‘ਸਰਾਪ’ (ਜਗਦੀਪ ਸਿੰਘ ਫਰੀਦਕੋਟ)

“ਹਾਏ ਛੱਡ ਦਿਉ ਮੈਨੂੰ . . . ਮਾਫ ਕਰ ਦਿਉ . . . ਨਾ. . . ਨਾ . . . ਮੈਨੂੰ ਨਾ ਮਾਰੋ . . . ਹਾਏ . . . ਭੁੱਲ ਹੋ ਗਈ ਇਹ ਸਭ ਕੁਝ ਮੈਂ ਜਾਣ ਬੁੱਝ ਕੇ ਨਹੀਂ ਕੀਤਾ. . . ਉੱਪਰੋਂ ਆਡਰ ਸਨ. . . ਨਾ ਮਾਰੋ ਮੈਨੂੰ . . . ਛੱਡ ਦਿਉ…” ਇਸ ਤਰ੍ਹਾਂ ਰੌਲਾ ਪਾਉਂਦਾ ਤੇ ਕੁਰਲਾਉਂਦਾ ਉਹ ਉੱਠ ਬੈਠਾ, ਹਰਫਲਿਆ ਹੋਇਆ “ਪਾਣੀ-ਪਾਣੀ” ਕਰੀ ਜਾ ਰਿਹਾ ਸੀ। ਸਾਹੋ ਸਾਹ ਹੋਇਆ ਪਿਆ ਸੀ ਤੇ ਉਸ ਨੂੰ ਏਨੀ ਸੁਧ ਵੀ ਨਹੀਂ ਸੀ ਕਿ ਉਸ ਨੂੰ ਪਾਣੀ ਫੜਾਉਣ ਵਾਲਾ ਕੋਈ ਨਹੀਂ। ਇੰਝ ਨਹੀਂ ਸੀ ਕਿ ਉਸ ਨਾਲ ਇਹ ਸਭ ਕੁਝ ਪਹਿਲੀ ਵਾਰ ਵਾਪਰਿਆ ਸੀ। ਇਹ ਤਾਂ ਹੁਣ ਰੋਜ਼ ਦੀ ਖੇਡ ਹੋ ਚੁੱਕੀ ਸੀ। ਹਰ ਰੋਜ਼ ਉਸ ਨੂੰ ਇਸ ਤਰ੍ਹਾਂ ਦੇ ਡਰਾਉਣੇ ਸੁਪਨੇ ਆਉਂਦੇ ਤੇ ਹਰ ਰੋਜ਼ ਉਸ ਦਾ ਇਹੀ ਹਾਲ ਹੁੰਦਾ।

ਕੁਝ ਹੋਸ਼  ਸੰਭਾਲਣ ਤੋਂ ਬਾਅਦ ਉਹ ਉੱਠਿਆ . . . ਕੁਝ ਸਹਿਮਿਆ ਹੋਇਆ, ਡਰਿਆ ਹੋਇਆ। ਫਰਿਜ ਕੋਲ ਗਿਆ ਤੇ ਪਾਣੀ ਦੀ ਬੋਤਲ ਕੱਢ ਕੇ ਮੂੰਹ ਲਾ ਲਿਆ ਤੇ ਬੋਤਲ ਨਾਲ ਹੀ ਚੁੱਕ ਲਿਆਇਆ। ਸ਼ਾਇਦ ਉਸ ਨੂੰ ਲੱਗਿਆ ਕਿ ਪਾਣੀ ਦੀ ਲੋੜ ਫਿਰ ਪਵੇਗੀ।

ਇਹ ਸਭ ਕੁਝ ਉਸ ਨਾਲ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਵਾਪਰ ਰਿਹਾ ਸੀ, ਸ਼ਾਇਦ ਉਦੋਂ ਤੋਂ ਜਦੋਂ ਦੀ ਉਸ ਦੀ ਕੁੜੀ ਪਾਗਲ ਹੋ ਗਈ ਸੀ। ਉਸ ਨੂੰ ਉਦੋਂ ਲੱਗਿਆ ਸੀ ਕਿ ਇਹ ਉਸ ਦੇ ਕਰਮਾਂ ਦਾ ਫਲ ਹੀ ਸੀ ਜੋ ਉਸ ਦੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਸੀ।

————-

ਕਾਫੀ ਸਾਲ ਪਹਿਲਾਂ ਇਸ ਦੀ ਪਤਨੀ ਕੈਂਸਰ ਨਾਲ ਮਰ ਗਈ ਸੀ। ਉਹ ਚਾਹੁੰਦਾ ਹੋਇਆ ਵੀ ਉਸ ਨੂੰ ਬਚਾ ਨਹੀਂ ਸਕਿਆ ਸੀ। ਅੰਨ੍ਹੇ ਪੈਸੇ ਤੇ ਹਰੇਕ ਤਰ੍ਹਾਂ ਦੀਆਂ ਸਹੂਲਤਾਂ ਤੋਂ ਬਾਅਦ ਵੀ ਉਸ ਦੀ ਪਤਨੀ ਤੜਫ-ਤੜਫ ਕੇ ਮਰ ਗਈ । ਤੜਫ-ਤੜਫ ਕੇ ਇਸ ਲਈ, ਕਿਉਂਕਿ ਉਸ ਨੂੰ ਗਲੇ ਦਾ ਕੈਂਸਰ ਸੀ। ਮਰਨ ਤੋਂ ਛੇ ਮਹੀਨੇ ਪਹਿਲਾਂ ਹੀ ਉਸ ਦੇ ਅੰਦਰ ਅੰਨ ਲੰਘਣੋਂ ਹਟ ਗਿਆ ਸੀ। ਧੱਕੇ ਨਾਲ ਦੁੱਧ ਬਿਸਕੁਟ ਅੰਦਰ ਲੰਘਾਉਂਦੀ, ਅੱਧਾ ਲੰਘਦਾ, ਪਚਦਾ ਤੇ ਬਾਕੀ ਉਛਲ ਕੇ ਬਾਹਰ ਕੱਢ ਦਿੰਦੀ। ਹੌਲੀ-ਹੌਲੀ ਕਰਕੇ ਉਸ ਦੇ ਸਿਰ ਦੇ ਵਾਲ ਵੀ ਉੱਡ ਗਏ। ਉਸਦਾ ਚਿਹਰਾ ਬਹੁਤ ਕਰੂਪ ਹੋ ਗਿਆ ਸੀ। ਵਿਹੜੇ ਆਲੀ ਪਾਲੋ ਵਾਂਗ।

ਉਹੀ ਪਾਲੋ ਜਿਸ ਨੂੰ ਥਾਣੇ ਆਲੇ ਚੁੱਕ ਲਿਆਏ ਸਨ ਇਸੇ ਸ਼ੱਕ ਵਿਚ ਕਿ ਉਸ ਦਾ ਮੁੰਡਾ ‘ਅੱਤਵਾਦੀਆਂ’ ਨਾਲ ਰਲ ਗਿਆ ਹੈ। ਕਈ ਦਿਨ ਵਿਚਾਰੀ ਨੂੰ ਭੁੱਖੀ ਤਿਹਾਈ ਨੂੰ ਬਿਨਾਂ ਕੱਪੜਿਆਂ ਤੋਂ ਪੁੱਠੀ ਲਮਕਾਈ ਰੱਖਿਆ, ਉਸ ਦਾ ਚਿਹਰਾ ਭੂਤ ਕਥਾਵਾਂ ਦੀਆਂ ਚੁੜੇਲਾ ਵਰਗਾ ਹੋ ਗਿਆ ਸੀ।

ਉਹ ਵਿਚਾਰੀ ਬਥੇਰਾ ਕੁਰਲਾਈ, “ਹਾਏ ਜੀ ਮੈਨੂੰ ਨੀ ਪਤਾ ਉਹ ਫੋੜੀ ਕਢਾਵਾ ਕਿੱਧਰ ਮਰ ਗਿਐ. . . ਮੈਨੂੰ ਕਿਹੜਾ ਦੱਸ ਕੇ ਜਾਂਦੈ ਮਰਨਾਂ. . . ”

ਪਰ ਜਦੋਂ ਫੇਰ ਵੀ ਪੁਲਸੀਏ ਉਸ ਨੂੰ ਮਾਰਦੇ ਕੁੱਟਦੇ ਰਹੇ ਤਾਂ ਪਾਲੋ ਵਿਚਲਾ ਵਿਹੜਾ ਜਾਗ ਪਿਆ ਤੇ ਉਸ ਨੇ ਥਾਣੇ ਵਿਚ ਗੰਦੀਆਂ-ਗੰਦੀਆਂ ਗਾਲ੍ਹਾਂ ਦਾ ਮੀਂਹ ਵਰ੍ਹਾ ਦਿੱਤਾ। ਹੁਣ ਪੁਲਸੀਏ ਝਾਕਣ ਤਾਂਹ ਠਾਂਹ। ਕੋਈ ਓਹਦੇ ਨੇੜੇ ਨਾ ਹੋਵੇ।

