ਵੀਵੀਪੀਆਈਜ਼ ਦੀ ਸੁਰੱਖਿਆ ਦਾ ਮਾਮਲਾ ਤਾਏ ਦੀ ਬੈਠਕ ‘ਚ ਭੱਖਿਆ

ਹਮੇਸ਼ਾਂ ਵਾਂਗ ਤਾਇਆ ਵਲੈਤੀਆ ਆਪਣੀ ਬੈਠਕ ਵਿਚ ਪਿੰਡ ਦੀ ਵਿਧਾਨ ਸਭਾ ਸਜਾਈ ਆਪਣੇ ਪਿੰਡ ਦੇ ਮੋਹਤਬ, ਪੜ੍ਹੇ ਲਿਖੇ, ਅਨਪੜ੍ਹ, ਰੁਜ਼ਗਾਰ , ਬੇਰੁਜ਼ਗਾਰ ਹਰ ਪ੍ਰਕਾਰ ਦੇ ਮੈਂਬਰਾਂ ਨਾਲ ਬੈਠਾ ਦੁਨੀਆਂ, ਦੇਸ਼, ਸੂਬੇ , ਜਿ਼ਲੇ ਅਤੇ ਪਿੰਡਾਂ ਦੇ ਹਾਲਾਤ ਬਾਰੇ ਤਬਸਰਾ ਕਰਨ ਲਈ ਬੈਠਾ ਹੋਇਆ ਸੀ। ਉਸਦੀ ਸਭਾ ਦੇ ਸਾਰੇ ਹੀ ਮੈਂਬਰ ਤਾਏ ਦੀ ਇਕ ਮੀਟਿੰਗ ਵਿਚ ਆਪੋ ਆਪਣੇ ਵਿਚਾਰ ਪੇਸ਼ ਕਰਨ ਲਈ ਉਤਾਵਲੇ ਹੋਏ ਬੈਠੇ ਸਨ। ਕੋਈ ਸੋਫ਼ੇ ‘ਤੇ ਬੈਠਾ ਹੋਇਆ ਸੀ, ਕੋਈ ਕੁਰਸੀ ‘ਤੇ ਕੋਈ ਮੰਜਿਆਂ ਦੇ ਸਿਰਹਾਣੇ ਬੈਠਾ ਹੋਇਆ ਸੀ ਅਤੇ ਕੋਈ ਪੈਂਦ ਵਾਲੇ ਪਾਸੇ। ਸਾਰੇ ਹੀ ਮੈਂਬਰ ਆਪੋ ਆਪਣੇ ਹਿਸਾਬ ਨਾਲ ਆਪਣੀਆਂ ਪੁਜ਼ੀਸ਼ਨਾਂ ਸੰਭਾਲੀ ਬੈਠੇ ਸਨ। ਤਾਏ ਦੀ ਪਾਰਟੀ ਦਾ ਪੱਕਾ ਅਤੇ ਸ਼ੁਗਲੀ ਮੈਂਬਰ ਲਾਲੂ ਪ੍ਰਸਾਦਿ ਯਾਦਵ ਵਾਂਗੂੰ ਤਾਏ ਵਲੋਂ ਮੈਚ ਸ਼ੁਰੂ ਹੋਣ ਦੀ ਸੀਟੀ ਵੱਜਣ ਦੀ ਉਡੀਕ ਕਰਦਾ ਹੋਇਆ ਪਾਸੇ ਮਾਰ ਰਿਹਾ ਸੀ।
 ਤਾਇਆ ਵਲੈਤੀਆ ਸੀ ਕਿ ਅਜੇ ਤੱਕ ਮੈਚ ਸ਼ੁਰੂ ਹੋਣ ਦੀ ਸੀਟੀ ਹੀ ਨਹੀਂ ਸੀ ਮਾਰ ਰਿਹਾ। ਪਤਾ ਨਹੀਂ ਕਿਨ੍ਹਾਂ ਵਿਚਾਰਾਂ ਵਿਚ ਗੁਆਚਾ ਤਾਇਆ ਸੋਚਾਂ ਸੋਚੀ ਜਾ ਰਿਹਾ ਸੀ।
 ਸ਼ੀਤੇ ਨੇ ਮੀਟਿੰਗ ਦੀ ਕਾਰਵਾਈ ਦੀ ਸ਼ੁਰੂਆਤ ਕਰਦੇ ਹੋਏ ਤਾਏ ਨੂੰ ਪੁਛਿਆ, “ਕੀ ਗੱਲ ਐ ਤਾਇਆ ਅੱਜ ਤਾਂ ਇਵੇਂ ਬੈਠੈਂ ਜਿਵੇਂ ਮਾਸਟਰ ਜਗੀਰ ਦੇ ਚਾਚੇ ਅਮਲੀ ਦਾ ਮਾਵਾ ਮੁਕਿਆ ਹੁੰਦੈ ਤੇ ਉਹ ਸਿਰ ਸੁੱਟੀ ਬੈਠਾ ਹੁੰਦੈ।”
 -ਓਏ, ਨਹੀਂ ਓਏ ਸ਼ੀਤਿਆ! ਮੈਂ ਤਾਂ ਇਹ ਸੋਚਣ ਦਿਆਂ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਦੇਸ਼ਾਂ ਦੀਆਂ ਸਰਕਾਰ ਪਿੰਡ ਦੇ ਮੇਲੇ ‘ਚ ਪੈਣ ਵਾਲੀ ਛਿੰਝ ਦੇ ਭਲਵਾਨਾਂ ਵਾਂਗੂ ਪੱਟਾਂ ‘ਤੇ ਥਾਪੀਆਂ ਮਾਰ ਮਾਰ ਕੇ ਲੜਾਈ ਨੂੰ ਵਾਜਾਂ ਮਾਰ ਰਹੀਆਂ ਨੇ। ਜੇ ਰੱਬ ਨਾ ਕਰੇ ਇਹ ਲੜਾਈ ਛਿੜ ਗਈ ਤਾਂ ਪੰਜਾਬ ਦਾ ਕੀ ਬਣੂੰ?
