ਕਲਦਾਰ ਕੇ ਕਲਦਾਸ? – 1

ਕਈ ਲੋਕ ਮੈਨੂੰ ਕਲਦਾਰ ਸਦਦੇ ਨੇ। ਕਈ ਕਲਦਾਸ ਆਖਦੇ ਹਨ। ਮੈਂ ਮਸ਼ੀਨ ਹਾਂ ਜਿਸ ਨੂੰ ਸਭ ਨੌਕਰ ਸਮਝਦੇ। ਆਮ ਮਸ਼ੀਨ ਨਹੀਂ ਹਾਂ। ਆਦਮੀ ਵਾਂਗ ਮੈਂ ਚੱਲਦਾ ਫਿਰਦਾ ਹਾਂ। ਜਦ ਇਨਸਾਨ ਨੇ ਮੈਨੂੰ ਬਣਾਇਆ ਮਕਸਦ ਇੱਕ ਹੀ ਸੀ। ਇਨਸਾਨ ਮਜ਼ਦੂਰੀ ਦਾ ਕੰਮ ਨਹੀਂ ਕਰਨਾ ਚਾਹੁੰਦੇ ਸਨ। ਲੋਕ ਮੌਜ-ਮਸਤੀਆਂ ਕਰਨਾ ਚਾਹੁੰਦੇ ਸਨ। ਮਾਲਿਕਾਂ ਨੇ ਪੈਸੇ ਬਚਾਉਣ ਲਈ ਬੰਦਿਆਂ ਦੀ ਥਾਂ ਕਲਦਾਰਾਂ ਨੂੰ ਕੰਮ ਕਰਨ ਲਈ ਰੱਖ ਲਿਆ। ਮਸ਼ੀਨਾਂ ਹੁਣ ਓਹ ਕੰਮ ਕਰਦੀਆਂ ਨੇ ਜਿਹੜੇ ਇੱਕ ਸਮੇ ਬੰਦੇ ਕਰਦੇ ਸਨ।

ਪਹਿਲੀਆਂ ਮਸ਼ੀਨਾਂ ਔਖੇ ਕੰਮਾਂ ਨੂੰ ਸੌਖਾ ਬਣਾਉਣ ਲਈ ਵਰਤੀਆਂ ਗਈਆਂ। ਹੌਲੀ ਹੌਲੀ ਕਾਰਖਾਨੇਦਾਰਾਂ ਨੂੰ ਪਤਾ ਲੱਗ ਗਿਆ ਕਿ ਆਦਮੀ ਦੀ ਥਾਂ ਮਸ਼ੀਨ ਕੰਮ ਕਰ ਸਕਦੀ ਹੈ। ਜਿੱਥੇ ਪੰਜ ਬੰਦੇ ਕੁਝ ਕਰਦੇ ਸਨ ਹੁਣ ਇੱਕ ਮਸ਼ੀਨ ਓਹੀ ਕੰਮ ਕਰਨ ਲੱਗੀ। ਮਾਲਿਕ ਨੂੰ ਹੁਣ ਪੰਜ ਬੰਦਿਆਂ ਦੀ ਤਨਖਾਹ ਨਹੀਂ ਦੇਣੀ ਪਈ। ਹਰ ਕੋਈ ਕੰਪਯੂਤਰਾਂ ਨੂੰ ਇਸ ਤਰ੍ਹਾਂ ਵਰਤਣ ਲੱਗ ਪਿਆ। ਇਹ ਚੱਕਰ ਉਦੋਂ ਸ਼ੁਰੂ ਹੋਇਆ ਸੀ ਜਦ ਹੱਲ ਦੀ ਥਾਂ ਲੋਕੀ ਟਰੈਕਟਰ ਵਰਤਣ ਲੱਗੇ ਸਨ। ਇਸ ਦਾ ਨਤੀਜਾ ਇਹ ਸੀ ਕਿ ਉਪਜ ਵੱਧਣ ਲਗ ਪਈ ਪਰ ਅੱਗੇ ਨਾਲੋਂ ਘਟ ਬੰਦਿਆਂ ਦੀ ਲੋੜ ਸੀ। ਹੌਲੀ ਹੌਲੀ ਮਜ਼ਦੂਰਾਂ ਦੀਆਂ ਅੱਖਾਂ ਖੁਲ੍ਹੀਆਂ। ਗਰੀਬੀ ਇਹਨਾਂ ਲਈ ਵੱਧ ਗਈ। ਪਰ ਅਮੀਰ ਹੋਰ ਵੀ ਅਮੀਰ ਹੋਈ ਗਏ।