ਇਹ ਆਵਦੇ ਸਿਪਾਹੀਆਂ ਨੂੰ ਗਾਲ੍ਹਾਂ ਕੱਢੀ ਜਾਵੇ, “ਓ ਚੁੱਪ ਕਰਾਓ ਓ ਆਵਦੀ ਮਾਂ ਨੂੰ. . . ਮੇਰੇ ਸਾਲੇ ਦੀ ਨੇ ਥਾਣਾ ਸਿਰ ’ਤੇ ਚੱਕ ਰੱਖਿਐ. . . ”

“ਜਨਾਬ ਜਦੋਂ ਨੇੜੇ ਜਾਈਦੈ ਜੀ ਤਾਂ ਉਹ ਮਾਂ-ਭੈਣ ਦੇ ਖਸਮ ਤੋਂ ਬਿਨਾਂ ਨ੍ਹੀ ਬੋਲਦੀ. . . ਕਿਹੜਾ ਸੁਣੇ ਜੀ ਸਲੋਕ ਓਹਤੋਂ ਹੁਣ” ਇੱਕ ਸਿਪਾਹੀ, ਜਿਹੜਾ ਕਿ ਪਾਲੋ ਦੇ ਨੇੜੇ ਜਾ ਕੇ ਭੁਚੱਕਾ ਵੇਖ ਆਇਆ ਸੀ, ਬੋਲਿਆ।

ਕਈ ਦਿਨ ਪਾਲੋ ਇਸੇ ਤਰ੍ਹਾਂ ਪੁਠੀ ਲਮਕਦੀ ਰਹੀ। ਓਹ ਤਾਂ ਵਿਚਾਰੀ ਦਾ ਖਹਿੜਾ ਇਨ੍ਹਾਂ ਚੰਡਾਲਾਂ ਤੋਂ ਉਦੋਂ ਛੁੱਟਿਆ ਜਦੋਂ ਪਤਾ ਲੱਗਾ ਕਿ ਉਸ ਦਾ ਮੁੰਡਾ ਕਿਸੇ ਅੱਤਵਾਦੀਆਂ-ਉੱਤਵਾਦੀਆਂ ਨਾਲ ਨਹੀਂ ਰਲਿਆ ਸੀ ਉਹ ਤਾਂ ਘਰ ਦੀ ਗਰੀਬੀ ਤੋਂ ਭੱਜ ਕੇ ਟਰੱਕਾਂ ਵਾਲਿਆਂ ਨਾਲ ਚਲਾ ਗਿਆ ਸੀ, ਗੁਹਾਟੀ ਦੇ ਗੇੜੇ ’ਤੇ। ਮਾਂ ਨੂੰ ਵੀ ਨਹੀਂ ਦੱਸ ਕੇ ਗਿਆ ਸੀ। ਉਹ ਆਇਆ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਪੇਸ਼ ਕਰਕੇ ਪਾਲੋ ਨੂੰ ਛੁਡਵਾਇਆ। ਉਸ ਦੇ ਮੁੰਡੇ ਦੀ ਵੀ ਪੁਲਸ ਵਾਲਿਆਂ ਨੇ ਬਹੁਤ ਤੌਣੀ ਲਾਈ ਸੀ ਤੇ ਉਸ ਵਿਚਾਰੇ ਨੂੰ ਪਤਾ ਵੀ ਨਾ ਲੱਗੇ ਕਿ ਉਸ ਦਾ ਕਸੂਰ ਕੀ ਸੀ। ਅਨਪੜ੍ਹ ਸੀ ਵਿਚਾਰਾ, ਜਿੱਦਣ ਛੁੱਟ ਕੇ ਪਿੰਡ ਆਇਆ ਤਾਂ ਸੱਥ ਵਿਚ ਦੀ ਲੰਘਦੇ ਨੂੰ ਕੁੱਝ ਬਜ਼ੁਰਗਾਂ ਨੇ ਵਿਅੰਗ ਕੱਸਿਆ, “ਕਿਉਂ ਵੇਖ ਆਇਆਂ ਗੁਹਾਟੀ”। ਸੱਥ ਵਿਚ ਹਾਸਾ ਪੈ ਗਿਆ। ਉਹ ਵਿਚਾਰਾ ਸਾਊ ਬੋਲਿਆ, “ਲੈ ਤਾਇਆ, ਮੈਨੂੰ ਕੀ ਪਤਾ ਸ਼ੀ ਬੀ ਸ਼ਾਲਾ ਭੱਜ ਕੇ ਟਰੱਕ ਆਲਿਆ ਨਾਲ ਰਲ ਜਾਣਾ ਵੀ ਗਨਾਹ ਐ . . . ਲੈ ਜੇ ਪਤਾ ਹੁੰਦਾ ਫੇਰ ਮੈਂ ਕਾਹਨੂੰ ਜਾਂਦਾ ਗੁਆਟੀ।”

ਛੇ ਮਹੀਨਿਆਂ ਦੀ ਨਰਕ ਵਰਗੀ ਜ਼ਿੰਦਗੀ ਭੋਗਣ ਤੋਂ ਬਾਅਦ ਆਖਰ ਉਸ ਦੀ ਪਤਨੀ ਤੁਰ ਗਈ। ਮਰਨ ਤੋਂ ਕੁਝ ਦਿਨ ਪਹਿਲਾਂ ਉਹ ਇਸ ਨੂੰ ਕੋਲ ਬਿਠਾ ਬਹੁਤ ਕੁਝ ਬੋਲਦੀ ਰਹੀ। ਹਾਲਾਂਕਿ ਉਸ ਤੋਂ ਬੋਲਿਆ ਨਹੀਂ ਜਾਂਦਾ ਸੀ ਤੇ ਉਸ ਦੀ ਆਵਾਜ਼ ਵੀ ਇੰਝ ਨਿਕਲਦੀ ਸੀ ਜਿਵੇਂ ਕਿਸੇ ਦਾ ਗਲ਼ ਘੁੱਟਿਆ ਹੋਵੇ। ਪਰ ਉਹ ਫਿਰ ਵੀ ਬੋਲਦੀ ਰਹੀ, “ਤੁਸੀਂ ਜੀ ਬਹੁਤ ਜ਼ੁਲਮ ਕੀਤੇ ਐ ਲੋਕਾਂ ਤੇ. . . ਇਹ ਸਾਰਾ ਉਹਨਾਂ ਕਰਮਾਂ ਦਾ ਫਲ ਈ ਐ ਜੋ ਆਪਾਂ ਭੁਗਤ ਰਹੇ ਆਂ. . . ਸਰਾਪ ਲੱਗ ਗਿਐ ਜੀ ਉਹਨਾਂ ਦੁਖੀ ਪਰਵਾਰਾਂ ਦਾ ਆਪਾਂ ਨੂੰ. . . ਥੋਡੀ ਲਿਆਂਦੀ ਪਾਪਾਂ ਦੀ ਕਮਾਈ ਦੇ ਅਸੀਂ ਵੀ ਹਿੱਸੇਦਾਰ ਰਹੇ ਆਂ. . . ਤਾਂ ਹੀ ਤਾਂ ਹੁਣ ਆਹ ਨਰਕਾਂ ਆਲੀ ਜੂਨ ਭੋਗ ਰਹੇ ਆਂ. . . ਤੇ ਇਹ ਸਰਾਪ ਆਪਣੇ ਤੋਂ ਸੱਤ ਜਨਮਾਂ ਤੱਕ ਨਹੀਂ ਲਹਿਣਾ ਮੀਤ ਦੇ ਬਾਪੂ . . . ”।

