ਮੇਰੀ ਲੌਸ ਏਂਜ਼ਲਸ ਦੀ ਯਾਤਰਾ

ਵੀਹ ਜੂੰਨ ਨੂੰ ਯੁਨਾਈਟਿਡ ਏਅਰਲਾਇਨਜ਼ ਦੇ ਜਹਾਜ ਰਾਹੀਂ ਮੈਂ ਲੌਸ ਏਂਜ਼ਲਸ ਪਹੁੰਚਿਆ। ਹਵਾਈ ਅੱਡੇ ‘ਤੇ ਮੈਨੂੰ ਸੁਰਜੀਤ ਸਿੰਘ ਮੇਰਾ ਦੋਸਤ ਲੈਣ ਆਇਆ ਹੋਇਆ ਸੀ। ਇਹ ਸੁਰਜੀਤ ਸਿੰਘ ਚੰਡੀਗੜ੍ਹ ਮੇਰੇ ਨਾਲ ਵਕੀਲ ਹੁੰਦਾ ਸੀ। ਪੰਦਰਾਂ ਕੁ ਸਾਲ ਪਹਿਲਾਂ ਅਮਰੀਕਾ ਆ ਕੇ ਵੱਸ ਗਿਆ ਸੀ। ਮੌਸਮ ਪੰਜਾਬ ਦੇ ਫਰਵਰੀ ਮਹੀਨੇ ਵਰਗਾ ਸੀ। ਅਸੀਂ ਦੋ ਘੰਟੇ ਵਿੱਚ ਉਸਦੀ ਚਾਂਦੀ ਰੰਗੀ ਮਰਸਡੀਜ਼ ਕਾਰ ਰਾਹੀਂ ਬੇਕਰਸਫੀਲਡ ਵਿੱਚ ਉਸਦੇ ਘਰ ਪਹੁੰਚ ਗਏ। ਮੈਂ ਉਸ ਕੋਲ ਪੰਜ ਦਿਨ ਰਿਹਾ ਸੀ। ਮੈਂ ਹੌਲੀਵੁੱਡ ਦੀ ਫਿਲਮ ਨਗਰੀ ਲਈ ਮਸ਼ਹੂਰ ਇਸ ਸ਼ਹਿਰ ਨੂੰ ਰੱਜ ਕੇ ਵੇਖਣਾ ਚਾਹੁੰਦਾ ਸੀ। ਅਗਲੇ ਪੰਜ ਦਿਨ ਅਸੀਂ ਰੋਜ਼ਾਨਾਂ ਇਸ ਸ਼ਹਿਰ ਨੂੰ ਵੇਖਣ ਜਾਂਦੇ ਰਹੇ।

ਐੱਲ ਏ ਵਜੋਂ ਜਾਣੇ ਜਾਂਦੇ ਅਤੇ ਇਸਦੇ ਵਸਨੀਕ ਖੁਦ ਨੂੰ ਏਂਜ਼ਲਜ ( ਦੇਵਤੇ) ਅਖਵਾਉਂਦੇ ਹਨ।ਜਿਵੇਂ ਸਾਡੇ ਬਟਾਲੇ ਦੇ ਲੇਖਕ ਖੁਦ ਨੂੰ ਬਟਾਲਵੀ ਕਹਿੰਦੇ ਹਨ। ਇਹ ਸ਼ਹਿਰ ਵੱਸੋਂ ਪੱਖੋਂ ਕੈਲੀਫੋਰਨੀਆਂ ਦਾ ਸੱਭ ਤੋਂ ਵੱਧ ਅਤੇ ਅਮਰੀਕਾ ਦਾ ਦੂਸਰਾ ਸ਼ਹਿਰ ਹੈ। ਇਸਦੀ ਆਬਾਦੀ ਪੰਜਾਹ ਲੱਖ ਅਤੇ ਖੇਤਰਫਲ ਪੰਜ ਸੌ ਵਰਗਮੀਲ ਹੈ। ਇਸਦੀ ਨੀਂਹ 4 ਸਤੰਬਰ 1781 ਨੂੰ ਇੱਕ ਸਪੈਨਿਸ਼ ਗਵਰਨਰ ਨੇ ਰੱਖੀ ਸੀ। 1821 ਨੂੰ ਇਹ ਮੈਕਸੀਕੋ ਵਿੱਚ ਸ਼ਾਂਮਲ ਹੋਇਆ। 