ਵਲਾਇਤ ਤੋਂ ਪਿੰਡ ਵੱਲ ਜਾਣ ਦੇ ‘ਦਰਦਨਾਕ’ ਸਫ਼ਰ ਦੀ ਗਾਥਾ (ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ)

ਅੱਜ 28 ਅਕਤੂਬਰ 2008 ਨੂੰ (ਪੰਜਾਬੋਂ ਆਉਣ ਤੋਂ ਸਿਰਫ 8 ਮਹੀਨੇ 11 ਦਿਨ ਬਾਦ ਹੀ) ਪਿੰਡ ਜਾਣ ਲਈ ਵਹੀਰਾਂ ਘੱਤਣੀਆਂ ਸਨ। ਇੰਗਲੈਂਡ ਦੇ ਸਮੇਂ ਅਨੁਸਾਰ ਰਾਤ (ਸਵੇਰ) ਦੇ ਇੱਕ ਵਜੇ ਘਰੋਂ ਏਅਰਪੋਰਟ ਲਈ ਚਾਲੇ ਪਾਉਣੇ ਸਨ। ਪਿੰਡ ਜਾਣ ਦੇ ਚਾਅ ‘ਚ ਨੀਂਦ ਇੱਕ ਪਲ ਵੀ ਨੇੜੇ ਨਾ ਆਈ। ਜਿਥੇ ਮੈਂ ਰਹਿ ਰਿਹਾ ਸਾਂ, ਉਥੇ ਪੰਜਾਬੀ ਤਾਂ ਦੂਰ, ਭਾਰਤੀ ਵੀ ਅਸੀਂ ਦੋਵੇਂ ਇਕੱਲੇ ਹੀ ਸਾਂ। ਪਰ ਇਕ ‘ਟੇਕ-ਅਵੇ’ ਚਲਾਉਂਦੇ ਦੋ ਪਾਕਿਸਤਾਨੀ ਦੋਸਤ ਬਸ਼ੀਰ ਤੇ ਤਾਰਿਕ ਹੀ ਮੇਰੇ ਲਈ ਭੈਣ- ਭਰਾ, ਰਿਸ਼ਤੇਦਾਰ ਸਨ, ਜਿਹਨਾਂ ਨਾਲ ਮਨ ਦਾ ਗੁੱਭ- ਗੁਭਾਟ ਕੱਢ ਲਿਆ ਕਰਦਾ ਸੀ। ਰਾਤ ਨੂੰ ਯਾਰ ਬਸ਼ੀਰ ਆਪਣੀ ਕਾਰ ‘ਤੇ 20 ਕੁ ਮੀਲ ਦੂਰ ਕੋਚ (ਬੱਸ) ਫੜ੍ਹਨ ਲਈ ਛੱਡ ਕੇ ਗਿਆ। ਸਵੇਰ ਦੇ 1:25 ਵਜੇ ਕੋਚ ‘ਤੇ ਸਵਾਰ ਹੋ ਗਏ। ਸਵੇਰ ਦੇ ਸਹੀ ਪੌਣੇ ਨੌਂ ਵਜੇ ‘ਆਪਣੇ ਜਹਾਜ’ ਜਾਣੀ ਕਿ ਏਅਰ ਇੰਡੀਆ ਦੇ ਜਹਾਜ ਨੇ ਸਾਨੂੰ ਪਿੰਡ ਵੱਲ ਨੂੰ ਲੈ ਕੇ ਉੱਡਣਾ ਸੀ। ਅਰਜਨ ਨੂੰ ਚਿੜੀ ਦੀ ਅੱਖ ਦੇ ਦਿਸਣ ਵਾਂਗ ਮੈਨੂੰ ਸਿਰਫ ਤੇ ਸਿਰਫ ‘ਜਾਨ ਤੋਂ ਪਿਆਰੇ’ ਮਿੱਤਰ-ਬੇਲੀ ਹੀ ਨਜ਼ਰ ਆ ਰਹੇ ਸਨ ਕਿ ਕਿਹੜਾ ਵੇਲਾ ਆਵੇ ਤੇ ਅਸੀਂ ਪਿਆਰ ਭਰੀ ਗਲਵੱਕੜੀ ਪਾਈਏ ਤੇ ਉਹ ਗਲਵੱਕੜੀ ਰੱਬ ਦੇ ਮਿੰਨਤਾਂ ਕਰਨ ਤੇ ਵੀ ਨਾ ਖੁੱਲ੍ਹੇ।