ਪਤਨੀ ਦੇ ਇਹ ਸ਼ਬਦ ਉਸ ਦੇ ਕਾਲਜੇ ਵਿਚ ਤੀਰਾਂ ਵਾਂਗੂ ਲੱਗੇ। ਉਸ ਦੀ ਮੌਤ ਤੋਂ ਬਾਅਦ ਉਹ ਕਾਫ਼ੀ ਟੁੱਟ ਗਿਆ। ਬਹੁਤ ਸ਼ਰਾਬ ਪੀਣ ਲੱਗ ਪਿਆ। ਭਾਵੇਂ ਉਹ ਪਹਿਲਾਂ ਵੀ ਸ਼ਰਾਬ ਰੋਜ਼ ਪੀਂਦਾ ਸੀ ਤੇ ਇਹ ਲਤ ਵੀ ਉਸ ਨੂੰ ਨੌਕਰੀ ਦੌਰਾਨ ਹੀ ਲੱਗੀ ਸੀ। ਇਕ ਦਿਨ ਥਾਣੇ ਵਿਚ ਇਸ ਤੋਂ ਵੱਡੇ ਅਫਸਰ ਨੇ, ਜਦੋਂ ਇਹ ਅਜੇ ਭਰਤੀ ਹੋਇਆ ਹੀ ਸੀ, ਇਕ ‘ਅੱਤਵਾਦੀ’ ਦੇ ‘ਪਿਛੋਂ ਦੀ’ ਬੀਅਰ ਦੀ ਬੋਤਲ ਸਾਰੀ ਧੱਕ ਦਿੱਤੀ, ਉਸ ਵਿਚਾਰੇ ਮੁੰਡੇ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗੀਆਂ ਤੇ ਜਦੋਂ ਬੋਤਲ ਬਾਹਰ ਖਿੱਚੀ ਤਾਂ ਨਾੜਾ ਤੇ ਮਾਸ ਦੇ ਲੋਥੜੇ ਜਹੇ ਵੀ ਬਾਹਰ ਆ ਗਏ। ਇਹ ਵੇਖ ਕੇ ਇਸ ਨੇ ਉਲਟੀਆਂ ਕਰਨੀਆਂ  ਸ਼ੁਰੂ ਕਰ ਦਿੱਤੀਆਂ। ਇਸ ਦੀ ਇਹ ਹਾਲਤ ਵੇਖ ਕੇ ਵੱਡਾ ਅਫਸਰ ਇਸ ਕੋਲ ਆ ਕੇ ਬੋਲਿਆ, “ਹਰਜੀਤ  ਸੀਂਗ . . . ਐਸੇ ਕੈਸੇ ਚਲੇਗਾ ਭਾਈ . . . ਤੁਮ ਤੋ ਦਿਲ ਕੇ ਬਹੁਤ ਕਮਜ਼ੋਰ ਹੋ . . . ਯੇ ਤੋ ਯਹਾਂ ਕਾ ਰੋਜ਼ ਕਾ ਕਾਮ ਹੈ . . . ਥੋੜੇ ਤਾਕਤਵਰ ਹੋ ਜਾਓ. . . ਤੁਮਹੇਂ ਭੀ ਤੋਂ ਯੇਹ ਡਿਊਟੀ ਨਿਭਾਣੀ ਹੈ।”

ਅਫਸਰ ਦੇ ਮੂੰਹ ’ਚੋਂ ਸ਼ਰਾਬ ਦੀ ਹਵਾੜ ਆ ਰਹੀ ਸੀ ਤੇ ਉਸ ਨੇ ਇਸ ਦੇ ਹੱਥ ਵਿਚ ਸ਼ਰਾਬ ਦਾ ਗਲਾਸ ਫੜਾ ਦਿੱਤਾ। ਨਾਂਹ ਨੁੱਕਰ ਜਹੀ ਕਰਦੇ ਨੇ ਇਸ ਨੇ ਮੂੰਹ ਨੂੰ ਲਾ ਲਿਆ।

“ਸਰ ਇਤਨਾ ਟਾਰਚਰ ਕਰਨਾ ਕਯਾ ਜ਼ਰੂਰੀ ਹੈ।” ਉਸ ਦੇ ਦਿਮਾਗ ਵਿਚ ਅਜੇ ਵੀ ਉਹੀ ਸਭ ਘੁੰਮ ਰਿਹਾ ਸੀ।

“ਹਰਜੀਤ ਸੀਂਗ . . . ਯੇ ਸਾਲੇ ਪੂਰੇ ਐਕਸਪਰਟ ਹੋਤੇ ਹੈਂ . . . ਜਲਦੀ ਨਹੀਂ ਮਾਨਤੇ . . . ਇਨ ਕੀ ਟਰੇਨਿੰਗ ਹੀ ਐਸੀ ਹੋਤੀ ਹੈ . . . ਔਰ ਹਮ ਤੋ ਦੇਸ਼ ਕੇ ਰਖਵਾਲੇ ਹੈਂ। ਦੇਸ਼ ਕੀ ਰਕਸ਼ਾ ਕੇ ਲੀਏ ਹੀ ਕਰਤੇ ਹੈਂ ਸਭ ਕੁਝ। ਤੁਮ ਫਿਕਰ ਮਤ ਕਰੋ . . . ਧੀਰੇ-ਧੀਰੇ ਤੁਮਹੇ ਭੀ ਆਦਤ ਪੜ ਜਾਏਗੀ।”

ਬਸ ਫੇਰ ਤਾਂ ਸ਼ਰਾਬ ਪੀਣੀ ਇਸ ਦਾ ਰੋਜ਼ ਦਾ ਕਿੱਸਾ ਹੋ ਗਿਆ। ਕਿਉਂ ਜੋ ਰੋਜ਼ ਕਿਸੇ ਮੁੰਡੇ ਨੂੰ ਕਸਾਈਆਂ ਵਾਂਗ ਕੋਹਣਾ ਹੁੰਦਾ ਸੀ, ਜੋ ਇਨਸਾਨ ਦੇ ਵੱਸ ਦੀ ਖੇਡ ਤਾਂ ਹੈ ਨਹੀਂ ਸੀ। ਸੋ ਸ਼ਰਾਬ ਨਾਲ ਰੱਜ ਕੇ ਇਹ ਹੈਵਾਨ ਬਣ ਜਾਂਦੇ ਸਨ ਤੇ ਥਾਣਾ ਨਰਕ। ਥਾਣੇ ਵਿਚ ਕੋਹੀ ਜਾਂਦੀ ਮਨੁੱਖਤਾ ਦੀਆਂ ਚੀਕਾਂ ਬਾਹਰ ਸੁਣ ਕੇ ਹੀ ਲੋਕਾਂ ਨੇ ਇਸ ਦੇ ਨਾਮ ਨਾਲ ‘ਬੁੱਚੜ’ ਲਾ ਦਿੱਤਾ ਸੀ। ਹਰਜੀਤ ਸਿੰਘ ਬੁੱਚੜ . . . ਉਸ ਨੂੰ ਆਪ ਨੂੰ ਵੀ ਨਹੀਂ ਪਤਾ ਸੀ ਕਿ ਇਹ ਸ਼ਬਦ ਉਸ ਦੇ ਨਾਮ ਨਾਲ ਕਦੋਂ ਜੁੜਿਆ। ਸ਼ਾਇਦ ਉਦੋਂ ਜਦੋਂ ਇਸ ਨੇ ਕਿਸੇ ਨਾਮਵਰ ਖਾੜਕੂ ਦੇ ਪਿਉ ਦੀਆਂ ਲੱਤਾਂ ਗਰਮ ਲੁੱਕ ਦੇ ਡਰੰਮ ਵਿਚ ਪਾ ਕੇ ਸਾੜ ਦਿੱਤੀਆਂ ਸਨ ਜਾਂ ਸ਼ਾਇਦ ਉਦੋਂ ਜਦੋਂ ਸੀ. ਆਈ. ਏ. ਸਟਾਫ ਵਿਚ ਇਕ ਮੁੰਡੇ ਦੇ ਟੋਕੇ ਨਾਲ ਛੋਟੇ-ਛੋਟੇ ਟੁਕੜੇ ਕਰ ਦਿੱਤੇ ਸਨ, ਜਾਂ ਫਿਰ ਉਦੋਂ ਜਦੋਂ ਇਕ ਰੂਪੋਸ਼ ਖਾੜਕੂ ਦੇ 4 ਮਹੀਨਿਆਂ ਦੇ ਭਤੀਜੇ ਨੂੰ, ਜਿਹੜਾ ਕਿ ਥਾਣੇ ਵਿਚ ਡਰੀ ਬੈਠੀ ਉਸ ਦੀ ਮਾਂ ਦੀ ਬੁੱਕਲ ਵਿਚ ਰੋ ਰਿਹਾ ਸੀ, ਚੁੱਕ ਕੇ ਥਾਣੇ ਦੀ ਕੰਧ ਨਾਲ ਮਾਰਿਆ ਸੀ ਤੇ ਉਹ ਸਦਾ ਲਈ ਚੁੱਪ ਕਰ ਗਿਆ ਸੀ। ਉਸ ਦੇ ਸਿਰ ਦੇ ਕਈ ਟੁਕੜੇ ਹੋ ਗਏ ਸਨ ਤੇ ਕੰਧ ’ਤੇ ਲੱਗੇ ਖੂਨ ਨੂੰ ਕੁਝ ਦੇਰ ਬਾਅਦ ਸਿਪਾਹੀਆਂ ਨੇ ਸਾਫ ਕਰ ਦਿੱਤਾ ਸੀ। ਬੱਚੇ ਦੀ ਲਾਸ਼ ਦੱਬਣ ਗਏ ਇਕ ਸਿਪਾਹੀ ਦੇ ਮੂੰਹ ਵਿਚੋਂ ਵੀ ਉਦੋਂ ਇਹ ਸ਼ਬਦ ਨਿਕਲਿਆ ਸੀ, “ਸਾਲਾ ਬੁੱਚੜ”। ਇਹੋ ਜਿਹੀਆਂ ਕਈ ਪ੍ਰਾਪਤੀਆਂ ਸਨ ਇਸ ਦੀਆਂ ਜਿਨ੍ਹਾਂ ਨੇ ਇਸ ਨੂੰ ਇਹ ਖਿਤਾਬ ਦਿਵਾਇਆ ਸੀ।