1848 ਨੂੰ ਮੈਕਸੀਕੋ-ਅਮਰੀਕਾ ਦੀ ਜੰਗ ਖਤਮ ਹੋਣ ਤੇ ਸਾਰਾ ਕੈਲੀਫੋਰਨੀਆਂ ਅਮਰੀਕਾ ਨੇ ਖਰੀਦ ਲਿਆ ਅਤੇ ਇੰਜ ਲੌਸਏਂਜ਼ਲਸ ਅਮਰੀਕਾ ਦਾ ਨਾਮੀਂ ਸ਼ਹਿਰ ਬਣ ਗਿਆ। ਛੇਤੀ ਹੀ ਇਸ ਸ਼ਹਿਰ ਦੀ ਆਪਣੀ ਕੌਂਸਲ ਬਣ ਗਈ।ਲੌਸਏਂਜ਼ਲਸ ਵਿਸ਼ਵ ਵਿੱਚ ਮਸ਼ਹੂਰ ਵਪਾਰ,ਮਨੋਰੰਜਨ,ਮੀਡੀਆ ਅਤੇ ਫੈਸ਼ਨ ਦਾ ਕੇਂਦਰ ਹੈ।ਇੱਥੇ ਹੌਲੀਵੁੱਡ ਹੋਣ ਕਰਕੇ ਇਹ ਫਿਲਮ ਨਗਰੀ ਕਰਕੇ ਵੀ ਜਾਣਿਆ ਜਾਂਦਾ ਹੈ।ਯੌਰਪਅਿਨਾਂ ਦੇ 1542 ਵਿੱਚ ਆਉਣ ਤੋਂ ਹਜਾਰਾਂ ਸਾਲ ਪਹਿਲਾਂ ਇੱਥੇ ਦੋ ਅਮਰੀਕਨ ਆਦਿ ਵਾਸੀ ਕਬੀਲੇ ਰਹਿ ਰਹੇ ਸਨ।ਓਦੋਂ ਇੱਥੇ ਦੋ ਤਿਹਾਈ ਅਫਰੀਕਨ,ਅਮਰੀਕਨ-ਇੰਡੀਅਨ ਯੋਰਪੀਅਨ ਲੋਕ ਰਹਿੰਦੇ ਸਨ ਜੋ ਆਪਸ ਵਿੱਚ ਵਿਆਹ ਸ਼ਾਦੀਆਂ ਕਰ ਲੈਂਦੇ ਸਨ।ਜਦੋਂ 1892 ਵਿੱਚ ਤੇਲ ਲੱਭਿਆ ਤਾਂ ਕੁੱਝ ਸਾਲਾਂ ਵਿੱਚ ਹੀ ਇਹ ਵਿਸ਼ਵ ਦਾ ਚੌਥਾ ਹਿੱਸਾ ਤੇਲ ਪੈਦਾ ਕਰਨ ਵਾਲਾ ਸ਼ਹਿਰ ਬਣ ਗਿਆ ਸੀ। 1920 ਵਿੱਚ ਇੱਥੇ ਫਿਲਮ ਸਨਅੱਤ ਨੇ ਅਜਿਹਾ ਪੈਰ ਪਾਇਆ ਕਿ ਇਹ ਵਿਸ਼ਵ ਭਰ ਵਿੱਚ ਹੌਲੀਵੁੱਡ ਦੇ ਨਾਂ ਨਾਲ ਜਾਣਿਆ ਜਾਣ ਲੱਗਾ। 1969 ਵਿੱਚ ਇਮਟਰਨੈੱਟ ਇੱਥੋਂ ਸ਼ੁਰੂ ਹੋਇਆ ਸੀ।ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਵਿੱਚ ਇਹ ਵੀ ਨਿਊਯਾਰਕ ਵਾਂਗ ਹੀ ਗੈਂਗਾ ਦੀ ਲੜਾਈ, ਨਸ਼ਲੇ ਪਦਾਰਥਾਂ ਦੀ ਤਸਕਰੀ ਅਤੇ ਭ੍ਰਿਸ਼ਟਾਚਾਰ ਦਾ ਗੜ੍ਹ ਬਣਿਆ ਰਿਹਾ ਸੀ।