ਸੱਦਾਮ ਹੁਸੈਨ ਬੁਸ਼ ਦਾ ਅੱਖ-ਤਿਣ ਕਿਉਂ ਸੀ?

ਬੜੀ ਸੋਚ ਵਿਚਾਰ ਦੇ ਬਾਵਜੂਦ ਵੀ ਮੈਨੂੰ ਹਾਲੀਂ ਤੱਕ ਇਹ ਸਮਝ ਨਹੀਂ ਆਈ ਕਿ ਹਰ ਦੇਸ਼ ਦੀ ਕਿਸਮਤ ਦਾ ਫ਼ੈਸਲਾ ਸਿਰਫ਼ ਵਾਸਿ਼ੰਗਟਨ ਵਿਚ ਹੀ ਕਿਉਂ ਹੁੰਦਾ ਹੈ? ਕਿਸੇ ਵੀ ਦੇਸ਼ ਪ੍ਰਤੀ ਮੈਨੂੰ ਪੁਰਾਣੇਂ ਸਾਮਰਾਜੀਆਂ ਦਾ ਪੈਰੋਕਾਰ ਟੋਨੀ ਬਲੇਅਰ ਅਤੇ ਅਮਰੀਕਾ ਦਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਇਮਾਨਦਾਰ ਨਜ਼ਰ ਨਹੀਂ ਆਏ। ਚਾਹੇ ਉਹ ਇਮਾਨਦਾਰ ਹੋਣ ਦਾ, ਸ਼ਾਂਤੀ ਸਥਾਪਤ ਕਰਨ ਦਾ ‘ਢੰਡੋਰਾ’ ਪਿੱਟੀ ਜਾ ਰਹੇ ਹਨ ਅਤੇ ਅੱਤਿਵਾਦ ਦੇ ਖਿ਼ਲਾਫ਼ ਵਿੱਢੀ ਬੇਹੂਦਾ ਜੰਗ ਨੂੰ ਜਾਇਜ਼ ਠਹਿਰਾ ਰਹੇ ਹਨ, ਪਰ ਉਸ ਦੇ ਆਪਣੇ ਹੀ ਦੇਸ਼ ਵਿਚੋਂ ਉਸ ਦੀ ਜ਼ੋਰਦਾਰ ਵਿਰੋਧਤਾ ਹੋ ਰਹੀ ਹੈ! ਜਿਵੇਂ ਕਿ ਬੁਸ਼ ਦੇ ਸਿਆਸੀ ਵਿਰੋਧੀ ਕੈਰੀ ਨੇ ਕਿਹਾ ਸੀ ਕਿ ਅਗਰ ਮਿਸਟਰ ਬੁਸ਼ ਦੀ ਥਾਂ ਮੈਂ ਹੁੰਦਾ ਤਾਂ ਬਕਾਇਦਾ ਮੇਰੀ ਯੁੱਧਨੀਤੀ ਦਾ ਮੂੰਹ-ਮੁਹਾਂਦਰਾ ਹੀ ਹੋਰ ਹੋਣਾ ਸੀ। ਬੁਸ਼ ਦੀ ਆਲੋਚਨਾਂ ਤਾਂ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਸਾਬਕਾ ਵਿਦੇਸ਼ ਮੰਤਰੀ ਮੈਡੇਲੀਨ ਆਲਬਰਾਈਟ ਨੇ ਵੀ ਕੀਤੀ!

 11 ਸਤੰਬਰ 2001 ਦਾ ਅੱਤਿਵਾਦੀ ਕਾਂਡ ਬੁਸ਼ ਨੂੰ ਬੜਾ ‘ਵਰਦਾਨ’ ਬਣ ਕੇ ਟੱਕਰਿਆ ਹੈ। ਉਸ ਨੂੰ ਆਧਾਰ ਬਣਾ ਕੇ ਉਸ ਨੇ ਪਹਿਲਾਂ ਅਫ਼ਗਾਨਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਤਬਾਹੀ ਮਚਾਉਣ ਤੋਂ ਬਾਅਦ ਵਾਰੀ ਆਈ ਇਰਾਕ ਦੇ ਰਾਸ਼ਟਰਪਤੀ ਸਦਾਮ ਹੁਸੈਨ ਦੀ! ਚਾਹੇ ਬੁਸ਼ ਅਤੇ ਉਸ ਦੇ ਅਹਿਲਕਾਰਾਂ ਨੇ ਇਰਾਕ ਦੇ ਰਾਸ਼ਟਰਪਤੀ ਸਦਾਮ ਹੁਸੈਨ ਉੱਪਰ ਮਾਰੂ-ਹਥਿਆਰ ਹੋਣ ਦਾ ਇਲਜ਼ਾਮ ਲਾਇਆ, ਪਰ ਉਸ ਕੋਲੋਂ ਬਰਾਮਦ ਕੁਝ ਵੀ ਨਹੀਂ ਹੋਇਆ। ਪਰ ਇਰਾਕ ਉਪਰ ਫ਼ੌਜੀ ਹਮਲੇ ਕਰਨ ਦਾ ਅਸਲ ਕਾਰਨ ਕੋਈ ਹੋਰ ਸੀ! 

