋਂ ਦੂਜੇ ਪਿੰਡ ਜਾਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਦਾ ਸਫ਼ਰ ਕਰਦੇ ਹੁੰਦੇ ਸਨ। ਇਹੀ ਹਾਲ ਸਮੁੰਦਰ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ ਦਾ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਵਿਗਿਆਨ ਨੇ ਇੰਨੀ ਤਰੱਕੀ ਵੀ ਨਹੀਂ ਸੀ ਕੀਤੀ। ਇਹੀ ਕਾਰਨ ਸੀ ਕਿ ਭਾਰਤ ਲੱਭਣ ਆਇਆ ਇਕ ਪੁਰਤਗੀਜ਼ ਅਮਰੀਕਾ ਦੀ ਖੋਜ ਦਾ ਮੁੱਖ ਖੋਜੀ ਬਣ ਗਿਆ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਕ ਭੁੱਲੇ ਹੋਏ ਰਾਹੀ ਨੂੰ ਅਮਰੀਕਾ ਰੂਪੀ ਖ਼ਜ਼ਾਨਾ ਹੱਥ ਆ ਗਿਆ, ਵਰਨਾ ਆਮ ਲੋਕਾਂ ਤਾਂ ਰਾਹੋਂ ਕੁਰਾਹੇ ਪੈ ਜਾਣ ਤੋਂ ਬਾਅਦ ਲੁਟੇਰਿਆਂ ਦੀ ਲੁੱਟ ਦਾ ਹੀ ਕਾਰਨ ਬਣਦੇ ਰਹੇ ਹਨ। ਲੋਕਾਂ ਦੀਆਂ ਇਨ੍ਹਾਂ ਮੁਸ਼ਕਲਾਂ ਦਾ ਫਾਇਦਾ ਚੁਕਣ ਲਈ ਸਮੁੰਦਰ ਵਿਚ ਵੀ ਲੁਟੇਰਿਆਂ ਦਾ ਪੂਰਾ ਕਬਜ਼ਾ ਹੋਇਆ ਕਰਦਾ ਸੀ।  

 ਭਾਵੇਂ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਪਰ ਲੁੱਟਾਂ ਖੋਹਾਂ ਅਜੇ ਵੀ ਹੁੰਦੀਆਂ ਹਨ। ਭਾਵੇਂ ਇਨ੍ਹਾਂ ਦੇ ਲਈ ਤਰੀਕੇ ਬਦਲ ਗਏ ਹਨ। ਚਾਕੂ, ਤਲਵਾਰਾਂ ਦੀ ਥਾਂ ਹੁਣ ਪਿਸਤੌਲਾਂ ਆਦਿ ਨੇ ਲੈ ਲਈ ਹੈ। ਲੋਕਾਂ ਦੀ ਲੁੱਟ ਖੋਹ ਤੱਕ ਤਾਂ ਗੱਲ ਠੀਕ ਹੈ ਲੇਕਨ ਜਦੋਂ ਇਕ ਦੇਸ਼ ਦੂਜੇ ਦੇਸ਼ ਨਾਲ ਲੁੱਟ ਖੋਹ ਕਰਦਾ ਹੈ ਤਾਂ ਇਹ ਗੱਲ ਸੁਣਕੇ ਬਹੁਤ ਹੈਰਾਨੀ ਹੁੰਦੀ ਹੈ। ਇਹੀ ਹਾਲ ਮੌਜੂਦਾ ਸਮੇਂ ਸੋਮਾਲੀਆ ਜਿਹੇ ਇਕ ਆਮ ਜਿਹੇ ਦੇਸ਼ ਦਾ ਹੈ ਜਿਸਦੇ ਕੁਝ ਲੁਟੇਰੇ ਕਿਸੇ ਰਾਹਗੀਰ ਨੂੰ ਨਹੀਂ ਲੁੱਟਦੇ ਸਗੋਂ ਵੱਡੇ ਵੱਡੇ ਦੇਸ਼ਾਂ ਦੇ ਸਮੁੰਦਰੀ ਜਹਾਜ਼ਾਂ ਉਪਰ ਹੀ ਕਬਜ਼ਾ ਕਰ ਲੈਂਦੇ ਹਨ। ਅਜੇ ਪਿਛਲੇ ਦਿਨਾਂ ਦੀ ਹੀ ਗੱਲ ਹੈ ਕਿ ਇਨ੍ਹਾਂ ਵਲੋਂ ਇਕ ਜਹਾਜ਼ ਨੂੰ ਅਗਵਾ ਕਰ ਲਿਆ ਗਿਆ ਜਿਸ ਵਿਚ 18 ਭਾਰਤੀ ਅਤੇ ਕੁਝ ਹੋਰ ਦੇਸ਼ਾਂ ਦੇ ਲੋਕ ਮੌਜੂਦ ਸਨ। ਇਨ੍ਹਾਂ ਲੋਕਾਂ ਨੂੰ ਅਗਵਾਕਾਰਾਂ ਵਲੋਂ ਉਦੋਂ ਛੱਡਿਆ ਗਿਆ ਜਦੋਂ ਇਸ ਜਹਾਜ਼ ਦੇ ਮਾਲਕਾਂ ਵਲੋਂ ਵੱਡੀ ਰਕਮ ਫਿਰੌਤੀ ਵਜੋਂ ਉਨ੍ਹਾਂ ਨੂੰ ਦਿੱਤੀ ਗਈ। ਇਸ ਦੌਰਾਨ ਦੁਨੀਆਂ ਦੇ ਸਾਰੇ ਹੀ ਲੋਕਾਂ ਵਲੋਂ ਇਹ ਜਵਾਬ ਇਕ ਸੁਰ ਹੋ ਕੇ ਦਿੱਤਾ ਗਿਆ ਕਿ ਜਦੋਂ ਹਿੰਦ ਮਹਾਂਸਾਗਰ ਦੇ ਭੀੜੇ ਰਾਹ ਥਾਣੀਂ ਜਹਾਜ਼ ਨਿਕਲਦਾ ਹੈ ਤਾਂ ਇਹ ਉਸ ਨੂੰ ਅਗਵਾ ਕਰਕੇ ਲੈ ਜਾਂਦੇ ਹਨ। ਇਥੇ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਸੰਯੁਕਤ ਰਾਸ਼ਟਰ ਸੰਘ ਜਾਂ ਹੋਰਨਾਂ ਦੇਸ਼ਾਂ ਵਲੋਂ ਉਥੇ ਨੌਸੈਨਾ ਨਹੀਂ ਲਾਈ ਜਾ ਸਕਦੀ? ਜਿਹੜੀ ਇਨ੍ਹਾਂ ਗਿਣਤੀ ਦੇ ਲੁਟੇਰਿਆਂ ਪਾਸੋਂ ਜਹਾਜ਼ ਨੂੰ ਅਗਵਾ ਹੋਣੋ ਬਚਾ ਸਕੇ। ਕਿਉਂਕਿ ਇਹ ਅਗਵਾਕਾਰ ਅਗਵਾ ਕੀਤੇ ਹੋਏ ਜਹਾਜ਼ ਦੇ ਮਾਲਕਾਂ ਜਾਂ ਦੇਸ਼ਾਂ ਪਾਸੋਂ ਲੱਖਾਂ-ਕਰੋੜਾਂ ਡਾਲਰਾਂ ਦੀ ਫਿਰੌਤੀ ਮੰਗਦੇ ਹਨ। ਪਰੰਤੂ ਫੇਰ ਵੀ ਦੁਨੀਆਂ ਦੇ ਸਾਰੇ ਦੇਸ਼ ਹੀ ਅੱਖਾਂ ਮੀਟੀ ਬੈਠੇ ਹੋਏ ਹਨ।

