ਗੁਰਦਵਾਰਾ ਪ੍ਰਬੰਧਾਂ ਨੂੰ ਲੈ ਕੇ ਵਾਪਰਦੀਆਂ ਮੰਦਭਾਗੀਆਂ ਘਟਨਾਵਾਂ

ਪ੍ਰਧਾਨਗੀਆਂ ਜਾਂ ਅਹੁਦੇਦਾਰੀਆਂ ਦੀ ਦੌੜ ਲਈ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਕਿਸੇ ਵੀ ਮੰਦਭਾਗੀ ਘਟਨਾ ਨਾਲ ਸਮੁੱਚੇ ਸਿੱਖ ਭਾਈਚਾਰੇ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਕੁਝ ਅਜਿਹੀ ਹੀ ਘਟਨਾ ਗੁਰਦੁਆਰਾ ਸਾਹਿਬ, ਟੇਰਾ ਬਿਊਨਾ, ਯੂਬਾ ਸਿਟੀ ਵਿਖੇ ਵਾਪਰੀ। ਇਸ ਪਿਛੇ ਕਾਰਨ ਕੁਝ ਵੀ ਰਹੇ ਹੋਣ ਇਸਦੀ ਨਿਖੇਧੀ ਕਰਨੀ ਸਮੁੱਚੇ ਸਿੱਖ ਭਾਈਚਾਰੇ ਦਾ ਫ਼ਰਜ਼ ਬਣਦਾ ਹੈ। ਕਿਉਂਕਿ ਗੁਰਦੁਆਰਾ ਸਾਹਿਬ ਵਿਚ ਵਾਪਰੀ ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਸਿਰਫ਼ ਕਿਸੇ ਇਕ ਆਦਮੀ, ਧਿਰ, ਧੜੇ ਜਾਂ ਗਰੁੱਪ ਦੀ ਬੇਇੱਜ਼ਤੀ ਨਹੀਂ ਹੁੰਦੀ ਸਗੋਂ ਸਮੁੱਚੇ ਸਿੱਖ ਭਾਈਚਾਰੇ ਉਪਰ ਇਸਦਾ ਗਲਤ ਅਸਰ ਪੈਂਦਾ ਹੈ।
ਪਰਦੇਸਾਂ ਵਿਚ ਜਿਥੇ ਅਸੀਂ ਮੇਹਨਤਕੱਸ਼ ਅਤੇ ਅਗਾਂਹਵਧੂ ਵਿਅਕਤੀਆਂ ਵਾਂਗ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ, ਉਥੇ ਹੀ ਗੁਰਦੁਆਰਾ ਪ੍ਰਬੰਧਾਂ ਨੂੰ ਲੈਕੇ ਵਾਪਰਦੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵੀ ਸਾਡੇ ਉਪਰ ਇਕ ਕਲੰਕ ਵਾਂਗ ਲਗੀਆਂ ਹੋਈਆਂ ਹਨ। ਗੁਰਦੁਆਰਾ ਪ੍ਰਬੰਧਾਂ ਨੂੰ ਲੈ ਕੇ ਅਹੁਦੇਦਾਰੀਆਂ ਹਾਸਲ ਕਰਨ ਦੀ ਲੜਾਈ ਸਿਰਫ਼ ਭਾਰਤ, ਇੰਗਲੈਂਡ, ਅਮਰੀਕਾ ਜਾਂ ਕੈਨੇਡਾ ਤੱਕ ਹੀ ਸੀਮਤ ਨਹੀਂ ਹੈ ਸਗੋਂ ਇਹ ਇਕ ਕੈਂਸਰ ਵਾਂਗ ਪੂਰੀ ਦੁਨੀਆਂ ਦੇ ਸਿੱਖ ਭਾਈਚਾਰੇ ਨੂੰ ਲੱਗੀ ਹੋਈ ਹੈ।
ਜਦੋਂ ਅਸੀਂ ਇਹ ਦਸਦੇ ਹਾਂ ਕਿ ਬਾਹਰਲੇ ਦੇਸ਼ਾਂ ਵਿਚ ਆਣ ਵੱਸੇ ਪੰਜਾਬੀਆਂ ਨੇ ਕੁਝ ਹੀ ਸਾਲਾਂ ਵਿਚ ਬੇਮਿਸਾਲ ਪ੍ਰਾਪਤੀਆਂ ਕੀਤੀਆਂ ਹਨ। ਇਥੇ ਦਾਨੀ ਸਿੱਖਾਂ ਵਲੋਂ ਆਪਣੀ ਮੇਹਨਤ ਦੀ ਕਮਾਈ ਚੋਂ ਦਿੱਤੀ ਮਾਇਆ ਅਤੇ ਜ਼ਮੀਨਾਂ ਨਾਲ ਇਹ ਗੁਰੂ ਘਰ ਉਸਾਰੇ ਗਏ ਹਨ ਤਾਂ ਸਾਡਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਜਦੋਂ ਅਸੀਂ ਇਹ ਦਸਦੇ ਹਾਂ ਕਿ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲਾ ਹਰ ਇਕ ਸਿੱਖ ਆਪਣੀ ਵਿੱਤ ਮੁਤਾਬਕ ਗੁਰੂ ਕੀ ਗੋਲਕ ਵਿਚ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਦਾ ਕੁਝ ਹਿੱਸਾ ਪਾਕੇ ਗੁਰੂ ਕੀਆਂ ਖੁਸ਼ੀਆਂ ਹਾਸਲ ਕਰਦਾ ਹੈ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਜਦੋਂ ਅਸੀਂ ਇਥੇ ਵਸਦੇ ਲੋਕਾਂ ਨੂੰ ਇਹ ਦਸਦੇ ਹਾਂ ਕਿ ਗੁਰਦੁਆਰਾ ਸਾਹਿਬ ਵਿਖੇ ਅਸੀਂ ਅਜੇ ਤੱਕ ਆਪਣੇ ਗੁਰੂ ਸਾਹਿਬਾਂ ਵਲੋਂ ਅਪਨਾਏ ਹੋਏ ਬਰਾਬਰੀ ਦੇ ਸ਼ਬਦਾਂ ਨੂੰ ਪੜ੍ਹਦੇ ਹੋਏ ਗੁਰੂ ਕੀਆਂ ਖੁਸ਼ੀਆਂ ਹਾਸਲ ਕਰਦੇ ਹਾਂ ਜਾਂ ਕਿਸੇ ਹੋਰ ਧਰਮ ਵਿਚ ਲੰਗਰ ਦੀ ਪ੍ਰਥਾ ਨਹੀਂ ਹੈ ਪਰੰਤੂ ਸਾਡੇ ਗੁਰੂ ਸਾਹਿਬਾਨ ਨੇ ਇਹ ਪ੍ਰਥਾ ਚਲਾਕੇ ਸਾਨੂੰ ਸੇਵਾ ਭਾਵ ਦੀ ਗੁੜ੍ਹਤੀ ਦਿੱਤੀ ਹੈ ਤਾਂ ਮਨ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ।
