ਇਤਿਹਾਸ ਗਵਾਹ ਹੈ ਕਲਮ ਨੂੰ ਵੰਗਾਰਨ ਵਾਲ਼ੇ ਖ਼ੁਦ ਮਲ਼ੀਆਮੇਟ ਹੋਏ ਹਨ

ਪ੍ਰਸਿੱਧ ਕਾਲਮ ਨਵੀਸ ਅਤੇ ਮੇਰੇ ਸਤਿਕਾਰਯੋਗ ਬਾਈ ਜਤਿੰਦਰ ਪਨੂੰ ਦਾ ਕਥਨ ਹੈ, “ਪੱਤਰਕਾਰੀ ਅਤੇ ਲਿਖਣ ਕਾਰਜ ਨੂੰ ਲੋਕਤੰਤਰ ਦੀ ਮੰਜੀ ਦਾ ਚੌਥਾ ਪਾਵਾ ਕਿਹਾ ਜਾਂਦਾ ਹੈ।” ਜਦੋਂ ਇਸ ਨੂੰ ਇਹ ਖਿਤਾਬ ਮਿਲਿਆ, ਓਦੋਂ ਹਾਲੇ ਪੱਤਰਕਾਰੀ ਮੁੱਢਲੇ ਦੌਰ ਵਿਚ ਸੀ, ਹੁਣ ਤਾਂ ਇਹ ਅਨੇਕਾਂ ਪੜਾਅ ਪਾਰ ਕਰ ਚੁੱਕੀ ਹੈ। ਉਸ ਦੌਰ ਵਿਚ ਇੱਕ ਵਿਚਾਰਵਾਨ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਜਿੱਥੇ ਤਲਵਾਰ ਨਾਲ ਮੁਕਾਬਲਾ ਨਹੀਂ ਕਰ ਸਕਦੇ, ਓਥੇ ਅਖ਼ਬਾਰ ਸ਼ੁਰੂ ਕਰ ਲਵੋ! ਹੋਰ ਤਾਂ ਹੋਰ, ਇਹ ਅਖਾਣ ਵੀ ਉਸੇ ਦੌਰ ਵਿਚ ਜੰਮ ਪਿਆ ਸੀ ਕਿ ਤਲਵਾਰ ਨਾਲੋਂ ਕਲਮ ਵੱਧ ਤਾਕਤਵਰ ਹੁੰਦੀ ਹੈ। ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਅਲੰਕਾਰ ਇਹਦੇ ਲਈ ਓਦੋਂ ਹੀ ਵਰਤੇ ਜਾਣ ਲੱਗ ਪਏ ਸਨ? ਪੱਤਰਕਾਰ ਜਾਂ ਪੱਤਰਕਾਰੀ ਇਕ ਅਜਿਹੀ ਚੀਜ਼ ਹੈ, ਜਿਸ ਨੇ ਸਮਾਜ਼ ਨੂੰ ਸੇਧ ਦੇਣੀ ਹੁੰਦੀ ਹੈ, ਦੁਨੀਆਂ ਦੀ ਹਰ ਚੰਗੀ-ਮੰਦੀ ਖ਼ਬਰ ਨੂੰ ਸੰਸਾਰ ਦੇ ਸਾਹਮਣੇ ਲਿਆਉਣਾ ਹੁੰਦਾ ਹੈ। ਪੱਤਰਕਾਰ ਅਤੇ ਲੇਖਕ ਇਕ ਉਹ ‘ਸ਼ਮ੍ਹਾਂ’ ਹੁੰਦਾ ਹੈ, ਜੋ ਆਪ ‘ਬਲ਼’ ਕੇ ਲੋਕਾਂ ਨੂੰ ਰੌਸ਼ਨੀ ਅਰਪਨ ਕਰਦਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਕੁਝ ਸਮੇਂ ਅਜਿਹੇ ਵੀ ਆਏ, ਜਦੋਂ ‘ਦੋਗਲ਼ੀ’ ਅਤੇ ‘ਦੱਲੀ’ ਪੱਤਰਕਾਰੀ ਦਾ ਵੀ ਬੋਲਬਾਲਾ ਰਿਹਾ ਅਤੇ ਉਸ ਨੇ ਮਜਲੂਮਾਂ ਦੇ ਹੱਕ ਵਿਚ ਨਾਅਰਾ ਮਾਰਨ ਦੀ ਜਗਾਹ ਮਾਨੁੱਖਤਾ ਦੇ ਕਾਤਲਾਂ ਅਤੇ ਧਾੜਵੀਆਂ ਦੀ ਪਿੱਠ ਠੋਕੀ ਅਤੇ ਉਹਨਾਂ ਦਾ ਸਿੱਧੇ ਅਤੇ ਅਸਿੱਧੇ ਤੌਰ ‘ਤੇ ਸਾਥ ਦਿੱਤਾ!