 ਮਾੜੇ ਦੇ ਮਾੜੇ ਕਰਮ ਵਾਲੀ ਗੱਲ ਉਦੋਂ ਸੱਚੀ ਹੁੰਦੀ ਜਾਪੀ ਜਦੋਂ ਰਸਤੇ ‘ਚ ਬਰਫ ਪਈ ਦੇਖੀ। ਅਚਾਨਕ ਬਰਫ ਦੀਆਂ ਫੁੱਟ ਫੁੱਟ ਉਚੀਆਂ ਢੇਰੀਆਂ ਬਣੀਆਂ ਦੇਖ ਕੇ ਸਾਹ ਸੁੱਕਣ ਲੱਗੇ ਕਿਉਂਕਿ ਕੋਚ ਜਿਸ ਕੀੜੀ ਦੀ ਚਾਲ ਨਾਲ ਚੱਲ ਰਹੀ ਸੀ, ਉਸ ਤੋਂ ਇਉਂ ਲੱਗਦਾ ਸੀ ਕਿ ਅੱਜ ਜਹਾਜ ਨਹੀਂ ਚੜ੍ਹਿਆ ਜਾਣਾ। ਲੇਲੇ-ਪੇਪੇ ਕਰਨ ਲਈ ਏਅਰਪੋਰਟ ‘ਤੇ ਫਲਾਈਟ ਤੋਂ ਘੰਟਾ-ਡੇਢ ਘੰਟਾ ਪਹਿਲਾਂ ਪਹੁੰਚਣਾ ਜਰੂਰੀ ਸੀ। ਕਿਵੇਂ ਨਾ ਕਿਵੇਂ ਪੌਣੇ ਕੁ ਅੱਠ ਵਜੇ ਏਅਰਪੋਰਟ ਦਾਖ਼ਲ ਹੋਏ। ਏਅਰ ਇੰਡੀਆ ਦਾ ਕਾਊਂਟਰ ਭੱਜ ਭੱਜ ਲੱਭਦਿਆਂ ਦੀਆਂ ਲੱਤਾਂ ਫੁੱਲ ਗਈਆਂ। ਲਾਈਨ ‘ਚ ਜਾ ਲੱਗੇ ਤਾਂ ਸਾਹਮਣੇ ਬੈਠੀ ‘ਬੀਬੀ’ ਨੇ ਅਹਿਸਾਨ ਜਿਹਾ ਜਤਾਉਂਦਿਆਂ ਕਿਹਾ, “ਸਕੈਜੂਅਲ ਚੇਂਜ ਹੋਏ ਨੂੰ ਤਾਂ ਕਿੰਨੇ ਦਿਨ ਹੋ ਗਏ ਤੁਸੀਂ ਪਤਾ ਕਿਉਂ ਨਾ ਕੀਤਾ? ਹੁਣ ਤਾਂ ਫਲਾਈਟ ਰਾਤ ਦੇ ਸਾਢੇ ਨੌਂ ਵਜੇ ਜਾਵੇਗੀ…।” ਇਸ ਅਚਾਨਕ ਆਣ ਪਈ ਬਿਪਤਾ ਵਿਚ ਅਸੀਂ ਇਕੱਲੇ ਨਹੀਂ ਸਾਂ, ਹੋਰ ਵੀ ਵਿਚਾਰੇ ‘ਆਪਣੇ ਜਹਾਜ’ ਵਾਲਿਆਂ ਦਾ ਮਨੋ-ਮਨੀ ‘ਸਿਰ ਪਲੋਸੀ’ ਜਾ ਰਹੇ ਸਨ। ਪਿੰਡ ਜਾਣ ਦਾ ਚਾਅ ਪੂਰੇ 13 ਘੰਟਿਆਂ ਦੀ ਲੰਮੀ ਉਡੀਕ ਅੱਗੇ ਗੋਡਣੀ ਲਗਾ ਕੇ ਬੈਠ ਗਿਆ ਸੀ।