ਇਹ ਸ਼ਹਿਰ ਕਈ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇਹ ਹਨ ਡਾਊਨ ਟਾਊਣ ਲੌਸਏਂਜ਼ਲਸ, ਪੂਰਬੀ ਅਤੇ ਉੱਤਰੀਲੌਸਏਂਜ਼ਲਸ, ਦੱਖਣੀਲੌਸਏਂਜ਼ਲਸ, ਬੰਦਰਗਾਹ, ਹੌਲੀਵੁੱਡ,ਵਿਲਸ਼ਾਇਰ,ਪੱਛਮੀਂ ਹਿੱਸਾ ਅਤੇ ਕਰੇਂਸੇਂਟ ਵੈਲੀ।ਇਹ ਪੰਜ ਸੌ ਵਰਗ ਮੀਲ ਵਿੱਚ ਉੱਗੜ ਦੁੱਗੜਵਾਂ ਵੱਸਿਆ ਹੋਇਆ ਸ਼ਹਿਰ ਹੈ।ਇਹ ਪਹਾੜੀ ਅਤੇ ਮੈਦਾਨੀ ਸ਼ਹਿਰ ਹੈ।ਇਹ ਲਾਸਏਂਜ਼ਲਸ ਇੱਕ ਮੌਸਮੀਂ ਦਰਿਆ ਕੰਡੇ ਵੱਸਿਆ ਹੋਇਆ ਹੈ।ਲੌਸਏਂਜ਼ਲਸ ਵਿੱਚ ਭੁਚਾਲ ਬਹੁਤ ਆਉਂਦੇ ਹਨ। ਇਹ ਸਾਲ ਵਿੱਚ ਕਈ ਵਾਰ ਦਸ ਹਜਾਰ ਤੱਕ ਵੀ ਹੋ ਜਾਂਦੇ ਹਨ।ਕਈ ਤਾਂ ਇੰਨੇ ਹਲਕੇ ਹੁੰਦੇ ਹਨ ਕਿ ਪਤਾ ਵੀ ਨਹੀਂ ਚੱਲਦਾ। ਪਰ 1994 ਵਿੱਚ ਇੱਕ ਵੱਡਾ ਭੁਚਾਲ ਆਇਆ ਸੀ। ਜਿਸ ਵਿੱਚ 72 ਲੋਕ ਮਾਰੇ ਗਏ ਸਨ।ਇੱਥੋਂ ਦਾ ਸਲਾਨਾ ਤਾਪਮਾਂਨ 20 °ਛ ਹੈ।ਦਿਨ ਵਿੱਚ 24° ਛ ਅਤੇ ਰਾਤ ਨੂੰ 14° ਛ ਹੁੰਦਾ ਹੈ।ਜਨਵਰੀ ਵਿੱਚ ਇਹ ਦਿਨੇਂ 15° ਛ ਅਤੇ ਰਾਤ ਨੂੰ 8 ° ਛ ਅਤੇ ਅਗਸਤ ਵਿੱਚ ਇਹ ਦਿਨੇਂ 32 ° ਛ ਤੱਕ ਤੇ ਰਾਤ ਨੂੰ 18 ° ਛ ਹੋ ਜਾਂਦਾ ਹੈ। ਲੌਸਏਂਜ਼ਲਸ ਵਿੱਚ ਸਲਾਨਾ 15” ਮੀਂਹ ਪੈਂਦਾ ਹੈ।ਜੋ ਕਿ ਬਹੁਤਾ ਸਰਦੀਆਂ ਵਿੱਚ ਪੈਂਦਾ ਹੈ।ਬਰਫ ਕਦੀ ਕਦਾਈਂ ਪੈਂਦੀ ਹੈ। ਕੌਮਾਂਤਰੀ ਵਪਾਰ,ਫਿਲਮਾਂ,ਰਾਕਟ,ਤਕਨਾਲੌਜੀ,ਪੈਟਰੌਲੀਅਮ,ਫੈਸ਼ਨ,ਗਹਿਣੇ ਅਤੇ ਸੈਰਸਪਾਟਾ ਇੱਥੋਂ ਦੀ ਆਂਮਦਨ ਦੇ ਮੁੱਖ ਸਾਧਣ ਹਨ।ਸ਼ਹਿਰ 500 ਵੱਡੀਆਂ ਕੰਪਨੀਆਂ ਦਾ ਗੜ੍ਹ ਹੈ। ਵੱਡੀਆਂ ਵੱਡੀਆਂ ਕੰਪਨੀਆਂ ਅਤੇ ਵਿੱਤੀ ਸੰਸਥਾਵਾਂ ਦੇ ਮੁੱਖ ਦਫਤਰ ਇੱਥੇ ਸਥਿੱਤ ਹਨ।