ਪਰੰਤੂ ਜਦੋਂ ਅਸੀਂ ਇਥੇ ਵਸਦੇ ਸਿੱਖ ਲੀਡਰਾਂ ਵਲੋਂ ਗੁਰਦੁਆਰਾ ਸਾਹਿਬਾਨ ਉਪਰ ਕਬਜ਼ੇ ਨੂੰ ਲੈਕੇ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਬਾਰੇ ਵਿਦੇਸ਼ਾਂ ਵਿਚ ਰਹਿੰਦੇ ਉਨ੍ਹਾਂ ਦੇਸ਼ਾਂ ਦੇ ਵਸਨੀਕਾਂ ਪਾਸੋਂ ਹੁੰਦੀ ਟੀਕਾ ਟਿਪਣੀ ਸੁਣਦੇ ਹਾਂ ਤਾਂ ਮਨ ਨੂੰ ਬਹੁਤ ਦੁੱਖ ਹੁੰਦਾ ਹੈ।
ਇਥੋਂ ਤੱਕ ਕਿ ਜਦੋਂ ਇਨ੍ਹਾਂ ਦੇਸ਼ਾਂ ਦੇ ਵਿਚ ਜੰਮੇ ਪਲੇ ਸਾਡੇ ਆਪਣੇ ਹੀ ਬੱਚੇ ਸਾਨੂੰ ਸਿੱਖ ਧਰਮ ਵਿਚ ਵਾਪਰਦੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਬਾਰੇ ਪੁੱਛਦੇ ਹਨ ਤਾਂ ਸਾਡੇ ਪਾਸ ਉਨ੍ਹਾਂ ਦੇ ਸਵਾਲ ਦਾ ਕੋਈ ਜਵਾਬ ਨਹੀਂ ਹੁੰਦਾ। ਇਥੋਂ ਤੱਕ ਕਿ ਜਦੋਂ ਅਸੀਂ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਜਾਣ ਬਾਰੇ ਕਹਿੰਦੇ ਹਾਂ ਤਾਂ ਉਨ੍ਹਾਂ ਵਲੋਂ ਕੀਤੇ ਗਏ ਅਜਿਹੇ ਸਵਾਲ ਸਾਨੂੰ ਨਿਰ ਉੱਤਰ ਕਰ ਦਿੰਦੇ ਹਨ। ਕੁਝ ਸਾਲ ਪਹਿਲਾਂ ਦੀ ਹੀ ਗੱਲ ਹੈ ਜਦੋਂ ਗੁਰਦੁਆਰਾ ਸਾਹਿਬ ਫਰੀਮੌਂਟ ਵਿਚ ਵਾਪਰੀਆਂ ਘਟਨਾਵਾਂ ਕਰਕੇ ਸ਼ਹਿਰ ਦੀ ਪੁਲਿਸ ਉਸ ਗੁਰਦੁਆਰਾ ਸਾਹਿਬ ਵਿਚ ਡੇਰੇ ਲਾਈ ਬੈਠੀ ਰਹਿੰਦੀ ਸੀ। ਇਹ ਤਾਂ ਕੁਝ ਉਦਾਹਰਣਾਂ ਹਨ ਪਰ ਬਹੁਤੇ ਗੁਰੂਘਰਾਂ ਵਿਚ ਹੋਣ ਵਾਲੀਆਂ ਲੜਾਈਆਂ ਦਾ ਮੁੱਖ ਕਾਰਨ ਅਹੁਦੇਦਾਰੀ ਹਾਸਲ ਕਰਨਾ ਹੀ ਮੰਨਿਆ ਜਾ ਸਕਦਾ ਹੈ।
