ਬਿਨਾਂ ਪ੍ਰੀਤ ਦੇ ਪਿਆਰ

ਸੂਰਜ ਦੀਆਂ ਸੱਜਰੀਆਂ ਕਿਰਨਾਂ ਦੀ ਰੌਸ਼ਨੀ ਅੱਖਾਂ ‘ਤੇ ਪੈਂਦਿਆਂ ਹੀ ਪ੍ਰਭਾਤ ਵੇਲੇ ਦੀ ਮੱਠੀ ਜਿਹੀ ਪੌਣ ਵਿਚ ਗੁਰਦੁਆਰੇ ਸਾਹਿਬ ਤੋਂ ਆ ਰਹੀਆਂ ਮਿਸ਼ਰੀ ਵਰਗੀਆਂ ਮਿੱਠੀਆਂ ਧੁਨਾਂ ਇਸ ਤਰ੍ਹਾਂ ਸਮਾਂ ਜਾਂਦੀਆਂ ਸਨ ਦੋ ਵਿਛੜੀਆਂ ਸਖੀਆਂ ਮਿਲੀਆਂ ਹੋਣ। ਮਾਂ ਵਲੋਂ ਮਧਾਣੀ ਵਿਚ ਰਿੜਕੇ ਦੁੱਧ ਦੀ ਤਾਜ਼ੀ ਖੁਸ਼ਬੋ ਤੇ ਬਾਪੂ ਦੀਆਂ ਲਾਡਾਂ ਭਰੀਆਂ ਹੱਲਾ ਸ਼ੇਰੀਆਂ ਸਾਨੂੰ ਸਕੂਲ ਭੇਜਣ ਵਾਸਤੇ ਮੱਲੋ ਮੱਲੀ ਉਠਾ ਦਿੰਦੀਆਂ ਸਨ। ਉਠਦਿਆਂ ਹੀ ਤਰ੍ਹਾਂ ਤਰ੍ਹਾਂ ਦੇ ਤਾਜ਼ੇ ਪਕਵਾਨਾਂ ਦੀ ਸੁਗੰਧ ਇਸ ਤਰ੍ਹਾਂ ਫੈਲ ਜਾਂਦੀ ਹੈ ਜਿਵੇਂ ਮਾਂ ਨੇ ਕਦੋਂ ਤੋਂ ਇਨ੍ਹਾਂ ਨੂੰ ਤਿਆਰ ਕਰਨਾ ਸ਼ੁਰੂ ਕੀਤਾ ਹੋਇਆ ਸੀ। ਉਨ੍ਹਾਂ ਦੇ ਲਾਡ ਪਿਆਰ ਤੇ ਅੱਗੇ ਵਧਣ ਲਈ ਦਿੱਤੀਆਂ ਕਿੰਨੀਆਂ ਹੀ ਥਾਪੀਆਂ ਦੇ ਸਦਕਾ ਅੱਜ ਵੀ ਆਪਣੀ ਸਫ਼ਲਤਾ ਦੀ ਮੰਜਿ਼ਲ ਨੂੰ ਪਾਉਣ ਲਈ ਲਗਾਤਾਰ ਅੱਗੇ ਵਧ ਰਹੇ ਹਾਂ।

