“ਸੱਦਾਰ ਜੀ, ਨਮਾਂ ਸਾਲ ਬੰਬਾਰਕ…!”

ਪਹਿਲੀ ਜਨਵਰੀ ਦਾ ਦਿਨ ਸੀ।

ਅੱਜ ਤਿੱਖੀ ਧੁੱਪ ਨਿਕਲ਼ੀ ਹੋਈ ਸੀ। ਮੰਦਰ ਦੇ ਰਾਹ ਵਾਲ਼ਾ ਖੁੰਢ ਅਤੇ ਤਖ਼ਤਪੋਸ਼ ਅਜੇ ਖਾਲੀ ਹੀ ਪਏ ਸਨ। ਰੌਣਕ ਨਹੀਂ ਹੋਈ ਸੀ।
 -”ਤਕੜੈਂ ਅਮਲੀਆ…? ਸਾਸਰੀਕਾਲ…!” ਖੇਤੋਂ ਸਾਈਕਲ ‘ਤੇ ਚੜ੍ਹੇ ਆਉਂਦੇ ਪਾੜ੍ਹੇ ਨੇ ਸਵੇਰੇ ਸਵੇਰੇ ਅਮਲੀ ਨੂੰ ਛੇੜ ਲਿਆ।
 -”ਦੋ ਆਰੀ ਸਾਸਰੀਕਾਲ ਭਾਈ ਪਾੜ੍ਹਿਆ…! ਮੈਂ ਤਾਂ ਜਮਾਂ ਲੋਹੇ ਵਰਗੈਂ..!”
 -”ਨਾਲ਼ੇ ਹੈਪੀ ਨਿਊ ਯੀਅਰ…!”
 -”ਉਹ ਕੀ ਹੁੰਦੈ…?” ਗੱਲ ਅਮਲੀ ਦੇ ਸਿਰ ਤੋਂ ਗਿਰਝ ਵਾਂਗ ਲੰਘ ਗਈ।
 -”ਨਵਾਂ ਸਾਲ ਮੁਬਾਰਕ ਹੋਵੇ…!”
 -”ਚੱਲ ਸਾਸਰੀਕਾਲ ਤਾਂ ਤੇਰੀ ਮੰਨੀਂ, ਪਰ ਆਹ ਨਮਾਂ ਸਾਲ ਬੰਬਾਰਕ ਤੂੰ ਆਬਦੇ ਕੋਲ਼ੇ ਈ ਰੱਖ…!” ਬਲ਼ਦ ਮੂਤਣੀਆਂ ਪਾਉਂਦੇ ਅਮਲੀ ਨੇ ਗੱਲ ਪਾੜ੍ਹੇ ਦੇ ਗਲ਼ ਹੀ ਸੁੱਟ ਦਿੱਤੀ। ਅਜੇ ਉਸ ਨੂੰ ਚਾਹ ਅਤੇ ‘ਮਾਵੇ’ ਦਾ ਨਸ਼ਾ ਚੜ੍ਹਿਆ ਨਹੀਂ ਸੀ। ਧੁੱਪ ਨੇ ਵੀ ਸਰੀਰ ਨੂੰ ਨਿੱਘ ਨਹੀਂ ਦਿੱਤਾ ਸੀ। ਉਸ ਦਾ ਸਰੀਰ ਕੋਹਲੂ ਵਾਂਗ ਜਾਮ ਹੋਇਆ ਪਿਆ ਸੀ।
 -”ਕਿਉਂ ਨਵੇਂ ਸਾਲ ਤੋਂ ਬੜਾ ਚਿੜਿਆ ਪਿਐਂ…? ਕੀ ਭੜ੍ਹਾਕਾ ਪੈ ਗਿਆ?”
 -”ਜਿਹੋ ਜੇ ਪੁਰਾਣੇਂ ਸਾਲ ‘ਚ ਲੋਕਾਂ ਨੇ ਗੁੱਲ ਖਿਲਾਤੇ, ਓਹੋ ਜਿਆ ਨਮੇਂ ਸਾਲ ‘ਚ ਚੰਦ ਚਾਹੜ੍ਹ ਦੇਣਗੇ…! ਭਦਰਕਾਰੀ ਦੀ ਆਸ ਤਾਂ ਮੈਨੂੰ ਕਿਸੇ ਤੋਂ ਹੈਨ੍ਹੀਂ..!”
 -”ਗੱਲ ਨੂੰ ਨਾਗਵਲ਼ ਨਾ ਪਾਇਆ ਕਰ ਅਮਲੀਆ..! ਸਿੱਧੀ ਦੱਸਿਆ ਕਰ..! ਸਾਨੂੰ ਕਦੇ ਕਦੇ ਤੇਰੀ ਪਛਤੋਂ ਦੀ ਸਮਝ ਨ੍ਹੀ ਆਉਂਦੀ।” 
 -”ਲੈ ਪਛਤੋ ਦੀ ਗੱਲ ਸੁਣ ਲਾ..!” ਅਮਲੀ ਨੇ ਤਖ਼ਤਪੋਸ਼ ‘ਤੇ ਬੈਠਦਿਆਂ ਡਾਂਗ ਜੁਆਕ ਵਾਂਗ ਲੰਮੀ ਪਾ ਲਈ, “ਆਹ ਪਿਛਲੇ ਹਫ਼ਤੇ ਆਪਣੇ ਬੱਸ ਅੱਡੇ ‘ਚ ਕਾਲਜ ਦੀਆਂ ਪਾੜ੍ਹੀਆਂ ਖੜ੍ਹੀਆਂ, ਤੇ ਇਕ ਦੂਜੀ ਨੂੰ ਹਾਏ ਮੇਰੀ ਘਿਛਮਿਛ-ਹਾਏ ਮੇਰੀ ਘਿਛਮਿਛ ਕਰੀ ਜਾਣ..! ਉਹ ਸੀ ਈ ਕੁੜੀਆਂ, ਜੇ ਮੁੰਡੇ ਹੁੰਦੇ ਤਾਂ ਡਾਂਗ ਨਾਲ਼ ਪੁੱਛ ਵੀ ਲੈਂਦਾ ਬਈ ਇਹ ਹਾਏ ਮੇਰੀ ਘਿਛਮਿਛ ਹੈ ਕੀ ਖ਼ਸਮਾਂ ਨੂੰ ਖਾਣਿਓਂ…? ਲੈ ਹੁਣ ਤੂੰ ਦੱਸ ਬਈ ਥੋਡੀ ਪਛਤੋਂ ਦੀ ਕਿਸੇ ਨੂੰ ਸਮਝ ਆਉਂਦੀ ਐ…?”