ਇਥੇ ਮੇਰਾ ਵਿਸ਼ਾ ਕਿਸੇ ਇਕ ਧਿਰ ਨੂੰ ਚੰਗਿਆਂ ਦਸਣ ਅਤੇ ਦੂਜੀ ਨੂੰ ਮਾੜਿਆਂ ਕਹਿਣ ਦਾ ਨਹੀਂ ਹੈ। ਇਥੇ ਮੈਂ ਕੁਝ ਸਵਾਲ ਸਿੱਖ ਭਾਈਚਾਰੇ ਨੂੰ ਕਰਨ ਲਈ ਇਹ ਲੇਖ ਲਿਖ ਰਿਹਾ ਹਾਂ।
ਪਹਿਲਾ ਇਹ ਕਿ ਇਹ ਲੜਾਈ ਕਿਉਂ? ਦੂਜਾ ਇਹ ਕਿ ਇਸਦਾ ਅੰਤ ਕਿਵੇਂ ਹੋਵੇ? ਇਹ ਦੋ ਅਜਿਹੇ ਸਵਾਲ ਹਨ ਜਿਨ੍ਹਾਂ ਬਾਰੇ ਸਾਨੂੰ ਸੋਚਣਾ ਮੌਜੂਦਾ ਸਮੇਂ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਵਰਨਾ ਅਸੀਂ ਆਪਣੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਗੁਰਦੁਆਰਿਆਂ ਵਿਚ ਲਿਆਉਣ ਵਿਚ ਪੂਰੀ ਤਰ੍ਹਾਂ ਫੇਲ ਹੋ ਜਾਵਾਂਗੇ। ਗੁਰੂਘਰਾਂ ਦੀਆਂ ਇਮਾਰਤਾਂ ਉਪਰ ਲਾਇਆ ਧਨ ਤਾਂ ਸਿਰਫ਼ ਇਮਾਰਤਾਂ ਸਵਾਰਨ ਤੱਕ ਹੀ ਸੀਮਤ ਨਹੀਂ ਹੋਣ ਚਾਹੀਦਾ ਹੈ। ਇਸਦੀ ਵਰਤੋਂ ਕਿਰਦਾਰ ਸਵਾਰਨ ਵਿਚ ਵੀ ਕੀਤੀ ਜਾਣੀ ਚਾਹੀਦੀ ਹੈ। ਜਿਵੇਂ ਮੈਂ ਪਹਿਲਾਂ ਹੀ ਲਿਖ ਆਇਆ ਹਾਂ ਕਿ ਗੁਰੂਘਰਾਂ ਵਿਚ ਹੁੰਦੀ ਲੜਾਈ ਪਿਛੇ ਸਭ ਤੋਂ ਵੱਡਾ ਕਾਰਨ ਅਹੁਦੇਦਾਰੀਆਂ ਹਾਸਲ ਕਰਨਾ ਹੀ ਹੈ। ਇਥੋਂ ਤੱਕ ਕਿ ਜਦੋਂ ਕਿਸੇ ਇਕ ਧਿਰ ਨੂੰ ਉਨ੍ਹਾਂ ਦੀ ਮਨਪਸੰਦ ਦਾ ਅਹੁਦਾ ਹਾਸਲ ਨਹੀਂ ਹੁੰਦਾ ਤਾਂ ਉਹ ਉਸ ਗੁਰਦੁਆਰੇ ਤੋਂ ਕੁਝ ਮੀਲਾਂ ਦੀ ਵਿੱਥ ‘ਤੇ ਹੀ ਨਵਾਂ ਗੁਰਦੁਆਰਾ ਉਸਾਰਕੇ ਪ੍ਰਧਾਨ ਸਕੱਤਰ ਬਣ ਬੈਠਦੇ ਹਨ। ਇਸਤੋਂ ਬਾਅਦ ਇਹ  ਸਿਲਸਿਲਾ ਅਗੇ ਅਤੇ ਹੋਰ ਅਗੇ ਤੁਰਦਾ ਰਹਿੰਦਾ ਹੈ।
ਇਥੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਦੋਂ ਸਾਡੇ ਧਾਰਮਕ ਆਗੂ ਗੁਰੂਘਰਾਂ ਵਿਖੇ ਚੋਣਾਂ ਲੜਦੇ ਹਨ ਤਾਂ ਉਹ ਇਹ ਹੀ ਕਹਿ ਰਹੇ ਹੁੰਦੇ ਹਨ ਕਿ ਅਸੀਂ ਤਾਂ ਸਿਰਫ਼ ਸੇਵਾ ਦੇ ਚਾਹਵਾਨ ਹਾਂ। ਪਰ ਇਥੇ ਇਹ ਵੀ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਹਾਰੀ ਹੋਈ ਪਾਰਟੀ ਦਾ ਕੋਈ ਵੀ ਲੀਡਰ ਨਵੀਆਂ ਚੋਣਾਂ ਤੱਕ ਕਦੀ ਵੀ ਉਸ ਗੁਰਦੁਆਰਾ ਸਾਹਿਬ ਵਿਚ ਘਟ ਹੀ ਵੇਖਣ ਨੂੰ ਮਿਲਦਾ ਹੈ। ਕਿਉਂ ਨਹੀਂ ਉਹ ਲੰਗਰ, ਜੋੜਿਆਂ ਜਾਂ ਕਿਸੇ ਹੋਰ ਪ੍ਰਕਾਰ ਦੀ ਸੇਵਾ ਕਰਕੇ ਆਪਣਾ ਇਹ ਸੇਵਾ ਭਾਵਨਾ ਵਾਲਾ ਮਨੋਰਥ ਪੂਰਾ ਕਰ ਲੈਂਦੇ। ਇਸ ਸਾਰੀ ਲੜਾਈ ਦੇ ਪਿੱਛੇ ਮੈਨੂੰ ਦੋ ਬਹੁਤ ਹੀ ਵੱਡੇ ਕਾਰਨ ਦਿਖਾਈ ਦੇ ਰਹੇ ਹਨ। ਪਹਿਲਾ ਹੈ ਅਹੁਦੇਦਾਰੀਆਂ ਹਾਸਲ ਕਰਕੇ ਆਪਣੀ ਹਊਮੈ ਨੂੰ ਪੱਠੇ ਪਾਉਣਾ ਅਤੇ ਦੂਜਾ ਗੁਰੂ ਕੀ ਗੋਲਕ।
ਇਕ ਦਿਨ ਅਸੀਂ ਇਸਤਰ੍ਹਾਂ ਹੀ ਧਰਮ ਸਬੰਧੀ ਵਿਚਾਰਾਂ ਕਰ ਰਹੇ ਸਾਂ ਤਾਂ ਮੇਰਾ ਬੇਟਾ ਕਹਿਣ ਲੱਗਾ ਕਿ ਪਿਤਾ ਜੀ ਅਸੀਂ ਗੁਰੂ ਨੂੰ ਤਾਂ ਕਦੀ ਮੱਥਾ ਟੇਕਦੇ ਹੀ ਨਹੀਂ ਹਾਂ। ਮੈਂ ਹੈਰਾਨ ਹੁੰਦੇ ਹੋਏ ਪੁਛਿਆ ਕਿ ਨਹੀਂ ਬੇਟਾ ਅਸੀਂ ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਆਪਣੇ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਨੂੰ ਮੱਥਾ ਟੇਕਦੇ ਹਾਂ। ਅਗੋਂ ਉਸਨੇ ਜਿਹੜੀ ਗੱਲ ਮੈਨੂੰ ਕਹੀ ਉਸਦਾ ਮੇਰੇ ਪਾਸ ਕੋਈ ਉੱਤਰ ਨਹੀਂ ਸੀ। ਉਹ ਕਹਿਣ ਲੱਗਾ ਕਿ ਗੁਰੂ ਸਾਹਿਬ ਅਤੇ ਉਸਦੀ ਸੰਗਤ ਦੇ ਵਿਚਕਾਰ ਗੋਲਕ ਆ ਜਾਂਦੀ ਹੈ। ਅਸੀਂ ਉਸ ਗੋਲਕ ਵਿਚ ਡਾਲਰ ਪਾਉਂਦੇ ਹਾਂ ਅਤੇ ਉਸ ਗੋਲਕ ਨੂੰ ਹੀ ਮੱਥਾ ਟੇਕਕੇ ਆ ਜਾਂਦੇ ਹਾਂ। ਜਦੋਂ ਤੱਕ ਗੁਰੂ ਸਾਹਿਬ ਅਤੇ ਉਸਦੀ ਸੰਗਤ ਦੇ ਵਿਚਕਾਰ ਇਹ ਗੋਲਕ ਰਹੇਗੀ ਅਸੀਂ ਗੁਰੂ ਨੂੰ ਮੱਥਾ ਨਹੀਂ ਟੇਕ ਸਕਦੇ।
ਉਸਦੀ ਇਹ ਗੱਲ ਮੈਨੂੰ ਸੌ ਫ਼ੀਸਦੀ ਸੱਚੀ ਲੱਗੀ। ਕਿਉਂਕਿ ਜਦੋਂ ਵੀ ਦੇਸ਼ ਅਤੇ ਵਿਦੇਸ਼ਾਂ ਵਿਚ ਗੁਰਦੁਆਰਾ ਚੋਣਾਂ ਹੁੰਦੀਆਂ ਹਨ ਤਾਂ ਵਿਰੋਧੀ ਪਾਰਟੀਆਂ ਵਲੋਂ ਹੁਕਮਰਾਨ ਪਾਰਟੀ ਉਪਰ ਗੁਰੂ ਕੀ ਗੋਲਕ ਦੀ ਦੁਰਵਰਤੋਂ ਦਾ ਇਲਜ਼ਾਮ ਹੀ ਲਾਇਆ ਜਾਂਦਾ ਹੈ। ਇਸ ਵਿਚ ਸੱਚਾਈ ਤਾਂ ਇਹ ਦੋਵੇਂ ਧਿਰਾਂ ਭਲੀਭਾਂਤ ਜਾਣਦੀਆਂ ਹੋਣਗੀਆਂ। ਕਿਉਂਕਿ ਹੋ ਸਕਦਾ ਹੈ ਇਨ੍ਹਾਂ ਦੋਵੇਂ ਹੀ ਧਿਰਾਂ ਨੂੰ ਪਤਾ ਹੋਵੇ ਕਿ ਗੁਰੂ ਕੀ ਗੋਲਕ ਦੀ ਦੁਰਵਰਤੋਂ ਕਿਵੇਂ ਕਰਨੀ ਹੈ ਜਾਂ ਕਿਵੇਂ ਹੁੰਦੀ ਹੈ।
ਸਾਡੀ ਸਭ ਤੋਂ ਵੱਡੀ ਤ੍ਰਾਸਦੀ ਇਹੀ ਰਹੀ ਹੈ ਕਿ ਅਸੀਂ ਸੰਜੀਦਾ ਅਤੇ ਗੰਭੀਰ ਵਿਚਾਰਾਂ ਨੂੰ ਵੀ ਮਜ਼ਾਕ ਵਿਚ ਲੈ ਜਾਂਦੇ ਹਾਂ ਅਤੇ ਪਤਾ ਉਦੋਂ ਲਗਦਾ ਹੈ ਜਦੋਂ ਉਹੀ ਗੱਲਾਂ ਸਾਨੂੰ ਕਿਸੇ ਸ਼ਰਮਿੰਦਗ਼ੀ ਦੀ ਹਾਲਤ ਤੱਕ ਲੈ ਜਾਂਦੀਆਂ ਹਨ। ਮੌਜੂਦਾ ਸਮੇਂ ਇਹੀ ਹਾਲਤ ਸਾਡੇ ਸਿੱਖ ਧਰਮ ਦੀ ਹੋਈ ਪਈ ਹੈ। ਅਸੀਂ ਗੁਰਦੁਆਰਿਆਂ ਦੇ ਮਸਲੇ ਨੂੰ ਵੀ ਇਹ ਕਹਿਕੇ ਛੱਡ ਦਿੰਦੇ ਹਾਂ ਕਿ ਕੌਣ ਇਨ੍ਹਾਂ ਚੱਕਰਾਂ ਵਿਚ ਉਲਝਿਆ ਰਹੇ। ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਅਸੀਂ ਦੋ ਚਾਰ ਦਿਨ ਤੱਕ ਉਸ ਘਟਨਾ ਬਾਰੇ ਆਮ ਜਿਹੀਆਂ ਗੱਲਾਂ ਕਰਕੇ ਫਿਰ ਆਪਣੀ ਉਸੇ ਹੀ ਚਾਲੇ ਤੁਰ ਪੈਂਦੇ ਹਾਂ, ਜਿਵੇਂ ਕੁਝ ਹੋਇਆ ਹੀ ਨਾ ਹੋਵੇ।
ਇਥੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਗੁਰਦੁਆਰਾ ਪ੍ਰਬੰਧਾਂ ਵਿਚ ਸਾਫ਼ ਸੁਥਰੇ ਕਿਰਦਾਰ ਅਤੇ ਗੁਰਸਿੱਖੀ ਸੋਚ ਵਾਲੇ ਸਿੱਖ ਹੋਣੇ ਚਾਹੀਦੇ ਹਨ। ਕਿਉਂਕਿ ਜਦੋਂ ਵੀ ਕਦੀ ਕੋਈ ਉਨ੍ਹਾਂ ਬਾਰੇ ਗੱਲ ਕਰੇ ਤਾਂ ਕਿਸੇ ਦੇ ਮਨ ਵਿਚ ਅਜਿਹੀ ਗੱਲ ਸਾਹਮਣੇ ਨਾ ਆਵੇ ਜਿਸ ਨਾਲ ਕਿਸੇ ਦੇ ਮਨ ਵਿਚ ਕੋਈ ਕੁੜੱਤਣ ਪੈਦਾ ਹੋਵੇ। ਇਸਦੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਇਹ ਉਮੀਦਵਾਰ ਆਪਣੇ ਵਿਰੋਧੀਆਂ ਬਾਰੇ ਜੋ ਕਹਿਣਾ ਚਾਹੁਣ ਕਹੀ ਜਾਣ। ਪਰ ਜੇਕਰ ਕੋਈ ਉਮੀਦਵਾਰ ਕਿਸੇ ਦੂਜੇ ਉਮੀਦਵਾਰ ਉਪਰ ਪ੍ਰਵਾਰਕ ਹਮਲਾ ਕਰਦਾ ਹੈ ਤਾਂ ਉਸਦੀ ਉਮੀਦਵਾਰੀ ਉਸਦੇ ਵੇਲੇ ਖ਼ਤਮ ਹੋ ਜਾਣੀ ਚਾਹੀਦੀ ਹੈ। ਗੁਰਬਾਣੀ ਵਿਚ ਵੀ ਆਇਆ ਹੈ “ਕਰਮੀ ਆਪੋ ਆਪਣੀ”। ਜੇਕਰ ਸਾਡੇ ਸਾਰਿਆਂ ਦੇ ਆਪੋ ਆਪਣੇ ਕਰਮ ਹਨ ਤਾਂ ਫਿਰ ਅਸੀਂ ਉਸਦੇ ਪ੍ਰਵਾਰਕ ਮਸਲਿਆਂ ਅਤੇ ਪ੍ਰਵਾਰਕ ਮੈਂਬਰਾਂ ਦੇ ਕਰਮਾਂ ਨੂੰ ਜੋੜਕੇ ਕਿਉਂ ਆਪਣਾ ਉਲੂ ਸਿੱਧਾ ਕਰਨ ਲੱਗੇ ਹੋਏ ਹਾਂ। ਇਹ ਤਾਂ ਕੀ ਚੋਣਾਂ ਸਮੇਂ  ਸਾਡੇ ਇਹ ਗੁਰਸਿੱਖ ਧਾਰਮਕ ਲੀਡਰ ਆਪਣੇ ਵਿਰੋਧੀਆਂ ਦੇ ਰੱਬ ਨੂੰ ਪਿਆਰੇ ਹੋਏ ਬਜ਼ੁਰਗਾਂ ਦੀ ਵੀ ਮਿੱਟੀ ਪਲੀਤ ਕਰਨੋ ਨਹੀਂ ਟਲਦੇ। ਇਸ ਲਈ ਸਾਨੂੰ ਇਹੀ ਚਾਹੀਦਾ ਹੈ ਕਿ ਅਸੀਂ ਸਿੱਖ ਧਰਮ ਦੀ ਇਸ ਉਲਝਦੀ ਹੋਈ ਤਾਣੀ ਨੂੰ ਸਹੀ ਦਿਸ਼ਾ ਦੇਣ ਲਈ ਉਪਰਾਲੇ ਕਰੀਏ ਤਾਂ ਜੋ ਸਾਨੂੰ ਆਪਣੀ ਨਵੀਂ ਪੀੜ੍ਹੀ ਸਾਹਮਣੇ ਸ਼ਰਮਿੰਦਿਆਂ ਨਾ ਹੋਣਾ ਪਵੇ।
ਕਿਉਂਕਿ ਸਾਡੇ ਕਈ ਸਿੱਖ ਆਗੂਆਂ ਵਿਚ ਪ੍ਰਵਾਰਕ ਹਮਲੇ ਕਰਨ ਦੀ ਇਕ ਭੈੜੀ ਪਿਰਤ ਚਲੀ ਹੋਈ ਹੈ। ਸਾਡੀ ਇਹੀ ਸੋਚ ਹੀ ਮੌਜੂਦਾ ਸਮੇਂ ਗੁਰਦੁਆਰਿਆਂ ਵਿਚ ਵਿਗੜੇ ਮਾਹੌਲ ਦਾ ਸਭ ਤੋਂ ਵੱਡਾ ਕਾਰਨ ਹੈ। ਜਿਹੜੀ ਵੀ ਨਵੀਂ ਕਮੇਟੀ ਆਉਂਦੀ ਹੈ ਉਹ ਇਹੀ ਸੋਚਦੀ ਹੈ ਕਿ ਜਿਵੇਂ ਸਭ ਕੁਝ ਪਹਿਲਾਂ ਚਲ ਰਿਹਾ ਸੀ ਉਵੇਂ ਹੀ ਚਲੀ ਜਾਣ ਦਿਓ। ਐਵੇਂ ਸਾਨੂੰ ਸਿਰ ਖਪਾਈ ਕਰਨ ਦੀ ਕੀ ਲੋੜ ਪਈ ਹੈ। ਆਪੇ ਅਗਲੀ ਕਮੇਟੀ ਨੂੰ ਜੇ ਕੋਈ ਮੁਸ਼ਕਲ ਆਵੇਗੀ ਤਾਂ ਉਹ ਆਪਣੇ ਆਪ ਹੀ ਇਸ ਨਾਲ ਦੋ ਚਾਰ ਹੋ ਲੈਣਗੇ। ਪਰ ਮੌਜੂਦਾ ਸਮੇਂ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਡੂੰਘੀਆਂ ਵਿਚਾਰਾਂ ਕਰਨੀਆਂ ਬਹੁਤ ਹੀ ਜ਼ਰੂਰੀ ਹਨ। ਵਰਨਾ ਗੁਰੂ ਘਰਾਂ ਵਿਚ ਪੈਦਾ ਹੋਣ ਵਾਲੇ ਝਗੜਿਆਂ ਦੇ ਦੋ ਹੀ  ਹੱਲ ਬਚਦੇ ਹਨ। ਗੁਰੂਘਰਾਂ ਵਿਚ ਪੁਲਿਸ ਬੁਲਾਉਣੀ ਅਤੇ ਕੋਰਟ ਕਚਹਿਰੀਆਂ ਦੇ ਚਕੱਰ ਕਟਣੇ।

This entry was posted in ਸੰਪਾਦਕੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>