 ਇਕ ਕਾਰਨ ਤੇਲ ਅਤੇ ਸਿਰਫ਼ ਤੇਲ ਦੇ ਭੰਡਾਰਾਂ ‘ਤੇ ਕਬਜ਼ਾ! ਸਭ ਤੋਂ ਵੱਡਾ ਕਾਰਨ ਸੀ 1991 ਦੀ ਕੁਵੈਤ ਦੀ ਜੰਗ! ਭਾਵੇਂ ਕੁਵੈਤ ਦੀ ਲੜਾਈ ਮੌਕੇ ਕਾਫ਼ੀ ਕੁਝ ਸਦਾਮ ਹੁਸੈਨ ਦੇ ਹੱਥੋਂ ਚਲਿਆ ਗਿਆ, ਪਰ ਉਸ ਧੱਕੜ ਬੰਦੇ ਨੇ ਅਮਰੀਕਾ ਦੀ ਝੋਲੀ ਚੁੱਕਣੀ ਕਬੂਲ ਨਹੀਂ ਕੀਤੀ ਅਤੇ ਨਾ ਹੀ ਝੁਕਿਆ। ਈਨ ਮੰਨਣੀ ਉਸ ਦੀ ਕਿਤਾਬ ਵਿਚ ਨਹੀਂ ਲਿਖੀ ਹੋਈ। ਚਾਹੇ ਉਸ ਦੀ ਗ੍ਰਿਫ਼ਤਾਰੀ ਨੂੰ ਆਤਮ ਸਮਰਪਣ ਵਿਚ ਬਦਲਣ ਵਿਚ ਅਮਰੀਕਾ ਦਾ ਪੂਰਾ ਜੋਰ ਲੱਗ ਗਿਆ, ਪਰ ਮਾਹਿਰਾਂ ਅਨੁਸਾਰ ਇਹ ਇਕ ਮਹਿਜ਼-ਸ਼ੋਅ ਹੀ ਸੀ! ਇਕ ਘਰੋਂ ਬੇਘਰ ਹੋਏ ਸਾਬਕਾ ਤਾਨਾਸ਼ਾਹ ਕੋਲੋਂ ਸਾਢੇ ਸੱਤ ਲੱਖ ਡਾਲਰ, ਦੋ ਪਿਸਟਲ ਅਤੇ ਇਕ ਏ. ਕੇ. 47 ਰਾਈਫ਼ਲ ਮਿਲੀ ਦਿਖਾਈ ਗਈ। ਕੀ ਸਮੇਂ ਦਾ ਬੜ੍ਹਕਾਂ ਮਾਰਨ ਵਾਲਾ ਸਦਾਮ ਹੁਸੈਨ ਇਤਨਾ ਹੀ ਗਿਰ ਗਿਆ ਸੀ ਕਿ ਉਸ ਨੇ ਆਪਣੇ ਬਚਾਅ ਲਈ ਇਕ ਵੀ ਗੋਲੀ ਨਾ ਚਲਾਈ…? ਦੋ ਪਿਸਟਲ ਅਤੇ ਇੱਕ ਏ. ਕੇ. 47 ਫਿਰ ਉਸ ਨੇ ਕਾਹਦੇ ਵਾਸਤੇ ਕੋਲ ਰੱਖੀ ਸੀ…? ਜਦੋਂ ਫ਼ੌਜ ਨੇ ਉਸ ਨੂੰ ਘੇਰਾ ਪਾਇਆ ਤਾਂ ਉਹ ਬੜਾ ਸਾਊ ਬਣ ਕੇ ਬੰਕਰ ‘ਚੋਂ ਬਾਹਰ ਆ ਗਿਆ…? ਫ਼ੌਜ ਨੂੰ ਕਿਸੇ ਬੇਹੋਸ਼ੀ ਵਾਲੀ ਗੈਸ ਦੀ ਜ਼ਰੂਰਤ ਨਹੀਂ ਪਈ, ਕੋਈ ਫ਼ਾਇਰ ਕਰਨ ਦੀ ਜ਼ਰੂਰਤ ਨਹੀਂ ਪਈ! ਸਦਾਮ ਬੱਕਰੀ ਦੇ ਪਠੋਰੇ ਵਾਂਗ ਬਗੈਰ ਕਿਸੇ ਹੀਲ ਹੁੱਜਤ ਤੋਂ ਬਾਹਰ ਕੱਢ ਲਿਆ…? ਗੱਲ ਮੰਨਣ ਤੋਂ ਬਾਹਰ ਹੈ!  

 ਅਮਰੀਕਾ ਜੋ ਮਰਜ਼ੀ ਆਖੀ ਜਾਵੇ, ਸੱਤ ਕਰਕੇ ਜਾਣਿਆਂ ਜਾਵੇਗਾ, ਕਿਉਂਕਿ ਉਸ ਦੇ ਝੋਲ਼ੀ ਚੁੱਕਾਂ ਅਤੇ ‘ਜੀ ਹਜੂਰੀਆਂ’ ਦੀ ਘਾਟ ਨਹੀਂ ਹੈ। ਟੋਨੀ ਬਲੇਅਰ ਵਰਗੇ ‘ਜੀ ਸਰਕਾਰੀਏ’ ਬਥੇਰ੍ਹੇ ਫਿ਼ਰਦੇ ਹਨ। ਸਦਾਮ ਹੁਸੈਨ ਦੀ ਗ੍ਰਿਫ਼ਤਾਰੀ ਬਾਰੇ ਲੋਕ ਚਰਚਾ ਕਰਦੇ ਹਨ ਕਿ ਸੱਦਾਮ ਨੂੰ ਉਸ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੇ ਪਕੜਾਇਆ ਅਤੇ 25 ਮਿਲੀਅਨ ਡਾਲਰ ਦਾ ਇਨਾਮ ਅਤੇ ਸੁਰੱਖਿਆ ਹਾਸਲ ਕੀਤੀ। ਘਰ ਦਾ ਭੇਤੀ ਹੀ ਅਕਸਰ ਲੰਕਾ ਢਾਹੁੰਦਾ ਹੈ! 