 -”ਉਹ ਮੇਰੀ ਘਿਛਮਿਛ ਨਹੀਂ ਅਮਲੀਆ…!” ਪਾੜ੍ਹਾ ਸਾਈਕਲ ਰੋਕ ਕੇ ਉਚੀ-ਉਚੀ ਹੱਸ ਪਿਆ, “ਉਹ ਮੈਰੀ ਕ੍ਰਿਸਮਿਸ ਆਖਦੀਆਂ ਹੋਣਗੀਆਂ…!” ਪਾੜ੍ਹੇ ਨੇ ਸੋਧ ਕਰਕੇ ਦੱਸਿਆ। ਉਸ ਦਾ ਹਾਸਾ ਬੰਦ ਨਹੀਂ ਹੁੰਦਾ ਸੀ ਅਤੇ ਚੱਜ ਨਾਲ਼ ਗੱਲ ਨਹੀਂ ਹੋ ਰਹੀ ਸੀ।
 -”ਉਹ ਕੀ ਹੁੰਦੀ ਐ…?” ਅਮਲੀ ਦੇ ਮੂੰਹ ਨਾਲ਼ ਉਸ ਦੀਆਂ ਨਾਸਾਂ ਵੀ ਦੋਨਾਲ਼ੀ ਬੰਦੂਕ ਵਾਂਗ ਖੁੱਲ੍ਹੀਆਂ ਸਨ।
 -”ਆਪਣੇ ਧਰਮ ਵਾਂਗੂੰ ਇਸਾਈਆਂ ਦਾ ਵੀ ਇਕ ਧਰਮ ਐਂ, ਤੇ ਇਸਾਈਆਂ ਦੇ ਈਸਾ ਮਸੀਹ ਉਸ ਦਿਨ ਜਨਮੇ ਸੀ…!”
 -”ਜਨਮਿਆਂ ਹੋਣੈਂ..! ਪਰ ਇਹਨਾਂ ਨੂੰ ਐਨੀ ਚੰਡੀ ਕੀ ਚੜ੍ਹੀ ਸੀ…? ਸਾਡੇ ਬਾਬੇ ਨਾਨਕ ਦੇ ਗੁਰਪਰਬ ‘ਤੇ ਤਾਂ ਸਾਨੂੰ ਕਦੇ ਕਿਸੇ ਨੇ ਹਾਏ ਮੇਰੀ ਘਿਛਮਿਛ ਕਿਹਾ ਨ੍ਹੀ…!” ਅਮਲੀ ਨੇ ਸਿ਼ਕਵਾ ਕੀਤਾ।
 -”ਹੁਣ ਆਖਦਿਆ ਕਰਨਗੀਆਂ ਅਮਲੀਆ…! ਜਾਂ ਉਹਨਾਂ ਨੇ ਮੂੰਹ ‘ਚ ਕਹਿਤਾ ਹੋਣੈਂ, ਤੈਨੂੰ ਸੁਣਿਆਂ ਨ੍ਹੀ ਹੋਣਾਂ…! ਬਾਹਲ਼ਾ ਗੁੱਸਾ ਵੀ ਨੀ ਕਰੀਦਾ ਹੁੰਦਾ, ਬਲੱਡ ਪ੍ਰੈਸ਼ਰ ਹੋ ਜਾਂਦੈ..!” ਕਿਸੇ ਨੇ ਢਾਣੀਂ ‘ਚ ਸਿਰ ਫ਼ਸਾਉਂਦਿਆਂ ਕਿਹਾ।
 -”ਕੀਹਦਾ ਕੁਛ ਐਂ ਬਈ ਤੂੰ…?” ਅੱਧ ਖੁੱਲ੍ਹੀਆਂ ਅੱਖਾਂ ਵਿਚ ਅਮਲੀ ਨੂੰ ਅਵਾਜ਼ ਦੀ ਪਹਿਚਾਣ ਨਹੀਂ ਆਈ ਸੀ।
 -”ਮੁਖਤਿਆਰ ਫ਼ੌਜੀ ਦਾ ਮੁੰਡਾ ਕਰਮਜੀਤ ਐ ਅਮਲੀਆ…!” ਪਾੜ੍ਹੇ ਨੇ ਦੱਸਿਆ।
 -”ਅੱਛਾ..! ਮੈਂ ਵੀ ਆਖਾਂ..! ਤੂੰ ਪਹਿਲਾਂ ਆਬਦੀ ਬੇਬੇ ਤੋਂ ਕਰੜੀ ਜੀ ਚਾਹ ਬਣਵਾ ਕੇ ਲਿਆ, ਫ਼ੇਰ ਸਿੱਧੀ ਦੱਸੂੰ, ਤੂੰ ਤਾਂ ਓਸ ਗੱਲ ਦੇ ਆਖਣ ਮਾਂਗੂੰ ਮੁਖ਼ਤੋ ਮੁਖ਼ਤੀ ਸਿੱਧੀ ਸੁਣ ਨੂੰ ਫਿ਼ਰਦੈਂ ਭਤੀਜ..!” ਅਮਲੀ ਬੋਲਿਆ।
 -”ਤੈਨੂੰ ਬਨੱਖ਼ਸ਼ਾਂ ਨਾ ਉਬਾਲ਼ ਕੇ ਪਿਆਈਏ..? ‘ਵਾਜ ਵੀ ਲੋਟ ਹੋਜੂ…! ਪਾਟੇ ਢੋਲ ਵਰਗੀ ਕੱਢਦੈਂ..!” ਬਿੰਦੇ ਨੇ ਤਰਕ ਲਾਈ।
 -”ਤੂੰ ਊਂ ਈਂ ਸੁਣਾ ਦੇ ਕੋਈ ਗੱਲ ਬਾਤ, ਪੰਘਲ਼ ਤੈਨੂੰ ਕਿਸੇ ਨੇ ਨ੍ਹੀ ਪਿਆਉਣਾ ਅਮਲੀਆ..!” ਨਿੰਮੇਂ ਗਿਆਨੀ ਨੇ ਢਾਣੀਂ ‘ਚੋਂ ਵਾਰੀ ਲੈਂਦਿਆਂ ਆਖਿਆ।