ਪਰ ਹੁਣ ਬੇਗਾਨੀ ਧਰਤੀ ਤੇ ਜਦੋਂ ਮਾਂ ਬਾਪ ਸਾਡੇ ਉੱਠਣ ਤੋਂ ਵੀ ਪਹਿਲਾਂ ਕੰਮਾਂ ਤੇ ਚਲੇ ਜਾਂਦੇ ਨੇ ਤਾਂ ਅਲਾਰਮ ਦੀ ਕੜਕਦੀ ਆਵਾਜ਼ ਨਰਕਾਂ ਦੀ ਜਿ਼ੰਦਗ਼ੀ ਵਾਂਗ ਜਾਪਦੀ ਏ। ਰਸਤੇ ਵਿਚ ਹੀ ਇਕ ਬਰਗਰ ਨੂੰ ਜ਼ਬਰਦਸਤੀ ਖਾਣਾ ਪੈਂਦਾ ਹੈ ਤਾਂ ਜੋ ਭਰੇ ਢਿੱਡ ਦੇ ਸਹਾਰੇ ਦਿਨ ਲੰਘਾਇਆ ਜਾ ਸਕੇ। ਕਦੇ ਇੰਨੀ ਵੀ ਵਿਹਲ ਨਹੀਂ ਮਿਲੀ ਕਿ ਅਰਾਮ ਨਾਲ ਆਪਣੇ ਉਨ੍ਹਾਂ ਮਾਂ ਬਾਪ ਨਾਲ ਬੈਠ ਸਕੀਏ ਜਿਹੜੇ ਹਨ੍ਹੇਰੇ ਉੱਠ ਕੇ ਸਾਡੇ ਲਈ ਖਾਣਾ ਤਿਆਰ ਕਰਦੇ ਸਨ। ਕਦੇ ਇੰਨੀ ਫੁਰਸਤ ਨਹੀਂ ਮਿਲਦੀ  ਕਿ ਉਹ ਪਿਆਰੀਆਂ ਪਿਆਰ ਦੀਆਂ ਗੱਲਾਂ ਸਾਂਝੀਆਂ ਕਰ ਸਕੀਏ।

ਹੁਣ ਜੇ ਪਿਆਰ ਦੀ ਗੱਲ ਚੱਲੀ ਏ ਤਾਂ ਆਪਣੇ ਪੰਜਾਬ ਦੇ ਪਿੰਡਾਂ ਵਿਚ ਪਿਆਰ ਅਤੇ ਇੱਥੇ ਦੇ ਪਿਆਰ ਵਿਚ ਜ਼ਮੀਨ ਅਸਮਾਨ ਦਾ ਫਰਕ ਏ। ਉਹ ਪਿਆਰ ਜੋ ਬਾਪੂ ਦੀ ਖੜਕਦੀ ਆਵਾਜ਼ ਦੇ ਡਰ ਤੋਂ ਹੁੰਦਾ ਸੀ, ਉਹ ਪਿਆਰ ਜੋ ਆਪਣੀ ਮਾਂ ਦੀ ਵਧਦੀ ਉਮਰ ਵਿੱਚ ਸਹਾਈ ਹੋਣ ਦੀ ਉਮੀਦ ਦਾ ਹੁੰਦਾ ਸੀ, ਪਤਾ ਨਹੀਂ ਉਹ ਪਿਆਰ ਪੰਜਾਬ ਦੀ ਮਿੱਟੀ ਤੋਂ ਪੈਰ ਚੁੱਕਦਿਆਂ ਹੀ ਕਿਥੇ ਗਵਾਚ ਜਾਂਦਾ ਏ। ਪਿਆਰ ਤਾਂ ਇੱਥੇ ਵੀ ਮਿਲਦਾ ਹੈ ਪਰ ਇਸ ਪਿਆਰ ਵਿਚ ਪ੍ਰੀਤ ਦੀ ਘਾਟ ਹੈ ਜਿਹੜਾ ਕਿ ਮਿੰਨੀ ਜਿਹੀ ਮੁਸਕਾਨ ਦੇ ਥੱਲੇ ਹੀ ਮਜਬੂਰਾਂ ਵਾਂਗ ਦੱਬਿਆ ਰਹਿ ਜਾਂਦਾ ਹੈ। ਇਸਦਾ ਦੂਜਾ ਕਾਰਨ ਹੈ ਆਪਣਿਆਂ ਤੋਂ ਹੀ ਮੁੱਖ ਮੋੜ ਕੇ ਪੈਸਿਆਂ ਦੀ ਦੌੜ ਵਿਚ ਸ਼ਾਮਲ ਹੋ ਜਾਣਾ।