 ਵੱਡਾ ਕਾਰਨ ਤੇਲ ਦੇ ਭੰਡਾਰ ਦਾ ਸੀ ਅਤੇ ਦੂਜਾ ਕਾਰਨ ਇਹ ਸੀ ਕਿ ਸਦਾਮ ਹੁਸੈਨ ਨੇ ‘ਸੱਦਾਮ-ਸਿਟੀ’ ਵਿਚ ਇੱਕ ਪੰਜ-ਤਾਰਾ ਹੋਟਲ ਬਣਵਾਇਆ ਸੀ। ਉਸ ਹੋਟਲ ਦੇ ਅੰਦਰ ਜਾਣ ਦੇ ਰਸਤੇ ਦੀ ਆਲੀਸ਼ਾਨ ਫ਼ਰਸ਼ ‘ਤੇ ਉਸ ਨੇ ਜਾਰਜ ਡਬਲਿਊ ਬੁਸ਼ ਦੇ ਪਿਤਾ ਅਤੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਦੀ ਤਸਵੀਰ ਬਣਾਈ ਸੀ। ਉਸ ਹੋਟਲ ਅੰਦਰ ਜਾਣ ਵਾਲਾ ਹਰ ਆਦਮੀ ਅਤੇ ਔਰਤ ਜਾਰਜ ਬੁਸ਼ ਦੀ ਫ਼ੋਟੋ ਉਪਰੋਂ ਦੀ ਗੁਜ਼ਰਦਾ ਸੀ ਜਾਂ ਕਹੋ ਉਸ ਫ਼ੋਟੋ ਉਪਰੋਂ ਦੀ ਗੁਜ਼ਰਨਾਂ ਪੈਂਦਾ ਸੀ। ਇਸ ਨੂੰ ਜਾਰਜ ਡਬਲਿਊ ਬੁਸ਼ ਨੇ ਆਪਣੀ ਇੱਜ਼ਤ ਦਾ ਮੁੱਦਾ ਬਣਾਇਆ ਹੋਇਆ ਸੀ ਅਤੇ ਉਹ ਕਿਸੇ ‘ਸ਼ੁਭ’ ਮੌਕੇ ਦੀ ‘ਤਾੜ’ ਵਿਚ ਸੀ ਕਿ ਕਦੋਂ ਸੱਦਾਮ ਹੁਸੈਨ ਉਸ ਨੂੰ ਕੋਈ ਮੌਕਾ ਦੇਵੇ ਅਤੇ ਕਦੋਂ ਉਹ ਉਸ ਤੋਂ ਆਪਣੇ ਬਾਪ ਦੀ ਹੇਠੀ ਦਾ ਬਦਲਾ ਲਵੇ! ਜਦ 11 ਸਤੰਬਰ 2001 ਨੂੰ ਅਮਰੀਕਾ ਦੇ ਵਿਸ਼ਵ ਵਪਾਰਕ ਕੇਂਦਰ ਉਪਰ ਅੱਤਿਵਾਦੀ ਹਮਲਾ ਹੋਇਆ ਤਾਂ ਬੁਸ਼ ਦੀਆਂ ਚੜ੍ਹ ਮੱਚੀਆਂ ਅਤੇ ਉਸ ਨੇ ਅਗਲੀਆਂ ਪਿਛਲੀਆਂ ਸਾਰੀਆਂ ‘ਰੜਕਾਂ’ ਪੂਰੀਆਂ ਕਰਨ ਦਾ ਬੀੜਾ ਚੁੱਕ ਲਿਆ! ਜੰਗੀ ਬੇੜਿਆਂ ਦਾ ਮੂੰਹ ਆਪਣੇ ਵੈਰੀਆਂ ਵੱਲ ਕਰ ਲਿਆ ਅਤੇ ਗਿਣ ਗਿਣ ਕੇ ਬਦਲੇ ਲਏ! 

 ਬੁਸ਼ ਹਰ ਰੋਜ ਨਵਾਂ ਨਾਅਰਾ ਬਦਲਣ ਲੱਗਿਆ। ਕਦੇ ਇਰਾਕ ਦੇ ਲੋਕਾਂ ਨੂੰ ਸਦਾਮ ਹੁਸੈਨ ਦੇ ਗੰਦੇ ਸ਼ਾਸਨ ਤੋਂ ਅਜ਼ਾਦ ਕਰਵਾਉਣ ਦੀਆਂ ਗੱਲਾਂ ਕਰਦਾ, ਕਦੇ ਉਸ ਨੂੰ ਤਾਨਾਸ਼ਾਹ (ਡਿਕਟੇਟਰ) ਆਖਦਾ, ਕਦੇ ਲੋਕ ਰਾਜ ਸਥਾਪਤ ਕਰਨ  ਦੀਆਂ ਬਾਤਾਂ ਸੁਣਾਉਂਦਾ, ਕਦੇ ਉਸ ਕੋਲ ਰਸਾਇਣਕ ਮਾਰੂ-ਹਥਿਆਰ ਹੋਣ ਦੀ ਕਹਾਣੀਂ ਪਾਉਂਦਾ ਅਤੇ ਕਦੇ ਮਾਰੇ ਗਏ ਦਸ ਹਜ਼ਾਰ ਕੁਰਦਾਂ ਦੇ ਹੱਕ ਵਿਚ ‘ਹਾਅ’ ਦਾ ਨਾਅਰਾ ਮਾਰਦਾ। ਮੇਰੀ ਨਜ਼ਰ ਵਿਚ ਤਾਂ ਇਹ ਹੀ ਆਉਂਦਾ ਹੈ ਕਿ ਬੁਸ਼ ਨੂੰ ਤਾਂ ਸ਼ਾਇਦ ਖੁਦ ਨੂੰ ਵੀ ਨਹੀਂ ਪਤਾ ਸੀ ਕਿ ਉਹ ਕਿਹੜਾ ਨਾਅਰਾ ਦੇ ਕੇ ਇਰਾਕ ‘ਤੇ ਹੱਲਾ ਕਰੇ ਅਤੇ ਆਪਣੇ ਬਾਪ ਦੀ  1991 ਵਿਚ ਹੋਈ ਬੇਇੱਜ਼ਤੀ ਦਾ ਬਦਲਾ ਲਵੇ?