 -”ਤੇਰਾ ਤਾਂ ਮੈਨੂੰ ਪਹਿਲਾਂ ਈ ਪਤੈ ਗਿਆਨੀ..! ਗਿਆਨਣ ਤਾਂ ਮੇਰੀ ਬੱਕਰੀ ਵਾਸਤੇ ਥੱਬੀ ਪੱਠੇ ਨ੍ਹੀ ਦਿੰਦੀ, ਮੈਨੂੰ ਚਾਹ ਕਿੱਥੋਂ ਪਿਆਦੂ..? ਉਹ ਤਾਂ ਜੇ ਨਲ਼ੀ ਵੀ ਸੁਣਕੂ ਤਾਂ ਆਬਦੇ ਕੁੱਕੜਾਂ ਮੂਹਰੇ ਈ ਸਿੱਟੂ…!” ਅਮਲੀ ਨੇ ਠੁਣਾਂ ਗਿਆਨੀ ਸਿਰ ਹੀ ਭੰਨਿਆਂ।
 -”ਆਹ ਲੈ ਟੁੱਟੇ ਪੈਸੇ, ਚਾਹ ਆਲ਼ੀ ਦੁਕਾਨ ਤੋਂ ਈ ਪੀ ਲਈਂ…!” ਖਹਿਰੇ ਨੇ ਟਾਂਚ ਵਜੋਂ ਭਾਨ ਅਮਲੀ ਵੱਲ ਨੂੰ ਕਰਦਿਆਂ ਕਿਹਾ।
 -”ਭਾਨ ਉਹ ਦਿੰਦਾ ਹੁੰਦੈ, ਜੀਹਦੀ ਘਰੇ ਨਾ ਚੱਲਦੀ ਹੋਵੇ..! ਜੀਹਦੀ ਘਰੇ ਚੱਲਦੀ ਹੋਵੇ, ਅਗਲਾ ਬਿੱਲੇ ਦੇ ਕੰਨ ਜਿੱਡਾ ਨੋਟ ਕੱਢ ਕੇ ਹੱਥ ‘ਤੇ ਧਰ ਦਿੰਦੈ..!” ਅਮਲੀ ਨੇ ਖਹਿਰੇ ਦੇ ਹੱਡ ‘ਤੇ ਮਾਰੀ।
 -”ਅਮਲੀਆ ਜੇ ਇਹਨੇ ਤੈਨੂੰ ਨੋਟ ਦੇਤਾ, ਇਹ ਘਰੇ ਕੀਹਦੇ ਵੜੂ..? ਖਹਿਰੀ ਖੌਂਸੜਾ ਨਾ ਲਾਹ ਲਊ…!”
 -”ਨਾਲ਼ੇ ਉਹਦੀ ਜੁੱਤੀ ਦੇਖਲਾ ਕਿੱਡੀ ਐ? ਪੂਰੇ ਹੱਥ ਜਿੱਡੀ ਐ, ਇਕ ਪਾਸੇ ਮਾਰੂ ਤੇ ਮੁੜ ਕੇ ਦੂਜੇ ਪਾਸੇ ਵੱਜੂ..! ਇਹਨੇ ਪੁੜਪੜੀ ‘ਚ ਚਿੱਬ ਜਰੂਰ ਪੁਆਉਣੈਂ..?” ਬਾਈ ਭਾਲਾ ਬੋਲਿਆ।
 ਹਾਸੜ ਪੈ ਗਈ।
 -”ਨਵੇਂ ਸਾਲ ਦੀ ਮੁਬਾਰਕ ਹੋਵੇ ਬਈ ਸਾਰਿਆਂ ਨੂੰ…!” ਪੀਤੇ ਦੇ ਮੁੰਡੇ ਬਿੱਟੂ ਨੇ ਖੁੰਢ ‘ਤੇ ਲੋਟ ਜਿਹਾ ਹੋ ਕੇ ਬਹਿੰਦਿਆਂ ਆਖਿਆ।
 -”ਲਓ ਜੀ, ਇਕ ਹੋਰ ਆ ਗਿਆ…! ਇਹਨਾਂ ਨੂੰ ਨਵੇਂ ਸਾਲ ਦੀ ਬੜੀ ਭੰਮਾਲ਼ੀ ਚੜ੍ਹੀ ਐ ਯਾਰ, ਜਿਹੜਾ ਆਉਂਦੈ, ਨਮਾਂ ਸਾਲ ਬੰਬਾਰਕ ਈ ਦੱਸਦੈ..!”
 -”ਤੇ ਹੋਰ ਕੀ ਐ? ਨਵਾਂ ਸਾਲ ਚੜ੍ਹਿਐ, ਤਾਂ ਈ ਆਖਦੇ ਐਂ…!” ਅੱਛਰੂ ਨੂੰ ਕੋਈ ਟਿਕਾਣੇਂ ਦੀ ਗੱਲ ਨਾ ਔੜੀ।
 -”ਯਾਰ ਮੇਰਾ ਦਿਲ ਕਰਦੈ ਬਈ ਆਪਣੇ ਲੋਕਾਂ ਦੇ ਗੋਲ਼ੀ ਮਾਰਾਂ…!”
 -”ਕਿਉਂ…? ਤੂੰ ਬੜਾ ਤਪਿਆ ਬੈਠੈਂ ਅੱਜ ਸਵੇਰੇ ਸਵੇਰੇ…!” ਨੀਲੂ ਨੇ ਅਮਲੀ ਦਾ ਵਾਰ ਰੋਕਿਆ।
 -”ਜੱਥੇਦਾਰਾ, ਤੇਰਾ ਪੱਤਰਕਾਰ ਕਿੱਥੇ ਐ ਅੱਜ…?”
 -”ਪੱਠੇ ਲੈਣ ਗਿਐ, ਆਜੂਗਾ…! ਕਿਉਂ ਕੋਈ ਖ਼ਬਰ ਲੁਆਉਣੀਂ ਐਂ…?”
 -”ਆਹ ਲੁਆਉਣੀਂ ਐਂ ਖ਼ਬਰ, ਮੈਂ ਕੋਈ ਨੀਂਹ ਪੱਥਰ ਰੱਖਿਐ? ਪਿਛਲੇ ਸਾਲ ਦੀਆਂ ਕੁਛ ਗੱਲਾਂ ਦੱਸਣੀਆਂ ਸੀ..!”