ਪਤਾ ਨਹੀਂ ਕਿੰਨੇ ਹੀ ਪੰਜਾਬੀ ਭੈਣ ਭਰਾ ਆਪਣੇ ਚਾਅ ਤੇ ਉਮੀਦਾਂ ਲੈ ਕੇ ਆਪਣੀ ਸੋਨਾ ਉਗਲਣ ਵਾਲੀ ਧਰਤੀ ਨੂੰ ਅਲਵਿਦਾ ਕਹਿ ਕੇ ਆਉਂਦੇ ਹਨ ਅਤੇ ਆਪਣੀ ਅਣਥੱਕ ਮਿਹਨਤ ਸਦਕਾ ਬੇਗਾਨੀ ਧਰਤੀ ਵਿਚ ਪੈਰ ਜਮਾਂ ਲੈਂਦੇ ਹਨ। ਪਰ ਉਨ੍ਹਾਂ ਨੂੰ ਇਸਦੀ ਭਿਣਕ ਵੀ ਨਹੀਂ ਲਗਦੀ ਕਿ ਕਦੋਂ ਇਸ ਧਰਤੀ ਦੀ ਐਸ਼ੋ ਆਰਾਮ ਦੀ ਦਿਖਾਵੇ ਦੀ ਜਿ਼ੰਦਗ਼ੀ ਉਨ੍ਹਾਂ ਦੇ ਪੈਰਾਂ ਨੂੰ ਮਜ਼ਬੂਤੀ ਨਾਲ ਜਕੜ ਲੈਂਦੀ ਹੈ। ਉਹੀ ਪੰਜਾਬੀ ਕਈ ਪਵਿਤਰ ਰਿਸ਼ਤਿਆਂ ਦਾ ਘਾਣ ਕਰਕੇ ਆਪਣੇ ਪਰਿਵਾਰਾਂ ਦੇ ਇਧਰ ਦੇ ਸਵਰਗ ਨੂੰ ਵੇਖਣ ਦੀ ਭੁੱਖ ਮਿਟਾਉਂਦੇ ਹਨ ਫਿਰ ਸ਼ੁਰੂ ਹੁੰਦੀ ਹੈ ਉਹ ਪ੍ਰਕਿਰਿਆ ਜਿਸ ਨਾਲ ਉਹ ਪੰਜਾਬੀ ਵਿਰਸਾ, ਪੰਜਾਬੀ ਅਣਖ ਅਤੇ ਉਹ ਪਿਆਰ ਸਭ ਖੋਖਲੇ ਹੋਣੇ ਸ਼ੁਰੂ ਹੋ ਜਾਂਦੇ ਹਨ।

ਮੁਆਫ਼ ਕਰਨਾ ਮੈਂ ਇਸ ਦਾ ਜਿ਼ੰਮਾ ਇਸ ਅਮਰੀਕਾ ਦੀ ਧਰਤੀ ਤੇ ਇਥੇ ਵਸਦੇ ਰੱਬ ਦੇ ਬੰਦਿਆਂ ‘ਤੇ ਨਹੀਂ ਪਾਉਂਦੀ ਮੈਂ ਤਾਂ ਉਨ੍ਹਾਂ ਪੰਜਾਬੀਆਂ ਤੇ ਚਾਨਣਾ ਪਾ ਰਹੀ ਹਾਂ ਜਿਹੜੇ ਇੱਥੇ ਪਹੁੰਚ ਕੇ ਡਾਲਰ ਤਾਂ ਕਮਾ ਲੈਂਦੇ ਹਨ ਪਰ ਆਪਣਾ ਸਭਿਆਚਾਰ ਗਵਾ ਬੈਠਦੇ ਹਨ।