 ”ਲੈ ਤਾਇਆ! ਗੱਲ ਤਾਂ ਤੇਰੀ ਠੀਕ ਈ ਆ। ਪਰ ਇਨ੍ਹਾਂ ਸਰਕਾਰਾਂ ਨੇ ਅਗੇ ਕਦੀ ਪੰਜਾਬ ਬਾਰੇ ਕੁਝ ਸੋਚਿਆ ਜਿਹੜਾ ਹੁਣ ਇਨ੍ਹਾਂ ਨੇ ਸੋਚਣਾ ਹੈ। ਰਹੀ ਗੱਲ ਪੰਜਾਬ ਦੀ ਇਹ ਤਾਂ ਪੰਜਾਬ ਦੀ ਧਰਤੀ ਨੂੰ ਸਰਾਪ ਲੱਗਿਆ ਜਾਂ ਕਹਿ ਲਾ ਵਰਦਾਨ ਮਿਲਿਆ ਬਈ ਹਰ ਪਾਸਿਉਂ ਇਹਨੂੰ ਸਮੇਂ ਦੀ ਮਾਰ ਪੈਂਦੀ ਹੀ ਰਹਿਣੀ ਆਂ।” ਅਗੋਂ ਧਰਮੇ ਨੇ ਤਾਏ ਦੀ ਸੋਚ ਦਾ ਜਵਾਬ ਦਿੰਦੇ ਹੋਏ ਕਿਹਾ।
 -ਬਈ ਧਰਮਿਆਂ! ਗੱਲ ਤਾਂ ਤੇਰੀ ਠੀਕ ਆ ਗੁਰੂ ਸਾਹਿਬਾਂ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਪਤਾ ਨਹੀਂ ਪੰਜਾਬ ਦੇ ਕਿੰਨੇ ਹਮਲਾਵਰਾਂ ਦੇ ਹਮਲੇ ਸਹੇ ਹੋਣੇ ਨੇ। ਇਹ ਤਾਂ ਪੰਜਾਬ ਦੀ ਧਰਤੀ ਨੂੰ ਗੁਰੂ ਸਾਹਿਬਾਂ ਦੇ ਚਰਨਾਂ ਦੀ ਛੋਹ ਮਿਲੀ ਹੋਈ ਆ ਕਿ ਇੰਨੀਆਂ ਸੱਟਾਂ ਖਾਕੇ ਵੀ ਪੰਜਾਬ ਦੇ ਲੋਕ ਨੌ ਬਰ ਨੌ ਤੁਰੇ ਫਿਰਦੇ ਨੇ। ਓਏ ਗਭਰੂਓ! ਇਹ ਤਾਂ ਮੰਨੂੰ ਦੇ ਉਹ ਸੋਏ ਨੇ ਜਿਹੜੇ ਲਹੂ ਦਾ ਪਾਣੀ ਪਾਕੇ ਆਪਣੀ ਕੌਮ ਨੂੰ ਸਿੰਜਦੇ ਨੇ।
 ”ਪਰ ਤਾਇਆ ਇਹ ਦੋਵੇਂ ਹੀ ਦੇਸ਼ ਕਿਉਂ ਆਪਣੀ ਖੁਸ਼ਹਾਲੀ ਨੂੰ ਮੰਦਹਾਲੀ ਵਿਚ ਬਦਲਣ ਵਿਚ ਲੱਗੇ ਹੋਏ ਨੇ। ਇਨ੍ਹਾਂ ਨੂੰ ਚਾਹੀਦੈ ਕਿ ਜਿਵੇਂ ਹੁਣ ਇਨ੍ਹਾਂ ਪਾਸ ਐਟਮੀ ਹਥਿਆਰ ਹਨ ਇਹ ਦੋਵੇਂ ਹੀ ਦੇਸ਼ ਸੰਜਮ ਤੋਂ ਕੰਮ ਲੈਣ।” ਮਾਸਟਰ ਜਗੀਰ ਨੇ ਆਪਣਾ ਨਜ਼ਰੀਆ ਪੇਸ਼ ਕਰਦੇ ਹੋਏ ਕਿਹਾ।
 -ਵੇਖ ਮਾਸਟਰ ਜਗੀਰ! ਮੈਨੂੰ ਨਹੀਂ ਲਗਦਾ ਇਨ੍ਹਾਂ ਦੀ ਲੜਾਈ ਆਪਸ ਵਿਚ ਹੋਣੀ ਐਂ। ਪਰ ਇਹ ਪੱਕਾ ਜੇ ਹੋਈ ਤਾਂ ਇਸ ਵਾਰ ਇਸ ਤਬਾਹੀ ਨੂੰ ਪਰਲੋ ਦਾ ਨਾਮ ਹੀ ਦਿੱਤਾ ਜਾਵੇਗਾ। ਕਿਉਂਕਿ ਪਹਿਲਾਂ ਜਦੋਂ ਵੀ ਪਾਕਿਸਤਾਨ ਹਾਰ ਜਾਂਦਾ ਰਿਹਾ ਉਹ ਚੁੱਪ ਕਰਕੇ ਬੈਠ ਜਾਂਦਾ ਰਿਹਾ। ਪਰ ਹੁਣ ਤਾਂ ਉਸ ਕੋਲ ਐਟਮ ਬੰਬ ਵਰਗੀ ਗਿੱਦੜ ਸਿੰਗੀ ਹੱਥ ਲੱਗੀ ਹੋਈ ਆ। ਇਹ ਨਾ ਹੋਵੇ ਕਿ ਉਹ ਕਹੇ ਕਿ ਹਮ ਤੋ ਡੂਬੇਂਗੇ ਸਨਮ ਤੁਮਕੋ ਭੀ ਲੇ ਡੂਬੇਂਗੇ।”