ਪਤਨੀ ਦੀ ਮੌਤ ਤੋਂ ਕੁਝ ਸਮਾਂ ਬਾਅਦ ਹੀ ਇਸ ਨੂੰ ਇਕ ਹੋਰ ਮਨਹੂਸ ਖਬਰ ਮਿਲੀ। ਕਿਸੇ ਨੇ ਘਰ ਆ ਕੇ ਦੱਸਿਆ ਕਿ ਇਸ ਦਾ ਮੁੰਡਾ ਮਨਜੀਤ, ਨਹਿਰ ਕੋਲੇ ਇਕ ਖੱਡ ਜਹੀ ਵਿਚ ਲਹੂ ਲੁਹਾਣ ਹੋਇਆ ਪਿਆ ਹੈ। ਇਸ ਦੇ ਹੱਥਾਂ ਦੇ ਭਾਂਡੇ ਛੁੱਟ ਗਏ। ਮੁੰਡੇ ਦੀਆਂ ਕਰਤੂਤਾਂ ਦੀਆਂ ਖਬਰਾਂ ਤਾਂ ਇਸ ਨੂੰ ਪਹਿਲਾਂ ਵੀ ਮਿਲਦੀਆਂ ਰਹਿੰਦੀਆਂ ਸਨ। ਕਈ ਵਾਰ ਲੋਕਾਂ ਨੇ ਉਸ ਦੇ ਉਲਾਂਭੇ ਇਸ ਨੂੰ ਦਿੱਤੇ ਸਨ। ਇਸ ਨੂੰ ਖੁਦ ਨੂੰ ਵੀ ਪਤਾ ਸੀ ਕਿ ਮੁੰਡੇ ਨੂੰ ਸਮੈਕ ਦੀ ਲਤ ਲੱਗ ਗਈ ਹੈ ਤੇ ਕਈ ਵਾਰ ਇਸ ਨੇ ਮੁੰਡੇ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਪਰ ਉਹ ਪੂਰੀ ਤਰ੍ਹਾਂ ਇਸ ਦੇ ਕਹਿਣੇ ਤੋਂ ਬਾਹਰ ਸੀ। ਅਸਲ ਵਿਚ ਅੰਨ੍ਹੇ ਲਾਡ ਪਿਆਰ ਤੇ ਬੇਥਾਹ ਪੈਸੇ ਨੇ ਮੁੰਡੇ ਦਾ ਨਾਸ ਪੱਟ ਦਿੱਤਾ ਸੀ।

ਨਹਿਰ ਵੱਲ ਨੂੰ ਭੱਜੇ ਜਾਂਦੇ ਦੇ ਇਸ ਦੇ ਦਿਮਾਗ ਵਿਚ ਕੁਝ ਆਵਾਜ਼ਾਂ ਗੂੰਜਣ ਲੱਗੀਆਂ, “ਹਰਜੀਤ ਸਿਹਾਂ ਪਾਪ ਦੀ ਕਮਾਈ ਕਦੇ ਰਾਸ ਨਹੀਂ ਆਉਂਦੀ ਹੁੰਦੀ . . . ਮਾਸੂਮਾਂ ਦਾ ਲਹੂ ਡੋਲ੍ਹ ਕੇ ਇਕੱਠੇ ਕੀਤੇ ਪੈਸੇ ਇਕ ਦਿਨ ਤੈਨੂੰ ਤਬਾਹ ਕਰ ਦੇਣਗੇ . . .।”

ਅਜੇ ਇਹ ਖੱਡ ਕੋਲ ਪਹੁੰਚੇ ਨਹੀਂ ਸਨ ਕਿ ਪੁਲ ਲਾਗਲੇ ਗੁਰਦੁਆਰੇ ਵਿਚੋਂ ਕੀਰਤਨ ਦੀ ਆਵਾਜ਼ ਸੁਣਾਈ ਦੇਣ ਲੱਗੀ,

“ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥”

ਖੱਡ ਕੋਲ ਪਹੁੰਚ ਕੇ ਇਸ ਦੀ ਧਾਹ ਨਿਕਲ ਗਈ। ਮੁੰਡਾ ਥਾਂ-ਥਾਂ ਤੋਂ ਵੱਢਿਆ ਪਿਆ ਸੀ। ਇਹ ਉੱਥੇ ਹੀ ਡਿੱਗ ਪਿਆ, ਇਸ ਦੇ ਦਿਮਾਗ ਵਿਚ ਕੋਈ ਦ੍ਰਿਸ਼ ਘੁੰਮਣ ਲੱਗਾ। ਅਸਲ ਵਿਚ ਇਹ ਉਹੀ ਥਾਂ ਸੀ ਜਿਥੇ ਕਦੇ ਇਸ ਨੇ ਇਕ ਖਾੜਕੂ ਨੂੰ ਨਾਲ ਲੱਗਦੇ ਅੰਬ ਦੇ ਦਰੱਖ਼ਤ ਨਾਲ ਬੰਨ੍ਹ ਕੇ ਮਾਰਿਆ ਸੀ। ਸਿਰਫ ਮਾਰਿਆ ਨਹੀਂ ਸੀ, ਕੋਹਿਆ ਸੀ, ਚੀਰਿਆ ਸੀ, ਵੱਢਿਆ ਸੀ। ਹਾਂ ਕਾਲਿਆਂਵਾਲੀ ਬੱਸ ਕਾਂਡ ਦਾ ਦੋਸ਼ੀ ਮੁੰਡਾ ਸੀ ਉਹ। ਇਸੇ ਥਾਂ ’ਤੇ ਇਸ ਨੇ ਉਸ ਮੁੰਡੇ ਦੇ ਪੱਟ ਚਿਰਵਾਏ ਸਨ ਤੇ ਵਿਚ ਲੂਣ, ਮਿਰਚਾਂ ਭਰੀਆਂ ਸਨ। ਮੁੰਡਾ ਦਰਦ ਨਾਲ ਕਰਾਹ ਵੀ ਰਿਹਾ ਸੀ ਤੇ ਇਸ ਨੂੰ ਲਲਕਾਰ ਵੀ ਰਿਹਾ ਸੀ। ਫੇਰ ਉਸ ਮੁੰਡੇ ਦੀਆਂ ਬਾਹਵਾਂ ਵੱਢੀਆਂ, ਅੱਖਾਂ ਕੱਢੀਆਂ ਤੇ ਅੰਤ ਪੇਟ ਚੀਰ ਦਿੱਤਾ . . . ਮੁੰਡੇ ਦੀ ਲਾਸ਼ ਕਈ ਟੁੱਕੜਿਆਂ ਵਿਚ ਖਿਲਰੀ ਪਈ ਸੀ। ਉਸ ਦੇ ਮਾਪਿਆਂ ਨੇ ਮੁੰਡੇ ਦੀ ਲਾਸ਼ ਮੰਗੀ, ਪਰ ਕਿਥੋਂ ਦਿੰਦੇ, ਕਿਵੇਂ ਦਿੰਦੇ, ਕਈ ਟੁਕੜੇ ਇਕੱਠੇ ਕਰਕੇ ਜੋੜਨੇ ਪੈਣੇ ਸਨ।

ਉਸ ਮੁੰਡੇ ਦੀ ਮਾਂ ਦੇ ਵੈਣ ਸਾਰੇ ਪਿੰਡ ਵਿਚ ਗੂੰਜ ਰਹੇ ਸਨ ਤੇ ਮਾਹੌਲ ਨੂੰ ਹੋਰ ਵੈਰਾਗਮਈ ਕਰ ਰਹੇ ਸਨ, “ਹਾਏ ਓ ਰੱਬਾ… ਮੇਰੇ ਪੁੱਤ ਦੀ ਲਾਸ਼ . . . ਹਾਏ ਮੇਰੇ ਪੁੱਤ ਦਾ ਜਾਂਦੀ ਵਾਰ ਦਾ ਮੂੰਹ ਹੀ ਵਿਖਾ ਦਿਓ ਜ਼ਾਲਮੋਂ . . . ਹਾਏ ਮੇਰਾ ਸਾਊ ਪੁੱਤ… ਓਹਨੇ ਕਦੇ ਗਾਂ ਦੇ ੜਿਟੀ ਨ੍ਹੀ ਮਾਰੀ . . . ਹਾਏ ਓਹਨੂੰ ਮਾਰਤਾ ਬੁੱਚੜਾਂ ਨੇ . . . ਹੈਂਅ ਥੋਡਾ ਕੱਖ ਨਾ ਰਹੇ ਪੁਲਸ ਆਲਿਓ… ਹੈਂਅ ਥੋਡੇ ਪੁੱਤ ਮਰ ਜਾਣ . . . ਹਾਏ ਰੱਬਾ।”