ਇੱਕ ਪੰਜਾਬੀ ਜੱਟ ਜੋ ਆਪਣੀ ਜ਼ਮੀਨ ਦੇ ਇਕ ਟੁਕੜੇ ਦੀ ਲੜਾਈ ਵਿਚ ਆਪਣੇ ਹੀ ਸਕਿਆਂ ਪਿਉ ਭਾਈਆਂ ਦੀ ਜਾਨ ਲੈ ਲੈਂਦੇ ਹਨ, ਉਹ ਜੱਟ ਉਸ ਜ਼ਮੀਨ ਤੋਂ ਕੋਹਾਂ ਦੀ ਦੂਰੀ ਤੇ ਜਾ ਬੈਠਾ ਹੈ। ਉਹ ਡਾਲਰਾਂ ਦੀ ਦੁਨੀਆਂ ਵਿੱਚ ਇੰਨਾ ਰੁੱਝ ਗਿਆ ਹੈ ਕਿ ਉਸਨੂੰ ਕਦੇ ਪਿੱਛੇ ਵੇਖਣ ਦੀ ਫੁਰਸਤ ਹੀ ਨਹੀਂ ਮਿਲੀ ਕਿ ਉਸਦੇ ਬਜ਼ੁਰਗਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਕਿਵੇਂ ਬਿਗਾਨੇ ਲੋਕ ਮਿਲ ਕੇ ਧੱਜੀਆਂ ਉਡਾਉਨਦੇ ਹਨ।

ਜੋ ਪੰਜਾਬੀ ਇੰਨੀ ਦੂਰ ਆ ਕੇ ਕਿਸੇ ਅਣਜਾਣ ਲੋਕਾਂ ਦੀ ਗੁਲਾਮੀ ਹੇਠ ਕੰਮ ਕਰ ਸਕਦੇ ਹਨ ਤੇ ਉਨ੍ਹਾਂ ਦੀਆਂ ਝਿੜਕਾਂ ਵੀ ਸਹਿੰਦੇ ਨੇ, ਉਹੀ ਆਪਣੇ ਘਰ ਦੇ ਆਪਣੇ ਹੀ ਪਰਵਾਰ ਦੇ ਜੂਠੇ ਭਾਂਡੇ ਧੋਣ ਵਿਚ ਆਪਣੀ ਬੇਇੱਜ਼ਤੀ ਸਮਝਦੇ ਹਨ।