 ”ਮੈਨੂੰ ਇਕ ਗੱਲ ਦਸ ਤਾਇਆ ਅਸੀਂ ਆਹ ਜਿਹੜੇ ਬਾਹਰੋਂ ਦੇਸ਼ ਨੂੰ ਢਾਹ ਲਾ ਰਹੇ ਨੇ ਉਨ੍ਹਾਂ ਬਾਰੇ ਤਾਂ ਫਿਕਰਮੰਦ ਹੋਏ ਬੈਠੇ ਹਾਂ। ਜਿਹੜੇ ਸਾਡੇ ਆਪਣੇ ਲੀਡਰ ਆਪਣੇ ਨਿਜੀ ਹਿੱਤਾਂ ਖਾਤਰ ਆਪਣੇ ਹੀ ਦੇਸ਼ ਨੂੰ ਢਾਹ ਲਾਈ ਜਾ ਰਹੇ ਨੇ ਉਨ੍ਹਾਂ ਬਾਰੇ ਵੀ ਤਾਂ ਸੋਚਣਾ ਸਾਡਾ ਫਰਜ਼ ਬਣਦਾ ਹੈ ਕਿ ਨਹੀਂ।” ਮਾਸਟਰ ਜਗੀਰ ਤਾਏ ਦੀ ਗੱਲ ਨੂੰ ਕੱਟਦਾ ਹੋਇਆ ਬੋਲਿਆ।
 -ਬਈ ਮਾਸਟਰਾ ਮੈਨੂੰ ਸਮਝ ਨਹੀਂ ਆਈ ਤੂੰ ਇਹ ਕੀ ਬੁਝਾਰਤਾਂ ਪਾਈ ਜਾਂਦੈਂ।
 ”ਵੇਖ ਹੁਣ ਤਾਏ ਦੇ ਆਪਣੇ ਬੇਲੀਆਂ ‘ਤੇ ਗੱਲ ਆਣ ਪਈ ਆ ਤਾਂ ਇਹਨੂੰ ਮਾਸਟਰ ਦੀਆਂ ਗੱਲਾਂ ਬੁਝਾਰਤਾਂ ਲੱਗਣ ਲੱਗ ਪਈਆਂ ਨੇ।” ਤਾਏ ਨੂੰ ਛੇੜਦਾ ਹੋਇਆ ਸ਼ੀਤਾ ਵਿਚੋਂ ਬੋਲ ਉਠਿਆ।
 ” ਲੈ ਬਈ ਤਾਇਆ ਇਸ ਵਾਰੀ ਤਾਂ ਸ਼ੀਤਾ ਤੇਰੇ ਤੋਂ ਵਧੇਰੇ ਨੰਬਰ ਲੈ ਗਿਆ। ਜੇ ਮਾਸਟਰ ਦੀ ਗੱਲ ਇਹਦੇ ਪੱਲੇ ਪੈ ਗਈ ਤਾਂ ਫਿਰ ਤੂੰ ਤਾਂ ਰਹਿ ਗਿਆ ਨਾ ਫਾਡੀ।” ਧਰਮੇ ਨੇ ਸ਼ੀਤੇ ਨੂੰ ਛੇੜਦੇ ਹੋਏ ਤਾਏ ਨੂੰ ਚੁਟਕੀ ਭਰੀ।
 ”ਆਹੋ ਸ਼ੀਤਾ ਤਾਂ ਧਰਮੇ ਦੇ ਭਾਣੇ ਬਾਬੇ ਰੰਗੀਲੇ ਦੀਆਂ ਗੱਲਾਂ ਕਰਨ ਜੋਗਾ ਹੀ ਰਹਿ ਗਿਆ। ਉਹਨੂੰ ਨ੍ਹੀਂ ਪਤਾ ਕਿ ਤਾਏ ਦੇ ਬੇਲੀ ਕੀ ਕਰਦੇ ਫਿਰਦੇ ਨੇ। ਸਾਰਾ ਪੰਜਾਬ ਲੁੱਟ ਪੁੱਟ ਕੇ ਖਾਈ ਜਾਂਦੇ ਨੇ। ਜਦੋਂ ਗੱਲ ਕਰਨਗੇ ਤਾਂ ਕਹਿਣਗੇ ਅਸੀਂ ਤਾਂ ਪੰਜਾਬ ਨੂੰ ਕੈਲੀਫੋਰਨੀਆਂ ਬਣਾ ਦੇਣਾ।” ਅਗੋਂ ਸ਼ੀਤੇ ਨੇ ਗੱਲ ਤਾਏ ਨੂੰ ਸਮਝਾਉਂਦੇ ਹੋਏ ਅਤੇ ਧਰਮੇ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ।
 -ਲੈ ਹੁਣ ਮੈਨੂੰ ਪਤਾ ਲੱਗਾ। ਤੁਸੀਂ ਮੇਰੇ ਤੇ ਤਵਾ ਕਾਹਨੂੰ ਲਾਇਆ ਹੋਇਐ। ਲੱਗਦੈ ਤੁਸੀਂ ਪੰਜਾਬ ਦੇ ਇਨ੍ਹਾਂ ਲੀਡਰਾਂ ਦੀਆਂ ਗੱਲਾਂ ਕਰ ਰਹੇ ਜੇ। ਪਰ ਮੈਨੂੰ ਇਹ ਸਮਝ ਨਹੀਂ ਆਈ ਸ਼ੀਤਿਆ ਕਿ ਇਹ ਮੇਰੇ ਬੇਲੀ ਕਦੋਂ ਦੇ ਹੋ ਗਏ?