ਗੱਲ ਆਸਟਰੀਆ ਦੇ ਜੰਮਪਲ ਅਤੇ ਪਿੱਛੋਂ ਜਰਮਨ ਦੇ ਬਣੇਂ, ਭੂਸਰੇ ਡਿਕਟੇਟਰ ਆਡੋਲਫ਼ ਹਿਟਲਰ ਤੋਂ ਸ਼ੁਰੂ ਕਰਦੇ ਹਾਂ। ਹਿਟਲਰ ਨੂੰ ਜਦ ਮਹਿਸੂਸ ਹੋਇਆ ਕਿ ਹੋਰ ਹਥਿਆਰ ਤਾਂ ਮੈਨੂੰ ਪਿਛਾੜ ਨਹੀਂ ਸਕਦਾ। ਜੇ ਮੈਨੂੰ ਮੂਧੇ ਮੂੰਹ ਸੁੱਟਿਆ ਤਾਂ ਲੇਖਕ ਅਤੇ ਪੱਤਰਕਾਰ ਹੀ ਸੁੱਟਣਗੇ! ਤਾਂ ਉਸ ਨੇ ਅੰਨ੍ਹੇਵਾਹ ਆਪਣੇ ਲਈ ਖ਼ਤਰਾ ਮਹਿਸੂਸ ਹੋਣ ਵਾਲ਼ੇ ਪੱਤਰਕਾਰਾਂ ਅਤੇ ਲੇਖਕਾਂ ਨੂੰ ਸ਼ਰੇਆਮ ਫ਼ਾਂਸੀ ‘ਤੇ ਲਟਕਾਇਆ ਜਾਂ ਗੋਲ਼ੀਆਂ ਨਾਲ਼ ਭੁੰਨ ਕੇ ਖ਼ਤਮ ਕੀਤਾ। ਪਰ ਇਕ ਗੱਲ ਸੋਚਣ ਅਤੇ ਸਮਝਣਯੋਗ ਹੈ ਕਿ ਮਰ ਗਏ ਬੰਦੇ ਨਾਲ਼ ‘ਸੱਚ’ ਨਹੀਂ ‘ਮਰ’ ਜਾਂਦਾ। ਮਰਨ ਵਾਲ਼ਾ ਬੰਦਾ ਤਾਂ ਲੋਕਾਂ ਦੇ ਹੱਕਾਂ ਖ਼ਾਤਿਰ ਜਾਂ ਸੱਚ ਦੇ ਹਿਤਾਂ ਲਈ ਮਰਿਆ ਹੋਣ ਕਾਰਨ ‘ਅਮਰ’ ਹੋ ਜਾਂਦਾ ਹੈ। ਪਰ ਹਿਟਲਰ ਵਰਗਿਆਂ ਦੀ ਮਿੱਟੀ ਤਾਂ ਅੱਜ ਤੱਕ ਵੀ ਮੀਡੀਆ ਵੱਲੋਂ ਪੁਲੀਤ ਕੀਤੀ ਜਾ ਰਹੀ ਹੈ! ਕਿੱਥੇ ਗਿਆ ਲੇਖਕਾਂ ਅਤੇ ਪੱਤਰਕਾਰਾਂ ਨੂੰ ‘ਟੰਗਣ’ ਵਾਲ਼ਾ ਖ਼ਰੂਦੀ ਹਿਟਲਰ? ਇਹ ਸੋਚਣ, ਸਮਝਣ ਅਤੇ ਵਿਚਾਰਨ ਵਾਲ਼ੀ ਗੱਲ ਹੈ!