ਮੈਂ ਸਮਝਦੀ ਹਾਂ ਕਿ ਹਰ ਇਕ ਪਰਿਵਾਰ ਦੀਆਂ ਆਪਣੀਆਂ ਆਪਣੀਆਂ ਸੋਚਾਂ ਹੁੰਦੀਆਂ ਹਨ, ਜਿਸਦਾ ਇੱਕ ਹਿੱਸਾ ਹੈ ਬੱਚਿਆਂ ਦਾ ਭਵਿੱਖ। ਪਰ ਇਹ ਨਾ ਸੋਚੋ ਕਿ ਦਿਨ ਰਾਤ ਬਾਹਰ ਬੱਚਿਆਂ ਦੇ ਖਰਚ ਲਈ ਪੈਸਾ ਕਮਾਉਣ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਸਿੱਧੀ ਰਾਹ ਤੋਰ ਰਹੇ ਹੋ। ਬੱਚੇ ਰਬੜ ਦੇ ਵਾਂਗ ਹੁੰਦੇ ਹਨ ਜੋ ਕੋਈ ਜਿਸ ਪਾਸੇ ਨੂੰ ਮੋੜੇਗਾ, ਉਸੇ ਪਾਸੇ ਮੁੜਨਗੇ। ਬੱਚਿਆਂ ਨੂੰ ਲੋੜ ਹੈ ਮਾਪਿਆਂ ਦੇ ਸਹਿਯੋਗ ਦੀ ਅਤੇ ਤੁਹਾਡੀ ਅਗਵਾਈ ਦੀ ਜੋ ਸਿਰਫ਼ ਸਮੇਂ ਤੇ ਕੀਤੀ ਹੋਈ ਹੀ ਕੰਮ ਆ ਸਕਦੀ ਹੈ। ਬੱਚਿਆਂ ਦੇ ਵਿਗੜਣ ਤੋਂ ਬਾਅਦ ਇਹੀ ਰੋਕ ਟੋਕ ਉਨ੍ਹਾਂ ਨੂੰ ਹੋਰ ਪੁੱਠੇ ਰਸਤੇ ਧੱਕਦੀਆਂ ਹਨ ਅਤੇ ਫਿਰ ਹੁੰਦਾ ਹੈ ਪਰਿਵਾਰ ਵਿਚ ਪਿਆਰ ਦਾ ਖਾਤਮਾ ਅਤੇ ਉਹ ਪਿਆਰ ਜਨਮ ਲੈਂਦਾ ਹੈ ਜੋ ਪ੍ਰੀਤ ਤੋਂ ਵਾਂਝਾ ਹੁੰਦਾ ਹੈ। ਫਿਰ ਉਹੀ ਪਰਿਵਾਰ ਆਪਣੇ ਸਭਿਆਚਾਰ ਤੋਂ ਦੂਰ ਹੀ ਦੂਰ ਚਲਿਆ ਜਾਂਦਾ ਹੈ। ਪਰ ਇਸ ਦੀ ਬੱਤੀ ਬੁਝਣ ਤੋਂ ਪਹਿਲਾਂ ਹੀ ਜੇਕਰ ਕੁੜੱਤਣ ਦੀ ਹਵਾ ਨੂੰ ਰੋਕ ਲਿਆ ਜਾਵੇ ਤਾਂ ਇਕ ਪੰਜਾਬੀ ਪਰਿਵਾਰ ਦੇ ਬੰਧਨ ਤੇ ਆਪਸੀ ਏਕਤਾ ਨੂੰ ਕੋਈ ਨਹੀਂ ਹਿਲਾ ਸਕਦਾ। ਇਹ ਸਭ ਹੋ ਸਕਦਾ ਹੈ ਇੱਕ ਦੂਜੇ ਦੇ ਪਿਆਰ ਅਤੇ ਸਹਿਯੋਗ ਨਾਲ। ਆਪਣੇ ਪਰਿਵਾਰ ਨੂੰ ਸ਼ੁਰੂ ਤੋਂ ਹੀ ਵੱਡਿਆਂ ਦੇ ਸਤਿਕਾਰ ‘ਤੇ ਲਗਾਅ ਦੇ ਸੰਚੇ ਵਿਚ ਢਾਲਣਾ ਸ਼ੁਰੂ ਕਰੋ। ਇਹ ਡਾਲਰ ਤਾਂ ਫਿਰ ਵੀ ਬਣਾਏ ਜਾ ਸਕਦੇ ਨੇ ਪਰ ਉਹ ਆਪਣੇ ਪਰਿਵਾਰ ਨੂੰ ਹਾਸੇ ਖੇਡਾਂ ਵਿੱਚ ਪਿਆਰ ਵਿੱਚ ਬੰਨ੍ਹਣ ਦਾ ਵੇਲਾ ਵਾਪਿਸ ਨਹੀਂ ਆਵੇਗਾ। ਆਪਸ ਵਿਚ ਮੁਹੱਬਤ, ਇੱਕ-ਦੂਜੇ ਨੂੰ ਸਮਝਣ ਦੀ ਭਾਵਨਾ ਤੇ ਇਕੱਠਿਆਂ ਬੈਠ ਕੇ ਆਪਣੇ ਪੰਜਾਬੀ ਰੀਤੀ-ਰਿਵਾਜ਼ਾਂ ਬਾਰੇ ਹਰ ਇੱਕ ਨਾਲ ਵਿਚਾਰ ਸਾਂਝੀ ਕਰੋ।

ਆਪਸ ਵਿਚ ਸੱਚੇ ਦਿਲ ਤੋਂ ਪੰਜਾਬੀਅਤ ਨਾਲ ਪਿਆਰ ਹੋਵੇ ਤਾਂ ਉਸਤੇ ਕੋਈ ਬਿਗਾਨਾ ਦੇਸ਼, ਕੋਈ ਗਲਤ ਫਹਿਮੀ ਅਤੇ ਕੋਈ ਵੀ ਆਰਥਕ ਸਮਸਿਆ ਭਾਰੂ ਨਹੀਂ ਪੈ ਸਕਦੀ।

This entry was posted in ਲੇਖ.