 ”ਹਾਂ, ਹੁਣ ਇਹ ਤੇਰੇ ਦੁਸ਼ਮਣ ਹੋ ਗਏ ਨੇ। ਜਦੋਂ ਵੋਟਾਂ ਵੇਲੇ ਤੁਸੀਂ ਸਾਰੇ ਵਲੈਤੀਏ ਤੇ ਅਮਰੀਕਨ ਆਕੇ ਇਥੇ ਡੇਰੇ ਲਾ ਲੈਂਦੇ ਜੇ ਅਤੇ ਕਹਿੰਦੇ ਜੇ ਬਸ ਵੋਟ ਪੰਥਕ ਲੀਡਰਾਂ ਦੀ ਤੱਕੜੀ ਨੂੰ ਹੀ ਪਾਉਣੀ ਐਂ। ਵੱਡੇ ਆਏ ਨੇ ਇਹ ਪੰਥਕ ਲੀਡਰ ਹਰਕਤਾਂ ਸਾਰੀਆਂ ਇਨ੍ਹਾਂ ਦੀਆਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਧਰਮ ਦੇ ਦੁਸ਼ਮਣ ਕਰਦੇ ਨੇ। ਵੋਟਰਾਂ ਨੂੰ ਸ਼ਰਾਬਾਂ, ਅਫ਼ੀਮਾਂ ਅਤੇ ਭੁੱਕੀ ਜਿਹੇ ਨਸ਼ੇ ਵਰਤਾਕੇ ਵੋਟਾਂ ਮੰਗਦੇ ਫਿਰਦੇ ਨੇ।” ਅਗੋਂ ਸ਼ੀਤੇ ਨੇ ਆਪਣਾ ਗੁੱਸਾ ਵਿਦੇਸ਼ੀਂ ਵੱਸਦੇ ਇਨ੍ਹਾਂ ਲੀਡਰਾਂ ਦੇ ਹਿਮਾਇਤੀਆਂ ‘ਤੇ ਕੱਢਦੇ ਹੋਏ ਕਿਹਾ।
 -ਜੇ ਤੁਹਾਨੂੰ ਪਤੈ ਕਿ ਇਨ੍ਹਾਂ ਦੀਆਂ ਸ਼ਰਾਬਾਂ, ਅਫ਼ੀਮਾਂ ਅਤੇ ਭੁੱਕੀਆਂ ਤੁਹਾਨੂੰ ਕੁਰਾਹੇ ਪਾ ਰਹੀਆਂ ਨੇ ਤਾਂ ਫਿਰ ਕਿਸੇ ਹੋਰ ਨੂੰ ਵੋਟ ਪਾ ਦਿਆ ਕਰੋ।
 ”ਆਹੋ ਹੁਣ ਤਾਂ ਤੂੰ ਕਹਿਣਾ ਈ ਐਂ। ਬਈ ਵੋਟ ਕਿਸੇ ਹੋਰ ਨੂੰ ਪਾ ਦਿਆ ਕਰੋ। ਹੁਣ ਤਾਏ ਨੂੰ ਪਤੈ ਐ ਕਿ ਸਾਡੇ ਰੌਲੇ ਨੇ ਕਿਹੜੀ ਅਕਾਲੀਆਂ ਦੀ ਵਿਧਾਨ ਸਭਾ ਭੰਗ ਕਰਾ ਦੇਣੀ ਆਂ। ਪਰ ਤਾਇਆ ਭਾਵੇਂ ਚੋਣ ਨਿਸ਼ਾਨ ਇਨ੍ਹਾਂ ਦਾ ਤੱਕੜੀ ਐ ਪਰ ਤੋਲਦੇ ਇਹ ਵੀ ਬੋਲੇ ਬਾਣੀਏ ਵਾਂਗੂੰ ਘੱਟ ਈ ਨੇ। ਲੱਗਦੈ ਇਨ੍ਹਾਂ ਦੀ ਤੱਕੜੀ ਵਿਚ ਵੀ ਹੁਣ ਪਾਸਕੂ ਪੈ ਗਿਐ।” ਅਗੋਂ ਫਿਰ ਸ਼ੀਤੇ ਨੇ ਇਨ੍ਹਾਂ ਲੀਡਰਾਂ ‘ਤੇ ਆਪਣਾ ਗੁੱਸਾ ਕੱਢਦੇ ਹੋਏ ਕਿਹਾ।
 -ਬਈ ਮੁੰਡਿਓ! ਅੱਜ ਮੈਨੂੰ ਪਤਾ ਨਹੀਂ ਤੁਹਾਡਾ ਗੁੱਸਾ ਇਨ੍ਹਾਂ ਲੀਡਰਾਂ ‘ਤੇ ਕਾਹਨੂੰ ਝੜਣ ਦਿਆ।
