ਗੁਰੂ ਨੂੰ ਸਮਰਪਿਤ ਗੁਰਸਿੱਖਾਂ ’ਤੇ ਸਤਿਗੁਰੂ ਹਮੇਸ਼ਾਂ ਬਖਸ਼ਿਸ਼ਾਂ ਕਰਦੇ ਹਨ-ਸਿੰਘ ਸਾਹਿਬ

ਅੰਮ੍ਰਿਤਸਰ 20 ਜਨਵਰੀ:-ਬਾਣੀ ਤੇ ਬਾਣੇ ’ਚ ਪ੍ਰਪੱਕ ਰਹਿੰਦਿਆਂ ਕਿਸੇ ਵੀ ਖੇਤਰ ’ਚ ਫਖ਼ਰਯੋਗ ਪ੍ਰਾਪਤੀਆਂ ਬਦਲੇ ਇਨਸਾਨ ਨੂੰ ਉਚਪਾਏ ਦਾ ਸਨਮਾਨ ਮਿਲਣਾ ਵੀ ਇਕ ਅਹਿਮ ਪ੍ਰਾਪਤੀ ਹੈ। ਡਾ: ਜਗਤਾਰ ਸਿੰਘ (ਭੱਟੀ) ਵਲੋਂ ‘ਵਾਤਾਵਰਨ ਦੇ ਬਦਲਦੇ ਪ੍ਰਭਾਵ’ ਵਿਸ਼ੇ ’ਤੇ ਕਨੇਡਾ ਸਰਕਾਰ ‘ਨੋਬਲ ਪੀਸ ਪ੍ਰਾਈਜ਼’ ਵਰਗਾ ਅਹਿਮ ਪ੍ਰਾਈਜ਼ ਪ੍ਰਾਪਤ ਕੀਤੇ ਜਾਣ ’ਤੇ ਸਿੱਖ ਕੌਮ ਤੇ ਦੇਸ਼ ਦਾ ਨਾਮ ਉੱਚਾ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੇ ਗੁਰਸਿੱਖ ਦਾ ਸਨਮਾਨ ਕਰਕੇ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਡਾ: ਜਗਤਾਰ ਸਿੰਘ (ਭੱਟੀ) ਨੂੰ ਸਨਮਾਨਤ ਕੀਤੇ ਜਾਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਆਯੋਜਿਤ ਇਕ ਪ੍ਰਭਾਵਸ਼ਾਲੀ ਸਮਾਗਮ ਸਮੇਂ ਜੁੜੀਆਂ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਅਜਿਹੇ ਗੁਰਸਿੱਖ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ ਅਜੋਕੀ ਨੌਜਵਾਨ ਪੀੜੀ ਲਈ ਪ੍ਰੇਰਨਾ ਦਾਇਕ ਹੋਵੇਗਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਬਾਣੀ ਤੇ ਬਾਣੇ ’ਚ ਪ੍ਰਪੱਕ ਤੇ ਗੁਰੂ ਨੂੰ ਸਮਰਪਿਤ ਗੁਰਸਿੱਖ ਡਾ: ਜਗਤਾਰ ਸਿੰਘ (ਭੱਟੀ) ਵਲੋਂ ਸਾਇੰਸ ਦੇ ਖੇਤਰ ’ਚ ਅਹਿਮ ਯੋਗਦਾਨ ਬਦਲੇ ਮਿਲੇ ਮਹਾਨ ਪ੍ਰਾਈਜ਼ ਦੇ ਮਾਣ ਵਜੋਂ ਸਨਮਾਨਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਅਜੋਕਾ ਨੌਜਵਾਨ ਵਰਗ ਪਤਿਤਪੁਣਾ, ਨਸ਼ਿਆਂ ਦੀ ਵਰਤੋਂ ਤੇ ਹੋਰ ਕਈ ਸਮਾਜਿਕ ਕੁਰੀਤੀਆਂ ’ਚ ਗਲਤਾਨ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਕੁਰੀਤੀਆਂ ਨੂੰ ਦੂਰ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ।ਵੱਡੇ ਪੱਧਰ ਤੇ ਪ੍ਰਚਾਰ ਮੁਹਿੰਮ ਦੇ ਨਾਲ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀ ਤੀਕ ਦੀ ਸਥਾਪਨਾ ਕੀਤੇ ਜਾਣ ਵਰਗੀਆਂ ਪੁਲਾਂਘਾਂ ਪੁਟੀਆਂ ਹਨ ਅਤੇ ਵੱਡੀ ਗਿਣਤੀ ’ਚ ਨੌਜਵਾਨ ਆਪਣੇ ਸਿੱਖ ਵਿਰਸੇ ਵੱਲ ਵਾਪਸ ਮੁੜੇ ਹਨ। ਉਨ੍ਹਾਂ ਕਿਹਾ ਕਿ ਡਾ: ਜਗਤਾਰ ਸਿੰਘ ਵਰਗੇ ਗੁਰਸਿੱਖ ਦਾ ਸਨਮਾਨ ਵੀ ਅਜਿਹੇ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਡਾ: ਜਗਤਾਰ ਸਿੰਘ (ਭੱਟੀ) ਵਲੋਂ ਕਨੇਡਾ ਵਿਖੇ ‘ਵਾਤਾਵਰਨ ਦੇ ਬਦਲਦੇ ਪ੍ਰਭਾਵ’ ਵਿਸ਼ੇ ’ਤੇ ਆਪਣੀ ਟੀਮ ‘ਇੰਟਰ ਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ਼’ ਨਾਲ ਕੀਤੀ ਖੋਜ ’ਚ ਮਿਲੀ ਸਫਲਤਾ ਉਨ੍ਹਾਂ ਵਲੋਂ ਗੁਰੂ ਨੂੰ ਸਮਰਪਣ ਤੇ ਸਿੱਖੀ ਸਿਦਕ ਦਾ ਹੀ ਫਲ ਹੈ। ਉਨ੍ਹਾਂ ਦੀ ਅਜਿਹੀ ਪ੍ਰਾਪਤੀ ਨਾਲ ਸਿੱਖ ਕੌਮ ਤੇ ਦੇਸ਼ ਦਾ ਨਾਮ ਉੱਚਾ ਹੋਇਆ ਹੈ ਅਤੇ ਅਜਿਹੇ ਗੁਰਸਿੱਖ ਦਾ ਅੱਜ ਸਨਮਾਨ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਣ ਤੇ ਫਖਰ ਮਹਿਸੂਸ ਕਰਦੀ ਹੈ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਡਾ: ਜਗਤਾਰ ਸਿੰਘ ਨੂੰ ਸਿਰੋਪਾਓ, ਇੱਕ ਲੱਖ ਰੁਪਏ ਦਾ ਡਰਾਫਟ, ਸਿਰੀ ਸਾਹਿਬ ਤੇ ਚਾਂਦੀ ਦੀ ਤਸਤਰੀ ਨਾਲ ਸਨਮਾਨਤ ਕੀਤਾ। ਇਸ ਮੌਕੇ ਡਾ: ਜਗਤਾਰ ਸਿੰਘ ਦੀ ਮਾਤਾ ਬੀਬੀ ਹਰਬੰਸ ਕੌਰ ਨੂੰ ਵੀ ਸਨਮਾਨਤ ਕੀਤਾ ਗਿਆ।

ਇਸ ਮੌਕੇ ਡਾ: ਜਗਤਾਰ ਸਿੰਘ ਨੇ ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਸੰਗਤਾਂ ਤੇ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਹੀ ਹੈ। ਡਾ: ਜਗਤਾਰ ਸਿੰਘ ਨੇ ਸਨਮਾਨ ਸਮੇਂ ਸ਼੍ਰੋਮਣੀ ਕਮੇਟੀ ਵਲੋਂ ਮਿਲੇ ਇਕ ਲੱਖ ਰੁਪਏ ਦਾ ਡਰਾਫਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਧਰਮ ਪ੍ਰਚਾਰ ਦੇ ਕਾਰਜਾਂ ਲਈ ਆਪਣੇ ਵਲੋਂ ਭੇਟ ਕਰ ਦਿੱਤਾ। ਮੰਚ ਦਾ ਸੰਚਾਲਨ ਸਕੱਤਰ ਸ. ਦਲਮੇਘ ਸਿੰਘ ਖਟੜਾ ਨੇ ਕੀਤਾ।

ਡਾ: ਜਗਤਾਰ ਸਿੰਘ ਇਸ ਸਮੇਂ ਐਡਮਟਨ, ਅਲਬਰਟਾ (ਕੈਨੇਡਾ) ਵਿਚ ਬਤੌਰ ਰਿਸਰਚ ਸਾਇੰਟਿਸਟ ਅਤੇ ਪ੍ਰੋਜੈਕਟ ਲੀਡਰ, ਨੈਚੂਰਲ ਰਿਸੋਰਸਜ਼ ਕੈਨੇਡਾ ਤੇ ਕੈਨੇਡੀਅਨ ਫਾਰੈਸਟ ਸਰਵਿਸ, ਨਾਰਦਰਨ ਫਾਰੈਸਟਰੀ ਸੈਂਟਰ ਵਿਖੇ ਸੇਵਾ ਕਰ ਰਹੇ ਹਨ। ਜਲੰਧਰ ਜ਼ਿਲ੍ਹੇ ਦੇ ਜਮਪਲ ਡਾ: ਜਗਤਾਰ ਸਿੰਘ ਮੈਟ੍ਰਿਕ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਐਮ.ਐਸ.ਸੀ. ਪਾਸ ਕੀਤੀ ਅਤੇ 1985 ’ਚ ਕੈਨੇਡਾ ਚਲੇ ਗਏ। ਫਲੋਰਿਡਾ ਯੂਨੀਵਰਸਿਟੀ ਤੋਂ ‘ਸਾਇਲ ਐਂਡ ਵਾਟਰ ਸਾਇੰਸ’ ਵਿਸ਼ੇ ’ਤੇ ਪੀ.ਐਚ.ਡੀ. ਕੀਤੀ। ਪੜ੍ਹਾਈ ਦੇ ਅਣਥੱਕ ਸਫਰ ਦੌਰਾਨ ਉਨ੍ਹਾਂ ਨੇ 70 ਸਾਇੰਸ ਪੇਪਰ ਛਪਵਾਏ ਅਤੇ ਵੱਖ-ਵੱਖ ਕਾਨਫਰੰਸਾਂ ਵਿਚ 100 ਤੋਂ ਵੱਧ ਪੇਪਰ ਪੜ੍ਹੇ।

ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਮੈਂਬਰਾਨ ਸ਼੍ਰੋਮਣੀ ਕਮੇਟੀ ਸ. ਉਂਕਾਰ ਸਿੰਘ ਸ਼ਰੀਫਪੁਰਾ, ਸ. ਸੁਖਵੰਤ ਸਿੰਘ ਮਮਦੋਟ, ਸ. ਦਾਰਾ ਸਿੰਘ ਜ਼ੀਰਾ, ਸ. ਬਲਦੇਵ ਸਿੰਘ ਕਿਆਮਪੁਰ, ਸ. ਬਲਜੀਤ ਸਿੰਘ ਜਲਾਲਾ ਉਸਮਾ,  ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਨ ਸ. ਭਰਪੂਰ ਸਿੰਘ ਖਾਲਸਾ ਤੇ ਸ. ਹਰਦਲਬੀਰ ਸਿੰਘ ਸ਼ਾਹ, ਪ੍ਰੋ. ਮਹਿਲ ਸਿੰਘ, ਸ. ਦਲਜੀਤ ਸਿੰਘ (ਭੱਟੀ), ਸ. ਪ੍ਰਮਜੀਤ ਸਿੰਘ ਸਿਧਵਾ, ਡਾ: ਅਨੋਖ ਸਿੰਘ, ਸਕੱਤਰ ਸ. ਦਲਮੇਘ ਸਿੰਘ, ਸ. ਜੋਗਿੰਦਰ ਸਿੰਘ, ਸ. ਵਰਿਆਮ ਸਿੰਘ ਤੇ ਸ. ਰਣਵੀਰ ਸਿੰਘ, ਐਡੀ: ਸਕੱਤਰ ਸ. ਸਤਬੀਰ ਸਿੰਘ, ਸ. ਰੂਪ ਸਿੰਘ, ਸ. ਹਰਜੀਤ ਸਿੰਘ ਤੇ ਸ. ਮੇਜਰ ਸਿੰਘ ਰਟੌਲ, ਮੀਤ ਸਕੱਤਰ ਸ. ਮਨਜੀਤ ਸਿੰਘ, ਸ. ਹਰਭਜਨ ਸਿੰਘ ਮਨਾਵਾਂ, ਸ. ਉਂਕਾਰ ਸਿੰਘ, ਸ. ਅੰਗਰੇਜ਼ ਸਿੰਘ ਤੇ ਸ. ਗੁਰਬਚਨ ਸਿੰਘ, ਸ. ਸੁਖਦੇਵ ਸਿੰਘ ਬਾਠ(ਯੂ.ਐਸ.ਏ.) ਤੇ ਡਾ: ਅਮਰਜੀਤ ਕੌਰ, ਇੰਚਾਰਜ ਸ. ਕਸ਼ਮੀਰ ਸਿੰਘ ਪੱਟੀ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਮੈਨੇਜਰ ਸ. ਹਰਭਜਨ ਸਿੰਘ, ਸਰਾਵਾਂ ਦੇ ਮੈਨੇਜਰ ਸ. ਕੁਲਦੀਪ ਸਿੰਘ ਬਾਵਾ, ਐਡੀੰ ਮੈਨੇਜਰ ਸ. ਬਲਵਿੰਦਰ ਸਿੰਘ (ਭਿੰਡਰ), ਸ. ਸੁਖਦੇਵ ਸਿੰਘ ਤਲਵੰਡੀ ਤੇ ਸ. ਬਲਬੀਰ ਸਿੰਘ, ਮੀਤ ਮੈਨੇਜਰ ਸ. ਮੰਗਲ ਸਿੰਘ (ਸੋਹਲ) ਤੇ ਸ. ਸੁਖਰਾਜ ਸਿੰਘ, ਸ. ਗੁਰਮੇਲ ਸਿੰਘ ਆਦਿ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਦਰਬਾਰ ਸਾਹਿਬ ਦਾ ਸਮੁੱਚਾ ਸਟਾਫ ਤੇ ਵੱਡੀ ਗਿਣਤੀ ’ਚ ਸੰਗਤਾਂ ਮੌਜੂਦ ਸਨ। ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ, ਡਾ: ਜਗਤਾਰ ਸਿੰਘ (ਭੱਟੀ) ਨੇ ਖੁਦ ਵੀ ਕੀਰਤਨ ਦੀ ਹਾਜ਼ਰੀ ਭਰੀ। ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਵੇਲ ਸਿੰਘ ਨੇ ਕੀਤੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>