ਸਾਨੂੰ ਆਪਣੇ ਮਸਲੇ ਮਿਲ ਬੈਠਕੇ ਹੱਲ ਕਰਨੇ ਚਾਹੀਦੇ ਹਨ-ਜ: ਅਵਤਾਰ ਸਿੰਘ

 ਮਡੈਸਟੋ/ਟਰੇਸੀ/ਯੂਨੀਅਨ ਸਿਟੀ/ਸੈਨਹੋਜ਼ੇ-ਨਿਊਯਾਰਕ ਵਿਖੇ ਪਗੜੀ ਦੇ ਮਸਲੇ ‘ਤੇ ਯੂਐਨਓ ਵਿਚ ਮਾਮਲਾ ਦਰਜ ਕਰਾਉਣ ਲਈ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਕੈਲੀਫੋਰਨੀਆਂ ਪਹੁੰਚਣ ‘ਤੇ ਇਲਾਕੇ ਦੇ ਪੰਥ ਦਰਦੀ ਪਤਵੰਤੇ ਸੱਜਣਾਂ ਵਲੋਂ ਭਰਪੂਰ ਸੁਆਗਤ ਕੀਤਾ ਗਿਆ।
 
ਇਸ ਮੌਕੇ ‘ਤੇ  ਜਥੇਦਾਰ ਅਵਤਾਰ ਸਿੰਘ ਨੇ ਇਥੋਂ ਦੇ ਪਤਵੰਤੇ ਸੱਜਣਾਂ ਦੇ ਸ਼ੰਕਿਆਂ ਅਤੇ ਸਿ਼ਕਾਇਤਾਂ ਨੂੰ ਧਿਆਨ ਪੂਰਵਕ ਸੁਣਿਆ ਅਤੇ ਉਨ੍ਹਾਂ ਦੇ ਨਿਵਾਰਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚੁੱਕੇ ਜਾ ਰਹੇ ਕਦਮਾਂ ਤੋਂ ਭਲੀ ਭਾਂਤ ਜਾਣੂ ਕਰਵਾਇਆ। ਇਸ ਮੌਕੇ ਸਭ ਤੋਂ ਪਹਿਲਾਂ ਉਭਰਕੇ ਆਏ ‘ਸਿੱਖ’ ਅਤੇ ‘ਸਹਿਜਧਾਰੀ ਸਿੱਖ’ ਵਿਚਕਾਰ ਪਈਆਂ ਗਲਤਫਹਿਮੀਆਂ ਬਾਰੇ ਸਿੱਖ ਭਾਈਚਾਰੇ ਨੂੰ ਜਾਣੂ ਕਰਾਉਂਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਦਿੱਤਾ ਗਿਆ 1920 ਸਮੇਂ ਸਿੱਖ ਹਿਤਾਂ ਲਈ ਜਦੋ ਜਹਿਦ ਕਰਨ ਵਾਲੀ ਗੁਰਦੁਆਰਾ ਕਮੇਟੀ ਦੀਆਂ ਸਿੱਖ ਸ਼ਖਸੀਅਤਾਂ ਵਲੋਂ ਦਿੱਤੀ ਗਈ ਪਰੀਭਾਸ਼ਾ ਦੇ ਅਨੁਕੂਲ ਹੀ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅਨੁਸਾਰ ਜੇਕਰ ਕੋਈ ਸਹਿਜਧਾਰੀ ਸਿੱਖ ਕੇਸ ਰਖਵਾ ਲੈਂਦਾ ਹੈ ਤਾਂ ਉਹ ਸਿੱਖ ਬਣ ਜਾਂਦਾ ਹੈ। ਪਰ ਜੇਕਰ ਕੋਈ ਸਿੱਖ ਆਪਣੇ ਕਤਲ ਕਰਾ ਲੈਂਦਾ ਹੈ ਤਾਂ ਉਹ ਪਤਿਤ ਹੋ ਜਾਂਦਾ ਹੈ। ਇਸਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਤੋਂ ਟੀਵੀ ਉਪਰ ਵਿਖਾਏ ਜਾਂਦੇ ਕੀਰਤਨ ਨੂੰ ਇੰਟਰਨੈੱਟ ਰਾਹੀਂ ਵਿਖਾਏ ਜਾਣ ਸਬੰਧੀ ਪੁੱਛੇ ਗਏ ਸਵਾਲ ਬਾਰੇ ਉਨ੍ਹਾਂ ਨੇ ਇਸ ਸਬੰਧੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਇਸਦੇ ਨਾਲ ਹੀ ਸਿੱਖ ਬੁਧੀਜੀਵੀਆਂ ਵਲੋਂ ਸਿਖਿਆ ਦੇ ਮਿਆਰ ਨੂੰ ਉਪਰ ਚੁੱਕੇ ਜਾਣ ਬਾਰੇ ਜਥੇਦਾਰ ਮੱਕੜ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੁਰਜ਼ੋਰ ਕੋਸਿ਼ਸ਼ ਹੈ ਕਿ ਪੰਜਾਬ ਵਿਚ ਸਿਖਿਆ ਦੇ ਮਿਆਰ ਨੂੰ ਉਚੇਰਾ ਚੁੱਕਣ ਲਈ ਵੱਧ ਤੋਂ ਤੋਂ ਵੱਧ ਉਪਰਾਲੇ ਕੀਤੇ ਜਾਣ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਬਣਾਈ ਜਾ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਇਨ੍ਹਾਂ ਹੀ ਉੱਦਮਾਂ ਨੂੰ ਅਗੇ ਤੋਰਦੇ ਹੋਏ ਚੁਕਿਆ ਗਿਆ ਇਕ ਕਦਮ ਹੈ।