 ”ਹੋਣਾ ਕੀ ਆ ਤਾਇਆ! ਤੇਰੇ ਬੈਠਕ ਵਿਚ ਵੜਣੋਂ ਪਹਿਲਾਂ ਆਹ ਮਾਸਟਰ ਨੇ ਇਕ ਖ਼ਬਰ ਜਿਹੀ ਸੁਣਾਕੇ ਚੁਆਤੀ ਛੇੜ ਦਿੱਤੀ ਐ। ਤਾਹੀਉਂ ਸਾਰੇ ਇਨ੍ਹਾਂ ਲੀਡਰਾਂ ਦੇ ਪਿੱਛੇ ਪਏ ਹੋਏ ਨੇ।” ਧਰਮਾਂ ਤਾਏ ਨੂੰ ਸਾਰੀ ਕਹਾਣੀ ਸਮਝਾਉਂਦਾ ਹੋਇਆ ਕਹਿਣ ਲੱਗਾ, ” ਗੱਲ ਇੰਜ ਹੋਈ ਆ ਤਾਇਆ! ਆਹ ਅਖ਼ਬਾਰ ਵਿਚ ਖ਼ਬਰ ਆਈ ਆ ਕਿ ਸਾਡੇ ਅਕਾਲੀ ਲੀਡਰ ਅਤੇ ਉਨ੍ਹਾਂ ਦੇ ਝੋਲੀ ਚੁੱਕ ਅਫ਼ਸਰਾਂ ਦੇ ਸੁਰੱਖਿਆ ਲਈ ਸੱਤ ਹਜ਼ਾਰ ਤੋਂ ਵੀ ਵੱਧ ਪੁਲਸੀਏ ਲੱਗੇ ਹੋਏ ਨੇ। ਹੋਰ ਤਾਂ ਹੋਰ ਆਪਣੇ ਆਹ ਬਾਦਲ ਸਾਹਿਬ ਦੇ ਪ੍ਰਵਾਰ ਦੀ ਸੁਰੱਖਿਆ ਲਈ ਇਕ ਹਜ਼ਾਰ ਦੇ ਕਰੀਬ ਪੁਲਸੀਏ ਬੰਦੂਕਾਂ ਫੜੀ ਫਿਰਦੇ ਨੇ।” ਧਰਮੇ ਨੇ ਗੱਲ ਦਾ ਨਿਚੋੜ ਸਮਝਾਉਂਦੇ ਹੋਏ ਤਾਏ ਨੂੰ ਕਿਹਾ।
 ”ਓਏ ਧਰਮਿਆਂ! ਆਹ ਬਾਦਲ ਆਪਣਾ ਕਿਵੇਂ ਹੋ ਗਿਆ? ਆਪਣੇ ਬਾਦਲ ਸਾਹਿਬ ਤਾਂ ਇੰਜ ਕਹਿੰਦੈ ਜਿਵੇਂ ਇਹਦੇ ਨਾਨਕਿਆਂ ਤੋਂ ਹੁੰਦਾ ਹੈ।” ਸ਼ੀਤੇ ਨੇ ਧਰਮੇ ਦੀ ਖੁੰਬ ਠੱਪਦੇ ਹੋਏ ਕਿਹਾ ਅਤੇ ਹਮੇਸ਼ਾਂ ਵਾਂਗ ਸ਼ੀਤੇ ਦੀ ਗੱਲ ਸੁਣਦੇ ਹੀ ਸਾਰੀ ਬੈਠਕ ਵਿਚ ਹਾਸਾ ਖਿਲਰ ਗਿਆ।
 -ਹਾਂ ਬਈ! ਇਹ ਗੱਲ ਤਾਂ ਮੇਰੀ ਸਮਝ ਵਿਚ ਵੀ ਨਹੀਂ ਆਈ ਕਿ ਇਕ ਪਾਸੇ ਤਾਂ ਪੰਜਾਬ ਦੇ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਅਤੇ ਦੂਜਾ ਇਹ ਪੰਜਾਬ ਦਾ ਲੱਖਾਂ ਕਰੋੜਾਂ ਰੁਪਿਆ ਆਪਣੀ ਸੁਰੱਖਿਆ ‘ਤੇ ਰੋੜ੍ਹੀ ਜਾਂਦੇ ਨੇ। ਜੇ ਇਹੀ ਪੈਸਾ ਪੰਜਾਬ ਵਿਚ ਇੰਡਸਟਰੀ ਆਦਿ ਲਾਉਣ ਵਿਚ ਹੀ ਲਾ ਦਿੰਦੇ ਤਾਂ ਕਿੰਨੇ ਪੰਜਾਬੀਆਂ ਨੂੰ ਰੋਟੀ ਰੋਜ਼ੀ ਮਿਲ ਜਾਣੀ ਸੀ।