 ਸਭ ਤੋਂ ਸੌਖਾ ‘ਬਹਾਨਾ’ ਉਸ ਨੂੰ ਵਿਨਾਸ਼ਕ ਅਥਵਾ ਰਸਾਇਣਕ ਹਥਿਆਰਾਂ ਵਾਲਾ ਮਿਲਿਆ। ਮਿਸਟਰ ਬਲੈੱਕਸ ਦੀ ਅਗਵਾਈ ਵਿਚ ਹਥਿਆਰ ਨਿਰੀਖਕ ਦਸਤੇ ਭੇਜੇ ਗਏ। ਪਰ ਹੱਥ ਉਹਨਾਂ ਦੇ ਵੀ ਕੁਝ ਨਾ ਲੱਗਿਆ। ਫਿਰ ਬੁਸ਼ ਅਤੇ ਉਸ ਦੇ ਸਹਿਯੋਗੀ ਸੱਦਾਮ ਹੁਸੈਨ ਨੂੰ ਆਪਣਾ ਦੇਸ਼ ਛੱਡ ਕੇ ਭੱਜ ਜਾਣ ਲਈ ਦਬਾਅ ਪਾਉਣ ਲੱਗ ਪਏ। ਇਹ ਕਿੱਧਰਲੀ ਅਕਲਮੰਦੀ ਅਤੇ ਦਿਆਨਤਦਾਰੀ ਸੀ ਕਿ ਕਿਸੇ ਨੂੰ ਆਪਣੇ ਹੀ ਘਰੋਂ ਭੱਜਣ ਵਾਸਤੇ ਮਜ਼ਬੂਰ ਕਰਨਾ…? ਫਿਰ ਬੁਸ਼ ਨੇ ਅਗਲਾ ਪੈਂਤੜਾ ਬਦਲਿਆ ਕਿ ਅਸੀਂ ਇਰਾਕ ਦੇ ਲੋਕਾਂ ਨੂੰ ਸਦਾਮ ਹੁਸੈਨ ਦੇ ਪੰਜੇ ‘ਚੋਂ ਅਜ਼ਾਦ ਕਰਵਾਵਾਂਗੇ, ਜਿਹੜਾ ਕਿ ਸਰਾਸਰ ਇਰਾਕ ਦੇ ਲੋਕਾਂ ਦਾ ਆਪਣਾ ਨਿੱਜੀ ਮਸਲਾ ਸੀ। ਜੰਨ ਕੁਪੱਤੀ ਸੁਥਰਾ ਭਲਾ ਮਾਣਸ ਵਾਲੀ ਗੱਲ…! ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ…? ਕਿਸੇ ਇਰਾਕੀ ਨੇ ਬੂ-ਕਲਾਪ ਨਹੀਂ ਕੀਤਾ, ਬੁਸ਼ ਤੱਕ ਪਹੁੰਚ ਨਹੀਂ ਕੀਤੀ, ਇਹ ਬਿਨਾਂ ਬੁਲਾਏ ਹੀ ਉਹਨਾਂ ਦਾ ‘ਰਾਖਾ’ ਬਣ ਬੈਠਾ। ਕਿਸੇ ਦੇ ਘਰੇ ਜਾ ਕੇ ਮੱਲੋਮੱਲੀ ਸਰਪੰਚੀ ਕਰਨੀ ਕਿੰਨੀ ਕੁ ਸ਼ੋਭਾ ਦਿੰਦਾ ਹੈ…? ਬਗੈਰ ਸ਼ੀਆ ਦੇ ਕੁਝ ਕਾਰਕੁਨਾਂ ਦੇ ਕਿਸੇ ਨੇ ਅਮਰੀਕਨਾਂ ਨੂੰ ‘ਜੀ ਆਇਆਂ’ ਨਹੀਂ ਕਿਹਾ! ਅਮਰੀਕਾ ਨੇ ਸ਼ੀਆ ਆਗੂ ਮੁਕਤਦਾ ਅਲ ਸਦਰ ਨਾਲ ਮਿੱਠੀਆਂ ਮਾਰੀਆਂ ਅਤੇ ਇਰਾਕ ਵਿਚ ਵੜਨ ਦਾ ਰਸਤਾ ਪੱਧਰਾ ਕੀਤਾ। ਸ਼ੀਆ ਆਗੂ ਤਾਂ ਪਹਿਲਾਂ ਹੀ ਸਦਾਮ ਤੋਂ ਦੁਖੀ ਸਨ, ਕਿਉਂਕਿ ਉਹਨਾਂ ਨੂੰ ਆਪਣੇ ਮਜ਼ਹਬ ਪ੍ਰਤੀ ਸਦਾਮ ਖੁੱਲ੍ਹ ਨਹੀਂ ਦਿੰਦਾ ਸੀ। ਸ਼ੀਆ ਮੁਸਲਮਾਨ ਇਰਾਕ ਵਿਚ 65 ਪ੍ਰਤੀਸ਼ਤ ਹਨ। ਕਦੇ ਸਦਾਮ ਹੁਸੈਨ ਨੇ ਸ਼ੀਆ ਮੁਸਲਮਾਨਾਂ ਨੂੰ ਭਾਜ ਦੇ ਕੇ ਉਹਨਾਂ ਦੀਆਂ ਕਾਲੋਨੀਆਂ ਵਿਚ ਹੀ ‘ਸੱਦਾਮ-ਸਿਟੀ’ ਬਣਾਇਆ ਸੀ, ਇਸ ਗੱਲ ਤੋਂ ਉਹ ਜਿ਼ਆਦਾ ਚਿੜੇ ਹੋਏ ਸਨ। ਜਿਸ ਕਰਕੇ ਉਹਨਾਂ ਦਾ ਅਮਰੀਕਾ ਨੂੰ ਸਾਥ ਦੇਣਾ ਕੁਦਰਤੀ ਹੀ ਸੀ, ਕਿਉਂਕਿ ਦੁਸ਼ਮਣ ਦਾ ਦੁਸ਼ਮਣ ‘ਮਿੱਤਰ’ ਹੁੰਦਾ ਹੈ!