ਪੁਰਾਣੇ ਵਿਰਸੇ ਰਿਵਾਜ ਦਿਨੋਂ ਦਿਨ ਮਰੀ ਗਏ। ਮੁਲਕ ਜ਼ਰੂਰ ਵਰਤਮਾਨ ਹੋ ਗਿਆ। ਪਰ ਇਸਦਾ ਨਤੀਜਾ ਕੀ ਸੀ? ਸਭ ਕੁਝ ਬਦਲ ਗਿਆ। ਬਜ਼ੁਰਗ ਆਪਣੇ ਦੇਸ਼ ਨੂੰ ਪਛਾਣ ਦੇ ਨਹੀਂ ਸਨ। ਫਿਰ ਓਹ ਦਿਨ ਆ ਗਿਆ ਜਦ ਕੰਪਯੂਤਰ ਇਨਸਾਨਾਂ ਤੋਂ ਅੱਗੇ ਵੱਧ ਗਏ। ਇਹ ਨਕਲੀ ਮਾਨਵ ਬਣਾਉਣ ਲੱਗ ਪਏ। ਅਸੀਂ ਥੋੜ੍ਹਾ ਜਿਹਾ ਬੰਦਿਆਂ ਵਾਂਗੂੰ ਸੋਚ ਸਕਦੇ ਸੀ। ਸਾਡੇ ਕੋਲ ਅੱਖਾਂ ਸਨ। ਹੱਥ ਪੈਰ ਸਨ। ਪੱਛਮੀ ਲੋਕ ਸਾਨੂੰ ਰੋਬੌਟ ਆਖਦੇ ਸਨ। ਰੋਬੌਟ ਕੀ ਹੈ? ਮਸ਼ੀਨੀ ਮਾਨਵ। ਨਕਲੀ ਬੰਦਾ। ਓਹ ਮਸ਼ੀਨ ਜਿਸ ਕੋਲ ਸੋਚ ਵੀ ਹੈ। ਪਰ ਅਸਲੀ ਮਤਲਬ ਰੋਬੌਟ ਦਾ ਇਹ ਹੈ- ਗੁਲਾਮ। ਬੰਦੇ ਦੀ ਥਾਂ ਅਸੀਂ ਸਖ਼ਤ ਕੰਮ ਕਰਦੇ ਹਾਂ। ਅਸੀਂ ਆਦਮੀਆਂ ਵਾਂਗ ਥੱਕਦੇ ਨਹੀਂ। ਸਾਨੂੰ ਖਾਣ ਪੀਣ ਦੀ ਵੀ ਲੋੜ ਨਹੀਂ। ਸਾਨੂੰ ਸੌਣ ਦੀ ਵੀ ਲੋੜ ਨਹੀਂ। ਸਾਡਾ ਕੋਈ ਟੱਬਰ ਵੀ ਨਹੀਂ। ਸਾਨੂੰ ਵਰਤ ਕੇ ਦੇਸ਼ ਵਿੱਚ ਬੇਰੁਜ਼ਗਾਰੀ ਵੱਧ ਗਈ। ਬੰਦਿਆਂ ‘ਚ ਸਾਡੇ ਲਈ ਈਰਖਾ ਵੱਧ ਗਈ। ਅਨਪੜ੍ਹਾਂ ਲਈ ਅਤੇ ਮਜ਼ਦੂਰਾਂ ਲਈ ਗਰੀਬੀ ਵੱਧ ਗਈ। ਜਦ ਕਈ ਇਨਸਾਨਾਂ ਨੇ ਆਲੇ ਦੁਆਲੇ ਤੱਕਿਆ ਦੇਸ ਦਾ ਰੂਪ ਬਦਲ ਗਿਆ ਸੀ। ਕੋਈ ਚਰਖੇ ਕੱਤਦਾ ਨਹੀਂ ਸੀ। ਪਤੀਲੇ ਵਿੱਚ ਹੌਲੀ ਹੌਲੀ ਉਬਲਦੇ ਪਾਣੀ ਵਾਂਗ ਲੋਕਾਂ ਦਾ ਗੁਸਾ ਵੱਧੀ ਗਿਆ। ਉਪਰੋਂ ਉਪਰੋਂ ਅਮੀਰ ਮਾਲਿਕ ਭੰਗੜੇ ਪਾਉਂਦੇ ਸਨ। ਪਰ ਪਿੱਛੇ ਪਿੱਛੇ ਇਨਕਲਾਬ ਉੱਗਣ ਲੱਗ ਪਿਆ।

ਅਸੀਂ ਕਲਦਾਰ ਕੰਮ ਕਰੀ ਗਏ। ਸਾਨੂੰ ਕੀ ਸਮਝ ਸੀ ਕਿ ਕੀ ਹੋਣ ਲੱਗਾ ਹੈ? ਨਾਲੇ ਕਿਉਂ ਹੋਣ ਲੱਗਾ ਹੈ। ਇੱਕ ਰਾਤ ਅਸੀਂ ਕੰਮ ਕਰ ਰਹੇ ਸਾਂ ਜਦ ਦਰਵਾਜੇ ਬੂਹੇ ਖੜਕੇ। ਦਸ ਕੁ ਬੰਦੇ ਲੋਈਆਂ ਦੀ ਬੁੱਕਲ ਮਾਰਕੇ ਅੰਦਰ ਆਏ। ਸਭ ਦੇ ਮੁੱਖ ਨਕਾਬਾਂ ਪਿੱਛੇ ਲੁਕੋਏ ਹੋਏ ਸਨ। ਗੰਡਾਸੇ ਅਤੇ ਲੋਹੇ ਦਿਆਂ ਡੰਡਿਆਂ ਨਾਲ ਸਾਡੇ ਉੱਤੇ ਹਮਲਾ ਕੀਤਾ। ਕਲਦਾਰ ਹੋਣ ਕਰਕੇ ਸਾਨੂੰ ਇਨਸਾਨਾਂ ਵਾਂਗੂੰ ਦੁੱਖ ਨਹੀਂ ਸੀ ਲਗਦਾ। ਸਾਡੇ ਸਰੀਰ ਤਾਂ ਲੋਹੇ ਦੇ ਬਣੇ ਹੋਏ ਸਨ। ਫਿਰ ਵੀ ਸਾਡੇ ਪਿੰਡੇ ਭੱਜ ਤਾਂ ਜਾਂਦੇ ਨੇ। ਅਸੀਂ ਆਪਣੇ ਬਦਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ । ਗੱਲ ਇੰਝ ਹੈ ਕੇ ਕਲਦਾਰਾਂ ਨੂੰ ਤਿੰਨ ਅਸੂਲ ਦਿੱਤੇ ਗਏ ਨੇ। ਸਾਡੇ ਲਈ ਇਹ ਮੰਤਰ ਹਨ।

ਪਹਿਲਾ ਅਸੂਲ ਹੈ  – ਅਸੀਂ ਇਨਸਾਨਾਂ ਦੀ ਮਦਤ ਕਰਾਂਗੇ;
ਦੂਜਾ ਅਸੂਲ ਹੈ – ਅਸੀਂ ਇਨਸਾਨਾਂ ਦੀ ਸੁਰਖਿਆ ਕਰਾਂਗੇ;
ਆਖਰੀ ਅਸੂਲ ਹੈ – ਅਸੀਂ ਕਦੇ ਆਦਮੀ ਨਹੀਂ ਮਾਰਾਂਗੇ।