ਇਸਨੂੰ ਅਕਸਰ ਵਿਸ਼ਵ ਦੀ ਸਿਜਨਾਤਮਕ ਰਾਜਧਾਂਨੀ ਕਿਹਾ ਜਾਂਦਾ ਹੈ।ਇਸਦੀ ਛੇਵਾਂ ਹਿੱਸਾ ਆਬਾਦੀ ਰਚਨਾਤਮਕ ਸਨਅੱਤ ਵਿੱਚ ਕੰਮ ਕਰਦੀ ਹੈ।ਫਿਲਮ ਨਗਰੀ ਹੋਣ ਕਰਕੇ ਇੱਥੇ ਸਲਾਂਨਾ 54 ਫਿਲਮ ਮੇਲੇ ਲੱਗਦੇ ਹਨ।ਇਥੇ 1000 ਤੋਂ ਵੱਧ ਸੰਗੀਤ,ਨਾਟਕ,ਡਾਂਸ ਆਦਿ ਦੇ ਗਰੁੱਪ ਹਨ। ਇਹ ਪਹਾੜੀ ਅਤੇ ਮੈਦਾਨੀ ਇਲਾਕਾ ਹੈ। ਆਦਿ ਵਾਸੀ ਅਮਰੀਕਨ ਇਸ ਨੂੰ ਧੂੰਏਂ ਦੀ ਘਾਟੀ ਕਹਿੰਦੇ ਸਨ। ਹੁਣ ਬਹੁਤੀਆਂ ਗੱਡੀਆਂ ਹੋਣ ਕਰਕੇ ਵੀ ਪ੍ਰਦੂਸ਼ਨ ਸਮੱਸਿਆ ਬਣ ਜਾਂਦੀ ਹੈ। ਇੱਥੇ ਅਕਸਰ ਧੁੰਦ ਛਾਈ ਰਹਿੰਦੀ ਹੈ। ਮੌਸਮ ਸਾਡੀਆਂ ਸਰਦੀਆਂ ਵਰਗਾ ਰਹਿੰਦਾ ਹੈ।ਇੱਥੇ ਅਮਰੀਕਾ ਦੇ ਸਾਰੇ ਸ਼ਹਿਰਾਂ ਨਾਲੋਂ ਵੱਧ ਕਾਰਾਂ ਹਨ। ਅਕਸਰ ਹੀ ਟਰੈਫਿਕ ਜਾਂਮ ਲੱਗਦਾ ਰਹਿੰਦਾ ਹੈ। ਇੱਥੇ ਲੌਸ ਏਂਜਲਸ ਟਾਈਅਮਜ ਅਖਬਾਰ ਸਮੇਤ ਦਰਜਨਾਂ ਅੰਗਰੇਜੀ ਅਤੇ ਸਪੈਨਿਸ਼ ਅਖਬਾਰਾਂ ਨਿੱਕਲਦੀਆਂ ਹਨ। ਇੰਟਰਨੈੱਟ ਦਾ ਜ਼ਮਾਂਨਾ ਹੋਣ ਕਰਕੇ ਹੁਣ ਅਖਬਾਰ ਸਨਅੱਤ ਸੰਕਟ ਵਿੱਚ ਹੈ।ਇੱਥੇ ਸੜਕਾਂ ਦਾ ਜਾਲ ਤਾਂ ਹੈ ਹੀ ਕੌਮਾਂਤਰੀ ਹਵਾਈ ਅੱਡਾ ਅਤੇ 45 ਮੀਲ ਚੌੜੀ ਵੱਡੀ ਬੰਦਰਗਾਹ ਵੀ ਆਵਾਜਾਈ ਦੇ ਵੱਡੇ ਸਾਧਨ ਹਨ ।ਇੱਥੇ ਦੋ ਤਿੰਨ ਘਰੇਲੂ ਹਵਾਈ ਅੱਡੇ ਅਤੇ ਕਈ ਯੂਨੀਵਰਸਿਟੀਆਂ ਹਨ। ਜਿੱਥੇ ਕਰੋੜਾਂ ਸੈਲਾਂਨੀ ਆਉਂਦੇ ਜਾਂਦੇ ਰਹਿੰਦੇ ਹਨ।ਇੱਥੇ ਦੋ ਵਾਰ ਓਲੰਪਿਕ ਖੇਡਾਂ ਹੋ ਚੁੱਕੀਆਂ ਹਨ।