ਸੱਥਰ ’ਤੇ ਬੈਠੇ ਹੋਰ ਲੋਕ ਵੀ ਆਪਸ ਵਿਚ ਗੱਲਾਂ ਕਰ ਰਹੇ ਸਨ, “ਲਹੂ ਲੱਗ ਗਿਐ ਜੀ ਪੁਲਸ ਦੇ ਮੂੰਹ ਨੂੰ।”

“ਹੁਣ ਤਾਂ ਜੀ ਗੋਲੀ ਮਾਰਨ ਲੱਗੇ ਪਲ ਨੀ ਲਾਉਂਦੇ”
“ਕਹਿਰ ਐ ਬਾਈ ਕਹਿਰ . . . ਮਾਰ ਕੇ ਲਾਸ਼ਾਂ ਵੀ ਨੀ ਦਿੰਦੇ ਬੁੱਚੜ”
“ਕੋਈ ਨ੍ਹੀ ਬਾਈ ਰੱਬ ਵੇਂਹਦੈ ਸਭ ਕੁਛ . . . ਕੀਤੀਆਂ ਭਰਨੀਆਂ ਵੀ ਪੈਣਗੀਆਂ।”
ਡਿੱਗੇ ਪਏ ਨੂੰ ਏਹਨੂੰ ਕੁਝ ਲੋਕ ਉਠਾਉਂਦੇ ਨੇ। ਪਾਣੀ ਦੇ ਛਿੱਟੇ ਮਾਰਦੇ ਨੇ।
“ਹੈਂਅ . . . ਹੈਂਅ . . . ਕੀ ਹੋ ਗਿਆ” ਇਹ ਅੱਭੜਵਾਹਿਆਂ ਵਾਂਗ ਕਰਨ ਲੱਗਾ ।

ਜਦੋਂ ਮੁੜ ਪੁੱਤਰ ਦੀ ਲਾਸ਼ ਵੇਖੀ ਹੈ ਤਾਂ ਦੂਰੋ ‘ਪਾਲੀ ਕਮਲੇ’ ਦੀਆਂ ਆਵਾਜਾਂ ਸੁਣਾਈ ਦਿੱਤੀਆਂ । ਕਮਲਾ ਉੱਚੀ-ਉੱਚੀ ਗਾ ਰਿਹਾ ਸੀ,
“ਜੋ ਕੁਛ ਬੀਜ ਸਨ ਏਸ ਜਹਾਨ ਉੱਤੇ ਉਹੀ ਰੋਜ਼ ਕਿਆਮਤੇ ਲੈਣਗੇ ਨੀ

ਭਦਲੇ ਮਿਲਣਗੇ ਕਰਨੀਆਂ ਭਰਨੀਆਂ ਦੇ ਜਦੋਂ ਹਸ਼ਰ ਨੂੰ ਮਾਮਲੇ ਪੈਣਗੇ ਨੀ”

ਨਾਲ ਦੇ ਕੁਝ ਬੰਦੇ ਇਸ ਦੇ ਮੁੰਡੇ ਦੀ ਲਾਸ਼ ਚੁੱਕਦੇ ਹਨ, ਇਸ ਨੂੰ ਕੋਈ ਸੁਰਤ ਨਹੀਂ। ਮਾੜੀ ਮੋਟੀ ਪੁਲਿਸ ਕਾਰਵਾਈ ਤੋਂ ਬਾਅਦ ਮੁੰਡੇ ਦੀ ਲਾਸ਼ ਜਦੋਂ ਘਰ ਲਿਆਂਦੀ ਗਈ ਤਾਂ ਇਸ ਦੀ ਕੁੜੀ ਮਨਜੋਤ ਚੀਕ ਜਹੀ ਮਾਰ ਕੇ ਭੁੰਜੇ ਡਿੱਗ ਪਈ। ਕੁਝ ਬੁੜ੍ਹੀਆਂ ਨੇ ਉਸ ਨੂੰ ਹੋਸ਼ ਵਿਚ ਲਿਆਂਦਾ, ਪਰ ਕੁਝ ਚਿਰ ਬਾਅਦ ਉਹ ਫਿਰ ਬੇਹੋਸ਼ ਹੋ ਗਈ। ਜਦ ਮੁੰਡੇ ਦੀ ਲਾਸ਼ ਨੂੰ ਨਹਾਉਣ ਦੀ ਤਿਆਰੀ ਹੋਈ ਤਾਂ ਇਕ ਆਦਮੀ ਨੇ ਜਾ ਕੇ ਇਸ ਦੇ ਕੰਨ ਵਿਚ ਕਿਹਾ, “ਥਾਣੇਦਾਰ ਸਾਹਬ, ਮੁੰਡਾ ਨਹਾਉਣ ਦੀ ਹਾਲਤ ਵਿਚ ਨਹੀਂ, ਜੇ ਕਹੋਂ ਤਾਂ ਰਹਿਣ ਦੀਈਏ . . .”

“ਹੈਂਅ . . .  ਹੈਂਅ . . . ਕੀ” ਇਸ ਦੇ ਮੂੰਹੋਂ ਹੋਰ ਸ਼ਬਦ ਨਾ ਨਿਕਲੇ।

ਕੁਝ ਬੰਦੇ ਇਸ ਨੂੰ ਉਠਾ ਕੇ ਮੁੰਡੇ ਦੀ ਲਾਸ਼ ਕੋਲ ਲੈ ਕੇ ਗਏ। ਇਹ ਡੌਰ-ਭੌਰ ਜਿਹਾ ਹੋਇਆ ਮੁੰਡੇ ਦੀ ਖਿਲਰੀ ਪਈ ਲੋਥ ਵੱਲ ਵੇਖਣ ਲੱਗਾ ਤੇ ਫੇਰ ਇਕ ਦਮ ਬੋਲਣ ਲੱਗ ਪਿਆ, “ਹੈਂਅ . . . ਹੈਂਅ . . . ਸੇਮਾਂ . . . ਸੇਮਾਂ ਐ ਏਹ ਤਾਂ . . . ਹੈਂਅ . . ਇਹ ਏਥੇ ਕਿਵੇਂ ਆ ਗਿਆ . . . ਨਹੀਂ . . . ਨਹੀਂ . . . ਰਛਪਾਲ ਐ ਏਹ . . . ਏਹ ਤਾਂ ਮੈਂ ਮਾਰ ਦਿੱਤਾ ਸੀ . . . ਏਹ . . . ਨਹੀਂ . . . ਇਹ ਤਾਂ ਕੰਤਾ ਐ . . . ਕੁਲਵੰਤ . . . ‘ਜੰਟੇ’ ਦਾ ਭਰਾ . . . ਹੈਂਅ . . .।”

ਅਸਲ ਵਿਚ ਮੁੰਡੇ ਦੀ ਲਾਸ਼ ਵੇਖ ਕੇ ਇਸ ਦੀਆਂ ਅੱਖਾਂ ਮੂਹਰੇ ਪੁਰਾਣੇ ਦ੍ਰਿਸ਼ ਫੇਰ ਘੁੰਮਣ ਲੱਗ ਪਏ। ਥਾਣਿਆਂ ਵਿਚ ‘ਅੱਤਵਾਦੀ’ ਗਰਦਾਨ ਕੇ ‘ਮੁੰਡਿਆਂ’ ’ਤੇ ਕੀਤਾ ਗਿਆ ਟਾਰਚਰ ਤੇ ਮੁੰਡਿਆਂ ਦੀ ਤਰਸਯੋਗ ਹਾਲਤ ਇਸ ਦੀਆਂ ਅੱਖਾਂ ਮੂਹਰੇ ਆ ਗਈ। ਕਦੇ ਇਸ ਨੂੰ ਉਹ ਲਾਸ਼ ਜਗਰਾਓਂ ਨੇੜਲੇ ਪਿੰਡ ਦੇ ਮੁੰਡੇ ਸੇਮੇ ਦੀ ਲੱਗਣ ਲੱਗ ਪੈਂਦੀ ਸੀ, ਕਦੇ ਲੁਧਿਆਣੇ ਨੇੜਲੇ ਕਿਸੇ ਪਿੰਡ ਦੇ ਮੁੰਡੇ ਰਛਪਾਲ ਵਰਗੀ, ਜਿਸਦੇ ਇਨ੍ਹਾਂ ਨੇ ਪਲਾਸ ਨਾਲ ਦੰਦ ਖਿੱਚ ਦਿੱਤੇ ਸਨ ਤੇ ਲੱਤਾਂ ਹਥੌੜਿਆਂ ਨਾਲ ਕਈ ਥਾਵਾਂ ਤੋਂ ਤੋੜ ਦਿੱਤੀਆਂ ਸਨ।