ਹੁਣ ਮੈਨੂੰ ਵਾਰ-ਵਾਰ ਬਾਈ ਸਿ਼ਵਚਰਨ ਜੱਗੀ ਕੁੱਸਾ ਦਾ ਏਅਰ ਇੰਡੀਆ ਬਾਰੇ ‘‘ਏਹ-ਰੰਡੀ-ਆ’’ ਵਿਅੰਗ ਲਿਖਣਾ ਸੱਚ ਜਿਹਾ ਜਾਪ ਰਿਹਾ ਸੀ। ਪਹਿਲਾਂ ਤਾਂ ਮੈਂ ਇਹੀ ਸਮਝ ਰਿਹਾ ਸੀ ਕਿ ਇਹ ਤਜ਼ਰਬੇ ਜਰੂਰੀ ਨਹੀਂ ਕਿ ਹਰ ਕਿਸੇ ਤੇ ਹੀ ਲਾਗੂ ਹੋਣ। ਪਰ ਹੁਣ ਸੱਚਮੁੱਚ ਹੀ ਏਅਰ ਇੰਡੀਆ ਦਾ 13 ਘੰਟਿਆਂ ਦਾ ਬਣਵਾਸ ਮੈਂ ਖੁਦ ਵੀ ਹੰਢਾ ਰਿਹਾ ਸਾਂ। ਜਿੱਥੋਂ ਕੁ ਤੱਕ ਹੋਇਆ ਅਸੀਂ ਆਪਣੀ ਚਾਰਾਜੋਈ ਕੀਤੀ, ਏਅਰ ਇੰਡੀਆ ਦੇ ਕਾਊਂਟਰ ਤੇ ਜਾ ਕੇ ਪੁੱਛਗਿੱਛ ਕਰਨੀ ਚਾਹੀ ਤਾਂ ਉਥੇ ਬੈਠੀਆਂ ਦੋ ਗੋਰੀਆਂ ‘ਬੀਬੀਆਂ’ ਦਾ ‘ਜਿਹੋ ਜਿਹੀ ਨੰਦੋ ਬਾਹਮਣੀ, ਉਹੋ ਜਿਹਾ ਘੁੱਦੂ ਜੇਠ’ ਵਾਲੀ ਗੱਲ ਸੀ। ਉਹਨਾਂ ਦੀ ਗੱਲਬਾਤ ਤੋਂ ਇਓਂ ਲੱਗ ਰਿਹਾ ਸੀ, ਜਿਵੇਂ ਦਿਨ ਦੇ ਦਿਨ ਕੰਮ ਸਾਰਨ ਲਈ ਦਿਹਾੜੀ ‘ਤੇ ਲਿਆਂਦੀਆਂ ਹੋਣ। ਅਸੀਂ ਮਾੜੀ ਮੋਟੀ ਪੁੱਛ-ਗਿੱਛ ਕਰੀਏ ਤਾਂ ਝੱਟ ਕੰਪਿਊਟਰ ਨੂੰ ਗਧੀਗੇੜ ਪਾ ਲੈਣ ਤੇ ਜਾਣਕਾਰੀ ਦੇਣ ਲਈ ਐਨਾ ਟੈਮ ਲਾਉਣ, ਜਿਵੇਂ ਜਾਣਕਾਰੀ ‘ਕਹੀ’ ਨਾਲ ਪੁੱਟ ਕੇ ਧਰਤੀ ‘ਚੋਂ ਕੱਢਣੀ ਹੋਵੇ। ਜਦੋਂ ਉਹਨਾਂ ਵੱਲੋਂ ਗੱਲ ਸਿਰੇ ਨਾ ਲੱਗਦੀ ਦਿਸੀ ਤਾਂ ਅਸੀਂ ਹਾਕੀ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਜਬਰੀ ਲਾਹੇ ਕੇ. ਪੀ. ਐੱਸ. ਗਿੱਲ ਵਾਂਗੂੰ ਭਾਣਾ ਜਿਹਾ ਮੰਨ ਕੇ ਕੁਰਸੀਆਂ ਵੱਲ ਨੂੰ ਹੋ ਤੁਰੇ। ਜਾਂਦਿਆਂ ਜਾਂਦਿਆਂ ਨੂੰ ਇੱਕ ਗੋਰੀ ਬੋਲੀ ਕਿ “ਤੁਸੀਂ ਜੋ ਕੁਝ ਇੱਥੇ ਖਾਓ-ਪੀਓਗੇ ਉਸ ਦੇ ਬਿੱਲ ਸਾਂਭ ਲੈਣੇ, ਟਿਕਟਾਂ ਦੇਣ ਵਾਲੇ ਟਰੈਵਲ ਏਜੰਟ ਤੁਹਾਨੂੰ ਅਦਾ ਕਰ ਸਕਦੇ ਹਨ।” ਸ਼ੁਕਰ ਹੈ ਕਿ ਉਸ ਗੋਰੀ ਨੂੰ ਮੇਰੀ ਘਰਵਾਲੀ ਦੀ ‘ਸ਼ੁੱਧ ਪੰਜਾਬੀ’ ‘ਚ ਕੱਢੀ ਗਾਲ੍ਹ ਸਮਝ ਨਹੀਂ ਆਈ, ਨਹੀਂ ਤਾਂ ਸ਼ਾਇਦ ਸਾਨੂੰ ਧੱਕੇ ਨਾਲ ਵੀ ਜਹਾਜ ਚੜ੍ਹਾ ਦਿੰਦੇ।