ਇੱਥੇ ਅੱਧੀ ਵੱਸੋਂ ਗੋਰੀ ਅਤੇ ਦਸ ਫੀ ਸਦੀ ਹੀ ਕਾਲੇ ਹਨ। ਬਾਕੀ 140 ਦੇਸ਼ਾਂ ਤੋਂ ਆ ਕੇ ਲੋਕ ਵੱਸੇ ਹੋਏ ਹਨ। ਜੋ ਡੇਢ ਸੌ ਭਾਸ਼ਾਵਾਂ ਬੋਲਦੇ ਹਨ। ਭਾਰਤੀ ਵੀ ਕਾਫੀ ਗਿਣਤੀ ਵਿੱਚ ਰਹਿੰਦੇ ਹਨ। ਗੁਜਰਾਤੀ ਇੱਥੋਂ ਦੇ ਕਾਰੋਬਾਰ ਵਿੱਚ ਅਹਿਮ ਥਾਂ ਰੱਖਦੇ ਹਨ।ਅਸੀਂ ਗੁਜਰਾਤੀਆਂ ਦੇ ਰੈਸਟੋਰੈਂਟਾਂ ਤੋਂ ਹੀ ਖਾਣਾ ਖਾਂਦੇ ਰਹੇ ਸੀ। ਪੰਜਾਬੀ ਬਹੁਤਾ ਕਰਕੇ ਐਲ ਏ ਦੇ ਆਲੇ ਦਵਾਲੇ ਦੇ ਛੋਟੇ ਸ਼ਹਿਰਾਂ ਵਿੱਚ ਰਹਿਂਦੇ ਹਨ। ਇਸੇ ਕਰਕੇ ਇੱਥੇ ਦਰਜਨ ਦੇ ਕਰੀਬ ਗੁਰਦਵਾਰੇ ਅਤੇ ਮੰਦਰ ਵੀ ਹਨ। ਇੰਡੀਆ ਬਜਾਰ ਦੇ ਸਿਨੇਮਿਆਂ ਵਿੱਚ ਭਾਰਤੀ ਫਿਲਮਾਂ ਚੱਲਦੀਆਂ ਰਹਿੰਦੀਆਂ ਹਨ। ਉਸ ਦਿਨ ਕਰੀਂਨਾ ਕਪੂਰ ਦੀ ਫਿਲਮ ‘ਜਬ ਵੁਈ ਮੈੱਟ’ ਲੱਗੀ ਹੋਈ ਸੀ।ਅਸੀਂ ਇਹ ਫਿਲਮ ਵੇਖਣ ਲਈ ਟਿਕਟਾਂ ਤਾਂ ਲੈ ਲਈਆਂ ਪਰ ਮੈਂ ਸੁਰਜੀਤ ਨੂੰ ਕਿਹਾ ਕਿ ਫਿਲਮ ਵੇਖਣ ਤੇ ਸਮਾਂ ਬਰਬਾਦ ਨਹੀਂ ਕਰਨ। ਅਸੀਂ ਘੁੰਮਣ ਫਿਰਨ ਨੂੰ ਹੀ ਤਰਜੀਹ ਦਿੱਤੀ।ਆਂਮ ਲੋਕਾਂ ਅਤੇ ਫਿਲਮੀਂ ਸਿਤਾਰਿਆਂ ਦਾ ਸ਼ਹਿਰ ਹੋਣ ਕਰਕੇ ਇੱਥੇ ਅਮੀਰ ਗਰੀਬ ਦੀ ਆਂਮਦਨ ਵਿੱਚ ਬਹੁਤ ਫਰਕ ਹੈ।ਆਂਮ ਆਦਮੀਂ ਦੀ ਜੇ ਸਲਾਂਨਾ 15000 ਡਾਲਰ ਦੀ ਆਂਮਦਨ ਹੈ ਤਾਂ ਅਮੀਰ ਦੀ ਦੋ ਲੱਖ ਡਾਲਰ ਤੋਂ ਉੱਪਰ ਹੈ। ਇੱਥੇ ਬਹੁਤ ਹੀ ਸੁੰਦਰ ਖੇਡਾਂ ਦੇ ਪਾਰਕ ਹਨ। ਜਿੱਥੇ ਗੌਲਫ ਤੋਂ ਲੈ ਕੇ ਵੀਡੀਓ ਗੇਮਾਂ ਤੱਕ ਖੇਡੀਆਂ ਜਾਂਦੀਆਂ ਹਨ। ਐਲ ਏ ਦਾ ਯੂਨੀਵਰਸਲ ਸਟੂਡੀਉ ਵੇਖਣ ਵਾਲੀ ਥਾਂ ਹੈ।