ਜਿੱਥੇ ਲੋਕਤੰਤਰਤਾ ਹੋਵੇ, ਉਥੇ ਹਰ ਬੰਦੇ ਨੂੰ ਬੋਲਣ ਅਤੇ ਲਿਖਣ ਦੀ ਅਜ਼ਾਦੀ ਹੁੰਦੀ ਹੈ। ਇਤਿਹਾਸ ਗਵਾਹ ਹੈ ਕਿ ਕਿਊਬਾ ਦੇ ਫ਼ੀਦਲ ਕਾਸਤਰੋ, ਲਿਬੀਆ ਦੇ ਮੁਆਂਮਰ ਅਲ-ਗੱਦਾਫ਼ੀ, ਇਰਾਨ ਦੇ ਰੂਹੋਲਾ ਖੋਮੈਨੀ, ਇਰਾਕ ਦੇ ਸੱਦਾਮ ਹੁਸੈਨ ਅਤੇ ਇੰਦਰਾ ਗਾਂਧੀ ਤੱਕ ਨੇ ਸਮੇਂ ਸਮੇਂ ਅਨੁਸਾਰ ਮੀਡੀਆ ਦਾ ਗਲ਼ਾ ਘੁੱਟਿਆ ਅਤੇ ਲੇਖਕਾਂ ਨੂੰ ਜੇਲ੍ਹ ਯਾਤਰਾ ਵੀ ਕਰਵਾਈ। ਪਰ ਸਮੇਂ ਦੀ ਪਰਖ਼ ਅਤੇ ਮੂੰਹ ਦੀ ਖਾਣ ਤੋਂ ਬਾਅਦ ਉਹਨਾਂ ਸਾਰੇ ਮਹਾਂਰਥੀਆਂ ਨੂੰ ਸਮੁੱਚੇ ਮੀਡੀਆ ਅੱਗੇ ਗੋਡੇ ਟੇਕਣੇਂ ਪਏ ਕਿਉਂਕਿ ਅੱਜ ਕੱਲ੍ਹ ਮੀਡੀਆ ਦਾ ਮਿਆਰ ਧਰਤੀ ਤੋਂ ਉਠ ਮੰਗਲ਼ ਗ੍ਰਹਿਆਂ ਤੱਕ ਚੜ੍ਹ ਗਿਆ ਹੈ! ਹਰ ਸਿਆਸੀ ਪਾਰਟੀ ਦਾ ਵਿਰੋਧ ਹੋਣਾਂ ਇਕ ਰਵਾਇਤੀ ਗੱਲ ਹੈ। ਸਿਆਸੀ ਵਿਰੋਧੀਆਂ ਵੱਲੋਂ ਤਾਂ ਕਈ ਵਾਰ ਬੇਹੂਦਾ ਟਿੱਪਣੀਆਂ ਵੀ ਕੀਤੀਆਂ ਜਾਂਦੀਆਂ ਹਨ ਅਤੇ ਕਈ ਵਾਰ ਦੂਸ਼ਣ ਵੀ ਮੜ੍ਹੇ ਜਾਂਦੇ ਹਨ। ਪਰ ਲੇਖਕਾਂ ਵੱਲੋਂ ਤਾਂ ਨਿਰਪੱਖ ਰਹਿ ਕੇ ਸਿਆਸੀ ਪੰਡਤਾਂ ਦਾ ਕੋਝਾ ਪੱਖ ਹੀ ਆਮ ਲੋਕਾਂ ਸਾਹਮਣੇਂ ਰੱਖਿਆ ਜਾਂਦਾ ਰਿਹਾ ਹੈ। ਸਵਰਗੀ ਲੇਖਕ ਸਰਦਾਰ ਗੁਰਨਾਮ ਸਿੰਘ ਜੀ ‘ਤੀਰ’ ਅੱਠੋ ਪਹਿਰ ਅਕਾਲੀ ਲੀਡਰਾਂ ਵਿਚ ਵਿਚਰਦੇ ਹੋਏ ਵੀ ਆਪਣੇ ਕਾਲਮ “ਚਾਚਾ ਚੰਡੀਗੜ੍ਹੀਆ” ਵਿਚ ਅਕਾਲੀਆਂ ‘ਤੇ ਸ਼ਰੇਆਮ ਟਿੱਪਣੀਆਂ ਕਰਦੇ ਰਹੇ ਹਨ। ਉਹਨਾਂ ਦਾ ਤਾਂ ਕਿਸੇ ਨੇ ਕਦੇ ਵਿਰੋਧ ਨਹੀਂ ਸੀ ਕੀਤਾ ਅਤੇ ਨਾ ਹੀ ਕੋਈ ਧਮਕੀ ਦਿੱਤੀ? ਅੱਜ ਦੇ ਕਾਂਗਰਸੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਆਰੂਸਾ ਆਲਮ ਦੇ ਸਬੰਧਾਂ ਬਾਰੇ ਅਖ਼ਬਾਰਾਂ ਵਿਚ ਆਮ ਲਿਖਿਆ ਜਾ ਰਿਹਾ ਹੈ। ਪਰ ਕਿਸੇ ਕਾਂਗਰਸੀ ਲੀਡਰ ਨੇ ਉਠ ਕੇ ਕਿਸੇ ਪੱਤਰਕਾਰ ਨੂੰ ਧਮਕੀ ਨਹੀਂ ਦਿੱਤੀ, ਜਾਂ ਵਿਰੋਧ ਨਹੀਂ ਕੀਤਾ? ਕਿਉਂਕਿ ਅਗਲੇ ਮੀਡੀਆ ਅਤੇ ਲੇਖਕਾਂ ਦੀ ਅਜ਼ਾਦੀ ਦੀ ਗੱਲ ਭਲੀਭਾਂਤ ਜਾਣਦੇ ਅਤੇ ਕਬੂਲ ਕਰਦੇ ਹਨ। ਕਿੰਨਾਂ ਕੁਝ ਰਾਜਿੰਦਰ ਸਿੰਘ ਬੇਦੀ (ਆਤਿਸ਼) ਆਪਣੇ ਕਾਲਮ “ਆਤਿਸ਼ਬਾਜ਼ੀ” ਵਿਚ ਲਿਖ ਰਹੇ ਹਨ, ਕੀ ਅੱਜ ਤੱਕ ਇਹ ਨੌਬਤ ਆਈ ਕਿ ਉਹਨਾਂ ਨੂੰ ਨਿੱਜੀ ਤੌਰ ‘ਤੇ ਕਿਸੇ ਨੇ ਧਮਕੀ ਦੇ ਕੇ ਡਰਾਇਆ ਹੋਵੇ? ਨਾਲ਼ੇ ਉਹ ਰਹਿੰਦੇ ਵੀ ਭਾਰਤ ਵਿਚ ਹਨ, ਜਿੱਥੇ ਧਮਕੀਆਂ ਅਤੇ ਡਰਾਵੇ ਦੇਣੇਂ ਇਕ ‘ਸ਼ਾਨ’ ਮੰਨੀ ਜਾਂਦੀ ਹੈ! ਉਹਨਾਂ ਨੂੰ ਤਾਂ ਕਿਸੇ ਅਕਾਲੀ ਜਾਂ ਕਾਂਗਰਸੀ ਲੀਡਰ ਨੇ ਕਦੇ ਫ਼ੋਨ ਨਹੀਂ ਕੀਤਾ! ਅਮਰੀਕਾ, ਕੈਨੇਡਾ ਅਤੇ ਯੂਰਪ ਦੇ ਕਿੰਨੇ ਦੇਸ਼ਾਂ ਦੇ ਕਿੰਨੇ ਲੀਡਰ ਅਤੇ ਕਿੰਨੀਆਂ ਸਿਆਸੀ ਪਾਰਟੀਆਂ ਹਨ, ਕੀ ਕਦੇ ਕਿਸੇ ਆਲੋਚਨਾ ਕਰਨ ਵਾਲ਼ੇ ਲੇਖਕ ਨੂੰ ਕਦੇ ਧਮਕੀ ਮਿਲ਼ੀ? ਧਮਕੀ ਦੇਣਾ ਕਿਸੇ ਸੱਚੇ ਸੁੱਚੇ ਜਿ਼ੰਮੇਵਾਰ ਜਾਂ ਸਿਧਾਂਤਾਂ ਦੀ ਕਦਰ ਕਰਨ ਵਾਲ਼ੇ ਇਨਸਾਨ ਦਾ ਕੰਮ ਨਹੀਂ। ਧਮਕੀ ਹਮੇਸ਼ਾ ਗ਼ੈਰ-ਜਿ਼ੰਮੇਵਾਰ, ਡਰਾਕਲ਼ ਅਤੇ ਹੋਛੇ ਕਿਸਮ ਦੇ ਚੱਕਵੇਂ ਪੈਰਾਂ ਵਾਲ਼ੇ ਉਂਗਲ਼ ਲਾਊ ਇਨਸਾਨ ਹੀ ਦਿੰਦੇ ਹਨ ਅਤੇ ਉਹ ਵੀ ਆਪਣੀ ਪਹਿਚਾਣ ਛੁਪਾ ਕੇ!