 ”ਲੈ ਤਾਇਆ ਹੋਰ ਤਾਂ ਹੋਰ ਆਹ ਬਿਆਸ ਵਾਲਾ ਵਿਧਾਇਕ ਕੰਗ ਹੈ ਨਾ ਉਹਦੀ ਸੁਰੱਖਿਆ ਲਈ 60 ਦੇ ਕਰੀਬ ਸਿਪਾਹੀ ਲਾਏ ਹੋਏ ਨੇ। ਦਸ ਉਹਨੂੰ ਕਿਹਦਾ ਡਰ ਖਾਈ ਜਾਂਦਾ ਜਿਹੜਾ ਇੰਨੀ ਫੌਜ ਆਪਣੇ ਨਾਲ ਲਾਈ ਫਿਰਦੈ?” ਧਰਮੇ ਨੇ ਤਾਏ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ।
 ”ਵੇਖ ਤਾਇਆ! ਮੇਰੇ ਹਿਸਾਬ ਨਾਲ ਜੇ ਇਸ ਕੰਗ ਦੇ 60 ਸਿਪਾਹੀਆਂ ਦੀ ਇਕ ਮਹੀਨੇ ਦੀ ਤਨਖਾਹ ਦਾ ਹਿਸਾਬ ਲਾਈਏ ਤਾਂ ਉਹ ਲੱਖਾਂ ਰੁਪਏ ਬਣਦੀ ਆ। ਹੁਣ ਇਕ ਸਾਲ ਅਤੇ ਨਾਲ ਹੀ ਪੰਜਾਂ ਸਾਲਾਂ ਦੀ ਤਨਖਾਹ ਦਾ ਹਿਸਾਬ ਲਾ ਕੇ ਵੇਖ ਲਾ ਕਿ ਇਹ ਪੰਜਾਬ ਦੀ ਅਰਥ ਵਿਵਸਥਾ ਨੂੰ ਕਿਵੇਂ ਘੁਣ ਵਾਂਗ ਲੱਗੇ ਹੋਏ ਨੇ। ਬਸ ਉਤੋਂ ਵੇਖਣ ਨੂੰ ਈ ਪੰਜਾਬ ਖੁਸ਼ਹਾਲ ਲਗ ਰਿਹਾ ਹੈ। ਪਰ ਵਿਚੋਂ ਇਹ ਘੁਣ ਪੂਰੇ ਪੰਜਾਬ ਨੂੰ ਕਿਵੇਂ ਖੋਖਲਾ ਕਰਨ ਵਿਚ ਲਗਿਆ ਹੋਇਆ ਹੈ?” ਮਾਸਟਰ ਜਗੀਰ ਨੇ ਆਪਣਾ ਹਿਸਾਬ ਕਿਤਾਬ ਲਾਕੇ ਸਾਰਿਆਂ ਨੂੰ ਸਮਝਾਉਂਦੇ ਹੋਏ ਦਸਿਆ।
 ”ਵੇਖ ਮਾਸਟਰਾ! ਤੇਰਾ ਹਿਸਾਬ ਕਿਤਾਬ ਤਾਂ ਠੀਕ ਆ। ਜੇ ਇਨ੍ਹਾਂ ਲੀਡਰਾਂ ਨੇ ਕਿਤੇ ਆਪਣੇ ਪੈਸੇ ਤੋਂ ਚਾਹ ਫੜਾਉਣ ਵਾਲਾ ਕੋਈ ਨੌਕਰ ਰਖਣਾ ਹੋਵੇ ਤਾਂ ਉਨ੍ਹਾਂ ਦੀ ਤਨਖਾਹ ਦੇਣ ਲੱਗਿਆਂ ਇਨ੍ਹਾਂ ਦੇ ਦਿਲ ਨੂੰ ਘੇਰਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਹੁਣ ਸਰਕਾਰੀ ਖਰਚੇ ‘ਤੇ ਕਿਵੇਂ 60-60 ਪੁਲਸੀਏ ਰੱਖੀ ਫਿਰਦੇ ਨੇ।” ਸ਼ੀਤੇ ਨੇ ਆਪਣਾ ਹਿਸਾਬ ਦਸਦੇ ਹੋਏ ਕਿਹਾ।
 -ਗੱਲ ਤਾਂ ਤੇਰੀ ਸ਼ੀਤਿਆ ਠੀਕ ਆ ਬਈ ਦਸ ਇੰਨਾਂ ਨੂੰ ਕਿਹੜਾ ਚੋਰ ਪੈਣ ਲੱਗੇ ਨੇ? ਨਾਲੇ ਹੁਣ ਇੰਨਾ ਕਿਹੜਾ ਖਾੜਕੂਆਂ ਦਾ ਜ਼ੋਰ ਰਹਿ ਗਿਆ। ਜਿਹੜਾ ਇਹ ਪੰਜਾਬ ਦਾ ਇੰਨਾ ਪੈਸਾ ਲੁਟਾਈ ਜਾ ਰਹੇ ਨੇ?
 ”ਵੇਖ ਤਾਇਆ! ਜੇ ਕਿਸੇ ਦੀ ਆਈ ਆ ਤਾਂ ਬੇਅੰਤ ਸਿਹੁੰ ਵਾਂਗ ਹੋਣੀ ਨੂੰ ਕੌਣ ਟਾਲ ਸਕਦੈ?” ਮਾਸਟਰ ਜਗੀਰ ਨੇ ਆਪਣੀ ਗੱਲ ਪੂਰੀ ਕਰਦੇ ਹੋਏ ਕਿਹਾ।
 -ਪਰ ਮਾਸਟਰ! ਇਹਦਾ ਕੋਈ ਨਾ ਕੋਈ ਹੱਲ ਤਾਂ ਜ਼ਰੂਰ ਹੋਊ। ਨਹੀਂ ਤਾਂ ਇਹ ਤਾਂ ਸਾਰੇ ਪੰਜਾਬ ਦਾ ਪੈਸਾ ਇੰਜ ਹੀ ਲੁਟਾਈ ਜਾਣਗੇ।
 ”ਹਾਂ ਸੁਣਿਐਂ ਤਾਇਆ! ਡਾਇਰੈਕਟਰ ਜਨਰਲ ਔਲਖ ਵਲੋਂ ਹੁਣ ਇਨ੍ਹਾਂ ਨੂੰ ਰੋਕਣ ਲਈ ਕੁਝ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਜੇਕਰ ਉਨ੍ਹਾਂ ਉਪਰ ਅਮਲ ਹੋ ਜਾਵੇ ਤਾਂ ਭਾਵੇਂ ਇਨ੍ਹਾਂ ‘ਤੇ ਕੁਝ ਰੋਕ ਲੱਗ ਸਕੇ।” ਮਾਸਟਰ ਜਗੀਰ ਦਸਿਆ।
 ”ਤੈਨੂੰ ਪਤੈ ਤਾਇਆ ਜਦੋਂ ਮਾਸਟਰ ਜਗੀਰ ਹਿਦਾਇਤਾਂ ਬਾਰੇ ਦਸ ਰਿਹਾ ਸੀ ਤਾਂ ਉਸ ਵਿਚ ਇਕ ਗੱਲ ਇਹ ਵੀ ਸੀ ਕਿ  ਕਿਸੇ ਨੇ ਪੁਲਿਸ ਦੀ ਮਦਦ ਕਿਸੇ ਅਤਿਵਾਦੀ ਨੂੰ ਮਰਵਾਉਣ ਵਿਚ ਕੀਤੀ ਹੋਵੇ। ਦਸ ਭਲਾ ਕਦੀ ਕੋਈ ਮੁਖਬਰ ਜਾਂ ਕੋਈ ਪੰਥਕ ਅਖਵਾਉਣ ਵਾਲਾ ਅਕਾਲੀ ਇਹ ਦਸੂ ਕਿ ਮੈਂ ਫਲਾਣੇ ਖਾੜਕੂ ਨੂੰ ਮਰਵਾਇਆ ਸੀ।” ਸ਼ੀਤੇ ਨੇ ਆਪਣੇ ਅੰਦਾਜ਼ ਵਿਚ ਇਨ੍ਹਾਂ ਲੀਡਰਾਂ ਦੇ ਭੇਤ ਖੋਲ੍ਹਦੇ ਹੋਏ ਦਸਿਆ।
  -ਲੈ ਬਈ ਸ਼ੀਤੇ ਦੀ ਗੱਲ ਤਾਂ ਠੀਕ ਆ। ਕਿਹੜਾ ਬੰਦਾ ਇਹ ਦਸੂ ਕਿ ਫਲਾਣੇ ਖਾੜਕੂ ਨੂੰ ਮੈਂ ਮਰਵਾਇਆ ਸੀ। ਇਹ ਤਾਂ ਆਪਣਾ ਭੇਤ ਆਪ ਖੋਲ੍ਹਕੇ ਆਪਣੀ ਜਾਨ ਕੁੜਿਕੀ ਵਿਚ ਫਸਾਉਣ ਵਾਲੀ ਗੱਲ ਬਣ ਜਾਊਗੀ।
 ” ਪਰ ਸੁਣਿਐਂ ਤਾਇਆ! ਅਦਾਲਤ ਵਲੋਂ ਵੀ ਇਨ੍ਹਾਂ ਲੀਡਰਾਂ ਅਤੇ ਵੱਡੇ ਅਫ਼ਸਰਾਂ ਦੀ ਸਕਿਊਰਿਟੀ ਬਾਰੇ ਪੁਛ ਪੜਤਾਲ ਕਰਨ ਲਈ ਵੀ ਹੁਕਮ ਜਾਰੀ ਹੋ ਗਏ ਨੇ।” ਧਰਮੇ ਨੇ ਖ਼ਬਰ ਦੀ ਜਾਣਕਾਰੀ ਤਾਏ ਨੂੰ ਦਿੰਦੇ ਹੋਏ ਕਿਹਾ।
 -ਵੇਖੋ ਮੁੰਡਿਓ! ਆਹ ਬਾਹਰਲੇ ਦੇਸ਼ਾਂ ਵਿਚ ਸਿਆਸੀ ਕਾਂਗਰਸਮੈਨ, ਸੈਨੇਟਰ, ਸਿਟੀ ਕੌਂਸਲ ਦੇ ਮੈਂਬਰ ਅਤੇ ਹੋਰ ਆਲਾ ਅਧਿਕਾਰੀ ਬੇ ਖੌਫ਼ ਹੋਏ ਇਕੱਲੇ ਹੀ ਘੁੰਮਦੇ ਫਿਰਦੇ ਨੇ। ਉਨ੍ਹਾਂ ਨੂੰ ਕੋਈ ਕੁਝ ਨਹੀਂ ਕਹਿੰਦਾ। ਫਿਰ ਸਾਡੇ ਇਨ੍ਹਾਂ ਲੀਡਰਾਂ ਨੂੰ ਆਪਣੀ ਸੁਰੱਖਿਆ ਲਈ ਇੰਨੇ ਸਿਪਾਹੀ ਰੱਖਣ ਦੀ ਲੋੜ ਕਿਉਂ ਪੈ ਗਈ?