ਲੌਸਏਂਜ਼ਲਸ ਵਿੱਚ 70 ਲੰਮੇਂ ਸਮੁੰਦਰੀ ਤੱਟ ਤੇ ਅਨੇਕਾਂ ਬੀਚ ਹਨ। ਜਿੱਥੇ ਚਿੱਟੇ ਸੁਨਹਿਰੀ ਚਮਕਦੇ ਰੇਤ ਤੇ ਲੇਟਕੇ ਲੋਕੀ ਧੁੱਪ ਸੇਕਦੇ ਹਨ। ਇਨ੍ਹਾਂ ਵਿੱਚ ਮਲੀਬੋ,ਸਾਂਤਾ ਮੋਨਿਕਾ,ਮੈਨਹੱਟਣ ਅਤੇ ਲੌਂਗ ਬੀਚ ਬਹੁਤ ਹੀ ਰਮਣੀਕ ਥਾਵਾਂ ਹਨ।ਲੌਂਗ ਬੀਚ ਤੇ ਸਾਰਾ ਦਿਨ ਚਹਿਲ ਪਹਿਲ ਰਹਿੰਦੀ ਹੈ।ਸਾਢੇ ਪੰਜ ਮੀਲ ਲੰਬੇ ਤੇ ਆਂਉਂਦੀਆ ਜਾਂਦੀਆਂ ਕਿਸ਼ਤੀਆਂ ਅਤੇ ਫੇਰੀਆਂ ਨੂੰ ਵੇਖਣ ਦੇ ਨਾਲ ਧੁੱਪੇ ਲੇਟਕੇ ਧੁੱਪ ਸੇਕਦੇ ਗੋਰਿਆਂ ਦੀਆਂ ਮੁਸਕਰਾਹਟਾਂ ਦਾ ਨਜਾਰਾ ਵੇਖਿਆ ਹੀ ਬਣਦਾ ਹੈ।22 ਮੀਲ ਵਿੱਚ ਫੈਲਿਆ ਮਾਲੀਬੂ ਬੀਚ ਵਿਸ਼ਵ ਭਰ ਵਿੱਚ ਸਮੁੰਦਰ ਵੇਖਣ ਵਾਲੇ ਲੋਕਾਂ ਦੀ ਖਿੱਚ ਦਾ ਕੇਂਦਰ ਹੈ।ਜੰਗਲ ਵਿੱਚ ੍ਹਘਮਾਉਣ ਫਿਰਾਉਣ ਲਈ ਗਾਈਡ ਮਿਲ ਜਾਂਦੇ ਹਨ।ਇੱਥੇ ਸੈਲਾਨੀ ਮੱਛੀਆਂ ਫੜ੍ਹਣ ਆਉਂਦੇ ਹਨ।ਇੱਥੇ ਆਇਵੀ ਕੇਟਰਜ ਵਿੱਚ ਹੌਲੀਵੁੱਡ ਦੇ ਸਿਤਾਰੇ ਖਾਣਾ ਖਾਣ ਆਉਂਦੇ ਹਨ।ਐਲ ਏ ਵਿੱਚ ਇੱਕ ਹੋਰ ਵੇਖਣ ਵਾਲੀ ਥਾਂ ਨੀਲਾ ਘਰ ਹੈ।ਇੱਥੇ ਰੋਜ਼ਾਨਾ ਰਾਤ ਨੂੰ ਸ਼ੋਅ ਹੁੰਦੇ ਹਨ।ਇੱਥੇ ਬਾਲੀਵੁੱਡ ਦੇ ਨਾਮੀਂ ਗਰਾਂਮੀਂ ਸਿਤਾਰੇ ਆਪਣੇ ਫੰਨ ਦਾ ਮੁਜਾਹਰਾ ਕਰਦੇ ਹਨ।ਇੱਥੇ ਖਾਣੇ ਦਾ ਲੁਤਫ ਲੈਣ ਲਈ ਵੱਡੀਆਂ ਵੱਡੀਆਂ ਹਸਤੀਆਂ ਆਉਂਦੀਆਂ ਰਹਿੰਦੀਆਂ ਹਨ। ਚਾਇਨਾ ਟਾਊਨ, ਕੋਰੀਆ ਟਾਊਨ,ਡਿਜ਼ਨੀ ਹਾਲ,ਕੌਡਕ ਹਾਲ,ਐਲ ਏ ਸੈਂਟਰਲ ਲਾਇਬਰੇਰੀ ਆਦਿ ਇੱਥੋਂ ਦੀਆਂ ਵੇਖਣ ਯੋਗ ਥਾਵਾਂ ਹਨ।ਐਲ ਏ ਡਾਊਣ ਟਾਊਣ ਰਾਤ ਨੂੰ ਦਿਵਾਲੀ ਵਰਗਾ ਨਜਾਰਾ ਪੇਸ਼ ਕਰਦਾ ਹੈ।