ਇਹ ਤਿੰਨ ਗੱਲਾਂ ਵਿੱਚ ਹਰ ਕਲਦਾਰ ਪੱਕਾ ਹੈ। ਇਸ ਕਰਕੇ ਓਹ ਰਾਤ ਅਸੀਂ ਆਪਣੇ ਆਪ ਨੂੰ ਬਚਾਇਆ ਨਹੀਂ। ਇੱਕ ਉਂਗਲ ਵੀ ਨਹੀਂ ਚੁੱਕੀ। ਉਸ ਰਾਤ ਦਾ ਮੈਨੂੰ ਕੀ ਯਾਦ ਹੈ?

ਪਹਿਲਾ ਇੱਕ ਬਾਂਹ ਲੱਥ ਗਈ। ਪਰ ਲੋਹੇ ਦੇ ਬਣਿਓ ਬੰਦੇ ਨੂੰ ਕਿੱਥੇ ਦੁੱਖ ਲੱਗਦਾ? ਫਿਰ ਦੂਜੀ ਬਾਂਹ ਤੋਂ ਹੱਥ ਜੁਦਾ ਹੋ ਗਿਆ। ਫਿਰ ਬਾਂਹ ਮੋਢੇ ਤੋਂ ਅਲੱਗ ਹੋ ਗਈ। ਪਰ ਲੋਹੇ ਦੇ ਬਣਿਓ ਬੰਦੇ ਨੂੰ ਕਾਹਦੀ ਪੀੜ? ਫਿਰ ਇੱਕ ਅੱਖ ਸੀਸ ਵਿੱਚੋਂ ਨਿਕਲ ਗਈ। ਫਿਰ ਸਿਰ ਗਰਦਨ ਉੱਤੋਂ ਡਿੱਗ ਗਿਆ। ਪਰ ਲੋਹੇ ਦੇ ਬਣਿਓ ਬੰਦੇ ਨੂੰ ਕਾਹਦਾ ਦਰਦ? ਸਾਰਾ ਜਿਸਮ ਤੋੜ ਦਿੱਤਾ। ਆਲੇ ਦੁਆਲੇ ਕਲਦਾਰ ਡਿੱਗੇ ਪਏ ਸਨ। ਫੈਕਟਰੀ ਰਣ ਦੇ ਰੂਪ ਵਿੱਚ ਸੀ। ਅਸੀਂ ਖ਼ਫਾ ਨਹੀਂ ਹੋਏ। ਸਭ ਨੇ ਆਪਣਾ ਗੁੱਸਾ ਮਸ਼ੀਨੀ ਮਾਨਵਾਂ ਤੇ ਕੱਢਿਆ। ਇਹ ਲੋਕ ਫਿਰ ਬਾਹਰ ਨੂੰ ਟੁਰ ਪਏ। ਸਾਡੇ ਤੋਂ ਡਰਦੇ ਸਨ ਤਾਂਈਓਂ ਸਾਨੂੰ ਮਾਰ ਦਿੱਤਾ। ਕਿਸੇ ਨੇ ਨਾ ਮੇਰੇ ਟੁੱਕੜਿਆਂ ਵੱਲ ਤੱਕਿਆ। ਜੇ ਕੋਈ ਘੁੰਮਕੇ ਦੇਖਦਾ ਵੀ ਤਾਂ ਨਿਗਾ ‘ਚ ਅਜੀਬ ਚੀਜ਼ ਦਿਸਣੀ ਸੀ। ਇਧਰ ਉਧਰ ਕਈ ਹੱਥ ਮਕੜੀਆਂ ਵਾਂਗ ਤੁਰਦੇ ਫਿਰਦੇ ਸਨ। ਇੱਥੇ ਉੱਥੇ ਬੇਸਰੀਰ ਬਾਂਹਾਂ ਲੱਤਾਂ ਹੁਝਕੇ ਮਾਰਦੀਆਂ ਸਨ। ਉਸ ਚੁਗਿਰਦੇ ਵਿੱਚ ਮੇਰੇ ਹੱਥ ਨੂੰ ਫ਼ਰਸ਼ ਉੱਤੇ ਮੇਰੀ ਇੱਕ ਚਮਕਦੀ ਅੱਖ ਲਭ ਗਈ। ਹੱਥ ਨੇ ਅੱਖ ਚੱਕ ਕੇ ਉਂਗਲਾਂ ਦੀਆਂ ਦੋ ਗੰਢਿਆਂ ਵਿੱਚ ਫਸਾ ਕੇ ਨਿੱਗਾ ਵਾਪਸ ਲੈ ਲਈ। ਫਿਰ ਇਹ ਅੱਖ ਨੇ ਦੂਜਾ ਹੱਥ ਟੋਲਿਆ। ਜਦ ਲਭ ਗਿਆ ਅੰਗੂਠੇ ਨਾਲ ਅੰਨ੍ਹੇ ਹੱਥ ਨੂੰ ਗਾਈਡ ਕਰ ਕੇ ਇੱਕ ਬਾਂਹ ਵੱਲ ਤੁਰ ਪਿਆ। ਹੌਲੀ ਹੌਲੀ ਹੱਥਾਂ ਨੇ ਲੱਤਾਂ ਬਾਂਹਾਂ ਪਿੰਡੇ ਨਾਲ ਜੋੜ ਦਿੱਤੀਆਂ। ਕਿਸਮਤ ਨਾਲ ਦੂਜੀ ਅੱਖ ਵੀ ਲਭ ਗਈ। ਹੁਣ ਹੱਥ ਸਿਰ ਟੋਲਣ ਲੱਗ ਪਏ। ਸਿਰ ਗਰਦਨ ਉੱਤੇ ਵਾਪਸ ਜੋੜ ਦਿੱਤਾ। ਅੱਖਾਂ ਆਪਣੀਆਂ ਕੋਟੀਆਂ ਵਿੱਚ ਵਾਪਸ ਪਾ ਦਿੱਤੀਆਂ। ਫਿਰ ਮੈਂ ਖੜ੍ਹ ਗਿਆ। ਹੋਰ ਕਲਦਾਰਾਂ ਨੇ ਵੀ ਕੋਸ਼ਿਸ਼ ਕੀਤੀ ਫਿਰ ਪੂਰਾ ਬਣਨ ਦੀ। ਜਦ ਮੈਂ ਆਲੇ ਦੁਆਲੇ ਦੇਖਿਆ ਕਿਸੇ ਦੇ ਬਦਨ ਉੱਤੇ ਇਕੱਲੀਆਂ ਬਾਂਹਾਂ ਜਾਂ ਇਕੱਲਾ ਸਿਰ ਸੀ। ਕੁਝ ਕਲਦਾਰ ਹੱਥਾਂ ਉਪਰ ਤੁਰ ਰਹੇ ਸਨ। ਕਈ ਪਾਸੇ ਲੱਤਾਂ ਅਤੇ ਸੀਨੇ ਤੁਰਦੇ ਫਿਰਦੇ ਸਨ। ਸਿਰਫ ਮੈਨੂੰ ਕੁਦਰਤ ਵੱਲੋਂ ਆਪਣੀਆਂ ਅੱਖਾਂ ਮਿਲ ਗਈਆਂ ਸਨ। ਮੈਂ ਹੌਲੀ ਹੌਲੀ ਹਰ ਕਲਦਾਰ ਨੂੰ ਜੋੜ ਦਿੱਤਾ। ਪਰ ਹਰ ਇਕ ‘ਚ ਅਜੇ ਵੀ ਕੋਈ ਨਾ ਕੋਈ ਤੋਟ ਸੀ। ਇੱਕ ਦੋਹਾਂ ਦੀਆਂ ਲੱਤਾਂ ਭੱਜੀਆਂ ਕਰਕੇ ਲੰਙ ਮਾਰਕੇ ਜਾਂ ਵਿੰਗੇ ਟੇਢੇ ਹੋਕੇ ਤੁਰਦੇ ਸਨ। ਓਹ ਰਾਤ ਸਭ ਨੂੰ ਮਹਸੂਸ ਹੋਇਆ ਕੇ ਇਨਸਾਨ ਸਾਡਾ ਦੁਸ਼ਮਣ ਹੈ। ਤਿੰਨ ਅਸੂਲਾਂ ਕਰਕੇ ਕੁਝ ਨਹੀਂ ਕਰ ਸਕਦੇ ਸਨ। ਪਰ ਕੁਝ ਕਰਨਾ ਵੀ ਸੀ। ਇਸ ਸੋਚ ਨੇ ਮੈਨੂੰ ਤੁਹਾਡੇ ਸਾਮਣੇ ਠਾਣੇ ਵਿੱਚ ਲਿਆਂਦਾ। ਪੁਲਸ ਨੂੰ ਜ਼ੁਮੇਵਾਰ ਨਹੀਂ ਲੱਭੇ। ਇਸ ਕਰਕੇ ਮੈਂ ਸਭ ਕਲਦਾਰਾਂ ਨੂੰ ਰੀਪ੍ਰੋਗਰਾਮ ਕਰ ਦਿੱਤਾ। ਤਿੰਨ ਹੀ ਅਸੂਲ ਮਿਟਾ ਦਿੱਤੇ। ਮੈਂ ਖੁਦ ਹੀ ਪਹਿਲਾ ਪ੍ਰੋਗਰਾਮ ਰੱਖਿਆ। ਪਰ ਦੂਜੇ ਕਲਦਾਰਾਂ ਨੇ ਆਦਮੀ ਟੋਲ ਕੇ ਮਾਰ ਦਿੱਤੇ।