 -”ਸਾਨੂੰ ਦੱਸਲਾ…? ਉਹਨੂੰ ਕਿਹੜੀਆਂ ਦੱਸਣੀਐਂ…?” ਮੋਨੀਂ ਨੇ ਉਭੜਵਾਹਿਆਂ ਵਾਂਗ ਪੁੱਛਿਆ।
 -”ਜਿਹੜੀਆਂ ਐਥੇ ਪਾੜ੍ਹਾ ਬੈਠ ਕੇ ਸੁਣਾਉਂਦਾ ਰਿਹੈ, ਹੋਰ ਮੈਂ ਕਿਹੜਾ ਗੱਲਾਂ ਪ੍ਰਲੋਕ ‘ਚੋਂ ਲੈ ਕੇ ਆਉਣੀਐਂ…?”
 -”ਲੈ, ਆ ਗਿਆ ਪੱਤਰਕਾਰ ਵੀ…!” ਡਾਕਟਰ ਸੁਖਮੰਦਰ ਬੋਲਿਆ।
 -”ਲੈ ਬਈ ਜੀਵਨਾਂ, ਕਰ ਆਬਦੇ ਸੰਦ ਤਿੱਖੇ ਤੇ ਲਿਖ…!”
 -”ਦੱਸ ਤਾਇਆ…!” ਪੱਤਰਕਾਰ ਨੇ ਦਿਖਾਵੇ ਜਿਹੇ ਵਜੋਂ ਪੈੱਨ ਕੱਢ ਲਿਆ ਤਾਂ ਅਮਲੀ ਹੱਡਾਂਰੋੜੀ ਦੀ ਗਿਰਝ ਵਾਂਗ ਉਸ ਵੱਲ ਝਾਕਿਆ।
 -”ਗੱਲ ਸੁਣ ਉਏ ਕਾਂਗਿਆਰੀਏ…! ਮੈਂ ਤੇਰਾ ਤਾਇਆ ਕਿੱਥੋਂ ਲੱਗਿਆ? ਚਾਹੇ ਆਬਦੀ ਬੇਬੇ ਨੂੰ ਪੁੱਛਲੀਂ…!”
 -”ਚੱਲ ਚਾਚਾ ਆਖ ਦਿੰਨੈਂ…! ਹੁਣ ਖ਼ੁਸ਼ ਐਂ…?”
 -”ਆਹ ਪਿਛਲੇ ਸਾਲ, ਨਮਾਂ ਸਾਲ ਚੜ੍ਹਨ ਸਾਰ ਈ ਇਕ ‘ਮਕੇਟੀ’ ਆਲ਼ੇ ਬੰਦੇ ਨੇ ਬੜੀਆਂ ਰੰਗਰਲ਼ੀਆਂ ਮਨਾਈਆਂ ਸੀ ਬਈ ਕਿਸੇ ਬੀਬੀ ਨਾਲ਼…! ਫ਼ੋਟੂ ਵੀ ਛਪੇ ਸੀ ‘ਖ਼ਬਾਰਾਂ ‘ਚ..! ਉਹਦੇ ਬਾਰੇ ਤੇਰੇ ‘ਖ਼ਬਾਰ ਚੁੱਪ ਈ ਧਾਰ ਗਏ…?”
 -”ਇਹ ਕੰਮ ਚਾਚਾ ਸਾਡਾ ਨ੍ਹੀ, ਅਖ਼ਬਾਰਾਂ ਆਲਿਆਂ ਦੈ…! ਨਾਲੇ ‘ਮਕੇਟੀ’ ਆਲ਼ੇ ਨ੍ਹੀਂ, ‘ਕਮੇਟੀ’ ਆਲ਼ੇ ਆਖ…!”
 -”ਚਾਹੇ ਕੋਈ ਵੀ ਸੀ, ਕਰਦੇ ਤਾਂ ਕੁੱਤ ਪੌਅ ਈ ਸੀ…! ਪਰ ਚੁੱਪ ਕਾਹਤੋਂ ਧਾਰ ਗਏ..?”
 -”ਇਕ ਗੱਲ ਹੋਰ ਐ ਪੱਤਰਕਾਰਾ…!” ਸੁਰਿੰਦਰ ਮਾਸਟਰ ਨੇ ਮੌਕਾ ਜਿਹਾ ਮਿਲਿ਼ਆ ਕਰਕੇ ਗੱਲ ਸ਼ੁਰੂ ਕੀਤੀ।
 -”ਦੱਸ ਬਾਈ…!”
 -”ਆਹ ਪਿਛਲੇ ਸਾਲ ਆਹ ਕ੍ਰਿਕਟ ਆਲ਼ੇ ਹਰਭਜਨ ਤੇ ਮੋਨਾ ਸਿੰਘ ਨੇ ਸੀਤਾ ਮਾਤਾ ਤੇ ਰਾਵਣ ਦਾ ਰੋਲ ਕਰਤਾ ਕਿਤੇ ਰਾਮ ਲੀਲ੍ਹਾ ‘ਚ, ਤੇ ਲੋਕ ਉਹਨਾਂ ਦੇ ਮਗਰ ਪੈ ਗਏ, ਅਖੇ ਇਹ ਸਿੱਖ ਹੋ ਕੇ ਹਿੰਦੂਆਂ ਆਲ਼ੇ ਰੋਲ ਕਰੀ ਜਾਂਦੇ ਐ, ਪਰ ਜਿਹੜੇ ਸਿੱਖ ਹੋ ਕੇ ਸੱਚੀਂ ਈ ਤਿਲਕ ਲੁਆਈ ਜਾਂਦੇ ਐ, ਹਵਨ ਕਰਵਾਈ ਜਾਂਦੇ ਐ ਤੇ ਆਹੂਤੀਆਂ ਪਾਈ ਜਾਂਦੇ ਐ, ਉਹਨਾਂ ਨੂੰ ਕੋਈ ਕੁਛ ਨ੍ਹੀ ਆਖਦਾ…!”
 -”ਇਹ ਸਿਆਸਤ ਐ ਬਾਈ…! ਮੰਤਰੀਆਂ ਤੇ ਅਮੀਰ ਬੰਦਿਆਂ ਨੂੰ ਕੌਣ ਕੁਛ ਆਖੇ..?”