 ਉਨ੍ਹਾਂ ਨੇ ਕਿਹਾ ਕਿ 85 ਏਕੜ ਜ਼ਮੀਨ ਉਪਰ ਬਣਨ ਵਾਲੀ ਇਹ ਯੂਨੀਵਰਸਿਟੀ ਉਪਰ ਅੰਦਾਜ਼ਨ ਚਾਰ ਸੌ ਤੋਂ ਪੰਜ ਸੌ ਕਰੋੜ ਰੁਪਏ ਤੱਕ ਦੀ ਲਾਗਤ ਆਉਣ ਦਾ ਅੰਦਾਜ਼ਾ ਹੈ। ਇਸ ਯੂਨੀਵਰਸਿਟੀ ਵਿਚ ਸਿੱਖ ਇਤਿਹਾਸ ਅਤੇ ਸਿੱਖ ਧਰਮ ਬਾਰੇ ਵੀ ਪੂਰਨ ਸਿਖਿਆ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸਾਡੀਆਂ ਆਉਣ ਵਾਲੀ ਨੌਜਵਾਨ ਪੀੜ੍ਹੀ ਦੇ ਵਿਦਿਆਰਥੀ ਇਥੋਂ ਹੋਰਨਾਂ ਵਿਸਿ਼ਆਂ ਵਿਚ ਉੱਚ ਪੱਧਰੀ ਸਿਖਿਆ ਲੈਣ ਤੋਂ ਇਲਾਵਾ ਆਪਣੇ ਧਰਮ ਵਿਚ ਪਰਪੱਕ ਰਹਿੰਦੇ ਹੋਏ ਸਿੱਖ ਕੌਮ ਦਾ ਨਾਮ ਦੁਨੀਆਂ ਵਿਚ ਰੌਸ਼ਨ ਕਰ ਸਕਣ। ਇਸਦੇ ਨਾਲ ਹੀ ਉਨ੍ਹਾਂ ਨੇ ਕਿ ਪੰਜਾਬ ਵਿੱਚ ਪਿਛਲੇ ਸਾਲ ਇਸੇ ਹੀ ਲੜੀ ਨੂੰ ਅਗੇ ਤੋਰਦੇ ਹੋਏ 9 ਸਕੂਲਾਂ ਦਾ ਨਿਰਮਾਣ ਕਰਾਇਆ ਗਿਆ ਹੈ। ਸਿੱਖ ਧਰਮ ਦੀ ਵਿਦਿਆ ਸਕੂਲਾਂ ਵਿਚ ਦੇਣ ਸਬੰਧੀ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਜੇਕਰ ਕਿਸੇ ਸਕੂਲ ਨੂੰ ਧਾਰਮਕ ਟੀਚਰ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਾਰਮਕ ਟੀਚਰ ਦੀਆਂ ਸੁਵਿਧਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਇਸਤੋਂ ਇਲਾਵਾ ਪੰਜਾਬ ਵਿਚ ਵੱਧ ਰਹੀਆਂ ਨਸਿ਼ਆਂ ਦੀ ਵਰਤੋਂ, ਪਤਿਤਪੁਣੇ ਅਤੇ ਭਰੂਣ ਹਤਿਆ ਜਿਹੀਆਂ ਸਮਾਜਕ ਬੁਰਾਈਆਂ ਬਾਰੇ ਵੇਰਵੇ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਬੱਚਿਆਂ ਨੂੰ ਸਿੱਖ ਧਰਮ ਅਪਨਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾਂਦੇ ਵਿਦਿਅਕ ਜਾਂ ਹੋਰਨਾਂ ਅਦਾਰਿਆਂ ਵਿਚ ਜਿਹੜੇ ਮੁਲਾਜ਼ਮ ਨਿਯੁਕਤ ਕੀਤੇ ਜਾਂਦੇ ਹਨ ਉਨ੍ਹਾਂ ਵਿਚ ਸਿੱਖੀ ਸਰੂਪ ਵਾਲਿਆਂ ਨੂੰ ਹੀ ਭਰਤੀ ਕੀਤਾ ਜਾਂਦਾ ਹੈ। ਜੇਕਰ ਕਰ ਕਿਸੇ ਨੇ ਕੇਸ ਕਤਲ ਕੀਤੇ ਹੋਏ ਹਨ ਤਾਂ ਉਨ੍ਹਾਂ ਪਾਸੋਂ ਛੇ ਮਹੀਨਿਆਂ ਦੇ ਵਿੱਚ ਸਿੱਖ ਸੱਜਣ ਦਾ ਹਲਫਨਾਮਾ ਲੈਕੇ ਹੀ ਉਨ੍ਹਾਂ ਨੂੰ ਨੌਕਰੀ ਉਪਰ ਰੱਖਿਆ ਜਾਂਦਾ ਹੈ। ਜੇਕਰ ਕੋਈ ਛੇ ਮਹੀਨਿਆਂ ਬਾਅਦ ਵੀ ਇਨ੍ਹਾਂ ਸ਼ਰਤਾਂ ਨੂੰ ਪੂਰਿਆਂ ਕਰਨ ਵਿਚ ਨਾਕਾਮ ਰਹਿੰਦਾ ਹੈ ਤਾਂ ਉਸਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਜਾਂਦਾ ਹੈ।

 ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਨਸਿ਼ਆਂ ਦੀ ਵਰਤੋਂ ਅਤੇ ਚੋਰੀ ਕਰਨ ਵਾਲੇ ਮੁਲਾਜ਼ਮਾਂ ਬਾਰੇ ਤਫਤੀਸ਼ ਕਰਨ ਤੋਂ ਬਾਅਦ ਦੋਸ਼ੀ ਪਾਏ ਗਏ ਮੁਲਾਜ਼ਮਾਂ ਦੀ ਫੌਰਨ ਛੁੱਟੀ ਕਰ ਦਿੱਤੀ ਜਾਂਦੀ ਹੈ। ਭਰੂਣ ਹਤਿਆ ਸਬੰਧੀ ਵੀ ਉਨ੍ਹਾਂ ਨੇ ਕਿਹਾ ਕਿ ਸਿੱਖ ਪ੍ਰਵਾਰਾਂ ਨੂੰ ਇਸ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸਤੋਂ ਮਿਲਣ ਵਾਲੇ ਨਤੀਜੇ ਹਾਂ-ਪੱਖੀ ਹਨ।

 ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਸਿੱਖ ਹਿਤਾਂ ਲਈ ਕਾਰਜਸ਼ੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਦੇਸ਼ਾਂ ਵਿਚ ਬੈਠੇ ਸਿੱਖਾਂ ‘ਚ ਪੈਦਾ ਹੋਏ ਸ਼ੰਕਿਆਂ ਦਾ ਮੱਖ ਕਾਰਨ ਕਮਿਊਨੀਕੇਸ਼ਨ ਗੈਪ ਹੈ। ਜਿਸਨੂੰ ਦੂਰ ਕਰਨ ਲਈ ਉਨ੍ਹਾਂ ਦੀ ਭਰਪੂਰ ਕੋਸਿ਼ਸ਼ ਹੈ ਕਿ ਉਹ ਦੇਸ਼ ਦੇ ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਵਿਚ ਐਸਜੀਪੀਸੀ ਦੇ ਦਫ਼ਤਰਾਂ ਦੀਆਂ ਬਰਾਂਚਾਂ ਖੋਲ੍ਹਣ। ਇਸੇ ਹੀ ਮਨੋਰਥ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਵਲੋਂ ਨਿਊਯਾਰਕ ਵਿਖੇ ਇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਦਮਾਂ ਨਾਲ ਇਸ ਦਫ਼ਤਰ ਦੀ ਸ਼ੁਰੂਆਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਰਾਹੀਂ ਅਮਰੀਕਾ ਅਤੇ ਕੈਨੇਡਾ ਵਿਚ ਬੈਠੇ ਸਿੱਖ ਆਪਣੀਆਂ ਸਮਸਿਆਵਾਂ ਅਤੇ ਸ਼ੰਕਿਆਂ ਤੋਂ ਐਸਜੀਪੀਸੀ ਨੂੰ ਜਾਣੂ ਕਰਾ ਸਕਣਗੇ। ਇਸੇ ਹੀ ਲੜੀ ਵਿਚ ਗੁਰਦੁਆਰਾ ਸਾਹਿਬ ਸੈਨਹੋਜ਼ੇ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਜਿਹਾ ਹੀ ਇਕ ਦਫ਼ਤਰ ਸੈਨਹੋਜ਼ੇ ਗੁਰੂਘਰ ਵਲੋਂ ਖੋਲ੍ਹੇ ਜਾਣ ਲਈ ਕਮਰਾ ਦੇਣ ਲਈ ਜਥੇਦਾਰ ਸਾਹਿਬ ਨੂੰ ਕਿਹਾ ਗਿਆ। ਇਸਦੇ ਉੱਤਰ ਵਿਚ ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਕਮੇਟੀਆਂ ਬਦਲਦੀਆਂ ਰਹਿੰਦੀਆਂ ਹਨ। ਮੌਜੂਦਾ ਕਮੇਟੀ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਸੁਝਾਅ ਨਾਲ ਇਤਫਾਕ ਰੱਖਦੀ ਹੈ। ਪਰੰਤੂ ਅਗਲੀਆਂ ਕਮੇਟੀਆਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਨ੍ਹਾਂ ਹਾਲਾਤ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਤੇ ਹੋਰ ਅਨੇਕਾਂ ਕਿਤਾਬਾਂ ਅਤੇ ਹੋਰ ਸਾਮਾਨ ਨੂੰ ਇਥੋਂ ਹਟਾਉਣਾ ਕਾਫ਼ੀ ਮੁਸ਼ਕਲ ਹੋ ਜਾਵੇਗਾ ਅਤੇ ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ। ਹਾਂ ਜੇਕਰ ਇਥੋਂ ਦੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ੍ਰੀ ਹਰਿਮੰਦਰ ਸਾਹਿਬ ਦੇ ਨਾਮ ਉਹ ਜ਼ਮੀਨ ਕਰ ਦਿੰਦੀ ਹੈ ਤਾਂ ਉਨ੍ਹਾਂ ਨੂੰ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਖੋਲ੍ਹਣ ਵਿਚ ਕੋਈ ਇਤਰਾਜ਼ ਨਹੀਂ ਹੋਵੇਗਾ। ਜਿਸ ‘ਤੇ ਇਥੋਂ ਦੀ ਸਥਾਨਕ ਕਮੇਟੀ ਵਲੋਂ ਉਨ੍ਹਾਂ ਨੂੰ ਆਪਣੀ ਮੀਟਿੰਗ ਕਰਨ ਤੋਂ ਉਪਰੰਤ ਫੈ਼ਸਲੇ ਤੋਂ ਜਾਣੂ ਕਰਾਉਣ ਦਾ ਭਰੋਸਾ ਦਿਵਾਇਆ ਗਿਆ।