 ਇਸ ਨੂੰ ਪਿੰਡ ਜਾਣ ਦਾ ਉਦਰੇਵਾਂ ਕਿਹਾ ਜਾਵੇ ਜਾਂ ਥਕਾਵਟ ਕਿ ਮੈਨੂੰ ਏਅਰਪੋਰਟ ਤੇ ਹੀ ਬੁਖ਼ਾਰ ਨੇ ਘੇਰ ਲਿਆ। 13 ਘੰਟਿਆਂ ‘ਚ ਚਾਰ ਵਾਰ ਖਾਧੀਆਂ ਗੋਲੀਆਂ ਨੇ ਕੁਝ ਧਰਵਾਸ ਜਿਹਾ ਦਿੱਤਾ। ਮਿੰਟ ਮਿੰਟ ਗਿਣਦਿਆਂ ਨੂੰ ਸਾਢੇ ਨੌਂ ਵੱਜਣ ਕਿਨਾਰੇ ਸਨ। ਪਰ ਧੁੜਕੂ ਅਜੇ ਵੀ ਸੀ ਕਿ ਇਹਨਾਂ ਦਾ ਕੀ ਪਤੈ ਕਿ ਕਹਿ ਦੇਣ ‘ਅਸੀਂ ਤਾਂ ਪਰਸੋਂ ਨੂੰ ਜਾਵਾਂਗੇ..!’

 ਯਕੀਨ ਉਦੋਂ ਆਇਆ ਜਦੋਂ ਆਪੋ ਆਪਣੀਆਂ ਸੀਟਾਂ ਤੇ ਜਾ ਬਿਰਾਜੇ। ਬਜੁਰਗਾਂ ਦੇ ਕਹਿਣ ਵਾਂਗ 5-6 ਹਾਥੀਆਂ ਜਿੰਨੇ ਵੱਡੇ ਜਹਾਜ ‘ਚ ਸੀਟਾਂ ਅੱਧਿਓਂ ਵੱਧ ਖਾਲੀ ਪਈਆਂ ਸਨ। ਇੱਕ ਵਾਰ ਤਾਂ ਏਅਰ ਇੰਡੀਆ ਵਾਲਿਆਂ ਦੇ ਨਾਂ ‘ਸੰਦੇਸ਼’ ਦੇਣ ਨੂੰ ਮਨ ਕਰੇ ਕਿ ਉਹਨਾਂ ਭਲਿਆਂ ਲੋਕਾਂ ਨੂੰ ਕਹਾਂ ਕਿ “ਐਹੋ ਜਿਹੇ ਬਿਜਨਿਸ ਵੱਲੋਂ ਕੀ ਥੁੜਿਆ ਪਿਐ ਥੋਡਾ, ਨਾਲੇ ਆਪ ਖੱਜਲ-ਖੁਆਰ ਹੁੰਨੇ ਓਂ, ਨਾਲੇ ਲੋਕਾਂ ਨੂੰ ਕਰਦੇ ਓਂ? ਦੱਖੂਦਾਣਾ ਵਾਧੂ ਦਾ ਲੈਨੇ ਓਂ! ਐਨੇ ਟੈਕਸ ਭਰਨ, ਐਨੀ ਸਿਰ ਦਰਦੀ ਸਹੇੜਨ ਨਾਲੋਂ ਤਾਂ ਚੰਗੈ ਕਿ ਆਹ ਜਹਾਜ ਜਿਹਾ ਵੇਚਕੇ ਤੀਹ ਪੈਂਤੀ ਘੜੁੱਕੇ (ਪੀਟਰ ਇੰਜਣ ਵਾਲੇ) ਪਾ ਲਓ। ਨਾਂ ਟੈਕਸਾਂ ਦਾ ਜੱਭ੍ਹ, ਨਾ ਕਿਸੇ ਦੀ ਧੰਗੇੜ ਝੱਲਣੀ ਪਵੇ! ਭਾਵੇਂ ਸਵਾਰੀਆਂ ਲੱਦ ਲਓ, ਭਾਵੇਂ ਮੱਝਾਂ ਲੱਦੀ ਫਿਰੋ..!” ਫਿਰ ਚੁੱਪ ਜਿਹਾ ਕਰ ਗਿਆ ਕਿ ਇਹਨਾਂ ਨੂੰ ਘਰੋਂ ਖਾ ਕੇ ਮੱਤ ਕਿਹੜਾ ਦੇਵੇ? ਹੁਣ ਜਿਸ ਸੀਟ ‘ਤੇ ਮੈਂ ਤੇ ਸ੍ਰੀਮਤੀ ਨੇ ਬਹਿਣਾ ਸੀ, ਉਸੇ ਦੇ ਨਾਲ ਵਾਲੀ ਤੀਜੀ ਸੀਟ ਇੱਕ ਪੰਜਾਬੀ ਬਾਬਾ ਜੀ ਦੀ ਸੀ। ਮੇਰੇ ਵਾਂਗ ਉਸ ਬਾਬੇ ਨੇ ਵੀ ਸ਼ੁਕਰ ਮਨਾਇਆ ਕਿ ਉਹਦੇ ਨਾਲ ਕੋਈ ਪੰਜਾਬੀ ਬੈਠਾ ਹੈ, ਨਹੀਂ ਤਾਂ ਸ਼ਰਮੋ-ਸ਼ਰਮੀ ਚੁੱਪ ਜਿਹੇ ਰਹਿਣ ਨਾਲ ਜੁਬਾਨ ਨੂੰ ਜੰਗਾਲ ਲੱਗਣ ਵਾਲੀ ਗੱਲ ਹੋ ਜਾਂਦੀ ਹੈ।

 ਜਹਾਜ ਉਡਿਆ ਤਾਂ ਸ੍ਰੀਮਤੀ ਤਾਂ ਉਠਕੇ ਖਾਲੀ ਪਈਆਂ ਪਿਛਲੀਆਂ ਤਿੰਨ ਸੀਟਾਂ ਤੇ ‘ਲੇਟਾ’ ਮਾਰਨ ਲਈ ਚਲੀ ਗਈ। ਹੁਣ ਬਾਬੇ ਨੇ ਖਾਲੀ ਪਈ ਸੀਟ ‘ਤੇ ਬੈਠਣ ਲਈ ਸਾਹਮਣੇ ਵਾਲੀ ਸੀਟ ਤੇ ਬੈਠੀ ਆਪਣੀ ਜੀਵਨ ਸਾਥਣ ਨੂੰ ਸੱਦਾ ਦੇ ਦਿੱਤਾ। ਮੋਟੇ ਫਰੇਮ ਵਾਲੀ ਐਨਕ ਲਾਈ ਬੇਬੇ ਬਾਬੇ ਦੇ ਸੱਜੇ ਹੱਥ ਆਣ ਬੈਠੀ। ਰਸਮੀ ਜਿਹਾ ਹਾਲ ਚਾਲ ਪੁੱਛਣ ਤੇ ਪਤਾ ਲੱਗਾ ਕਿ ਉਹ ਆਪਣੇ ਇੰਗਲੈਂਡ ਰਹਿੰਦੇ ਪੁੱਤ-ਨੂੰਹ ਨੂੰ ਮਿਲ ਕੇ ਵਾਪਸ ਪੰਜਾਬ ਚੱਲੇ ਸਨ। ਅੰਤਾਂ ਦੇ ਗਾਲੜੀ ਸੁਭਾਅ ਦੇ ਬਾਬਾ-ਬੇਬੇ ਛੇਤੀ ਹੀ ਸ਼ੁੱਧ ਪੰਜਾਬੀ ‘ਤੇ ਉੱਤਰ ਆਏ। ਉਹਨਾਂ ਦੀਆਂ ਗੱਲਾਂ ਤੋਂ ਮੈਨੂੰ ਇਓਂ ਲੱਗਾ ਕਿ ਸ਼ਾਇਦ ਬਾਬੇ ਤੇ ਬੇਬੇ ਨੂੰ ਨੂੰਹ ਰਾਣੀ ਅੱਗੇ ਆਪਣਾ ਗੁੱਭ-ਗੁਭਾਟ ਕੱਢਣ ਦਾ ਮੌਕਾ ਨਹੀਂ ਸੀ ਮਿਲਿਆ। ਬਾਬਾ ਗੱਲ ਭੁੰਜੇ ਨਹੀਂ ਸੀ ਡਿੱਗਣ ਦੇ ਰਿਹਾ ਤੇ ਬੇਬੇ ਵਿਚਾਰੀ ਖਿਝੀ-ਖਿਝੀ ਜਿਹੀ ‘ਹੂੰ’ ਕਹਿ ਛੱਡਦੀ। ਛੋਟੀਆਂ ਛੋਟੀਆਂ ਗੱਲਾਂ ਤੋਂ ਗੱਲ ‘ਭੰਡੀ ਪ੍ਰਚਾਰ’ ਤੱਕ ਪੁੱਜ ਗਈ ਸੀ। ਬਾਬਾ ਆਪਣੇ ਤੀਰ ਚਲਾਉਂਦਾ ਬੋਲਿਆ, “ਸ਼ੇਰ ਬੱਗਿਆ, ਇਹ ਤਾਂ ਚੰਗਾ ਹੋਇਆ ਬਈ ਇਹ ਮੇਰੇ ਨਾਲ ਵਿਆਹੀ ਗਈ। ਜੇ ਕਿਸੇ ਭੌਂਦੂ ਜੱਟ ਦੇ ਲੜ ਲੱਗ ਜਾਂਦੀ ਤਾਂ ਸਾਰੀ ਉਮਰ ਗੋਹੇ ਦੇ ਟੋਕਰੇ ਹੇਠੋਂ ਸਿਰ ਨੀਂ ਸੀ ਨਿਕਲਣਾ।” ਬਾਬਾ ਗੱਲ ਕਰਦਾ ਬੇਬੇ ਵੱਲ ਟੇਢੀ ਅੱਖ ਨਾਲ ਝਾਕਦਾ ਮੈਨੂੰ ਅੱਖ ਮਾਰ ਗਿਆ ਸੀ, “ਹੋਰ ਸੁਣ, ਜਦੋਂ ਮੇਰਾ ਵੱਡਾ ਮੁੰਡਾ ਪਹਿਲੀ ਵਾਰ ਇੰਗਲੈਂਡੋਂ ਪਿੰਡ ਆਇਆ ਤਾਂ ਉਹਨੇ ‘ਟੇਲੀਵੀਜਨ’ ਲੈ ਆਂਦਾ। ਬਈ ਚਲੋ ਬੇਬੇ ਬਾਪੂ ਖਬਰਾਂ ਖੁਬਰਾਂ ਸੁਣ ਲਿਆ ਕਰਨਗੇ। ਮੈਂ ਇੱਕ ਦਿਨ ਖੇਤੋਂ ਮੁੜ ਕੇ ਆਇਆ ਤਾਂ ਇਹੇ ਘਰੇ ਕੱਲੀਓ ਈ ‘ਟੇਲੀਵੀਜਨ’ ਲਾਈ ਬੈਠੀ। ਟੇਲੀਵੀਜਨ ਚੱਲੀ ਜਾਵੇ ਤੇ ਇਹ ਘੁੰਢ ਕੱਢੀ ਬੈਠੀ। ਜਦੋਂ ਮੈ ਪੁੱਛਿਆ ਤਾਂ ਕਹਿੰਦੀ ਅਖੇ, “ਟੇਲੀਵੀਜਨ ‘ਚ ਚਾਚਾ ਰੌਣਕੀ ਰਾਮ ਆਇਆ ਸੀ, ਘੁੰਢ ਤਾਂ ਕੱਢਿਆ ਸੀ। ਐਹੋ ਜਿਆ ਕਮਲਿਆਂ ਦਾ ਟੱਬਰ ਆ ਇਹ।” ਬੇਬੇ ਵਿਚਾਰੀ ਸੱਚੀ ਗੱਲ ਸੁਣ ਕੇ ਹਾਰੇ ਹੋਏ ਉਮੀਦਵਾਰ ਵਾਂਗੂੰ ਠਿੱਠ ਜਿਹੀ ਹੋਈ ਬੈਠੀ ਸੀ। ਬਾਬੇ ਨੂੰ ਚੁੱਪ ਕਰਾਉਣ ਦੇ ਮਣਸੇ ਨਾਲ ਬੋਲੀ, “ਚੱਲ ਬੰਦ ਵੀ ਕਰਦੇ ਆਵਦਾ ਲੈਚਕਰ, ਮੁੰਡਾ ਕੀ ਕਹੂ ਘਰੇ ਜਾ ਕੇ ਕਿ ਐਵੇਂ ਕਮਲ ਮਾਰੀ ਗਿਆ ਸਾਰੇ ਰਾਹ।” ਬਾਬਾ ਕਿੱਥੋਂ ਹਟਣ ਵਾਲਾ ਸੀ। ਮੈਨੂੰ ਸਿੱਧਾ ਹੁੰਦਾ ਬੋਲਿਆ, “ਕਿਉਂ ਬਈ ਸ਼ੇਰਾ, ਕੀ ਕਹਿੰਦੇ ਹੁੰਦੇ ਆ ‘ਗਰੇਜੀ ‘ਚ? ਹਾਂ-ਅਖੇ ‘ਬੋਰ’ ਤਾਂ ਨੀ ਹੋ ਗਿਆ?”