 -”ਤੇ ਥੋਡੇ ‘ਖ਼ਬਾਰ ਸਿਰ ‘ਚ ਮਾਰਨ ਨੂੰ ਐਂ…?” ਅਮਲੀ ਪਿੱਟਣ ਵਾਲਿ਼ਆਂ ਵਾਂਗ ਬੋਲਿਆ।
 -”ਆਹ ਤੇਰੇ ਸਾਹਮਣੇ ਬੀਬੀ ਬਾਦਲ ਨੂੰ ਲੰਗਰ ‘ਚ ਸੇਵਾ ਕਰਨ ਕਰਕੇ ਮਾਤਾ ਖੀਵੀ ਦਾ ਸਨਮਾਨ ਨ੍ਹੀਂ ਦੇਤਾ…?” ਰਾਮ ਜੀ ਫ਼ੌਜੀ ਨੇ ਖਿਝ ਕੇ ਆਖਿਆ।
 -”ਉਏ ਇਹਨਾਂ ਦੇ ਯਾਦ ਈ ਨ੍ਹੀ ਰਿਹਾ ਹੋਣਾਂ…! ਨਹੀਂ ਬਾਦਲ ਸਾਹਬ ਨੂੰ ਲੰਗਰ ‘ਚ ਮਟਰ ਕੱਢਣ ਵਾਸਤੇ ਬਾਬਾ ਬੁੱਢਾ ਜੀ ਦਾ ਖਿ਼ਤਾਬ ਕਿਉਂ ਨਾ ਦੇ ਦਿੰਦੇ..?”
 -”ਅਮਲੀਆ ਸੁਖਬੀਰ ਬਾਦਲ ਨੇ ਤਾਂ ਬਿਆਨ ਦਾਗਿਐ ਬਈ ਲੁੱਦੇਆਣੇ ਮੈਟਰੋ ਚੱਲੂਗੀ…?” ਨਾਜੇ ਡਰਾਈਵਰ ਨੇ ਅਮਲੀ ਨੂੰ ਹੋਰ ਪੁਲੀਤਾ ਲਾਇਆ।
 -”ਢਿੱਡੋਂ ਭੁੱਖੀ ਤੇ ਡਕਾਰ ਬਦਾਮਾਂ ਦੇ…! ਵਿਚਾਰਾ ਮਨਪ੍ਰੀਤ ਬਾਦਲ ਤਾਂ ਪਿੱਟੀ ਜਾਂਦੈ ਬਾਈ ਖ਼ਜ਼ਾਨਾ ਖਾਲੀ ਐ…!” ਖੇਤ ਵਾਲ਼ਾ ਭੂਰਾ ਡਰਿਆਂ ਵਾਂਗ ਬੋਲ ਉਠਿਆ। 
 -”ਪਰ ਇਕ ਗੱਲ ਹੋਰ ਐ ਜੀ..!” ਗੁਰਦੀਪ ਗਾਇਕ ਤੋਂ ਵੀ ਪਿੱਛੇ ਨਾ ਰਿਹਾ ਗਿਆ, “ਜੇ ਅੱਜ ਕਿਤੇ ਸੁਖਬੀਰ ਬਾਦਲ ਆਖ ਦੇਵੇ ਬਈ ਲੁਧਿਆਣੇ ‘ਚ ਤਾਂ ਰੱਬ ਦਾ ਰੱਥ ਚੱਲੂਗਾ, ਲੋਕ ਉਹ ਵੀ ਸੱਚ ਮੰਨ ਲੈਣ..!” 
 -”ਆਹ ਹੰਸ ਰਾਜ ਹੰਸ ਬਾਰੇ ਤੇਰਾ ਕੀ ਖਿ਼ਆਲ ਐ…? ਕਹਿੰਦਾ ਐਮ. ਪੀ. ਬਣ ਕੇ ਸਭ ਤੋਂ ਪਹਿਲਾਂ ਦਿੱਲੀ ਦੰਗਿਆਂ ਦੇ ਦੋਸ਼ੀਆਂ ਵਿਰੁੱਧ ਅਵਾਜ਼ ਉਠਾਊਂਗਾ?”
 -”ਪਰ ਉਠਾਊ ਕਿਵੇਂ? ਉਹ ਵੀ ਸੁਣ ਲਓ..! …ਗਰੀਬ ਨਾਚੀਜ਼ ਕੀ ਏਕ ਅਰਜ਼ ਮਨਜ਼ੂਰ ਕੀਜੀਏ ਬਾਬਿਓ…! ਯੇਹ ਦੇਖੋ…ਦੋਨੋਂ ਹਾਥ ਜੋੜ ਕਰ ਬਿਨਤੀ ਕਰਤਾ ਹੂੰ ਜਨਾਬ…! ਇਨ ਦੋਸ਼ੀ ਸੱਜਨੋ ਕੋ ਅੰਦਰ ਕਰਨੇ ਕੀ ਮਿਹਰਬਾਨੀ ਕਰੇਂ…ਨਹੀਂ ਤੋ ਹਮ ਪੰਜਾਬ ਮੇਂ ਜਾ ਕਰ ਫਿ਼ਰ ਗਾਨੇ ਵਜਾਨੇ ਕਾ ਅਖਾੜਾ ਸ਼ੁਰੂ ਕਰਦੇਗਾ…!” ਭੋਲੇ ਮਰਾਸੀ ਦੇ ਆਖਣ ‘ਤੇ ਹਾਸੜ ਪੈ ਗਈ।
 -”ਲੈ ਹੋਰ ਸੁਣ ਲਾ..! ਕਹਿੰਦੇ ਪੰਜਾਬ ‘ਚ ਪੰਜਾਬੀ ਲਾਗੂ ਹੋਗੀ..! ਪਰ ਪੰਜਾਬੀਆਂ ਦੇ ਵਿਆਹ ਦੇ ਕਾਰਡ ਅਜੇ ਵੀ ਅੰਗਰੇਜ਼ੀ ‘ਚ ਛਪਦੇ ਐ..! ਤੇ ਜਿਹੜੇ ਚਾਰ ਗੌਰਮਿੰਟੀ ਫ਼ਾਰਮ ਪੰਜਾਬੀ ‘ਚ ਆ ਵੀ ਗਏ, ਉਹਨਾਂ ਦੇ ਅਰਥ ਵੀ ਸ਼ਬਦ ਕੋਸ਼ ‘ਚੋਂ ਲੱਭਣੇ ਪੈਂਦੇ ਐ…!” ਜਾਗੇ ਕੇ ਬਿੱਟੂ ਨੇ ਆਪਣਾ ਸਿ਼ਕਵਾ ਦੱਸਿਆ।
 -”ਐਤਕੀਂ ਛਰਲ੍ਹਾ ਵੀ ਬੋਟਾਂ ‘ਚ ਖੜੂ ਬਈ…?” ਅਮਲੀ ਨੇ ਹੀਂਗਣਾਂ ਛੁੱਟਣ ਵਾਂਗ ਕਿਹਾ।
 -”ਕਿਹੜਾ ਛਰਲ੍ਹਾ…?” ਸਾਰੇ ਤੁੱਕਿਆਂ ਵੱਲ ਝਾਕਦੇ ਬੋਕ ਵਾਂਗ ਇਕ ਦੂਜੇ ਦੇ ਮੂੰਹ ਵੱਲ ਝਾਕਣ ਲੱਗ ਪਏ।
 -”ਉਏ ਮੈਂ ਮੋਗੇ ਆਲ਼ੀ ਛਰਲ੍ਹਾ ਦੀ ਗੱਲ ਕਰਦੈਂ…!”