 ਉਨ੍ਹਾਂ ਨੇ ਇਹ ਵੀ ਕਿਹਾ ਕਿ ਦੁਨੀਆਂ ਦੇ ਸਾਰੇ ਮਸਲੇ ਲੜਾਈਆਂ ਝਗੜਿਆਂ ਨਾਲ ਨਹੀਂ ਸਗੋਂ ਇਕੱਠਿਆਂ ਬੈਠਕੇ ਵਿਚਾਰ ਵਟਾਂਦਰਿਆਂ ਨਾਲ ਹੱਲ ਹੁੰਦੇ ਹਨ। ਇਸ ਲਈ ਸਾਨੂੰ ਚਾਹੀਦਾ ਹੈ ਕਿ ਜੇਕਰ ਕਿਸੇ ਪ੍ਰਕਾਰ ਦੀ ਕੋਈ ਸਮਸਿਆ ਜਾਂ ਸ਼ੰਕਾ ਗੁਰਦੁਆਰਾ ਕਮੇਟੀ ਬਾਰੇ ਕਿਸੇ ਨੂੰ ਹੋਵੇ ਤਾਂ ਉਸ ਸਬੰਧੀ ਮਿਲ ਬੈਠਕੇ ਵਿਚਾਰਾਂ ਕੀਤੀਆਂ ਜਾ ਸਕਦੀਆਂ ਅਤੇ ਉਨ੍ਹਾਂ ਸਮਸਿਆਵਾਂ ਦੇ ਉਸਾਰੂ ਹੱਲ ਲੱਭੇ ਜਾ ਸਕਦੇ ਹਨ। ਇਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਨਾਂ ਵਿਚ ਗਿਲੇ ਸਿ਼ਕਵੇ ਰੱਖਣ ਜਾਂ ਕੁੜੱਤਣ ਰੱਖਣ ਨਾਲ ਦੂਰੀਆਂ ਵਧਦੀਆਂ ਹਨ ਘਟਦੀਆਂ ਹਨ।

 ਪੰਜਾਬ ਵਿਚ ਖਾੜਕੂ ਲਹਿਰ ਦੌਰਾਨ ਸ਼ਹੀਦਾਂ ਨੂੰ ਸਮਰਪਿਤ ਗੁਰਦੁਆਰਾ ਦਸਦੇ ਹੋਏ ਗੁਰਦੁਆਰਾ ਸਾਹਿਬ ਫਰੀਮੌਂਟ ਦੀ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਸੱਦਾ ਦਿਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ  ਗੁਰੂਘਰ ਦੇ ਦਰਵਾਜ਼ੇ ਹਰ ਇਕ ਲਈ ਹਮੇਸ਼ਾਂ ਖੁਲ੍ਹੇ ਹਨ। ਇਸ ਬਾਰੇ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਵਿਚਾਰਧਾਰਾ ਰੱਖਣ ਵਾਲੇ ਸਿੰਘਾਂ ਨਾਲ ਗੱਲਬਾਤ ਕਰਨ ਵਿਚ ਜਾਂ ਗੁਰਦੁਆਰਿਆਂ ਵਿਚ ਜਾਣ ਤੋਂ ਕੋਈ ਇਤਰਾਜ਼ ਨਹੀਂ ਹੈ। ਪਰੰਤੂ ਉਨ੍ਹਾਂ ਦਾ ਇਹ ਕੈਲੀਫੋਰਨੀਆਂ ਦਾ ਦੌਰਾ ਸਿਰਫ਼ ਇਕ ਦਿਨ ਦਾ ਹੀ ਹੈ ਕਿਉਂਕਿ ਇਸਤੋਂ ਅਗਲੇ ਦਿਨ ਉਨ੍ਹਾਂ ਨੇ ਵਾਸਿ਼ੰਗਟਨ ਵਿਖੇ ਜਾਣਾ ਹੈ। ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਕਿ ਕੁਝ ਮਹੀਨਿਆਂ ਬਾਅਦ ਜਦੋਂ ਵੀ ਉਹ ਅਮਰੀਕਾ ਦੌਰੇ ‘ਤੇ ਆਉਣਗੇ ਤਾਂ ਵਧੇਰੇ ਦਿਨਾਂ ਦਾ ਸਮਾਂ ਕੈਲੀਫੋਰਨੀਆਂ ਲਈ ਕੱਢਕੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਗਰਮ ਜਾਂ ਨਰਮ ਸੁਭਾਅ ਵਾਲੀ ਇਥੇ ਕੋਈ ਗੱਲ ਨਹੀਂ ਹੈ। ਸਗੋਂ ਸਾਨੂੰ ਸਾਰਿਆਂ ਨੂੰ ਮਿਲ ਬੈਠਕੇ ਵਿਚਾਰ ਵਟਾਂਦਟੇ ਪੰਥਕ ਹਿਤਾਂ ਦੀ ਭਲਾਈ ਲਈ ਸਾਂਝੇ ਤੌਰ ‘ਤੇ ਯਤਨਸ਼ੀਲ ਹੋਣਾ ਚਾਹੀਦਾ ਹੈ, ਤਾਂ ਜੋ ਇਸ ਧਰਮ ਵਿਚ ਪੈਦਾ ਹੋਣ ਵਾਲੀਆਂ ਗਲਤ ਫਹਿਮੀਆਂ ਨੂੰ ਸਿਰ ਚੁੱਕਣ ਤੋਂ ਪਹਿਲਾਂ ਹੀ ਖ਼ਤਮ ਕੀਤਾ ਜਾ ਸਕੇ।

 ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਭਾਵੇਂ ਪੰਜਾਬ, ਹਰਿਆਣਾ ਅਤੇ ਹਿਮਾਚਲ ਤੋਂ ਨੁਮਾਇੰਦੇ ਚੁਣੇ ਜਾਂਦੇ ਹਨ। ਪੰਜਾਬ ਤੋਂ ਬਾਹਰ ਦੇ ਸੂਬਿਆਂ ਚੋਂ ਵੀ ਕੁਝ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਪਰੰਤੂ ਉਹ ਚਾਹੁੰਦੇ ਹਨ ਕਿ ਵਿਦੇਸ਼ਾਂ ਵਿਚ ਬੈਠੇ ਸਿੱਖ ਪਤਵੰਤਿਆਂ ਨੂੰ ਵੀ ਨਾਮਜ਼ਦ ਕੀਤਾ ਜਾਵੇ, ਤਾਂਜੋ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਸਮਝਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਧਰਮ ਦੇ ਚੜ੍ਹਦੀ ਕਲਾ ਲਈ ਫੈ਼ਸਲੇ ਲਏ ਜਾ ਸਕਣ।

 ਮੌਜੂਦਾ ਸਮੇਂ ਪਗੜੀ ਦੇ ਮਸਲੇ ਦਾ ਜਿ਼ਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਸਿੱਖ ਧਰਮ ਨੂੰ ਫ਼ਰਾਂਸ ਵਿਚ ਪਗੜੀ ਨਾ ਪਹਿਨਣ ਦੇ ਕਾਨੂੰਨ ਕਰਕੇ ਅਨੇਕਾਂ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਕੇਸ ਉਥੋਂ ਦੀਆਂ ਅਦਾਲਤਾਂ ਵਲੋਂ ਖਾਰਜ ਕੀਤਾ ਜਾ ਚੁੱਕਾ ਹੈ। ਇਸੇ ਸਬੰਧੀ ਉਹ ਨਿਊਯਾਰਕ ਵਿਖੇ ਯੂਐਨਓ ਨੂੰ, ਜੋ ਦੁਨੀਆਂ ਦੇ ਸਾਰੇ ਦੇਸ਼ਾਂ ਦੀ ਸਰਵਉੱਚ ਸੰਸਥਾ ਹੈ, ਅਪੀਲ ਕਰਨ ਲਈ ਇਥੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਪਗੜੀ ਸਿੱਖ ਧਰਮ ਦਾ ਇਕ ਅਨਿਖੜਵਾਂ ਹਿੱਸਾ ਹੈ, ਜਿਸਦੇ ਮਾਣ ਸਨਮਾਨ ਨੂੰ ਕਾਇਮ ਰੱਖਣਾ ਹਰ ਇਕ ਗੁਰਸਿੱਖ ਦਾ ਮੁੱਢਲਾ ਫਰਜ਼ ਬਣਦਾ ਹੈ। ਹੁਣ ਜੇਕਰ ਇਹ ਮਸਲਾ ਫਰਾਂਸ ਵਿਚ ਉਠਿਆ ਹੈ ਤਾਂ ਦੁਨੀਆਂ ਦੇ ਬਾਕੀ ਦੇਸ਼ਾਂ ਵਿਚ ਵੀ ਸਿੱਖਾਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਅਜਿਹੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਨਜਿੱਠਣਾ ਉਨ੍ਹਾਂ ਦਾ ਪਹਿਲਾ ਫਰਜ਼ ਬਣਦਾ ਹੈ।

 ਐਸਜੀਪੀਸੀ ਵਿਚ ਸ੍ਰ਼ੋਮਣੀ ਅਕਾਲੀ ਦਲ ਦੀ ਦਖ਼ਲਅੰਦਾਜ਼ੀ ਬਾਰੇ ਉਨ੍ਹਾਂ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਵਜੋਂ ਚੋਣ ਜਿੱਤਕੇ ਐਸਜੀਪੀਸੀ ਦੀ ਚੋਣ ਲੜੀ, ਇਸ ਲਈ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹਾਂ। ਪਰ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਮੈਂ ਕਿਸੇ ਪ੍ਰਕਾਰ ਦਾ ਸਿਆਸੀ ਅਹੁਦਾ ਹਾਸਲ ਨਹੀਂ ਕਰਾਂਗਾ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਮੈਂ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਹੈ ਮੈਂ ਆਪਣੇ ਅਸੂਲਾਂ ਨਾਲ ਸਮਝੌਤਾ ਕਰਦੇ ਹੋਏ ਕਿਸੇ ਦੀ ਵੀ ਕੋਈ ਗਲਤ ਗੱਲ ਨਹੀਂ ਮੰਨੀ। ਇਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏਜ਼, ਐਮਪੀਜ਼ ਜਾਂ ਹੋਰਨਾਂ ਅਹੁਦੇਦਾਰਾਂ ਦੇ ਦਬਾਅ ਹੇਠ ਆਕੇ ਕਦੇ ਵੀ ਕਿਸੇ ਨਾਕਾਬਿਲ ਸਖ਼ਸ ਨੂੰ ਨੌਕਰੀ ਤੱਕ ਦੇਣ ਦੇ ਹੱਕ ਵਿਚ ਨਹੀਂ ਹਾਂ। ਇਸ ਲਈ ਉਨ੍ਹਾਂ ਉਪਰ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸੇ ਪ੍ਰਕਾਰ ਦਾ ਕੋਈ ਦਬਾਅ ਨਹੀਂ ਪਾਇਆ ਜਾਂਦਾ ਅਤੇ ਨਾ ਹੀ ਉਹ ਕਿਸੇ ਦਬਾਅ ਨੂੰ ਮੰਨਣ ਦੇ ਹੱਕ ਵਿਚ ਹਨ।