 ”ਵੇਖ ਤਾਇਆ! ਸਿੱਧੀ ਗੱਲ ਆ ਇਨ੍ਹਾਂ ਸਾਰਿਆਂ ਲੀਡਰਾਂ ਨੇ ਜੇ ਸਿੱਧੇ ਕਾਰੇ ਕੀਤੇ ਹੋਣ ਤਾਂ ਇਨ੍ਹਾਂ ਨੂੰ ਸੁਰੱਖਿਆ ਦੀ ਕਾਹਦੀ ਲੋੜ ਪੈਣ ਵਾਲੀ ਆ। ਵੋਟਾਂ ਵੇਲੇ ਵੀ ਤਾਂ ਇਹ ਜਦੋਂ ਲੋਕਾਂ ਘਰੀਂ ਵੋਟਾਂ ਮੰਗਣ ਜਾਂਦੇ ਨੇ ਉਦੋਂ ਇਨ੍ਹਾਂ ਦੇ ਨਾਲ ਕਿਹੜੀ ਸਿਪਾਹੀਆਂ ਦੀ ਫੌਜ ਹੁੰਦੀ ਆ। ਇਕੱਲੇ ਹੀ ਆਪਣੇ ਵਰਕਰਾਂ ਦੇ ਨਾਲ ਵੋਟਾਂ ਮੰਗਦੇ ਫਿਰਦੇ ਨੇ। ਜੇ ਉਦੋਂ ਇਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਤਾਂ ਫਿਰ ਹੁਣ ਕਾਹਦਾ। ਬਸ ਗੱਲ ਇਥੇ ਆਕੇ ਮੁੱਕਦੀ ਆ ਕਿ ਇਨ੍ਹਾਂ ਸਿਪਾਹੀਆਂ ਦੀ ਇਨ੍ਹਾਂ ਕਿਹੜੀ ਆਪਣੇ ਪੱਲਿਉਂ ਤਨਖਾਹ ਦੇਣੀ ਆਂ।” ਧਰਮੇ ਨੇ ਤਾਏ ਨੂੰ ਵਿਚਲੀ ਗੱਲ ਸਮਝਾਉਂਦੇ ਹੋਏ ਦਸਿਆ।
 ”ਵੇਖ ਤਾਇਆ! ਇਹ ਸਾਰੇ ਈ ਲੋਕਾਂ ਨੂੰ ਝੂਠੇ ਲਾਰੇ ਲਾਕੇ ਵੋਟਾਂ ਲੈ ਕੇ ਬੈਠੇ ਨੇ ਇਨ੍ਹਾਂ ਨੂੰ ਡਰ ਹੋਣਾ ਕਿ ਕਿਤੇ ਕਿਸੇ ਬੈੜੇ ਜੱਟ ਦੇ ਵੱਸ ਪੈ ਗਏ ਤਾਂ ਉਹਨੇ ਕੁੱਟ ਕੁੱਟ ਈ ਮਾਰ ਦੇਣਾ। ਇਸ ਲਈ ਇਹ ਖਾੜਕੂਆਂ ਤੋਂ ਆਪਣੀ ਜਾਨ ਬਚਾਉਣ ਲਈ ਨਹੀਂ ਸਗੋਂ ਇਨ੍ਹਾਂ ਦੁਖੀ ਜੱਟਾਂ ਤੋਂ ਆਪਣੀ ਖੱਲ ਬਚਾਉਣ ਲਈ ਪੁਲਿਸ ਨਾਲ ਲਈ ਫਿਰਦੇ ਨੇ।” ਸ਼ੀਤੇ ਦੀ ਇਹ ਗੱਲ ਸੁਣਦਿਆਂ ਇਕ ਵਾਰ ਫਿਰ ਸਾਰੇ ਬੈਠਕ ਵਿਚ ਹਾਸਾ ਖਿਲਰ ਗਿਆ ਅਤੇ ਲੀਡਰਾਂ ਦੀ ਸੁਰੱਖਿਆ ਦੀ ਗੱਲ ਇਕ ਵਾਰ ਫਿਰ ਹਾਸੇ ਵਿਚ ਗੁਆਚ ਗਈ।

This entry was posted in ਤਾਇਆ ਵਲੈਤੀਆ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>