 -”ਉਹ ਛਰਲ੍ਹਾ ਨ੍ਹੀ ਅਮਲੀਆ..! ਸਰਲਾ ਦੇਵੀ ਐ…!” ਕਿਸੇ ਨੇ ਜੋਰ ਦੇ ਕੇ ਕਿਹਾ।
 -”ਕੁਛ ਹੋਵੇ…! ਪਰ ਤੈਨੂੰ ਤਾਂ ਸਮਝ ਆਗੀ ਨ੍ਹਾ ਬਈ ਮੈਂ ਕੀਹਦੀ ਗੱਲ ਕਰਦੈਂ…? ਤੁਸੀਂ ਬਿਨਾਂ ਗੱਲੋਂ ਅਗਲੇ ਦੀ ਤਹਿ ਲਾਉਨੇਂ ਓਂ..!”
 -”ਆਗੀ-ਆਗੀ ਅਮਲੀਆ…! ਪੂਰੀ ਸਮਝ ਈ ਆਗੀ..! ਤੂੰ ਗੁੱਸਾ ਨਾ ਕਰ..!” 
 -”ਅਮਲੀਆ, ਆਹ ਅਮਰਿੰਦਰ ਤੇ ਆਰੂਸਾ ਦੀਆਂ ਬਾਹਵਾ ਖ਼ਬਰਾਂ ਛਪਦੀਆਂ ਰਹੀਐਂ…!” ਨੀਲੂ ਨੇ ਅਮਲੀ ਨੂੰ ਫ਼ੇਰ ਛੇੜ ਲਿਆ।
 -”ਛਪੀ ਜਾਣ ਦਿਓ, ਅਗਲੇ ਨੇ ਕੋਈ ਮਾਰ ਮਾਰੀ ਐ ਤਾਂ ਹੀ ਛਪਦੀਐਂ…! ਉਠਿਆ ਆਪ ਤੋਂ ਨਾ ਜਾਵੇ ਤੇ ਫਿ਼ੱਟੇ ਮੂੰਹ ਗੋਡਿਆਂ ਦੇ…! ਜੇ ਸਾਥੋਂ ਨੀ ਕੱਖ ਹੁੰਦਾ, ਅਗਲੇ ਦੇ ਵੀ ਠੂਠੇ ਡਾਂਗ ਮਾਰਨੀ ਐਂ…? ਪਰੋਚ ਗਾਂਧੀ ਨਾਲ਼ ਵਿਆਹੀ ਹੋਣ ਕਰਕੇ ਪਾਕਿਸਤਾਨ ਆਲ਼ੇ ਹੁਣ ਤੱਕ ਆਪਣੇ ਆਲ਼ੀ ਨੂੰ ਭਰਜਾਈ ਆਖਦੇ ਰਹੇ ਐ, ਜੇ ਇਹਨੇ ਇੱਕੀਆਂ ਦੀ ‘ਕੱਤੀ ਪਾ ਕੇ ਮੋੜਤੀ, ਕੀ ਲੋਹੜ੍ਹਾ ਆ ਗਿਆ…? ਮੈਂ ਤਾਂ ਕਿੱਪਟਨ ਜਿੰਦਾਬਾਦ ਈ ਕਹੂੰਗਾ…! ਕਿੱਪਟਨ ਨਰ ਬੰਦੈ, ਜੀਹਨੇ ਪਾਕਸਤਾਨਣ ਸਾਡੀ ਭਰਜਾਈ ਬਣਾਈ…!” 
 -”ਇਹਦੇ ‘ਚ ਵੀ ਕੋਈ ਸ਼ੱਕ ਨ੍ਹੀ…! ਨਾਲ਼ੇ ਪਰੋਚ ਗਾਂਧੀ ਨ੍ਹੀ ਅਮਲੀਆ, ਉਹਦਾ ਨਾਂ ਫਿ਼ਰੋਜ਼ ਗਾਂਧੀ ਸੀ…!”
 -”ਕਹਿੰਦੇ ਮੁੰਬਈ ਆਲ਼ੇ ਕਾਂਡ ‘ਚ ਪਾਕਿਸਤਾਨ ਦਾ ਹੱਥ ਐ ਬਈ..?” ਕਿਸੇ ਨੇ ਨਵੀਂ ਸਿੰਗੜੀ ਛੇੜ ਲਈ।
 -”ਹੋਣਾਂ ਈ ਐਂ…!” ਅਮਲੀ ਟੱਪ ਉਠਿਆ, “ਫ਼ਸਲ ‘ਚੋਂ ਸਾਹਣ ਕੱਢਣਾ ਹੋਵੇ, ਸੌ ਡਾਂਗ ਸੋਟੀ ਦਾ ਪ੍ਰਬੰਧ ਕਰੀਦੈ, ਤੇ ਇਹ ਤਾਂ ਕੰਜਰ ਦੇ ਤਿੰਨ ਦਿਨ ਸਾਰਾ ਬੰਬਾ ਵੰਝ ‘ਤੇ ਟੰਗੀ ਫਿ਼ਰਦੇ ਰਹੇ ਐ…! ਐਨਾਂ ਅਸਲਾ ਕਿਤੋਂ ਤਾਂ ਆਇਆ ਈ ਐ…!” 
 -”ਪਰ ਪਾਕਿਸਤਾਨ ਤਾਂ ਮੰਨਦਾ ਨ੍ਹੀ, ਅਖੇ ਸਾਡਾ ਤਾਂ ਵਿਚ ਹੱਥ ਈ ਹੈਨ੍ਹੀ…!”