ਲੌਸਏਂਜਲਸ ਦਾ ਡਿਜ਼ਨੀ ਲੈਂਡ ਵਿਸ਼ਵ ਪ੍ਰਸਿੱਧ ਹੈ। ਜੋ ਕਈ ਹਿੰਦੀ ਫਿਲਮਾਂ ਵਿੱਚ ਵੀ ਦਿਖਾਇਆ ਗਿਆ ਹੈ।ਰੁੱਖਾਂ ਅਤੇ ਫੁੱਲਾਂ ਨਾਲ ਹਰਿਆ ਭਰਿਆ ਇਹ ਪਾਰਕ ਬਹੁਤ ਹੀ ਸੁੰਦਰ ਹੈ। ਡਿਜ਼ਨੀ ਲੈਂਡ ਵਿੱਚ ਬੱਚੇ ਹਰ ਪਾਸੇ ਕਿਲਕਾਰੀਆਂ ਮਾਰਦੇ ਦਿੱਸਦੇ ਹਨ। ਅਸੀਂ ਮੇਂਨ ਗੇਟ ਤੋਂ ਬਾਹਰ ਕਾਰ ਪਾਰਕ ਕਰਕੇ ਟਿਕਟਾਂ ਲਈਆਂ ਸਨ। ਇੱਥੇ ਵੱਖੋ ਵੱਖ ਖਿੜਕੀਆਂ ਤੇ ਟਿਕਟਾਂ ਲਈ ਲੰਮੀਆਂ ਲਾਇਨਾਂ ਲੱਗਦੀਆਂ ਹਨ । ਪਰ ਸਾਡੇ ਵਾਂਗ ਧੱਕਾ ਮੁੱਕੀ ਨਹੀਂ ਹੁੰਦੀ। ਡਿਜ਼ਨੀ ਲੈਂਡ ਵਿੱਚ ਪਹਾੜ ਜੰਗਲਾਂ ਵਿੱਚ ਛੋਟਾ ਜਹਾਜ ਅਤੇ ਰੇਲ ਲੰਘਦੀ ਹੈ ਜੋ ਝੂਟੇ ਲੈਣ ਲਈ ਚਲਾਈਆਂ ਜਾਂਦੀਆਂ ਹਨ। ਸਾਡੇ ਝੂਲਿਆਂ ਅਤੇ ਚਕਰਚੂੰਡੇ ਦੀ ਤਰਾਂ ਅਨੇਕਾਂ ਝੂਟੇ ਲੈਣ ਵਾਲੀਆਂ ਖੇਡਾਂ ਹਨ। ਕਈ ਤਾਂ ਇੰਨੀਆਂ ਤੇਜ ਘੁੰਮਦੀਆਂ ਹਨ ਕਿ ਵਿੱਚ ਬੈਠੇ ਲੋਕ ਚੀਕਾਂ ਮਾਰਦੇ ਹਨ। ਇਸ ਵਿੱਚ ਅਸਮਾਂਨੀ ਗਰਜ ਦੀ ਆਵਾਜ ਨਾਲ ਦੌੜਦੀਆਂ ਅਤੇ ਚੱਕਰਾਂ ਵਿੱਚ ਘੁੰਮਦੀਆਂ ਖਿਡੌਣਾ ਰੇਲ ਗੱਡੀਆਂ ਤੇ ਝੂਟੇ ਲੈਂਦੇ ਬੱਚੇ ਚੀਕਾਂ ਮਾਰ ਰਹੇ ਸਨ।