 ਰੈਫਰੈਂਸ ਲਾਇਬ੍ਰੇਰੀ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਰਖੀਆਂ ਗਈਆਂ ਮੰਗਾਂ ਵਿਚ ਸਭ ਤੋਂ ਪਹਿਲੀ ਮੰਗ ਵਜੋਂ ਰੈਫ਼ਰੈਂਸ ਲਾਇਬ੍ਰੇਰੀ ਦਾ ਕੀਮਤੀ ਸਾਮਾਨ ਭਾਰਤ ਸਰਕਾਰ ਪਾਸੋਂ ਵਾਪਸ ਲੈਣਾ ਹੀ ਰੱਖਿਆ ਗਿਆ ਹੈ। ਉਹ ਜਦ ਵੀ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਜਾਂ ਕਿਸੇ ਮੰਤਰੀ ਨੂੰ ਮਿਲਦੇ ਹਨ ਤਾਂ ਉਹ ਹਰ ਵਾਰ ਇਨ੍ਹਾਂ ਮੰਗਾਂ ਨੂੰ ਪੂਰਿਆਂ ਕਰਨ ਲਈ ਕਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਐਸਜੀਪੀਸੀ ਦੇ ਇਤਿਹਾਸ ਵਿਚ ਇੰਨੀ ਜਿ਼ਆਦਾ ਵੱਡੀ ਪੱਧਰ ‘ਤੇ ਚਿੱਠੀ ਪੱਤਰੀ ਭਾਰਤ ਸਰਕਾਰ ਨਾਲ ਕਿਸੇ ਅਹੁਦੇਦਾਰ ਨੇ ਨਹੀਂ ਕੀਤੀ ਹੋਣੀ ਜਿੰਨੀ ਉਹ ਕਰ ਰਹੇ ਹਨ। ਪਰ ਸਿੱਖ ਮੰਗਾਂ ਨੂੰ ਪੂਰਿਆਂ ਕਰਨ ਬਾਰੇ ਭਾਰਤ ਸਰਕਾਰ ਕੋਈ ਕਦਮ ਨਹੀਂ ਚੁੱਕ ਰਹੀ। ਉਨ੍ਹਾਂ ਕਿਹਾ ਕਿ ਅਸੀਂ ਰੈਫਰੈਂਸ ਲਾਇਬ੍ਰੇਰੀ ਬਨਾਉਣ ਸਬੰਧੀ ਇਕ ਸਬ ਕਮੇਟੀ ਬਣਾਈ ਹੈ ਅਤੇ ਉਹ ਵਾਅਦਾ ਕਰਦੇ ਹਨ ਕਿ ਉਹ ਨੇੜ ਭਵਿੱਖ ਵਿਚ ਜਲਦੀ ਹੀ ਸਿੱਖ ਰੈਫਰੈਂਸ ਲਾਇਬ੍ਰੇਰੀ ਬਣਾਕੇ ਸਿੱਖ ਭਾਈਚਾਰੇ ਦੀ ਇਸ ਮੰਗ ਨੂੰ ਪੂਰਿਆਂ ਕਰਨਗੇ। ਕਿਉਂਕਿ ਉਨ੍ਹਾਂ ਪਾਸ ਇਕ ਕਿਤਾਬ ਦੇ ਰੂਪ ਵਿਚ ਲਿਸਟ ਹੈ ਜਿਸ ਵਿਚ ਇਸ ਸਬੰਧੀ ਸਾਰੇ ਵੇਰਵੇ ਦਿੱਤੇ ਹੋਏ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦ ਮੈਂ ਅਮਰੀਕਾ ਦੌਰੇ ‘ਤੇ ਆ ਰਿਹਾ ਸਾਂ ਤਾਂ ਉਸ ਸਮੇਂ ਇਸ ਸਬ ਕਮੇਟੀ ਦੇ ਇੰਚਾਰਜ ਨੇ ਮੈਨੂੰ ਇਕ ਚਿੱਠੀ ਵਿਖਾਈ ਸੀ ਜਿਸ ਤੋਂ ਇਹ ਪਤਾ ਚਲਦਾ ਹੈ ਕਿ ਕੁਝ ਸਾਮਾਨ ਕਮੇਟੀ ਦੇ ਦੋ ਸਕੱਤਰਾਂ ਸ:ਭਾਨ ਸਿੰਘ ਅਤੇ ਸ: ਕੁਲਵੰਤ ਸਿੰਘ ਵਲੋਂ ਲਿਆ ਗਿਆ ਹੈ। ਜਿਨ੍ਹਾਂ ਚੋਂ ਸ: ਭਾਨ ਸਿੰਘ ਚੜ੍ਹਾਈ ਕਰ ਗਏ ਹਨ ਅਤੇ ਭਾਰਤ ਪਹੁੰਚਣ ਤੋਂ ਬਾਅਦ ਉਹ ਸ: ਕੁਲਵੰਤ ਸਿੰਘ ਪਾਸੋਂ ਇਸ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਨਗੇ।

 ਸ੍ਰੀ ਕਰਤਾਰਪੁਰ ਸਾਹਿਬ ਨੂੰ ਲਾਂਘਾ ਦਿੱਤੇ ਜਾਣ ਦੇ ਸਵਾਲ ਬਾਰੇ ਉਨ੍ਹਾਂ ਨੇ ਕਿਹਾ ਕਿ ਜਦ ਉਹ ਪਾਕਿਸਤਾਨ ਗਏ ਸਨ ਤਾਂ ਉਥੇ ਉਹ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ, ਹੋਰਨਾਂ ਮੰਤਰੀਆਂ ਅਤੇ ਅਹੁਦੇਦਾਰਾਂ ਨੂੰ ਮਿਲੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਸਾਨੂੰ ਸ੍ਰੀ ਕਰਤਾਰਪੁਰ ਸਾਹਿਬ ਤੋਂ ਭਾਰਤ ਦੀ ਸਰਹੱਦ ਤੱਕ ਲਾਂਘਾ ਬਣਾਕੇ ਦੇਣ ‘ਤੇ ਕੋਈ ਇਤਰਾਜ਼ ਨਹੀਂ ਹੈ। ਭਾਰਤ ਸਰਕਾਰ ਦੇ ਪ੍ਰਣਬ ਮੁਖਰਜੀ ਵੀ ਇਸਨੂੰ ਬਨਾਉਣ ਲਈ ਲੋੜੀਂਦੀ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਸਰਕਾਰ ਨਾਲ ਗੱਲਬਾਤ ਦਾ ਵਚਨ ਦੇ ਚੁੱਕੇ ਹਨ। ਪਰੰਤੂ ਮੌਜੂਦਾ ਹਾਲਾਤ ਵਿਚ ਅਜਿਹਾ ਹੋਣਾ ਕੁਝ ਮੁਸ਼ਕਲ ਲੱਗ ਰਿਹਾ ਹੈ ਕਿਉਂਕਿ ਇਸ ਸਮੇਂ ਭਾਰਤ-ਪਾਕਿ ਸਬੰਧਾਂ ਵਿਚ ਮੁੰਬਈ ਹਮਲਿਆਂ ਕਰਕੇ ਵਿਵਾਦ ਪੈਦਾ ਹੋ ਗਿਆ ਹੈ।

 ਭਾਈ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਾਉਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਭਾਈ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਮੁਆਫ਼ ਕਰਾਉਣ ਲਈ ਵੀ ਉਹ ਅਨੇਕਾਂ ਵਾਰ ਭਾਰਤ ਪ੍ਰਧਾਨ ਮੰਤਰੀ ਅਤੇ ਹੋਰਨਾਂ ਮੰਤਰੀਆਂ ਨੂੰ ਮਿਲ ਚੁੱਕੇ ਹਨ। ਇਸ ਸਬੰਧੀ ਅੰਤਮ ਫੈ਼ਸਲਾ ਉਨ੍ਹਾਂ ਨੇ ਹੀ ਲੈਣਾ ਹੈ ਅਤੇ ਅਸੀਂ ਵੀ ਇਸਦੀ ਉਡੀਕ ਕਰ ਰਹੇ ਹਾਂ।

 ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇਹ ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦਸਿਆ ਕਿ ਜਲਦੀ ਹੀ ਨਿਪੁੰਨ ਗ੍ਰੰਥੀ ਸਿੰਘਾਂ ਨੂੰ ਸਿਖਲਾਈ ਦੇਣ ਲਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਥੋਂ ਵਿਦਿਆ ਹਾਸਲ ਕਰਨ ਵਾਲੇ ਨਿਪੁੰਨ ਗ੍ਰੰਥੀਆਂ ਵਲੋਂ ਸਿੱਖ ਧਰਮ ਦੇ ਪ੍ਰਚਾਰ ਦੀ ਲਹਿਰ ਨੂੰ ਹੋਰ ਉਤਸ਼ਾਹ ਪੂਰਨ ਹੁੰਗਾਰਾ ਮਿਲੇਗਾ।
 ਕੈਲੀਫੋਰਨੀਆਂ ਦੇ ਲਵਿੰਗਸਟਨ  ਗੁਰਦੁਆਰਾ ਸਾਹਿਬ ਵਿਖੇ ਲੰਗਰ ਹਾਲ ਵਿਚ ਕੁਰਸੀਆਂ ਪਈਆਂ ਵੇਖਕੇ ਜਥੇਦਾਰ ਸਾਹਿਬ ਨੇ ਉਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸ੍ਰੀ ਅਕਾਲ ਤਖ਼ਤ ਦੀ ਮਰਯਾਦਾ ਅਪਨਾਉਂਦੇ ਹੋਏ ਕੁਰਸੀਆਂ ਹਟਾਉਣ ਸਬੰਧੀ ਅਪੀਲ ਕੀਤੀ। ਇਕ ਦਿਨ ਵਿਚ ਘਟੋ ਘੱਟ ਅੱਠ ਥਾਵਾਂ ‘ਤੇ ਪਹੁੰਚੇ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਸਮੂਹ ਸਿੱਖ ਸੰਗਤਾਂ ਵਲੋਂ ਭਰਪੂਰ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ।  ਯੂਨੀਅਨ ਸਿਟੀ ਵਿਖੇ ਸਮਾਗਮ ਦਾ ਆਯੋਜਨ ਅਮਰੀਕਾ ਦੇ ਪ੍ਰਸਿੱਧ ਅਟਾਰਨੀ ਐਟ ਲਾਅ ਸ: ਜਸਪ੍ਰੀਤ ਸਿੰਘ ਅਤੇ ਅਕਾਲੀ ਦਲ ਨਾਰਥ ਅਮਰੀਕਾ ਵਿੰਗ ਦੇ ਸਾਬਕਾ ਜਨਰਲ ਸਕੱਤਰ ਕੁਲਵੰਤ ਸਿੰਘ ਖਹਿਰਾ ਵਲੋਂ ਕੀਤਾ ਗਿਆ। ਮਡੈਸਟੋ ਵਿਚ ਦਵਿੰਦਰ ਸਿੰਘ ਰਣੀਆਂ, ਲਵਿੰਗਸਟਨ ਗੁਰਦੁਆਰਾ ਪ੍ਰਬੰਧਕ ਕਮੇਟੀ, ਟਰੇਸੀ ਵਿਖੇ ਸੁਰਿੰਦਰ ਸਿੰਘ ਅਟਵਾਲ, ਗੁਰੂ ਪੈਲੇਸ ਵਿਖੇ ਇਥੋਂ ਦੇ ਮਾਲਕ ਹਰਦੁਮਣ ਸਿੰਘ ਸੰਘੇੜਾ, ਸੈਨਹੋਜ਼ੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਪਤਵੰਤੇ ਸੱਜਣਾਂ ਵਲੋਂ ਕੀਤਾ ਗਿਆ। ਅੰਤ ਵਿਚ ਜਥੇਦਾਰ ਅਵਤਾਰ ਸਿੰਘ ਮੱਕੜ ਕੁਲਵੰਤ ਸਿੰਘ ਖਹਿਰਾ ਦੇ ਘਰ ਵੀ ਗਏ।