 -”ਉਏ ਗੱਲ ਸੁਣੋਂ ਉਏ ਕਮਲਿ਼ਓ..! ਚੋਰ ਕਦੇ ਮੰਨਿਐਂ ਬਈ ਮੈਂ ਚੋਰੀ ਕੀਤੀ ਐ..? ਚੋਰ ਤਾਂ ਪਾੜ ‘ਚ ਫ਼ੜਿਆ ਜਾਵੇ, ਉਹ ਵੀ ਦੁੱਧ ਧੋਤਾ ਹੋਣ ਦਾ ਢੰਡੋਰਾ ਪਿੱਟੀ ਜਾਂਦਾ ਰਹਿੰਦੈ..!”
 -”ਉਏ ਉਹਨਾਂ ਨੂੰ ਇਉਂ ਐਂ ਬਈ ਦੋ ਚਾਰ ਦਿਨ ਇਉਂ ਈ ਮੁੱਕਰ ਮੱਕਰ ਕੇ ਸਾਰ ਲਓ, ਭਾਰਤ ਆਲ਼ੇ ਸੀਲ ਲਾਣਾਂ ਐ, ਆਪੇ ਚਾਰ ਦਿਨਾਂ ‘ਚ ਭੁੱਲ ਭੁਲਾ ਜਾਣਗੇ…! ਇਕ ਆਪਣਾ ਪ੍ਰਧਾਨ ਮੰਤਰੀ ਮੁਛਕੜੀਏਂ ਜੇ ਹੱਸ ਕੇ ਹੱਥ ਜੋੜ ਲੈਂਦੈ ਜਿਵੇਂ ਸੁੱਖ ਦੇਣੀਂ ਹੁੰਦੀ ਐ..!”
 -”ਆਹ ਕੜਬਬੱਚਾਂ ਦਾ ਗਿੱਡਲ਼ ਜਿਆ ਪਰਸੋਂ ਖ਼ਬਰਾਂ ਪੜ੍ਹ-ਪੜ੍ਹ ਸੁਣਾਈ ਜਾਵੇ, ਅਖੇ ਫ਼ਲਾਨੇ ਪਿੰਡ ਘਰ ਘਰ ਪੋਲੀਓ ਦੀਆਂ ਬੂੰਦਾਂ ਪਿਆਈਆਂ…!” ਅਮਲੀ ਨੂੰ ਪਤਾ ਨਹੀਂ ਫਿ਼ਰ ਕਿਸ ‘ਤੇ ਖੁੰਧਕ ਉਠ ਖੜ੍ਹੀ।
 -”ਫ਼ੇਰ…? ਕੋਈ ਮਾੜੀ ਗੱਲ ਐ…?” ਬੂਟਾ ਕਨੇਡੀਅਨ ਬੋਲਿਆ।
 -”ਮੈਂ ਕਿਹਾ ਸਾਲਿ਼ਆ ਨੱਬਲ਼ਾ ਜਿਆ, ਕੋਈ ਐਹੋ ਜੀ ਖ਼ਬਰ ਕੱਢ, ਜਿੱਥੇ ਲਿਖਿਆ ਹੋਵੇ ਬਈ ਅਮਲੀਆਂ ਨੂੰ ਡੋਡੇ ਤੇ ਭੁੱਕੀ ਮੁਖ਼ਤ ਵੰਡੀ…!”
 -”ਲਓ, ਕਰ ਲਓ ਘਿਉ ਨੂੰ ਭਾਂਡਾ…! ਮਿਲ ਲਓ ਇਹਨਾਂ ਨੂੰ…! ਕਰੋ ਸਨਮਾਨ ਇਹਨਾਂ ਦਾ…!”
 -”ਆਹ ਪੁਲ਼ਸ ਦੀ ਜਿਪਸੀ ਕਿਵੇਂ ਆਉਂਦੀ ਐ ਬਈ…?” ਕਿਸੇ ਨੇ ਬੌਡਿਆਂ ਵਾਲ਼ੀ ਸੜਕ ‘ਤੇ ਲੰਮੀ ਨਜ਼ਰ ਮਾਰਦਿਆਂ ਕਿਹਾ।
 -”ਮੰਨੋਂ ਦੇ ਜਾਣੇਂ ਹਾਏ ਮੇਰੀ ਘਿਛਮਿਛ ਇਹ ਬਣਾਉਣ ਆਏ ਹੋਣਗੇ…! ਇਹਨਾਂ ਪੱਟ ਹੋਣਿਆਂ ਨੇ ਕਿਹੜਾ ਘਰੋਂ ਛਕਣੈਂ? ਤੇਰੇ ਮੇਰੇ ਅਰਗੇ ਦੇ ਗੀਝੇ ਨੂੰ ਇਹ ਚੁੰਬੜਨਗੇ..!” ਅਮਲੀ ਡਾਂਗ ‘ਤੇ ਭਾਰ ਪਾ ਕੇ ਉਠ ਖੜ੍ਹਿਆ। 
 -”ਤੇਰੇ ਗੀਝੇ ‘ਚ ਕੀ ਜੂੰਐਂ…?” ਕਿਸੇ ਨੇ ਤਰਕ ਲਾਈ।
 -”ਹੁਣ ਫ਼ੌਜੀ ਛਾਉਣੀਂ ਵਾਂਗੂੰ ਤੂੰ ਕਿੱਧਰ ਨੂੰ ਹਿੱਲ ਪਿਆ…? ਬਹਿ ਕੇ ਗੱਲ ਬਾਤ ਸੁਣਾ ਕੋਈ…! ਕੁਛ ਨ੍ਹੀਂ ਕਹਿੰਦੇ ਉਹ ਤੈਨੂੰ…!” ਡੈਰ੍ਹੀ ਵਾਲ਼ੇ ਦਰਸ਼ਣ ਨੇ ਕਿਹਾ।
 -”ਕਿਤੇ ਹਾਏ ਮੇਰੀ ਘਿਛਮਿਛ ਮਨਾਉਣ ਵਾਸਤੇ ਲਹੁਡੀ ਦੇਣੇਂ ਮੈਨੂੰ ਨਾ ਠਾਣੇਂ ਨੂੰ ਲੱਦ ਤੁਰਨ, ਇਹਨਾਂ ਦਾ ਕੀ ‘ਤਬਾਰ…? ਇਹ ਤਾਂ ਦੰਦੀਆਂ ਜੀਆਂ ਕੱਢਦੇ ਕੱਢਦੇ ਮੂਧਾ ਪਾ ਲੈਂਦੇ ਐ..!” ਅਮਲੀ ਅੰਦਰੋਂ ਪਰਾਲ਼ ਹੋਇਆ ਪਿਆ ਸੀ।
 -”ਨ੍ਹਾ ਤੈਨੂੰ ਠਾਣੇ ਲਿਜਾ ਕੇ ਇਹਨਾਂ ਨੇ ਆਬਦੇ ਠਾਣੇ ਦਾ ਨਾਸ ਮਾਰਨੈਂ?”