ਇਹ ਜੋਖਮ ਭਰਿਆ ਖੇਲ ਹੈ। ਗਰਜ ਨਾਲ ਦੌੜਦੀਆਂ ਇਹ ਰੇਲਾਂ ਨੂੰ ਵੇਖਕੇ ਹੀ ਦਿਲ ਘਬਰਾ ਜਾਂਦਾ ਹੈ। ਇਸ ਤੇ ਚੜ੍ਹਣ ਸਮੇਂ ਸੀਟ ਬੈਲਟ ਲਾ ਕੇ ਬੈਠਣਾ ਪੈਂਦਾ ਹੈ । ਮੋਢਿਆਂ ਉੱਪਰੋਂ ਵੀ ਬੈਲਟਾਂ ਲਾਈਆਂ ਜਾਂਦੀਆਂ ਹਨ ਤਾਂ ਜੋ ਜਹਾਜ ਦੀ ਸਪੀਡ ਨਾਲ, ਉੱਪਰ ਥੱਲੇ ਜਾਣ ਵੇਲੇ, ਸਵਾਰੀ ਸੀਟ ਵਿੱਚ ਕਸਕੇ ਬੱਝੀ  ਰਹੇ। ਮੈਂ ਖੁਦ ਚੰਡੋਲ ਤੇ ਨਹੀਂ  ਚੜ੍ਹ ਸਕਦਾ। ਪਰ ਗੋਰੇ ਤਾਂ ਸਾਡੇ ਹਿਮਾਲਿਆ ਪਹਾੜ ਤੇ ਚੜ੍ਹ ਜਾਂਦੇ ਹਨ। ਇੰਜ ਦੌੜਦੀਆਂ ਵਲ ਖਾਂਦੀਆਂ ਰੇਲਾਂ  ਇਨ੍ਹਾਂ ਲਈ ਕੁੱਝ ਵੀ ਨਹੀਂ ਸੀ। ਗੋਰੇ ਅਜਿਹੇ ਝੂਟਿਆਂ ਨੂੰ ਝਰਣਾਹਟ ਛੇੜਣ ਵਾਲੀਆਂ ਖੇਡਾਂ ਕਹਿਕੇ ਆਨੰਦ ਮਾਣਦੇ ਹਨ।ਸਾਡੇ ਬੱਚਿਆਂ ਨੂੰ ਮਾਵਾਂ ਕੋਠੇ ਤੇ ਪੌੜੀਆਂ ਚੜ੍ਹਦਿਆਂ ਨੂੰ ਡਰਾ ਦਿੰਦੀਆਂ ਨੇ ਕਿ ‘ਡਿੱਗ ਪਵੇਂਗਾ’। ਉਹ ਸਾਰੀ ਉਮਰ ਚੰਡੋਲ ਤੇ ਚੜ੍ਹਣ ਤੋਂ ਡਰਦੇ ਰਹਿੰਦੇ ਹਨ। ਅਮਰੀਕਾ ਦੇ ਦੂਸਰੇ ਸੂਬੇ ਵਿੱਚ ਵੀ ਇੱਕ ਹੋਰ ਡਿਜ਼ਨੀਲੈਂਡ ਬਣਿਆ ਹੋਇਆ ਹੈ। ਚੀਂਨ ਅਤੇ ਜਪਾਨ ਵਿੱਚ ਵੀ ਅਜਿਹੇ ਡਿਜ਼ਨੀਲੈਂਡ ਬਣ ਗਏ ਹਨ। ਸਾਡੇ ਭਰਤ ਵਿੱਚ ਤਾਂ ਮੁਗਲਾਂ ਦਾ ਬਣਾਇਆ ਤਾਜ ਮਹੱਲ ਵੀ ਖਤਰੇ ਵਿੱਚ ਹੋ ਗਿਆ ਹੈ। ਲੌਸਏਂਜਲਸ ਸੱਚਮੁਚ ਹੀ ਧਰਤੀ ਤੇ ਸਵਰਗ ਹੈ।

This entry was posted in ਲੇਖ.

One Response to ਮੇਰੀ ਲੌਸ ਏਂਜ਼ਲਸ ਦੀ ਯਾਤਰਾ

  1. Sukhbinder Singh Johal says:

    I like the way everything is presented in your website.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>