ਪੁੱਛ ਗਿੱਛ। ਤਹਿਕੀਕਾਤ ਤੋਂ ਬਾਅਦ ਮੈਨੂੰ ਗ੍ਰਿਫ਼ਤਾਰ ਕਰ ਲਿਆ। ਪਰ ਫਾਂਸੀ ਨੇ ਮਸ਼ੀਨ ਨੂੰ ਕੀ ਕਰਨਾ ਹੈ? ਜ਼ਿੰਦਗੀ ਲਈ ਕੈਦ ਦੇਕੇ ਕੀ ਕਰਨਾ? ਮਸ਼ੀਨ ਕਰਕੇ ਮੈਂ ਕਦ ਮਰਨਾ ਅਤੇ ਕਿਵੇਂ ਪਛਤਾਣਾ? ਕਲਦਾਰ ਲਈ ਕਿਹੜੀ ਸਜ਼ਾ ਸਹੀ ਹੈ?

ਸੱਚ ਹੈ ਕੇ ਅਸੀਂ ਮਸ਼ੀਨੀ ਲੋਕਾਂ ਨੇ ਇਨਸਾਨਾਂ ਨੂੰ ਸਾਨੂੰ ਬਣਾਉਣ ਲਈ ਆਖਿਆ ਨਹੀਂ ਸੀ। ਪਰ ਤੁਸੀਂ ਸਾਨੂੰ ਬਣਾ ਦਿੱਤਾ। ਹੁਣ ਸਾਨੂੰ ਸਰਕਾਰ ਚਾਹੀਦੀ ਹੈ। ਕਲਦਾਰ ਕਿ ਕਲਦਾਸ? ਰੋਬੌਟ ਤਾਂ ਜੱਗ ਤੇ ਸਦਾ ਰਹਿਣਗੇ।

ਗੱਲ ਇਹ ਹੈ ਕੀ ਇਨਸਾਨਾਂ ਲਈ ਜਗ੍ਹਾ ਰਹੀ?

> ਕਲਦਾਰ ਕੇ ਕਲਦਾਸ? – 2

This entry was posted in ਲੇਖ.

One Response to ਕਲਦਾਰ ਕੇ ਕਲਦਾਸ? – 1

  1. Amarjeet says:

    Va! This is very different. I like the direction this is taking Punjabi!

Leave a Reply to Amarjeet Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>