 ਇਥੇ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਜਦੋਂ ਇਰਾਕ, ਅਫ਼ਗਾਨਿਸਤਾਨ, ਈਰਾਨ ਅਤੇ ਹੋਰਨਾਂ ਦੇਸ਼ਾਂ ਨਾਲ ਆਹਡਾ ਲਾਉਣ ਲਈ ਵੱਡੀਆਂ ਤਾਕਤਾਂ ਸਿਰ ਨਾਲ ਸਿਰ ਜੋੜ ਕੇ ਸਲਾਹੀ ਪੈ ਜਾਂਦੀਆਂ ਹਨ ਤਾਂ ਇਹ ਗਿਣਤੀ ਦੇ ਕੁਝ ਲੁਟੇਰੇ ਕੋਈ ਵੱਡੀ ਸ਼ੈਅ ਨਹੀਂ ਹਨ। ਸੋਮਾਲੀਆ ਦੇ ਇਹ ਸਮੁੰਦਰੀ ਲੁਟੇਰੇ ਕੋਈ ਬਹੁਤ ਵੱਡਾ ਦੇਸ਼ ਨਹੀਂ ਹਨ ਸਗੋਂ ਇਕ ਛੋਟੇ ਜਿਹੇ ਅਣ ਵਿਕਸਿਤ ਦੇਸ਼ ਦੇ ਭਗੌੜੇ ਲੁਟੇਰੇ ਹਨ। ਚਲੋਂ ਇਥੇ ਇਹ ਗੱਲ ਮੰਨ ਲਈ ਜਾਵੇ ਕਿ ਉਸ ਦੇਸ਼ ਦੀ ਸਰਕਾਰ ਪਾਸ ਇੰਨੇ ਵਸੀਲੇ ਨਹੀਂ ਹਨ ਕਿ ਉਹ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰ ਸਕਣ। ਪਰ ਦੁਨੀਆਂ ਦੇ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਪਾਸ ਤਾਂ ਵਸੀਲੇ ਹਨ ਜਿਨ੍ਹਾਂ ਰਾਹੀਂ ਉਹ ਇਨ੍ਹਾਂ ਗਿਣਤੀ ਦੇ ਕੁਝ ਸਮੁੰਦਰੀ ਲੁਟੇਰਿਆਂ ‘ਤੇ ਕਾਬੂ ਪਾ ਸਕਦੇ ਹਨ। ਇਨ੍ਹਾਂ ਵੱਡੀਆਂ ਤਾਕਤਾਂ ਪਾਸ ਆਪਣੇ ਸਮੁੰਦਰੀ ਬੇੜੇ ਹਨ, ਆਪਣੀਆਂ ਫੌਜਾਂ ਹਨ ਆਪਣੇ ਹਵਾਈ ਜਹਾਜ਼ ਹਨ, ਪਣਡੁੱਬੀਆਂ ਹਨ, ਆਪਣੀਆਂ ਮਿਸਾਈਲਾਂ, ਤੋਪਾਂ ਹਨ। ਫਿਰ ਇਹ ਦੇਸ਼ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰਨ ਵਿਚ ਨਾਕਾਮ ਕਿਉਂ?  