ਪਿਛਲੇ ਸਮੇਂ ਵਿਚ ਨਾਰਵੇ ਵੱਸਦੇ ਸੰਸਾਰ ਪ੍ਰਸਿੱਧ ਪੱਤਰਕਾਰ ਰੁਪਿੰਦਰ ਢਿੱਲੋਂ ਮੋਗਾ ਅਤੇ ‘ਮੀਡੀਆ ਪੰਜਾਬ’ ਵਿਚ ਖ਼ਬਰਾਂ ਦੀ ‘ਮੁਰੰਮਤ’ ਕਰਨ ਵਾਲ਼ੇ ਰਣਜੀਤ ਸਿੰਘ ਦੂਲੇ ਅਰਥਾਤ ‘ਤਾਇਆ ਬੱਕਰੀਆਂ ਵਾਲ਼ਾ’ ਨੂੰ ਫ਼ੋਨ ‘ਤੇ ਕਿਸੇ ਅਨਸਰ ਰਾਹੀਂ ਆਪਣਾ ਨੰਬਰ ਛੁਪਾ ਕੇ ਧਮਕੀਆਂ ਦਿੱਤੀਆਂ ਗਈਆਂ। ਆਪਣੀ ਪਹਿਚਾਣ ਜਾਂ ਨੰਬਰ ਛੁਪਾ ਕੇ ਫ਼ੋਨ ਕਰਨ ਵਾਲ਼ਾ ਸੱਜਣ ਇਹ ਭੁੱਲ ਜਾਂਦਾ ਹੈ ਕਿ ਜੇ ਆਪਣੇ ਸੌਣ ਵਾਲ਼ੇ ਕਮਰੇ ਵਿਚੋਂ ਕੰਪਿਊਟਰ ‘ਤੇ ਖ਼ਤਰਨਾਕ ‘ਵਾਇਰਸ’ ਭੇਜਣ ਵਾਲ਼ੇ ਦੀ ਪਹਿਚਾਣ ਕੋਰੀਆ ਵਿਚੋਂ ਛੇ ਘੰਟੇ ਦੇ ਅੰਦਰ ਅੰਦਰ ਨਿਕਲ਼ ਸਕਦੀ ਹੈ ਤਾਂ ਫ਼ੋਨ ਨੰਬਰ ਲੱਭਣਾ ਤਾਂ ਪੁਲੀਸ ਲਈ ਇਕ ਮਾਮੂਲੀ ਗੱਲ ਹੈ! ਜਿਸ ਟਾਵਰ ਜਾਂ ਜਿਸ ਏਰੀਏ ਵਿਚੋਂ ਫ਼ੋਨ ਕੀਤਾ ਜਾ ਰਿਹਾ ਹੁੰਦਾ ਹੈ, ਉਸ ਟਾਵਰ ਅਤੇ ਏਰੀਏ ਦੀ ਸ਼ਨਾਖ਼ਤ ਪੁਲੀਸ ਕੋਲ਼ ਪੂਰੇ ਸੱਤ ਸਾਲ ਤੱਕ ਸੁਰੱਖਿਅਤ ਰਹਿੰਦੀ ਹੈ। ਕਿਉਂਕਿ 9/11 ਦੇ ਕਾਂਡ ਮਗਰੋਂ ਤਾਂ ਦੁਨੀਆਂ ਭਰ ਦੀ ਪੁਲੀਸ ਅਤੀਅੰਤ ਸੁਚੇਤ ਹੋ ਗਈ ਹੈ ਅਤੇ ਇੰਗਲੈਂਡ ਅਤੇ ਅਮਰੀਕਾ ਵਿਚ ਤਾਂ ਹਰ ਬੰਦੇ ਦੀ ਹਰ ਫ਼ੋਨ ਕਾਲ ਅਤੇ ਹਰ ਈ-ਮੇਲ ਵੀ ‘ਟਰੇਸ’ ਕੀਤੀ ਜਾ ਰਹੀ ਹੈ! ਤੁਸੀਂ ਇਕ ਵਾਰ ਮਾੜੀ ਜਿਹੀ ਜ਼ੁਬਾਨ ਤਾਂ ਹਿਲਾ ਕੇ ਦੇਖੋ, ਦੇਖੋ ਫਿ਼ਰ ਬਰਤਾਨੀਆਂ ਦੀ ਪੁਲੀਸ ਆਪਣਾ ਕੀ ਰੰਗ ਦਿਖਾਉਂਦੀ ਹੈ! ਦੋ ਹਫ਼ਤੇ ਪਹਿਲਾਂ ਪਾਠਕਾਂ ਨੇ ਪੜ੍ਹਿਆ ਹੀ ਹੋਣਾਂ ਹੈ ਕਿ ਗਾਜ਼ਾ ਪੱਟੀ ਉਪਰ ਇਜ਼ਰਾਈਲ ਦੇ ਹਮਲੇ ਕਾਰਨ ਕਿੰਨੇ ‘ਟੈਕਸਟ ਮੈਸੇਜ਼’ ਇੰਗਲੈਂਡ ਦੀ ਪੁਲੀਸ ਵੱਲੋਂ ‘ਟਰੇਸ’ ਕਰਕੇ ਮੀਡੀਆ ਨੂੰ ਅਤੇ ਖ਼ੁਫ਼ੀਆ ਦਸਤਿਆਂ ਨੂੰ ਦਿੱਤੇ ਗਏ ਕਿ ਇੰਗਲੈਂਡ ਵਸਦੇ ‘ਤੱਤੇ’ ਪੈਰਾਂ ਵਾਲ਼ੇ ਲੋਕ ਕਿਵੇਂ ਦੁਨੀਆਂ ਭਰ ਦੇ ਮੁਸਲਮਾਨਾਂ ਨੂੰ ਇਜ਼ਰਾਈਲ ਖਿ਼ਲਾਫ਼ ‘ਭੜਕਾ’ ਰਹੇ ਹਨ ਅਤੇ ‘ਜਿਹਾਦ’ ਲਈ ‘ਪ੍ਰੇਰ’ ਰਹੇ ਹਨ! ਪਹਿਚਾਣ ਛੁਪਾ ਕੇ ਫ਼ੋਨ ਕਰਨ ਵਾਲ਼ਾ ਵਿਅਕਤੀ ਸ਼ਾਇਦ ਯੂਰਪ ਦੀ ਤਕਨੀਕ ਪ੍ਰਤੀ ਆਵੇਸਲ਼ਾ ਹੈ ਜਾਂ ਇਸ ਸਿਸਟਮ ਨੂੰ ਲੱਲੂ-ਪੰਜੂ ਹੀ ਸਮਝਦਾ ਹੈ। ਕਬੂਤਰ ਦੇ ਬਿੱਲੀ ਵੱਲ ਦੇਖ ਕੇ ਅੱਖਾਂ ਮੀਟਣ ਵਾਂਗ! ਪਰ ਗੱਲ ਬੱਕਰੇ ਦੀ ਜਾਨ ਜਾਣ ਵਾਲ਼ੀ ਬਣ ਜਾਂਦੀ ਹੈ, ਖਾਣ ਵਾਲ਼ੇ ਨੂੰ ਚਾਹੇ ਸੁਆਦ ਆਵੇ ਜਾਂ ਨਾ ਆਵੇ! ਇੰਗਲੈਂਡ ਅਤੇ ਅਮਰੀਕਾ ਵਿਚ ਤਾਂ ਅੱਜ ਕੱਲ੍ਹ ਤਾਂ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਫ਼ੋਨ ਉਪਰ ਕੋਈ ਲੜਾਈ ਝਗੜੇ ਦੀ ਗੱਲ ਦੱਸਣ ਤੋਂ ਘਬਰਾਉਣ ਲੱਗ ਪਏ ਹਨ!