ਕੁੜੀ ਦੀ ਤੇ ਇਸ ਦੀ ਇਹ ਹਾਲਤ ਵੇਖ ਕੇ ਕੁਝ ਸਿਆਣੇ ਬੰਦਿਆਂ ਨੇ ਛੇਤੀ ਨਾਲ ਬਿਨਾ ਨੁਹਾਏ ਮੁੰਡੇ ਦਾ ਸਸਕਾਰ ਕਰ ਦਿੱਤਾ

ਕੁੜੀ ਨੂੰ ਲਗਾਤਾਰ ਕਈ ਦਿਨਾਂ ਤੱਕ ਦੰਦਲਾਂ ਪੈਂਦੀਆਂ ਰਹੀਆਂ ਤੇ ਉਹ ਬੇਹੋਸ਼ ਹੁੰਦੀ ਰਹੀ। ਉਸ ਦੀ ਹਾਲਤ ਹੁਣ ਨੀਮ ਪਾਗਲਾਂ ਵਰਗੀ ਹੋ ਗਈ ਸੀ। ਮੁੰਡੇ ਦੇ ਭੋਗ ’ਤੇ ਬੈਠੇ ਲੋਕ ਆਪਸ ਵਿਚ ਹੌਲੀ-ਹੌਲੀ ਗੱਲਾਂ ਕਰ ਰਹੇ ਸਨ।

“ਓ ਨਾਜਰ ਸਿਆਂ, ਰੱਬ ਨਾ ਦੀ ਕੋਈ ਚੀਜ਼ ਵੀ ਹੈਗੀ, ਓਹਤੋਂ ਨੀ ਲੁਕਿਆ ਕੁਛ . . . ਕਰਨੀਆਂ-ਭਰਨੀਆਂ ਸੁਰਗ-ਨਰਕ ਸਭ ਏਥੇ ਈ ਐ ਬਈ . . .”।
“ਆਹੋ ਬਈ . . . ਬੰਦੇ ਦੇ ਸਾਰੇ ਚੰਗੇ-ਮਾੜੇ ਕੀਤੇ ਦਾ ਫਲ ਏਥੇ ਈ ਮਿਲ ਜਾਂਦੈ . . .।”
“ਓ ਏਹਨੇ ਕੰਜਰ ਨੇ ਆਪ ਕਿਹੜਾ ਘੱਟ ਕੀਤੀਆਂ ਸੀ ‘ਮੁੰਡਿਆਂ’ ਨਾਲ . . . ਥੋਨੂੰ ਯਾਦ ਐ ਗੰਗੇ ਆਲਾ ਬਿੰਦਰ ਸਹੁੰ… ਕਸਾਈਆਂ ਨੇ ਓਹਦਾ ਸਾਰਾ ਸਰੀਰ ਪਟਰੌਲ ਪਾ-ਪਾ ਕੇ ਅੱਗ ਲਾ-ਲਾ ਸਾੜਤਾ ਸੀ . . .”।
“ਓ ਇਕ ਬਿੰਦਰ . . . ਓਹਦੇ ਵਰਗੇ ਸੈਂਕੜੇ ਮੁੰਡੇ ਮਾਰੇ ਏਹਨਾਂ ਕਸਾਈਆਂ ਨੇ, ਐਵੇਂ ਨੀ ਏਹਦਾ ਨਾ ‘ਬੁੱਚੜ’ ਪਾਇਆ ਲੋਕਾਂ ਨੇ। . . . ਹੁਣ ਪਾਪ ਕੀਤੇ ਐ ਭਰਨੇ ਤਾਂ ਪੈਣਗੇ ਈ . . .।”

ਕੁਝ ਬੁੜ੍ਹੀਆਂ ਇਸ ਦੀ ਬੇਸੁਧ ਜਹੀ ਕੁੜੀ ਨੂੰ ਤੇ ਕੁਝ ਰਿਸ਼ਤੇਦਾਰ ਬੰਦੇ ਇਸ ਨੂੰ ਅੰਦਰ ਲੈ ਕੇ ਆਉਂਦੇ ਹਨ। ਜਦੋਂ ਇਹ ਅੰਦਰ ਵੜਦਾ ਹੈ ਤਾਂ ਬਾਬਾ ਜੀ ਉਦੋਂ ਤੁਕ ਪੜ੍ਹ ਰਹੇ ਸਨ

“ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥”

ਮੁੰਡੇ ਦੇ ਭੋਗ ਤੋਂ ਬਾਅਦ ਕੁੜੀ ਮਨਜੋਤ ਲੰਬਾ ਸਮਾਂ ਬਿਮਾਰ ਰਹੀ। ਡਾਕਟਰਾਂ ਨੇ ਦੱਸਿਆ ਕਿ ਕੁੜੀ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੀ ਹੈ ਤੇ ਇਸ ਨੂੰ ‘ਪਾਗਲਖਾਨੇ’ ਭੇਜ ਦੇਣਾ ਚਾਹੀਦਾ ਹੈ। ਪਰ ਇਹ ਕਹਿਣ ਲੱਗਾ, “ਮੈਂ ਫੂਕਣੈ ਐਨਾ ਪੈਸਾ… ਮੈਂ ਕੁੜੀ ਦਾ ਇਲਾਜ਼ ਚੰਗੇ ਤੋਂ ਚੰਗੇ ਡਾਕਟਰ ਤੋਂ ਕਰਾਉਂਗਾ, ਪਰ ਪਾਗਲਖਾਨੇ ਨ੍ਹੀ ਭੇਜਣਾ ਕੁੜੀ ਨੂੰ… ਨਾਲੇ ਇਕੱਲਾ ਘਰ ਮੈਨੂੰ ਖਾਣ ਨੂੰ ਆਉਗਾ…”

ਸੋ ਇਸ ਨੇ ਪਹਿਲਾਂ ਤਾਂ ਸ਼ਹਿਰ ਦੇ ਸਭ ਤੋਂ ਚੰਗੇ ਮੋਨੋਵਿਗਿਆਨੀ ਡਾਕਟਰ ਤੋਂ ਕੁੜੀ ਦਾ ਇਲਾਜ਼ ਕਰਵਾਉਣਾ ਸ਼ੁਰੂ ਕੀਤਾ ਤੇ ਪਿੱਛੋਂ ਲੁਧਿਆਣੇ ਤੇ ਚੰਡੀਗੜ੍ਹ ਤੱਕ ਦੇ ਡਾਕਟਰ ਗਾਹ ਮਾਰੇ, ਪਰ… ਕੁੜੀ ਦੀ ਬੀਮਾਰੀ ਦਵਾਈਆਂ ਨਾਲ ਠੀਕ ਹੋਣ ਵਾਲੀ ਨਹੀਂ ਸੀ। ਉਸ ਨੂੰ ਸਦਮੇਂ ਹੀ ਐਸੇ ਲੱਗੇ ਸਨ ਕਿ. . .

ਅਸਲ ਵਿਚ ਕੁੜੀ ਦੀ ਮਾਂ ਉਸ ਨੂੰ ਉਸ ਦੇ ਪਿਓ ਦੁਆਰਾ ਮਾਸੂਮ ਲੋਕਾਂ ’ਤੇ ਕੀਤੇ ਜ਼ੁਲਮਾਂ ਬਾਰੇ ਕਾਫੀ ਕੁਝ ਦੱਸਦੀ ਰਹੀ ਸੀ। ਉਹ ਕਈ ਵਾਰ, ਜਦੋਂ ਆਪਣੀ ਬਿਮਾਰੀ ਤੋਂ ਬਹੁਤ ਤੰਗ ਆ ਜਾਂਦੀ ਤਾਂ ਕੁੜੀ ਨੂੰ ਕਹਿੰਦੀ, “ਸਰਾਪ ਐ ਪੁੱਤ ਜੋਤ ਆਪਣੇ ਘਰ ਨੂੰ ਤਾਂ ਸਰਾਪ. . . ਮਾਸੂਮ ਜਿੰਦੜੀਆਂ ਦਾ ਸਰਾਪ… ਕੌਲਿਆਂ ਨਾਲ ਲੱਗੀਆਂ ਖੜ੍ਹੀਆਂ ਪੁੱਤਾਂ ਨੂੰ ਉਡੀਕਦੀਆਂ ਮਾਵਾਂ ਦਾ ਸਰਾਪ… ਵੀਰਾਂ ਦੇ ਗੁੱਟ ਉਡਕਿਦੀਆਂ ਭੈਣਾਂ ਦੀਆਂ ਰੱਖੜੀਆਂ ਦਾ ਸਰਾਪ… ਅਰਾਮ ਕਰਨ ਦੀ ਉਮਰੇ ਖੇਤਾਂ ਵਿਚ ਧੱਕੇ ਖਾ ਰਹੇ ਬਜ਼ੁਰਗਾਂ ਦਾ ਸਰਾਪ… ਇਹ ਘਰ ਸਰਾਪਿਆਂ ਗਿਐ ਪੁੱਤ… ਆਪਾਂ ਏਸ ਸਰਾਪ ਤੋਂ ਨਹੀਂ ਬਚ ਸਕਦੇ ਧੀਏ… ਕਿਸੇ ਇੱਕ ਬੰਦੇ ਦੇ ਦਿਲੋਂ ਨਿਕਲੀ ਹੂਕ ਤੇ ਬਦ ਦੁਆ ਵਸਦੇ ਘਰ ਤਬਾਹ ਕਰ ਦਿੰਦੀ ਐ ਤੇ ਆਪਾਂ ਨੂੰ ਤਾਂ ਤੇਰੇ ਪਿਓ ਦੇ ਜ਼ੁਲਮਾਂ ਦੇ ਸ਼ਿਕਾਰ ਪਤਾ ਨਈਂ ਕਿੰਨੇ ਪਰਵਾਰਾਂ ਦੀਆਂ ਬਦ ਦੁਆਵਾਂ ਲੱਗੀਐਂ… ਆਪਾਂ ਨ੍ਹੀ ਬਚ ਸਕਦੇ… ਆਪਣਾ ਘਰ ਤਾਂ ਤਬਾਹ ਹੋਊਗਾ…”