 -”ਤੂੰ ਤਾਂ ਮੋਕ ਵੀ ਮਾੜੇ ਬਲ਼ਦ ਜਿੰਨੀ ਮਾਰਦੈਂ ਅਮਲੀਆ…!”
 -”ਉਏ ਅਮਲੀ ਹੋਰ ਗੱਲੋਂ ਡਰਦੈ…!”
 -”ਕਿਹੜੀ ਗੱਲੋਂ…?”
 -”ਇਹਦੇ ਕੋਲ਼ੇ ਇਕ ਕੁਤੀੜ੍ਹ ਜੀ ਰੱਖੀ ਹੁੰਦੀ ਸੀ ਨ੍ਹਾਂ?” 
 -”ਖ਼ੁਰਕ ਖਾਧਾ ਜਿਆ ਕੁੱਤਾ…?”
 -”ਆਹੋ…!”
 -”ਉਹਦੇ ‘ਚ ਭੈੜ੍ਹ ਇਹ ਸੀ ਬਈ ਉਹਦੇ ਰੋੜਾ ਕਿਸੇ ਨੇ ਹੋਰ ਮਾਰਨਾਂ ਤੇ ਉਹਨੇ ਕੰਜਰ ਦੇ ਨੇ ਲੱਤ ਕਿਸੇ ਹੋਰ ਦੀ ਜਾ ਫ਼ੜਨੀਂ..!”
 ਫਿ਼ਰ ਹਾਸੜ ਮੱਚ ਗਈ।
 -”ਕੁੱਤਾ ਵੀ ਪੱਟ ਹੋਣਾਂ ਅਮਲੀ ਅਰਗਾ ਈ ਘਤਿੱਤੀ ਸੀ..!”
 -”ਉਏ ਗੱਲ ਤਾਂ ਸੁਣ…! ਇਕ ਦਿਨ ਅਮਲੀ ਸਕੂਲ ਕੋਲ਼ ਦੀ ਕੁੱਤਾ ਲਈ ਜਾਵੇ, ਤੇ ਸਕੂਲ ‘ਚ ਇਕ ਮੰਤਰੀ ਭਾਸ਼ਣ ਦੇਣ ਲੱਗਿਆ ਵਿਆ..! ਤੇ ਮੰਤਰੀ ਨੂੰ ਸਪੀਕਰ ‘ਤੇ ਬੋਲਦਾ ਸੁਣ ਕੇ ਕੁੱਤਾ ਲੱਗ ਪਿਆ ਭੌਂਕਣ, ਤੇ ਪੁਲ਼ਸ ਆਲਿ਼ਆਂ ਦੇ ਭਾਅ ਦੀ ਬਣਗੀ ਬਈ ਇਹ ਕਤੀੜ੍ਹ ਤਾਂ ਸਾਨੂੰ ਮੰਤਰੀ ਤੋਂ ਗਾਲ਼ਾਂ ਪੁਆਊ…!” 
 -”ਗਾਲ਼ ਕੱਢਣ ਲੱਗੇ ਕਿਹੜਾ ਉਹ ਅੱਗਾ ਪਿੱਛਾ ਦੇਖਦੇ ਐ..?”
 -”ਕਿਹੜਾ ਆਪ ਨੂੰ ਆਉਣੀ ਐਂ…! ਫ਼ੇਰ…?”
 -”ਪੁਲ਼ਸ ਆਲਿ਼ਆਂ ਨੇ ਕੁੱਤੇ ਨੂੰ ਤਾਂ ਕੀ ਆਖਣਾ ਸੀ? ਪਰ ਉਹਨਾਂ ਨੇ ਅਮਲੀ ਨੂੰ ਆ ਢਾਹਿਆ…!”
 -”ਅੱਛਾ…!”
 -”ਨਾ ਕਾਹਤੋਂ ਆ ਢਾਹਿਆ…?”
 -”ਉਏ ਅਗਲੇ ਸੋਚਦੇ ਹੋਣੇਂ ਐਂ ਬਈ ਅੰਦਰ ਸਾਡੇ ਆਲ਼ਾ ਭੌਂਕੀ ਜਾਂਦੈ ਤੇ ਬਾਹਰ ਅਮਲੀ ਦਾ ਕਾਹਤੋਂ ਭੌਂਕਣ ਲੱਗ ਪਿਆ…!”
 ਹਾਸੇ ਦਾ ਫ਼ਰਾਟਾ ਇਕ ਵਾਰ ਫਿ਼ਰ ਉਚਾ ਉਠਿਆ।
 ਇਤਨੇ ਚਿਰ ਨੂੰ ਪੁਲੀਸ ਦੀ ਜਿਪਸੀ ਕੋਲ਼ ਆ ਖੜ੍ਹੀ ਅਤੇ ਸਾਰੇ ਪੁਲੀਸ ਦੇ ਸਤਿਕਾਰ ਵਿਚ ਸਾਵਧਾਨ ਹੋ ਗਏ।
 -”ਸੱਦਾਰ ਜੀ, ਨਮਾਂ ਸਾਲ ਬੰਬਾਰਕ…!” ਅਮਲੀ ਠਾਣੇਦਾਰ ਸਾਹਮਣੇਂ ਅਜੀਜ਼ ਬਣਿਆਂ ਹੱਥ ਜੋੜੀ ਖੜ੍ਹਾ ਸੀ। ਇਸ ਤੋਂ ਬਿਨਾਂ ਉਸ ਨੂੰ ਹੋਰ ਕੁਝ ਸੁੱਝ ਨਹੀਂ ਰਿਹਾ ਸੀ।

This entry was posted in ਵਿਅੰਗ ਲੇਖ.

One Response to “ਸੱਦਾਰ ਜੀ, ਨਮਾਂ ਸਾਲ ਬੰਬਾਰਕ…!”

  1. Dear jagg
    this is a fantastic nawan saal tohfa. You have written a verry wella d appropriate wordings

    Nawan saal tuhanu ate sare privaar nu bahut bahut mubarak hove

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>