2 Responses to ਬਿਨਾਂ ਪ੍ਰੀਤ ਦੇ ਪਿਆਰ

  1. Ramanpreet Kaur Thiara says:

    Thank you so much
    That day will be my most happy day in my life when i will read my article on quami ekta in front of me.
    I will keep sending you my articles

  2. Shivcharan Jaggi Kussa says:

    ਪਿਆਰੀ ਬੱਚੀ ਰਮਨਪ੍ਰੀਤ ਕੌਰ ਥਿਆੜਾ,

    ਆਸ਼ੀਰਵਾਦ ਪੁੱਜੇ!

    ਮੈਂ ਤੇਰੀ ਕਵਿਤਾ ਅਤੇ ਆਰਟੀਕਲ ‘ਕੌਮੀ ਏਕਤਾ’ ‘ਤੇ ਪੜ੍ਹੇ ਹਨ। ਸੋਲ਼ਾਂ ਸਾਲ ਦੀ ਨਿਆਣੀਂ ਉਮਰ ਵਿਚ ਤੂੰ ਬਹੁਤ ਵੱਡਾ ਕਾਰਜ ਸ਼ੁਰੂ ਕੀਤਾ ਹੈ ਅਤੇ ਉਸ ‘ਤੇ ਖ਼ਰੀ ਵੀ ਉਤਰ ਰਹੀ ਹੈਂ! ਇਹ ਕਾਰਜ ਇੰਜ ਹੀ ਜਾਰੀ ਰਹਿਣਾਂ ਚਾਹੀਦਾ ਹੈ ਪੁੱਤਰਾ! ਇਹ ਧਿਆਨ ਨਾ ਦੇਵੀਂ ਕਿ ਕਿਸੇ ਨੇ ਮੇਰੀ ਹੌਸਲਾ ਅਫ਼ਜ਼ਾਈ ਨਹੀਂ ਕੀਤੀ ਅਤੇ ਕਿਸੇ ਨੇ ਮੈਨੂੰ ਪੱਤਰ ਨਹੀਂ ਲਿਖਿਆ। ‘ਬਾਹਰ’ ਵੱਸਦੇ ਲੋਕਾਂ ਕੋਲ਼ ਤਾਂ ਸਮੇਂ ਦੀ ਹੀ ਬੜੀ ‘ਕਿੱਲ੍ਹਤ’ ਹੈ। ਅਸੀਂ ਲੋਕ ਦਾਰੂ ਪੀਣ ਲੱਗੇ ਤਾਂ ਸਾਰਾ ਸਾਰਾ ਦਿਨ ਖ਼ਤਮ ਕਰ ਦਿੰਦੇ ਹਾਂ, ਪਰ ਕਿਸੇ ਨੂੰ ਪੱਤਰ ਲਿਖਣ ਲਈ ਸਾਡੇ ਕੋਲ਼ ਸਮਾਂ ਨਹੀਂ! ਵੈਸੇ ਮੈਂ ਸ਼ਰਾਬ ਨਹੀਂ ਪੀਂਦਾ! ਹੋਰ ਤਾਂ ਹੋਰ ਪੁੱਤਰਾ, ਇੱਥੇ ਤਾਂ ‘ਚੜ੍ਹਾਈ’ ਕਰ ਗਏ ਬੰਦੇ ਦੀਆਂ ਅੰਤਿਮ ਅਰਦਾਸਾਂ ਵੀ ‘ਐਤਵਾਰ’ ਨੂੰ ਹੀ ਕਰੀਆਂ ਜਾਂਦੀਆਂ ਹਨ! ਖ਼ੈਰ, ਗੁਰੂ ਬਾਬੇ ਨਾਨਕ ਦਾ ਨਾਂ ਲੈ ਕੇ ਮਾਰੀ ਚੱਲ ਮੰਜਿ਼ਲਾਂ! ਮੇਰਾ ਆਸ਼ੀਰਵਾਦ ਤੇਰੇ ਨਾਲ਼ ਹੈ!

    ਤੇਰੀ ਅਤੇ ਤੇਰੇ ਪ੍ਰੀਵਾਰ ਦੀ ਖ਼ੈਰ ਮੰਗਦਾ,

    ਸਿ਼ਵਚਰਨ ਜੱਗੀ ਕੁੱਸਾ
    ਲੰਡਨ

Leave a Reply to Shivcharan Jaggi Kussa Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>