ਇਕ ਗੱਲ ਯਾਦ ਆ ਗਈ! ਇਕ ਵਾਰੀ ਕੁਝ ਜਣੇਂ ਕਿਸੇ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਲਈ ਸ਼ਮਸ਼ਾਨਘਾਟ ਨੂੰ ਚੁੱਕੀ ਜਾ ਰਹੇ ਸਨ। ਭੁੱਕੀ ਦੇ ਰੱਜੇ ਇਕ ਅਮਲੀ ਨੇ “ਦੇਖਿਓ ਭਾਈ – ਦੇਖਿਓ ਭਾਈ” ਕਰਦੇ ਨੇ ਸਾਈਕਲ ਅਰਥੀ ਦੇ ਵਿਚ ਲਿਆ ਮਾਰਿਆ ਅਤੇ ਮ੍ਰਿਤਕ ਦੇਹ ਧਰਤੀ ‘ਤੇ ਡਿੱਗ ਪਈ। ਲੋਕ ਅਮਲੀ ਨੂੰ ਫੜ ਕੇ ਕੁੱਟਣ ਲੱਗ ਪਏ। ਜਦ ਛਿੱਤਰਾਂ ਦੇ ਛੜਾਕੇ ਨਾਲ਼ ਅਮਲੀ ਦਾ ਨਸ਼ਾ ਜਿਹਾ ਉਤਰਿਆ ਤਾਂ ਉਸ ਨੇ ਭੰਬਲ਼ਭੂਸੇ ਜਿਹੇ ਹੋਏ ਨੇ ਲੋਕਾਂ ਨੂੰ ਪੁੱਛਿਆ, “ਮੈਨੂੰ ਕੁੱਟੀ ਕਾਹਤੋਂ ਜਾਨੇ ਐਂ?” ਲੋਕ ਡਿੱਗੀ ਪਈ ਅਰਥੀ ਵੱਲ ਹੱਥ ਕਰਕੇ ਆਖਣ ਲੱਗੇ, “ਸਾਲਿ਼ਆ ਤੂੰ ਐਹਦੇ ‘ਚ ਸਾਈਕਲ ਮਾਰਿਆ..!” ਤਾਂ ਅਮਲੀ ਵੀ ਅਰਥੀ ਵੱਲ ਹੱਥ ਕਰਕੇ ਪੁੱਛਣ ਲੱਗ ਪਿਆ, “ਮੈਂ ਐਹਦੇ ‘ਚ ਛੈਂਕਲ ਮਾਰਿਆ?” ਲੋਕ ਆਖਣ ਲੱਗੇ, “ਆਹੋ! ਇਹਦੇ ‘ਚ ਈ ਮਾਰਿਐ!” ਤਾਂ ਅਮਲੀ ਪਿੱਟਣ ਵਾਲਿ਼ਆਂ ਵਾਂਗ ਬੋਲਿਆ, “ਫ਼ੇਰ ਮੈਨੂੰ ਉਹ ਤਾਂ ਕੁਛ ਕਹਿੰਦਾ ਨ੍ਹੀ, ਉਹ ਤਾਂ ਵਿਚਾਰਾ ‘ਰਾਮ ਨਾਲ਼ ਪਿਐ, ਤੁਸੀਂ ਮੈਨੂੰ ਕਾਹਨੂੰ ਐਵੇਂ ਬਾਧੂ ਕੁੱਟਣ ਲੱਗਪੇ..?” ਕਹਿਣ ਦਾ ਮਤਲਬ ਇਹ ਹੈ ਕਿ ਕਿਤੇ ਉਹ ਗੱਲ ਨਾ ਹੋਵੇ ਕਿ ਨਾ ਪਾਰਟੀ ਵਿਚੋਂ ਕੋਈ ਫ਼ੋਨ ਕਰਦਾ ਹੋਵੇ ਅਤੇ ਨਾ ਹੀ ਪਾਰਟੀ ਦੇ ਕਿਸੇ ਕਾਰਕੁੰਨ ਨੂੰ ਪਤਾ ਹੋਵੇ। ਵਿਚਾਰੇ ਅਮਲੀ ਵਾਂਗੂੰ ਲੁੱਪਰੀ ਕਿਸੇ ਸ਼ਰਾਰਤੀ ਦੀ ਬਿਨਾਂ ਗੱਲੋਂ ਲੱਥ ਜਾਵੇ?