ਤੇ ਜਦੋਂ ਕੁੜੀ ਨੇ ਆਪਣੇ ਭਰਾ ਦੀ ਲਾਸ਼ ਵੇਖੀ ਸੀ ਤਾਂ ਉਸ ਦੇ ਦਿਮਾਗ ਵਿੱਚ ਮਾਂ ਦੀਆਂ ਇਹੀ ਸਾਰੀਆਂ ਗੱਲਾਂ ਘੁੰਮ ਗਈਆਂ ਸਨ, ਜਿਸ ਤੋਂ ਬਾਅਦ ਉਹ ਗਸ਼ ਖਾ ਬੇਸੁਰਤ ਹੋ ਕੇ ਡਿੱਗ ਪਈ ਸੀ ਤੇ ਮੁੜ ਕਦੀ ਵੀ ਸੁਰਤ ਵਿਚ ਨਹੀਂ ਆਈ।

ਕੁੜੀ ਦੀ ਬੀਮਾਰੀ ਠੀਕ ਹੋਣ ਦੀ ਬਜਾਏ ਵਧ ਗਈ ਸੀ। ਹੁਣ ਉਸ ਨੂੰ ਅਕਸਰ ਦੌਰੇ ਜਿਹੇ ਪੈਣ ਲੱਗੇ ਸਨ। ਜਿਆਦਾਤਰ ਤਾਂ ਉਹ ਕੁੜੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸਵਾਈ ਰੱਖਦਾ ਸੀ। ਪਰ ਜਦੋਂ ਕੁੜੀ ਨੂੰ ਦੌਰਾ ਪੈਂਦਾ ਤਾਂ ਉਸ ਦੀ ਹਾਲਤ ਵੇਖੀ ਨਹੀਂ ਸੀ ਜਾਂਦੀ। ਐਸੀ ਹਾਲਤ ਵਿਚ ਉਹ ਕਈ ਵਾਰ ਆਪਣੇ ਪਿਓ ਮੂਹਰੇ ਤੇ ਕਈ ਵਾਰ ਘਰੋਂ ਬਾਹਰ ਬੀਹੀ ਵਿੱਚ ਨਿਕਲ ਕੇ ਆਪਣੇ ਲੀੜੇ ਪਾੜ ਕੇ ਸੁੱਟ ਦਿੰਦੀ ਸੀ। ਕਈ ਵਾਰ ਇਹ ਕੁੜੀ ਨੂੰ ਅਜਿਹਾ ਕਰਨ ਕਰਕੇ ਕੁੱਟ ਵੀ ਦਿੰਦਾ। ਪਰ ਕੁੜੀ ਦਾ ਕਸੂਰ ਕੀ ਸੀ। ਉਸ ਨੂੰ ਤਾਂ ਜਵਾਂ ਸੁਰਤ ਨਹੀਂ ਸੀ।

ਇੱਕ ਦਿਨ ਇਹਨਾਂ ਦੇ ਕੁਝ ਗੁਆਂਢੀ ਆਪਸ ਵਿਚ ਗੱਲਾਂ ਕਰ ਰਹੇ ਸਨ, “ਵੇਖਲਾ ਬਈ ਹਰਪਾਲ, ਏਦੂ ਨਰਕ ਕਿਸੇ ਬੰਦੇ ਲਈ ਕੀ ਹੋਊ… ਜੀਹਦੀ ਜਵਾਨ ਧੀ ਓਹਦੇ ਮੂਹਰੇ ਲੀੜੇ ਲਾਹ ਸੁੱਟੇ…”

“ਓ ਭਰਾਵਾਂ ਕਹਿੰਦੇ ਹੁੰਦੇ ਆ ਨਾ ਬੀ ਰੱਬ ਦੀ ਡਾਂਗ ’ਵਾਜ ਨ੍ਹੀ ਕਰਦੀ… ਸ਼ੈਦ ਤੈਨੂੰ ਨ੍ਹੀ ਪਤਾ ਬੀ ਥਾਣੇ ’ਚ ‘ਮੁੰਡਿਆਂ’ ਦੀਆਂ ਮਾਵਾਂ ਭੈਣਾ ਨਾਲ ਇਹ ਕੀ ਸਲੂਕ ਕਰਦੇ ਰਹੇ ਐ। ਕਹਿੰਦੇ ਐ ਬੀ ਬੱਬਰਾਂ ਦੇ ਇੱਕ ਚੋਟੀ ਦੇ ਖਾੜਕੂ ਦੀ ਘਰਆਲੀ ਨੂੰ ਏਹਨੇ ਕਈ ਦਿਨ ਬਿਨਾ ਕੱਪੜਿਆਂ ਤੋਂ ਥਾਣੇ ’ਚ ਪੁੱਠੀ ਲਮਕਾਈ ਰੱਖਿਆ ਸੀ। ਕਈ ਮੁੰਡਿਆਂ ਦੇ ਸਾਹਮਣੇ ਉਹਨਾਂ ਦੀਆਂ ਧੀਆਂ ਭੈਣਾ ਨੂੰ ਨੰਗੀਆਂ ਕਰਕੇ ਕਈ-ਕਈ ਦਿਨ ਬਿਠਾਈ ਰੱਖਦੇ ਸਨ, ਮਾਨਸਿਕ ਤਸ਼ੱਦਦ ਲਈ… ਤੂੰ ਸੋਚ ਲਾ ਬੀ ਉਹਨਾਂ ਵਿਚਾਰਿਆਂ ’ਤੇ ਕੀ ਬੀਤਦੀ ਹੋਊ… ਤੇ ਹੁਣ ਜੋ ਕੀਤੀਐ ਉਹ ਭਰਨੀਆਂ ਤਾਂ ਪੈਣਗੀਆਂ ਨਾ…”

ਗੁਆਂਢੀਆਂ ਦੀਆਂ ਇਹ ਗੱਲਾਂ ਇਸ ਨੂੰ ਵੀ ਸੁਣ ਗਈਆਂ। ਇਹ ਬੜੀ ਕਾਹਲੀ ਨਾਲ ਰਸੋਈ ਵਿੱਚ ਗਿਆ ਤੇ ਸ਼ਰਾਬ ਦੀ ਬੋਤਲ ਚੁੱਕ ਕੇ ਮੂੰਹ ਨੂੰ ਲਾ ਲਈ।

ਇੱਕ ਦਿਨ ਜਦੋਂ ਇਹ ਵਿਹੜੇ ਵਿਚੋਂ ਕੁੜੀ ਦੁਆਰਾ ਪਾੜ ਕੇ ਸੁੱਟੇ ਉਸਦੇ ਲੀੜੇ ਚੁੱਕ ਰਿਹਾ ਸੀ ਤਾਂ ਇੱਕਦਮ ਇਸ ਨੇ ਚੀਕ ਮਾਰੀ ਤੇ ਲੀੜੇ ਉੱਥੇ ਸੁੱਟ ਕੇ ਬਾਹਰ ਨੂੰ ਭੱਜ ਗਿਆ। ਜਿਵੇਂ ਕਿਸੇ ਨੂੰ ਜਦੋਂ ਬਹੁਤ ਘਬਰਾਹਟ ਜਹੀ ਚੜ੍ਹ ਜਾਵੇ ਤੇ ਉਹ ਭੱਜਣ ਲੱਗਦਾ ਹੈ। ਇਸ ਨਾਲ ਵੀ ਉਵੇਂ ਹੀ ਵਾਪਰਿਆ। ਅਸਲ ਵਿਚ ਇਸ ਨੂੰ ਜਗਰਾਵਾਂ ਥਾਣੇ ਦੀ ਇੱਕ ਘਟਨਾਂ ਚੇਤੇ ਆ ਗਈ ਸੀ।