 ਹੁਣੇ ਪਿਛੇ ਜਿਹੇ ਜਦੋਂ ਭਾਰਤ ਦੇ 18 ਲੋਕਾਂ ਨੂੰ ਇਨ੍ਹਾਂ ਲੁਟੇਰਿਆਂ ਪਾਸੋਂ ਛੁਡਾ ਲਿਆ ਗਿਆ ਹੈ ਤਾਂ ਕਿਤੇ ਜਾਕੇ ਭਾਰਤੀ ਨੌਸੈਨਾ ਹਰਕਤ ਵਿਚ ਆਈ ਹੈ। ਉਸਨੇ ਆਪਣੇ ਦੇਸ਼ ਦੇ ਲੋਕਾਂ ਨੂੰ ਛੁਡਾਉਣ ਤੋਂ ਕੁਝ ਦਿਨਾਂ ਬਾਅਦ ਹੀ ਇਨ੍ਹਾਂ ਲੁਟੇਰਿਆਂ ਦੇ  ਇਕ ਸਭ ਤੋਂ ਵੱਡੇ ਜਹਾਜ਼ ਅਤੇ ਇਕ ਛੋਟੇ ਜਹਾਜ਼ ਨੂੰ ਤਬਾਹ ਕਰਕੇ ਸਮੁੰਦਰ ਦੀ ਕੋਖ ਵਿਚ ਡੁਬੋ ਦਿੱਤਾ ਹੈ। ਇਥੇ ਸੋਚਣ ਵਾਲੀ ਗੱਲ ਇਹ ਹੈ ਕਿ ਕਈ ਵਾਰ ਦੁਨੀਆਂ ਦੇ ਦੇਸ਼ਾਂ ਵਲੋਂ ਆਪਣੀ ਖੱਲ ਬਚਾਉਣ ਲਈ ਇਹ ਬਹਾਨਾ ਲਾ ਦਿੱਤਾ ਜਾਂਦਾ ਹੈ ਕਿ ਸਾਡੀਆਂ ਫੌਜਾਂ ਨੂੰ ਉਥੇ ਜਾਣ ਦੀ ਇਜਾਜ਼ਤ ਨਹੀਂ ਹੈ। ਇਥੇ ਸਵਾਲ ਇਹ ਆਉਂਦਾ ਹੈ ਕਿ ਕੀ ਜਦੋਂ ਇਕ ਦੇਸ਼ ਦੂਜੇ ਦੇਸ਼ ਉਪਰ ਹਮਲਾ ਕਰਦਾ ਹੈ ਉਦੋਂ ਉਨ੍ਹਾਂ ਨੂੰ ਕਿਸੇ ਦੀ ਇਜਾਜ਼ਤ ਲੈਣ ਦੀ ਲੋੜ ਹੁੰਦੀ ਹੈ। ਇਸ ਸਬੰਧੀ ਸੰਯੁਕਤ ਰਾਸ਼ਟਰ ਵਲੋਂ ਮਤਾ ਪਾਸ ਕਰਵਾਕੇ ਉਸ ਛੋਟੇ ਜਿਹੇ ਦੇਸ਼ ਸੋਮਾਲੀਆ ਪਾਸੋਂ ਉਨ੍ਹਾਂ ਦੇ ਸਮੁੰਦਰੀ ਲੁਟੇਰਿਆਂ ਨੂੰ ਫੜਣ ਦੀ ਮੁਹਿੰਮ ਛੇੜਣ ਦੀ ਇਜਾਜ਼ਤ ਲੈਣੀ ਕੋਈ ਵੱਡੀ ਗੱਲ ਨਹੀਂ। ਹੁਣ ਜਦੋਂ ਭਾਰਤੀ ਨੌਸੈਨਾ ਵਲੋਂ ਇਸ ਮੁਹਿੰਮ ਨੂੰ ਵਿਢਿਆ ਗਿਆ ਹੈ ਤਾਂ ਮੇਰੀ ਸੋਚ ਤਾਂ ਇਹੀ ਕਹਿੰਦੀ ਹੈ ਕਿ ਉਸ ਰਾਹ ਥਾਣੀਂ ਗੁਜ਼ਰਨ ਵਾਲੇ ਹੋਰਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਇਨ੍ਹਾਂ ਲੁਟੇਰਿਆਂ ਨੂੰ ਨੱਥ ਪਾਉਣ ਲਈ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।