 ਫਿਰ ਬੁਸ਼ ਨੇ ਸਦਾਮ ‘ਤੇ ਬੇਹੂਦੇ ਇਲਜ਼ਾਮ ਠੋਕਣੇ ਸੁਰੂ ਕਰ ਦਿੱਤੇ ਕਿ ਉਹ ਅਮਰੀਕਾ ਨੂੰ ਅਤਿ-ਲੋੜੀਂਦੇ ਅੱਤਿਵਾਦੀ ਬਿਨ ਲਾਦੇਨ ਦੀ ਪਿੱਠ ‘ਤੇ ਖੜ੍ਹਾ ਹੈ ਅਤੇ ਉਸ ਦੀ ਹਰ ਪੱਖੋਂ ਮੱਦਦ ਕਰਦਾ ਹੈ। ਇਹ ਸਰਾਸਰ ਇਲਜ਼ਾਮ ਹੀ ਸੀ, ਲਿਫ਼ਾਫ਼ੀ-ਗੱਲਾਂ! ਜਿਸ ਦੀ ਅੱਜ ਤੱਕ ਪੁਸ਼ਟੀ ਨਹੀਂ ਹੋ ਸਕੀ ਕਿ ਕੀ ਸਦਾਮ ਹੁਸੈਨ ਵਾਕਿਆ ਹੀ ਬਿਨ ਲਾਦੇਨ ਦੀ ਮੱਦਦ ਕਰਦਾ ਸੀ? ਜਾਂ ਉਹ ਉਸ ਦੀ ਪਿੱਠ ‘ਤੇ ਖੜ੍ਹਾ ਸੀ? ਨਾ ਹੀ ਅੱਜ ਤੱਕ ਬਿਨ ਲਾਦੇਨ ਨੇ ਕੋਈ ਸੱਦਾਮ ਪੱਖੀ ਬਿਆਨ ਜਾਰੀ ਕੀਤਾ। ਹੋਰ ਤਾਂ ਹੋਰ, ਓਸਾਮਾ ਬਿਨ ਲਾਦਨ ਨੇ ਤਾਂ ਸੱਦਾਮ ਦੀ ਗ੍ਰਿਫ਼ਤਾਰੀ ਅਤੇ ਫਿ਼ਰ ਮੌਤ ਤੋਂ ਬਾਅਦ ਵੀ ਕੋਈ ਬਿਆਨ ਨਹੀਂ ਦਿੱਤਾ। ਅਗਰ ਬਿਨ ਲਾਦਨ ਦੀ ਸੱਦਾਮ ਨਾਲ਼ ਕੋਈ ‘ਸਾਂਝ’ ਹੁੰਦੀ, ਉਹ ਉਠ ਕੇ ਇਕ ਵੀ ਬਿਆਨ ਸੱਦਾਮ ਹੁਸੈਨ ਦੇ ਹੱਕ ਵਿਚ ਨਾ ਦਿੰਦਾ? ਇੱਥੋਂ ਅਮਰੀਕਾ ਦੀ ਘ੍ਰਿਣਤ ਨੀਤੀ ਦੀ ਚੋਰੀ ਪ੍ਰਤੱਖ ਫੜੀ ਜਾਂਦੀ ਹੈ!

 ਮਾਰਚ 2003 ਵਿਚ ਅਮਰੀਕਣਾਂ ਨੇ ਇਰਾਕ ‘ਤੇ ਜ਼ਬਰਦਸਤ ਹਮਲਾ ਕੀਤਾ। ਅਮਰੀਕਾ ਦੇ ਉਪ-ਰਾਸ਼ਟਰਪਤੀ ਡਿਕ ਚੇਨੀ ਅਤੇ ਰੱਖਿਆ ਮੰਤਰੀ ਰਮਜ਼ਫ਼ੀਲਡ ਦੇ ਦਿਲ ਵਿਚ ਤਾਂ ਇਹ ਸੀ ਕਿ ਸਾਡੀਆਂ ਫ਼ੌਜਾਂ ਜਾਣਗੀਆਂ ਅਤੇ ਸੱਦਾਮ ਹੁਸੈਨ ਨੂੰ ਕੰਨੋਂ ਫ਼ੜ ਕੇ ਲੈ ਆਉਣਗੀਆਂ। ਉਹਨਾਂ ਦੀ ਇਹ ਖੁਸ਼-ਫ਼ਹਿਮੀ ਉਦੋਂ ਟੁੱਟੀ, ਜਦੋਂ ਅਮਰੀਕਣ ਅਤੇ ਹੋਰ ਦੇਸ਼ਾਂ ਦੀਆਂ ਫ਼ੌਜਾਂ ਦੇ ਸਿਪਾਹੀ ਧੜਾ ਧੜ ਲਾਅਸ਼ਾਂ ਵਿਚ ਵਟ, ਡੱਬਿਆਂ ਵਿਚ ਬੰਦ ਹੋ ਕੇ ਵਾਪਿਸ ਮੁੜਨ ਲੱਗੇ! ਚਾਹੇ ਇਹ ਜੰਗ ਸਰਾਸਰ ਗੈਰ-ਕਾਨੂੰਨੀ ਸੀ, ਪਰ ਇਸ ਬਾਰੇ ਯੂ ਐੱਨ ਓ ਨੇ ਵੀ ਬਹੁਤੀ ਅਵਾਜ਼ ਨਹੀਂ ਉਠਾਈ। ਚਾਹੇ ਕੌਫ਼ੀ ਅਨਾਨ ਮਲਵੀਂ ਜਿਹੀ ਜੀਭ ਨਾਲ ਇਸ ਗੈਰ-ਕਾਨੂੰਨੀ ਜੰਗ ਬਾਰੇ ਆਖਦਾ ਰਿਹਾ, ਪਰ ਇਸ ਪ੍ਰਤੀ ਸਾਰਥਿਕ ਕਦਮ ਕੋਈ ਵੀ ਨਾ ਚੁੱਕਿਆ ਗਿਆ! ਬਿਨਾਂ ਸ਼ੱਕ ਇਰਾਕ ਦੀ ਜੰਗ ਵਿਚ ਅਮਰੀਕਾ ਨੂੰ ਸਭ ਤੋਂ ਜਿ਼ਆਦਾ ਜਾਨੀ ਅਤੇ ਮਾਲੀ ਕੀਮਤ ਚੁਕਵਾਉਣੀ ਪਈ। ਉਸ ਦੀਆਂ ਫ਼ੌਜਾਂ ਦਾ ਅੰਨ੍ਹਾਂ ਜਾਨੀ ਨੁਕਸਾਨ ਹੋਇਆ। ਹੁਣ ਇਰਾਕ ਦੀ ਜੰਗ ਅਮਰੀਕਾ ਦੇ ਗਲ ਵਿਚ ਹੱਡੀ ਵਾਂਗ ਫ਼ਸੀ ਪਈ ਹੈ, ਉਹ ਭੱਜਣਾਂ ਚਾਹੁੰਦਾ ਹੋਇਆ ਵੀ ਕਿਸੇ ਪਾਸੇ ਭੱਜ ਨਹੀਂ ਸਕਦਾ। ਕੀ ਕੋਈ ਕਾਰਨ ਜਾਨਣ ਦੀ ਹਿੰਮਤ ਕਰੇਗਾ ਕਿ ਅਮਰੀਕਾ ਦੇ ਸਕੱਤਰ ਕੋਲੀਨ ਪਾਵੇਲ ਨੇ ਅਹੁਦਾ ਕਿਉਂ ਤਿਆਗਿਆ? ਚਾਹੇ ਉਹ ਜਾਣ ਲੱਗਾ ਆਖ ਹੀ ਗਿਆ ਹੈ ਕਿ ਉਸ ਦੀ ਦੌੜ ਸਿਰਫ਼ ਚੋਣਾਂ ਤੱਕ ਹੀ ਸੀ, ਪਰ ਅਸਲੀਅਤ ਇਸ ਪਿੱਛੇ ਕੁਝ ਹੋਰ ਹੀ ਹੈ। ਪਰ ਕੋਲੀਨ ਪਾਵੇਲ ਦੇ ਜਾਣ ਨਾਲ ਬੁਸ਼ ਨੂੰ ਕੋਈ ਬਹੁਤਾ ਫ਼ਰਕ ਨਹੀਂ ਪਿਆ, ਕਿਉਂਕਿ ਉਸ ਨੇ ਆਪਣੀ ਹਮਖਿਆਲੀ ਸਲਾਹਕਾਰ ਕੋਂਡੋਲੀਜ਼ਾ ਰਾਈਸ ਨੂੰ ਹੀ ਵਿਦੇਸ਼ ਮੰਤਰੀ ਚੁਣ ਦਿੱਤਾ ਹੈ। ਉਸ ਨੇ ਵੀ ਬਦਾਮੀ ਬੁੱਲ੍ਹਾਂ ‘ਚੋਂ ਬੁਸ਼ ਦੇ ਮੋਢੇ ਨਾਲ ਮੋਢਾ ਡਾਹ ਕੇ ਖੜ੍ਹਨ ਦੀ ਬੜ੍ਹਕ ਮਾਰੀ ਹੈ। ਭਈਆ ਭਏ ਕੋਤਵਾਲ ਅਬ ਡਰ ਕਾਹੇ ਕਾ ਜੀ? 

 ਫਿਰ ਜਦੋਂ ਦੁਨੀਆਂ ਨੂੰ ਸੱਦਾਮ ਹੁਸੈਨ ਦੀ ਡਿਗਦੀ ਸ਼ਾਖ਼ ਦਿਖਾਈ ਤਾਂ ਅਮਰੀਕਾ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ! ਸੱਦਾਮ-ਸਿਟੀ ਵਿਚ ‘ਫਿਰਡੋਸ਼ ਚੌਂਕ’ ਵਿਚ ਸੱਦਾਮ ਦਾ ਮਜਬੂਤ ਬੁੱਤ ਲੱਗਿਆ ਹੋਇਆ ਸੀ। ਉਸ ਬੁੱਤ ਨੂੰ ਕਰੇਨ ਨਾਲ ਪੁੱਟਿਆ ਅਤੇ ਸ਼ੀਆ ਦੇ ਲੋਕ ਉਸ ਦੇ ਬੁੱਤ ‘ਤੇ ਛਿੱਤਰ ਮਾਰਦੇ ਦਿਖਾਏ ਗਏ! ਇਹ ‘ਨਜ਼ਾਰਾ’ ਟੈਲੀਵੀਯਨਾਂ ‘ਤੇ ਸਾਰੀ ਦੁਨੀਆਂ ਨੇ ਦੇਖਿਆ ਜਾਂ ਕਹੋ ਦੁਨੀਆਂ ਦੀਆਂ ਨਾਸਾਂ ਅੱਗੇ ਕਰਕੇ ਦਿਖਾਇਆ ਗਿਆ। ਇਹ ਬੁੱਤ ਸ਼ੈਰੇਟਨ ਅਤੇ ਪੈਲਸਟਾਈਨ ਹੋਟਲਾਂ ਦੇ ਐਨ ਵਿਚਕਾਰ ਚੌਕ ਵਿਚ ਸਥਾਪਿਤ ਸੀ। ਸੱਦਾਮ-ਸਿਟੀ ਵਿਚ ਹੀ ਸ਼ੀਆ ਮੁਸਲਮਾਨਾਂ ਵੱਲੋਂ ਸਦਾਮ ਦੀਆਂ ਤਸਵੀਰਾਂ ‘ਤੇ ਥੁੱਕਿਆ ਗਿਆ, ਅਤੇ ਜੁੱਤੀਆਂ ਮਾਰੀਆਂ ਗਈਆਂ। ਭਾਵੇਂ ਸਦਾਮ ‘ਤੇ ਦਸ ਹਜ਼ਾਰ ਨਿਰਦੋਸ਼ ਕੁਰਦਾਂ ਨੂੰ ਮਾਰਨ ਦਾ ਦੋਸ਼ ਲੱਗਦਾ ਹੈ, ਪਰ ਸਜ਼ਾ ਦੇਣੀਂ ਆਮ ਆਦਮੀ ਦਾ ਕਰਮ ਨਹੀਂ, ਸਗੋਂ ਅਦਾਲਤ ਦਾ ਹੈ।  

 ਸੱਦਾਮ ਦੀ ਗ੍ਰਿਫ਼ਤਾਰੀ ਅਤੇ ਸਮੁੱਚੇ ਇਰਾਕ ਦੀ ਤਬਾਹੀ ਤੋਂ ਬਾਅਦ ਜਦ ਮੀਡੀਆ ਨੇ ਬੁਸ਼ ਨੂੰ ਪ੍ਰਸ਼ਨ ਕੀਤਾ ਕਿ ਹਥਿਆਰ ਤਾਂ ਸਦਾਮ ਹੁਸੈਨ ਕੋਲੋਂ ਮਿਲੇ ਹੀ ਨਹੀਂ, ਫਿਰ ਤੁਸੀਂ ਹਮਲਾ ਕਿਉਂ ਕੀਤਾ? ਤਾਂ ਉਸ ਨੇ ਉੱਤਰ ਦਿੱਤਾ: ਸੱਦਾਮ ਕੋਲ ਹਥਿਆਰ ਬਣਾਉਣ ਦੀ ਸਮਰੱਥਾ ਸੀ! ਉਹ ਕਿਸੇ ਵੇਲੇ ਵੀ ਹਥਿਆਰ ਬਣਾ ਸਕਦਾ ਸੀ! ਜੇ ਅਸੀਂ ਕਿਸੇ ਵਿਅਕਤੀ ਨੂੰ ਫੜ ਕੇ ਅੰਦਰ ਤਾੜ ਦੇਈਏ ਅਤੇ ਆਖੀਏ ਕਿ ਉਸ ਵਿਚ ਬਲਾਤਕਾਰ ਕਰਨ ਦੀ ਸਮਰੱਥਾ ਹੈ, ਉਹ ਕਦੇ ਵੀ ਬਲਾਤਕਾਰ ਕਰ ਸਕਦਾ ਹੈ, ਕੀ ਉਹ ਆਦਮੀ ਬਲਾਤਕਾਰੀ ਜਾਂ ਦੋਸ਼ੀ ਹੋ ਗਿਆ? ਜਦੋਂ ਨਾ ਵਸਣਾ ਹੋਵੇ ਉਦੋਂ ਖਾਂਦੇ ਦੀ ਦਾਹੜ੍ਹੀ ਹਿੱਲਣ ਲੱਗ ਜਾਂਦੀ ਹੈ!