ਕਾਉਂਕੇ ਪਿੰਡ ਦੇ ਇੱਕ ਖਾੜਕੂ ਦੀ ਭੈਣ ਤੇ ਪਿਉ ਨੂੰ ਇਹਨਾਂ ਨੇ ਕਈ ਦਿਨਾਂ ਤੋਂ ਥਾਣੇ ਬਿਠਾਇਆ ਹੋਇਆ ਸੀ। ਕੁੜੀ ਵਿਚਾਰੀ ਕਈ ਦਿਨਾਂ ਤੋਂ ਪਿਉ ਦੇ ਮੂਹਰੇ ਬਿਨਾਂ ਕੱਪੜਿਆਂ ਤੋਂ ਬਹਾਈ ਹੋਈ ਸੀ। ਇੱਕ ਦਿਨ ਇਸ ਨੇ ਉਸ ਕੁੜੀ ਦੇ ਪਿਉ ਦੀ ਪੁੜਪੁੜੀ ’ਤੇ ਪਿਸਤੌਲ ਲਾ ਕੇ ਕੁੜੀ ਨੂੰ ਕਿਹਾ, “ਚੱਲ ਖੜ੍ਹੀ ਹੋ… ਜਵਾਂ ਸਿੱਧੀ”

ਉਹ ਕੁੜੀ ਵਿਚਾਰੀ ਕੁਰਲਾ ਰਹੀ ਸੀ ਤੇ ਉਵੇਂ ਹੀ ਬੈਠੀ ਰਹੀ। ਇਸ ਨੇ ਇੱਕ ਫਾਇਰ ਉਸ ਦੇ ਪਿਉ ਦੇ ਸਿਰ ਉੱਤੋਂ ਦੀ ਕੱਢ ਦਿੱਤਾ। ਕੁੜੀ ਚੀਕ ਮਾਰ ਕੇ ਖੜ੍ਹੀ ਹੋ ਗਈ। ਫੇਰ ਇਸ ਨੇ ਕਮੀਨਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਕੁੜੀ ਨੂੰ ਕਿਹਾ, “ਜੇ ਆਵਦੇ ਪਿਓ ਦੀ ਸਲਾਮਤੀ ਚਾਹੁੰਦੀ ਐਂ ਤਾਂ ਚੱਲ ਨੱਚ ਕੇ ਵਿਖਾ… ਗਿੱਧਾ ਪਾ ਕੇ ਵਿਖਾ ਸਾਰਿਆਂ ਨੂੰ. . . ”

ਤੇ ਉਹ ਕੁੜੀ ਵਿਚਾਰੀ. . .

ਤੇ ਅੱਜ ਜਦੋਂ ਇਹ ਆਪਣੀ ਕੁੜੀ ਦੇ ਲੀੜੇ ਵਿਹੜੇ ਵਿਚੋਂ ਚੁੱਕ ਰਿਹਾ ਸੀ ਤਾਂ ਇਹੀ ਭਿਆਨਕ ਘਟਨਾਂ ਇਸ ਨਾਲ ਵਾਪਰ ਗਈ। ਇਸ ਦੀ ਕੁੜੀ ਅਲਫ ਨੰਗੀ ਹਾਲਤ ਵਿੱਚ ਨੱਚਦੀ-ਨੱਚਦੀ ਕਮਰੇ ਤੋਂ ਬਾਹਰ ਆ ਗਈ, ਇੱਕਦਮ ਇਸ ਨੂੰ ਇੰਝ ਲੱਗਿਆ ਜਿਵੇਂ ਕਿਸੇ ਨੇ ਸਿਰ ਵਿਚ ਮਣਾ ਮੂੰਹੀਂ ਭਾਰਾ ਪੱਥਰ ਮਾਰਿਆ ਹੋਵੇ ਤੇ ਇਸ ਦੇ ਸਿਰ ਦੇ ਟੁਕੜੇ-ਟੁਕੜੇ ਹੋ ਗਏ ਹੋਣ… ਤੇ ਬਿਨਾਂ ਕੁੜੀ ਵੱਲ ਵੇਖੇ ਇਹ ਬਾਹਰ ਨੂੰ ਭੱਜ ਲਿਆ। ਪਰ ਕੁੜੀ ਉਵੇਂ ਹੀ ਬੇ-ਢਬੇ ਜਹੇ ਢੰਗ ਨਾਲ ਨੱਚਦੀ ਰਹੀ।

ਆਖਰਕਾਰ ਕੁੜੀ ਦੀ ਹਾਲਤ ਏਨੀ ਮਾੜੀ ਹੋ ਜਾਣ ਕਰਕੇ ਉਸ ਨੂੰ ਪਾਗਲਖਾਨੇ ਭੇਜਣਾ ਹੀ ਪਿਆ।

———-

ਤੇ ਅੱਜ ਇਸ ਨੂੰ ਮੰਜੇ ’ਤੇ ਪਏ ਨੂੰ ਸੁਪਨਾ ਆਇਆ ਕਿ ਇਹਨਾਂ ਦੁਆਰਾ ਮਾਰ ਕੇ ਅਣਪਛਾਤੇ ਕਹਿ ਸਾੜੇ ਗਏ ਸਾਰੇ ਮੁੰਡੇ ਸਿਵਿਆਂ ਵਿਚੋਂ ਉੱਠ ਖੜੋਤੇ ਤੇ ਉਹਨਾਂ ਦੇ ਨਾਲ ਦਰਿਆਵਾਂ ਨਹਿਰਾਂ ਵਿਚੋਂ ਨਿਕਲ ਕੇ ਕਈ ਹੋਰ ਮੁੁੰਡੇ ਰਲ ਗਏ ਤੇ ਉਹ ਉੱਚੀ-ਉੱਚੀ ਆਪਣੇ ਨਾਮ ਬੋਲ ਰਹੇ ਹਨ। ਜਿਵੇਂ-ਜਿਵੇਂ ਉਹ ਆਪਣੇ ਨਾਮ ਲੈਂਦੇ ਹਨ ਉਵੇਂ-ਉਵੇਂ ਇਸ ਨੂੰ ਆਪਣੇ ਸੀਨੇ ਵਿੱਚ ਗੋਲੀਆਂ ਵੱਜਦੀਆਂ ਪ੍ਰਤੀਤ ਹੁੰਦੀਆਂ ਸਨ ਤੇ ਇਹ ਚੀਕ ਜਹੀ ਮਾਰ ਕੇ ਉੱਠ ਖੜੋਤਾ ਸੀ. . .

“ਹਾਏ ਛੱਡ ਦਿਓ ਮੈਨੂੰ… ਮੈਨੂੰ ਨਾ ਮਾਰੋ… ਹਾਏ ਉੱਪਰੋਂ ਆਡਰ ਸਨ… ਮੈਂ ਕੁਝ ਨਹੀਂ ਕੀਤਾ…”

ਪਾਣੀ ਪੀ ਕੇ ਜਦੋਂ ਇਹ ਆਪਣੇ ਮੰਜੇ ’ਤੇ ਆਣ ਬੈਠਾ ਤਾਂ ਗੁਰਦੁਆਰੇ ਦਾ ਸਪੀਕਰ ਖੜਕ ਰਿਹਾ ਸੀ।

“ਸ਼ੈਂਤ ਚਾਰ ਵੱਜ ਗਏ ਐ” ਇਸ ਨੇ ਮਨ ਵਿਚ ਸੋਚਿਆ।

ਭਾਈ ਜੀ ਨੇ ਫਤਹਿ ਬੁਲਾ ਕੇ ਸ਼ਬਦ ਪੜਣਾ ਸ਼ੁਰੂ ਕੀਤਾ,

“ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥
ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥”

ਇਹ ਮੰਜੇ ’ਤੇ ਬੈਠਾ ਆਪਣੀ ਪਤਨੀ ਦੀ ਕਹੀ ਗੱਲ ਚੇਤੇ ਕਰ ਰਿਹਾ ਸੀ,

“ਇਹ ਸਰਾਪ ਆਪਣੇ ਤੋਂ ਸੱਤ ਜਨਮਾਂ ਤੱਕ ਨਈ ਲਹਿਣਾ ਮੀਤ ਦੇ ਬਾਪੂ”

“. . . ਤੇ ਕੀ ਇਹ ਸਰਾਪ ਸੱਤ ਜਨਮਾਂ ਤੋਂ ਬਾਅਦ ਮੇਰਾ ਪਿੱਛਾ ਛੱਡ ਦੇਵੇਗਾ. . .” ਇਹ ਬੈਠਾ ਮਨ ਵਿਚ ਸੋਚ ਰਿਹਾ ਸੀ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>