 ”ਬਾਬਾ ਜੀ ਆਵਦੇ ਵੱਡਿਆਂ ਤੋਂ ਵੀ ਕਦੇ ਬੋਰ ਹੋਈਦੈ, ਤੁਸੀਂ ਕੋਈ ਮੱਤ ਈ ਦੇਵੋਂਗੇ।” ਮੈਂ ਬਾਬੇ ਦੀ ਗੱਲ ਦਾ ਜਵਾਬ ਦਿੰਦਾ ਚੁੱਪ ਹੋਣ ਲੱਗਾ ਸੀ ਕਿ ਵਿਧਾਨ ਸਭਾ ‘ਚ ਹੁੰਦੀ ਬਹਿਸ ਵਾਂਗੂੰ ਮੁੱਦਾ ਬੇਬੇ ਨੇ ਫੜ੍ਹ ਲਿਆ ਤੇ ਬੋਲੀ, “ਮੱਤ ਤਾਂ ਅੱਜ ਤੱਕ ਇਹਦੇ ਕੋਲ ਮੈਂ ਨੀਂ ਦੇਖੀ, ਤੈਨੂੰ ਮੱਤ ਕਿੱਥੋਂ ਦੇਦੂ?” ਲਓ ਜੀ ਏਨਾ ਕਹਿਣ ਦੀ ਦੇਰ ਸੀ ਕਿ ਬਾਬੇ ਨੇ ਫੇਰ ਸੂਈ ਬੇਬੇ ਦੀ ਝਾੜ-ਪੂੰਝ ਤੇ ਧਰ ਲਈ ਤੇ ਬੋਲਿਆ, “ਲੈ ਇਹਦੀ ਉੱਚੀ ਮੱਤ ਦੀ ਗੱਲ ਸੁਣ ਲਾ ਸ਼ੇਰਾ, ਮਾਂ ਦੀ ਧੀ ਨੂੰ ਮਾਪਿਆਂ ਨੇ ਕਦੇ ਘਰੋਂ ਬਾਹਰ ਨੀਂ ਸੀ ਕੱਢਿਆ, ਭਲਾ ਹੋਵੇ ਮੇਰੇ ਪੁੱਤ ਦਾ ਜੀਹਨੇ ਏਹਨੂੰ ਇੰਗਲੈਂਡ ਦਿਖਾਤਾ। ਏਹ ਤਾਂ ਸੁੱਖ ਨਾਲ ਕਦੇ ਪੰਜਾਬ ‘ਚ ਬੱਸ ਨੀਂ ਸੀ ਚੜ੍ਹੀ। ਜਦੋਂ ਮੇਰੇ ਸਹੁਰੀਂ ਜਾਣਾ ਤਾਂ ਹਿੰਡ ਫੜ੍ਹ ਜਾਂਦੀ-ਅਖੇ ਟਰੈਗਟ ਤੇ ਚੱਲ। ਜਦੋਂ ਇੰਗਲੈਂਡ ਮੁੰਡੇ ਕੋਲ ਆਏ ਤਾਂ ਇੱਕ ਦਿਨ ਜਿਦ ਕਰ ਬੈਠੀ-ਅਖੇ ਮੈਂ ਤਾਂ ਬੱਸ ਤੇ ਚੜ੍ਹ ਕੇ ਦੇਖਣੈਂ। ਤੈਨੂੰ ਤਾਂ ਪਤਾ ਈ ਆ ਬਈ ਓਥੇ ਬੱਸਾਂ ਦੂਹਰੀ ਛੱਤ ਆਲੀਆਂ ਨੇ। ਫੇਰ ਕਹਿੰਦੀ ਮੈਂ ਤਾਂ ‘ਉਤਲੀ ਬੱਸ’ ‘ਚ ਬਹਿਣੈ। ਪਹਿਲਾਂ ਤਾਂ ਉੱਤੇ ਚੜ੍ਹਗੀ ਫੇਰ ਡਲ਼ੇ ਵਾਂਗੂੰ ਥੱਲੇ ਆ ਵੱਜੀ। ਮੁੰਡੇ ਨੇ ਪੁੱਛਿਆ-ਬੇਬੇ ਕੀ ਗੱਲ ਹੋਗੀ ਥੱਲੇ ਕਾਹਤੋਂ ਆਗੀ? ਬਣਾ ਸੰਵਾਰ ਕੇ ਪਤਾ ਕੀ ਬੋਲੀ?- ਅਖੇ ਨਾ ਭਾਈ ‘ਤਾਂਹ ਆਲੀ ਬੱਸ ‘ਚ ਤਾਂ ਡਰੈਵਰ ਈ