 ਇਸ ਵਿਚ ਇਹ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਇਸ ਜੰਗ ਵਿਚ ਸਭ ਤੋਂ ਜਿ਼ਆਦਾ ਨੁਕਸਾਨ ਸੱਦਾਮ ਨੂੰ ਪਹੁੰਚਿਆ। ਰਾਜ ਭਾਗ ਤਾਂ ਜਿਹੜਾ ਜਾਣਾ ਸੀ, ਸੋ ਗਿਆ। ਇਸ ਜੰਗ ਵਿਚ ਉਸ ਦੇ ਦੋ ਪੁੱਤਰ ਅਜੈ ਅਤੇ ਕੁਸੈ ਵੀ ਮਾਰੇ ਗਏ। ਉਸ ਦੀਆਂ ਲੜਕੀਆਂ ਨੂੰ ਜਲਾਵਤਨ ਹੋਣਾਂ ਪਿਆ ਅਤੇ ਉਹਨਾਂ ਨੇ ਅਬਦੁੱਲਾ ਕੋਲ ਜਾ ਕੇ ਪਨਾਂਹ ਲਈ। ਫਿਰ ਜਦ ਸੱਦਾਮ ਨੂੰ ਪਹਿਲੀ ਵਾਰ ਅਦਾਲਤ ਸਾਹਮਣੇਂ ਪੇਸ਼ ਕੀਤਾ ਤਾਂ ਉਸ ਨੇ ਲਲਕਾਰ ਕੇ ਕਿਹਾ, “ਮੈਂ ਸਦਾਮ ਹੁਸੈਨ ਇਰਾਕ ਦਾ ਰਾਸ਼ਟਰਪਤੀ ਹਾਂ!” ਇਸ ਤੋਂ ਇਲਾਵਾ ਅਦਾਲਤੀ ਕਾਰਵਾਈ ਦੌਰਾਨ ਉਸ ਨੇ ਇਹ ਵੀ ਕਿਹਾ ਕਿ, “ਗੁਨਾਂਹਗਾਰ ਮੈਂ ਨਹੀਂ, ਅਮਰੀਕਾ ਦਾ ਰਾਸ਼ਟਰਪਤੀ ਬੁਸ਼ ਹੈ…!”   

 ਹੁਣ ਫ਼ਾਲੂਜਾ ਸ਼ਹਿਰ ਵਿਚ ਅਮਰੀਕੀ ਫ਼ੌਜਾਂ ਅਤੇ ਸਦਾਮ ਸਮਰਥਕਾਂ ਦੀ ਜੰਗ ਸਿਖਰ ‘ਤੇ ਹੈ। ਫ਼ਾਲੂਜਾ ਸ਼ਹਿਰ ਇਕ ਤਰ੍ਹਾਂ ਨਾਲ ਤਬਾਹ ਹੀ ਕਰ ਦਿੱਤਾ ਹੈ ਅਤੇ ਉਥੋਂ ਦੇ ਵਸਨੀਕ ਹਿਜ਼ਰਤ ਕਰਕੇ ਬਾਹਰ ਭੱਜ ਰਹੇ ਹਨ। ਕੁਝ ਇਰਾਕੀ ਹੀ ਹਨ ਜਿਹੜੇ ਲੜਨ ਮਰਨ ਨੂੰ ਤਰਜ਼ੀਹ ਦੇ ਰਹੇ ਹਨ ਅਤੇ ਫ਼ੌਜਾਂ ਦਾ ਮੁਕਾਬਲਾ ਕਰ ਰਹੇ ਹਨ। ਚਾਹੇ ਅਮਰੀਕਣ ਫ਼ੌਜਾਂ ਦੇ ਅਤਿ-ਆਧੁਨਿਕ ਹਥਿਆਰਾਂ ਸਾਹਮਣੇ ਉਹਨਾਂ ਦਾ ਕੁਝ ਵੀ ਵੱਟਿਆ ਨਹੀਂ ਜਾਣਾ, ਪਰ ਉਹ ਇੱਜ਼ਤ ਅਣਖ਼ ਨੂੰ ਸਿਰ ‘ਤੇ ਚੁੱਕੀ ਮੈਦਾਨ ਵਿਚ ਅੜੇ ਹੋਏ ਹਨ। ਭਾਵੇਂ ਕਿ ਅਸੀਂ ਸਦਾਮ ਹੁਸੈਨ ਨੂੰ ਉਸ ਦੇ ਗੁਨਾਂਹਾਂ ਤੋਂ ਬਰੀ ਨਹੀਂ ਕਰਦੇ ਅਤੇ ਨਾ ਹੀ ਕਰ ਸਕਦੇ ਹਾਂ, ਪਰ ਫਿਰ ਵੀ ਦੁਨੀਆਂ ਦੇ ਇੱਕ ਅਤਿ-ਸ਼ਕਤੀਸ਼ਾਲੀ ਦੇਸ਼ ਦੀਆਂ ਫ਼ੌਜਾਂ ਨਾਲ ਮੁਕਾਬਲਾ ਵੀ ਕਿਸੇ ਮਾੜੇ-ਧੀੜੇ ਦਾ ਕੰਮ ਨਹੀਂ

 ਇਸ ਜੰਗ ਦਾ ਖ਼ਰਚਾ ਮਾਹਿਰਾਂ ਅਨੁਸਾਰ ਅਰਬਾਂ ਡਾਲਰਾਂ ਤੱਕ ਪਹੁੰਚ ਗਿਆ ਹੈ। ਪਰ ਹੁਣ ਸੱਪ ਦੇ ਮੂੰਹ ਵਿਚ ਕੋਹੜ ਕਿਰਲ਼ਾ ਆਉਣ ਵਾਲੀ ਸਥਿਤੀ ਅਮਰੀਕਾ ਦੀ ਹੋਈ ਪਈ ਹੈ, ਖਾਂਦੈ ਕੋਹੜ੍ਹੀ ਅਤੇ ਛੱਡਦੈ ਕਲੰਕੀ! ਹੁਣ ਤਾਂ ਇਰਾਕ ਦੇ ਲੋਕ ਵੀ ਇਸ ਜੰਗ ਤੋਂ ਅੱਕ ਗਏ ਹਨ। ਸੱਦਾਮ ਤੋਂ ਛੁਟਕਾਰਾ ਪਾ ਕੇ ਸਮੁੱਚੀ ਲੋਕਤਾਈ ਨੇ ਸੁਖ ਦਾ ਸਾਹ ਜ਼ਰੂਰ ਲਿਆ ਸੀ, ਪਰ ਫ਼ੌਜ ਵੱਲੋਂ ਨਿੱਤ ਕੀਤੀਆਂ ਜਾਂਦੀਆਂ ਵਧੀਕੀਆਂ ਤੋਂ ਲੋਕ ਤੰਗ ਆ ਚੁੱਕੇ ਹਨ। ਅਬੂ ਗਰੀਬ ਜੇਲ੍ਹ ਦੇ ਕੈਦੀਆਂ ਨਾਲ ਕੀਤਾ ਅਣ-ਮਾਨੁੱਖੀ ਵਿਵਹਾਰ, ਜਿਸ ਵਿਚ ਲੈਂਡੀ ਇੰਗਲੈਂਡ ਨਾਂ ਦੀ ਇਕ ਫ਼ੌਜਣ ਇੱਕ ਜੰਗੀ ਕੈਦੀ ਦੇ ਗਲ ਵਿਚ ਕੁੱਤੇ ਵਾਂਗ ਪਟਾ ਪਾਈ ਖੜ੍ਹੀ ਸੀ, ਦੇਖ ਕੇ ਲੋਕਾਂ ਨੇ ਸੋਚਣਾਂ ਸ਼ੁਰੂ ਕਰ ਦਿੱਤਾ ਕਿ ਕੀ ਇਹ ਉਸ ਅਮਰੀਕਾ ਦੀ ਹੀ ਫ਼ੌਜਣ ਹੈ, ਜਿਹੜਾ ਮਾਨੁੱਖੀ ਅਧਿਕਾਰਾਂ ਅਤੇ ਜਾਨੇਵਾ-ਕਨਵੈਨਸ਼ਨ ਦੀਆਂ ਟਾਹਰਾਂ ਮਾਰਦਾ ਨਹੀਂ ਥੱਕਦਾ? ਖ਼ੈਰ! ਕੁਝ ਵੀ ਹੋਵੇ, ਜਾਰਜ ਡਬਲਿਊ ਬੁਸ਼ ਨੇ ਆਪਣਾ ਨਿਸ਼ਾਨਾ ਪੂਰਾ ਕਰ ਲਿਆ ਅਰਥਾਤ ਬਦਲਾ ਲੈ ਲਿਆ ਹੈ। ਹੁਣ 25 ਜਨਵਰੀ 2009 ਨੂੰ ਉਸ ਦਾ ਕਾਰਜਕਾਲ ਖ਼ਤਮ ਹੋਣ ਜਾ ਰਿਹਾ ਹੈ। ਬਾਰਕ ਓਬਾਮਾ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹਨ। ਇਕ ਇਰਾਕੀ ਪੱਤਰਕਾਰ ਵੱਲੋਂ ਵਰ੍ਹਾਈਆਂ ਜੁੱਤੀਆਂ ਦਾ ਪ੍ਰਤੀਕਰਮ ਓਬਾਮਾ ਨੇ ਇਹ ਦਿੱਤਾ ਕਿ ਮੈਂ ਇਸ ‘ਵਾਰਦਾਤ’ ਤੋਂ ਇਕ ਸਬਕ ਸਿੱਖਿਆ ਹੈ! ਕੀ ‘ਸਬਕ’ ਸਿੱਖਿਆ ਹੈ? ਇਸ ਬਾਰੇ ਤਾਂ ਲੋਕਾਂ ਨੂੰ ਨਹੀਂ ਪਤਾ ਅਤੇ ਨਾ ਹੀ ਓਬਾਮਾ ਨੇ ਕੋਈ ਇਸ਼ਾਰਾ ਦਿੱਤਾ ਹੈ! ਪਰ ਗਧੇ ਨੂੰ ਡੰਡਾ ਅਤੇ ਸਿਆਣੇਂ ਨੂੰ ‘ਇਸ਼ਾਰਾ’ ਹੀ ਕਾਫ਼ੀ ਹੁੰਦਾ ਹੈ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>