 ਇਸ ਮੌਕੇ ਜਥੇਦਾਰ ਅਵਤਾਰ ਸਿੰਘ ਦੇ ਸੁਆਗਤ ਲਈ ਪਹੁੰਚੇ ਹੋਏ ਪਤਵੰਤੇ ਸੱਜਣਾਂ ਵਿਚ ਸ: ਦੀਦਾਰ ਸਿੰਘ ਬੈਂਸ, ਸ: ਗੁਰਨਾਮ ਸਿੰਘ ਪੰਮਾ, ਸ: ਕੁਲਵੰਤ ਸਿੰਘ ਖਹਿਰਾ, ਸ: ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ,  ਸ: ਬਲਜੀਤ ਸਿੰਘ ਮਾਨ, ਸ: ਕ੍ਰਿਪਾਲ ਸਿੰਘ ਸਹੋਤਾ, ਸ: ਸੁਰਿੰਦਰ ਸਿੰਘ ਅਟਵਾਲ, ਸ: ਦਵਿੰਦਰ ਸਿੰਘ ਰਣੀਆਂ, ਸ: ਸੁਰਿੰਦਰ ਸਿੰਘ ਨਿੱਝਰ, ਸ: ਰੌਣਕ ਸਿੰਘ,  ਸ: ਹਰਜੀਤ ਸਿੰਘ ਸੰਧੂ, ਸ: ਬਚਿਤਰ ਸਿੰਘ ਟਾਈਗਰ, ਸ: ਗੁਰਪ੍ਰੀਤ ਸਿੰਘ ਸੰਧੂ, ਸ: ਨਰਿੰਦਰਪਾਲ ਸਿੰਘ ਹੁੰਦਲ, ਸ੍ਰੀ ਰਾਜ ਭਨੋਟ, ਸ: ਰਵਿੰਦਰ ਸਿੰਘ ਅਟਵਾਲ, ਸ: ਲਖਵੀਰ ਸਿੰਘ ਟਰੇਸੀ, ਸ:ਅਰਜਿੰਦਰਪਾਲ ਸਿੰਘ ਸੇਖੋਂ, ਜਸਟਿਸ (ਰਿਟਾ:) ਮੇਵਾ ਸਿੰਘ, ਸ: ਰਘਬੀਰ ਸਿੰਘ ਸ਼ੇਰਗਿੱਲ, ਸ:ਹਰਜਿੰਦਰ ਸਿੰਘ ਜੌਹਲ, ਡਾ:ਅਜੀਤਪਾਲ ਸਿੰਘ ਸੰਧੂ, ਸ: ਰਣਜੀਤ ਸਿੰਘ ਟੁੱਟ, ਸੁਰਜੀਤ ਸਿੰਘ ਟੁੱਟ, ਸ: ਹਰਦੁਮਨ ਸਿੰਘ ਸੰਘੇੜਾ, ਸ: ਜਸਵੰਤ ਸਿੰਘ ਹੋਠੀ, ਸ: ਬਲਬੀਰ ਸਿੰਘ ਢਿਲੋਂ, ਸ: ਕੁਲਵੰਤ ਸਿੰਘ ਸੰਘਾ, ਸ: ਜੀਤ ਸਿੰਘ ਬੈਣੀਵਾਲ, ਸ: ਸੁਖਦੇਵ ਸਿੰਘ ਬੈਣੀਵਾਲ, ਸ: ਗੁਰਮੇਲ ਸਿੰਘ ਗੇਲਾ, ਸ: ਮੇਜਰ ਸਿੰਘ ਸਵੱਦੀ, ਸ: ਮਨਜੀਤ ਸਿੰਘ ਦਸੂਹਾ, ਸ: ਰਘੁਬੀਰ ਸਿੰਘ ਸੁਭਾਨਪੁਰ, ਡਾ: ਹਰਬੰਸ ਸਿੰਘ ਸਰਾਂ,  ਸ: ਤਜਿੰਦਰ ਸਿੰਘ ਭੰਗੂ, ਸ: ਜਸਪ੍ਰੀਤ ਸਿੰਘ, ਸ: ਜਸਪਾਲ ਸਿੰਘ ਸੰਧੂ, ਸ: ਹਰਕੀਰਤ ਕੌਰ ਸੰਧੂ, ਸ: ਗੁਰਚਰਨ ਸਿੰਘ ਮਾਨ, ਸ: ਲਖਵੀਰ ਸਿੰਘ, ਸ: ਹਰਦੀਪ ਸਿੰਘ ਔਲਖ, ਸ: ਜਸਵੰਤ ਸਿੰਘ ਸਰਾਂ, ਸ: ਚਰਨਜੀਤ ਸਿੰਘ ਪੰਨੂ, ਸ: ਦਲਬੀਰ ਸਿੰਘ ਗਿੱਲ ਅਤੇ ਵੱਖ ਵੱਖ ਸ਼ਹਿਰਾਂ ਤੋਂ ਅਨੇਕਾਂ ਪਤਵੰਤੇ ਸੱਜਣ ਇਨ੍ਹਾਂ ਸਨਮਾਨ ਸਮਾਗਮਾਂ ਵਿਚ ਪਹੁੰਚੇ ਹੋਏ ਸਨ।

This entry was posted in ਸਥਾਨਕ ਸਰਗਰਮੀਆਂ (ਅਮਰੀਕਾ).

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>