ਹੈਨੀਂ, ‘ਤਾਂਹ ਬੈਠ ਕੇ ਜਾਨ ਗਵਾਉਣੀਂ ਆ। ਲੈ ਐਨੀ ਕੁ ਮੱਤ ਦੀ ਤਾਂ ਏਹ ਮਾਲਕ ਆ।”

ਕਿਸੇ ਕਾਮੇਡੀ ਫਿਲਮ ਵਰਗੇ ਮਾਹੌਲ ‘ਚ ਪਤਾ ਹੀ ਨਹੀਂ ਲੱਗਾ ਕਿ ਕਦ ਦਿੱਲੀ ਦੇ ਨੇੜੇ ਪਹੁੰਚ ਗਏ। ਜਹਾਜ ਉੱਤਰਿਆ ਤਾਂ ਅੱਗੇ ਮੇਰੇ ਚਾਚਾ ਜੀ, ਚਾਚਾ ਭੋਲਾ ਹਨੇਰੀ (ਪੰਜਾਬ ਰੋਡਵੇਜ ਮੋਗਾ ਦੀ ਕੰਡਕਟਰੀ ਵੇਲੇ ਦਾ ਮੇਰਾ ਸਾਥੀ ਜਾਣੀ ਕਿ ਡਰਾਈਵਰ), ਛੋਟੇ ਭਰਾ ਤੇ ਜਿਗਰੀ ਯਾਰ ਜੱਸੀ ਪਿੰਡ ਲਿਜਾਣ ਲਈ ਤਿਆਰ ਬਰ ਤਿਆਰ ਮੁੱਠੀਆਂ ‘ਚ ਥੁੱਕੀ ਖੜ੍ਹੇ ਸਨ। ਦਿੱਲੀ ਤੋਂ ਪਿੰਡ ਜਾਣ ਦਾ 6-7 ਘੰਟੇ ਦਾ ਸਫਰ ਵੀ ਮੁੱਕਣ ਦਾ ਨਾਂਅ ਨਹੀਂ ਸੀ ਲੈ ਰਿਹਾ। ਮੇਰਾ ਚਿੱਤ ਪਿੰਡ ਦੀ ਜੂਹ ‘ਚ ਵੜਨ ਨੂੰ ਕਾਹਲਾ ਪੈ ਰਿਹਾ ਸੀ। ਘਰ ਪਹੁੰਚਣ ਤੇ ਮਾਂ ਤੇ ਬਾਕੀ ਪਰਿਵਾਰਕ ਮੈਂਬਰਾਂ ਦੀਆਂ ਨਿੱਘੀਆਂ ਗਲਵੱਕੜੀਆਂ ਨੇ ਆਪਣੀਆਂ ਜੜ੍ਹਾਂ ਨਾਲ ਮੁੜ ਜੁੜਨ ਲਈ ਹੁਣ ਤੱਕ ਹੋਈ 34 ਘੰਟੇ ਦੀ ਜੱਦੋਜਹਿਦ ਨੂੰ ਉੱਕਾ ਹੀ ਭੁਲਾ ਦਿੱਤਾ ਸੀ।

This entry was posted in ਵਿਅੰਗ ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>