 ਗੱਲ ਇਥੇ ਇਹ ਨਹੀਂ ਕਿ ਇਹ ਲੁਟੇਰੇ ਲੋਕਾਂ ਨੂੰ ਫੜਕੇ ਫਿਰੌਤੀਆਂ ਲੈ ਰਹੇ ਹਨ। ਇਥੇ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਨੇ ਸਮੁੰਦਰ ਵਿਚ ਆਪਣੀ ਦਹਿਸ਼ਤ ਦੁਨੀਆਂ ਭਰ ਦੇ ਦੇਸ਼ਾਂ ਉਪਰ ਪਾਈ ਹੋਈ ਹੈ। ਇਸ ਦਹਿਸ਼ਤ ਤੋਂ ਬਚਣ ਲਈ ਸਾਰੇ ਦੇਸ਼ਾਂ ਨੂੰ ਇਕਜੁੱਟ ਹੋਕੇ ਹੰਭਲਾ ਮਾਰਨਾ ਚਾਹੀਦਾ ਹੈ। ਇਸ ਸਬੰਧੀ ਕੁਝ ਲੋਕਾਂ ਦੀ ਸੋਚ ਇਹ ਵੀ ਕਹਿੰਦੀ ਹੈ ਕਿ ਉਸ ਪਾਸਿਉਂ ਨਿਕਲਣ ਵਾਲੇ ਜਹਾਜ਼ਾਂ ਦੀ ਰੱਖਿਆ ਲਈ ਉਨ੍ਹਾਂ ਜਹਾਜ਼ਾਂ ਨੂੰ ਆਪਣੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦੇਣੇ ਚਾਹੀਦੇ ਹਨ। ਇਥੇ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਜਦੋਂ ਉਸ ਜਹਾਜ਼ ਉਪਰ ਸੁਰੱਖਿਆ ਪ੍ਰਬੰਧਾਂ ਲਈ ਹੋਰ ਖਰਚੇ ਕੀਤੇ ਜਾਣਗੇ ਤਾਂ ਉਸ ਜਹਾਜ਼ ਦੇ ਮਾਲਕ ਵਲੋਂ ਉਨ੍ਹਾਂ ਖਰਚਿਆਂ ਨੂੰ ਪੂਰਿਆਂ ਕਰਨ ਲਈ ਢੋਆ ਢੁਆਈ ਦੇ ਭਾਅ ਵੀ ਵਧਾ ਦਿੱਤੇ ਜਾਣਗੇ। ਜਿਸਦਾ ਮਤਲਬ ਸਿੱਧੇ ਤੌਰ ‘ਤੇ ਇਹ ਹੋਵੇਗਾ ਕਿ ਬਾਹਰਲੇ ਦੇਸ਼ਾਂ ਤੋਂ ਆਉਣ ਜਾਣ ਵਾਲੇ ਸਾਮਾਨ ਜਾਂ ਤੇਲ ਦੀਆਂ ਕੀਮਤਾਂ ਵਧਾਉਣ ਲਈ ਤੇਲ ਕੰਪਨੀਆਂ ਨੂੰ ਇਕ ਨਵਾਂ ਬਹਾਨਾ ਮਿਲ ਜਾਵੇਗਾ ਅਤੇ ਆਰਥਕ ਮੰਦੀ ਦੇ ਦੌਰ ਵਿਚ ਇਸਦਾ ਅਸਰ ਸਿੱਧੇ ਤੌਰ ‘ਤੇ ਆਮ ਲੋਕਾਂ ਉਪਰ ਹੀ ਆਣ ਪਵੇਗਾ। ਬਿਜ਼ਨੈਸਮੈਨ ਦੀ ਖੇਡ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੇਕਰ ਕਿਸੇ ਚੀਜ਼ ਦਾ ਵਾਧੂ ਖਰਚਾ ਉਨ੍ਹਾਂ ਉਪਰ ਇਕ ਪੈਨੀ ਪੈਂਦਾ ਹੈ ਤਾਂ ਉਹ ਉਸਦੇ ਬਦਲੇ ਇਸ ਬਹਾਨੇ ਦਾ ਫਾਇਦਾ ਚੁਕਦਾ ਹੋਇਆ ਚੀਜ਼ ਦੇ ਭਾਅ ਦਸ ਪੈਨੀਆਂ ਵਧੇਰੇ ਵਸੂਲ ਕਰਨਾ ਸ਼ੁਰੂ ਕਰ ਦਿੰਦਾ ਹੈ।
 ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਪਤਾ ਹੈ ਕਿ ਇਨ੍ਹਾਂ ਲੁਟੇਰਿਆਂ ਪਾਸ ਕੋਈ ਬਹੁਤ ਵੱਡੇ ਹਥਿਆਰ ਅਜੇ ਨਹੀਂ ਆਏ। ਹਾਂ ਜੇਕਰ ਇਨ੍ਹਾਂ ਵਲੋਂ ਫਿਰੌਤੀਆਂ ਦੀ ਵਸੂਲੀ ਇੰਵੇਂ ਹੀ ਹੁੰਦੀ ਰਹੀ ਤਾਂ ਉਹ ਇਨ੍ਹਾਂ ਦੇਸ਼ਾਂ ਪਾਸੋਂ ਫਿਰੌਤੀਆਂ ਵਜੋਂ ਲੁਟੇ ਡਾਲਰਾਂ ਰਾਹੀਂ ਮਿਸਾਈਲਾਂ ਤੱਕ ਵੀ ਖਰੀਦ ਸਕਦੇ ਹਨ। ਇਹ ਜਮ੍ਹਾਂ ਘਟਾ ਦੀ ਗਿਣਤੀ ਵਿਚ ਤਾਂ ਇਹੀ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਇਕ ਵੱਡੀ ਤਾਕਤ ਬਣਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਧੌਣ ਉਪਰ ਗੋਡਾ ਰਖਣਾ ਇਕ ਦੂਰ ਦ੍ਰਿਸ਼ਟੀ ਵਾਲੀ ਗੱਲ ਹੋਵੇਗੀ। ਦੁਨੀਆਂ ਵਿਚ ਵੱਧ ਰਹੇ ਅਤਿਵਾਦ ਦੇ ਪਿਛੇ ਵੀ ਇਹੀ ਸੋਚ ਕੰਮ ਕਰ ਰਹੀ ਹੈ। ਜਦੋਂ ਇਹ ਜਥੇਬੰਦੀਆਂ ਛੋਟੀ ਪੱਧਰ ‘ਤੇ ਹੁੰਦੀਆਂ ਹਨ ਤਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਇਨ੍ਹਾਂ ਪ੍ਰਤੀ ਅਣਗਹਿਲੀ ਵਰਤੀ ਜਾਂਦੀ ਹੈ। ਜਦੋਂ ਇਹ ਵੱਡੀਆਂ ਜਥੇਬੰਦੀਆਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਤਾਂ ਫਿਰ ਉਨ੍ਹਾਂ ਨੂੰ ਖ਼ਤਮ ਕਰਨ ਲਈ ਤੋਪਾਂ, ਮਿਸਾਈਲਾਂ, ਜਹਾਜ਼ਾਂ ਦੀ ਵਰਤੋਂ ਕਰਨੀ ਪੈਂਦੀ ਹੈ। ਕੁਝ ਅਜਿਹੀ ਹੀ ਇਨ੍ਹੀਂ ਦਿਨੀਂ ਸ੍ਰੀਲੰਕਾ, ਇਰਾਕ, ਅਫ਼ਗਾਨਿਸਤਾਨ ਅਤੇ ਹੁਣ ਅਮਰੀਕਾ ਵਲੋਂ ਪਾਕਿਸਤਾਨ ਵਿਚ ਵੀ ਕੀਤੇ ਜਾ ਰਹੇ ਹਮਲੇ ਇਕ ਵੱਡੀ ਚੁਣੌਤੀ ਬਣ ਚੁੱਕੇ ਹਨ। ਇਸ ਲਈ ਚਾਹੀਦਾ ਤਾਂ ਇਹ ਹੈ ਕਿ ਸਮਾਂ ਰਹਿੰਦਿਆਂ ਹੀ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇ। ਅਗੇ ਹੁਣ ਵੱਡੇ ਦੇਸ਼ਾਂ ਦੀ ਸੋਚ ਹੈ ਕਿ ਉਹ ਕਿਸ ਨੀਤੀ ਨੂੰ ਧਾਰਨ ਕਰਦੇ ਹੋਏ ਇਨ੍ਹਾਂ ਨੂੰ ਕਾਬੂ ਕਰਨ ਲਈ ਕੋਸਿ਼ਸ਼ਾਂ ਕਰਦੇ ਹਨ?

This entry was posted in ਸੰਪਾਦਕੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>