ਹਰ ਸਿਆਸੀ ਪਾਰਟੀ ਦਾ ਵਿਰੋਧ ਹੋਣਾਂ ਇਕ ਦਸਤੂਰ ਹੀ ਹੈ। ਕਿਸੇ ਲੀਡਰ ਜਾਂ ਸਿਆਸੀ ਪਾਰਟੀ ‘ਤੇ ਆਪਣੇ ਦੇਸ਼ ਜਾਂ ਕੌਮ ਦੇ ਭਲੇ ਦੀ ਖ਼ਾਤਿਰ ਟਿੱਪਣੀ ਦੀ ਧਰੀ ਗਈ ਉਂਗਲ਼, ਆਪਣੀ ਕੌਮ, ਸੂਬੇ ਜਾਂ ਦੇਸ਼ ਦੇ ਹੱਕ ਵਿਚ ਜਾਂਦੀ ਹੋਵੇ ਤਾਂ ਲਿਖਣ ਵਾਲ਼ੇ ਦਾ ਵਿਰੋਧ ਕਰਨ ਵਾਲ਼ਾ ਜਾਂ ਤਾਂ ਇਤਿਹਾਸ ਪੱਖੋਂ ਅਤੇ ਜਾਂ ਸੂਝ ਪੱਖੋਂ ‘ਕੋਰਾ’ ਹੀ ਆਖਿਆ ਜਾ ਸਕਦਾ ਹੈ! ਜਿਸ ਵਿਅਕਤੀ ਨੂੰ ਮੀਡੀਆ ਅਤੇ ਲੇਖਕ ਦੀ ਅਜ਼ਾਦੀ ਦਾ ਹੀ ਪਤਾ ਨਹੀਂ, ਉਸ ਲਈ ਸਿਆਸਤ ਇਕ ਕੱਲਰ ਵਾਲ਼ਾ ਕਿੱਲਾ ਹੀ ਸਾਬਤ ਹੁੰਦੀ ਹੈ, ਜਿੱਥੇ ਘਾਹ ਵੀ ਨਹੀਂ ਉਗਦਾ! ਕਿਸੇ ਦੀ ਲਿਖਤ ਦਾ ਵਿਰੋਧ ਕਰਨ ਵਾਲਿ਼ਆਂ ਨੂੰ ਘੱਟੋ ਘੱਟ ਮੀਡੀਆ ਦੀਆਂ ਪਾਲਸੀਆਂ ਅਤੇ ਉਹਨਾਂ ਦੇ ਸਿਧਾਂਤਾਂ ਦਾ ਜ਼ਰੂਰ ਗਿਆਨ ਹੋਣਾਂ ਚਾਹੀਦਾ ਹੈ! ਜਿੰਨ੍ਹਾਂ ਨੂੰ ਸਿਆਸਤ ਅਤੇ ਮੀਡੀਆ ਦੇ ਸਿਧਾਂਤਾਂ ਦਾ ਹੀ ਗਿਆਨ ਨਹੀਂ, ਤਾਂ ਤੁਸੀਂ ਉਸ ਵਿਅਕਤੀ ਵੱਲੋਂ ਕੌਮ ਅਤੇ ਸੂਬੇ ਦੇ ਕਿਸ ਭਲੇ ਦੀ ਕੀ ਆਸ ਰੱਖੋਂਗੇ? ਉਸ ਉਪਰ ਤਾਂ ਗੁਰੂ ਸਾਹਿਬਾਨ ਦਾ ਇਹ ਪ੍ਰਮਾਣ ਲਾਗੂ ਹੁੰਦਾ ਹੈ: ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ।। ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ।। ਵਿਰੋਧਤਾ ਕਰਨ ਵਾਲਿਆਂ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ: ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ।। ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ।।

ਇਕ ਗੱਲ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਨੋਟ ਕਰ ਲੈਣੀਂ ਚਾਹੀਦੀ ਹੈ ਕਿ ਅਜਿਹੇ ਫ਼ੋਟੋ ਲੁਹਾਉਣ ਦੇ ਸ਼ੌਕੀਨ ਜਾਂ ਮੱਲੋਮੱਲੀ ਦੀ ਸ਼ਾਬਾਸ਼ੇ ਲੈਣ ਵਾਲ਼ੇ ਅਨਸਰ ਹਮੇਸ਼ਾ ਹੀ ਲੀਡਰਾਂ ਦੀਆਂ ਬੇੜੀਆਂ ਵਿਚ ਵੱਟੇ ਪਾਉਂਦੇ ਹਨ। ਜਾਰਜ ਡਬਲਿਊ ਬੁਸ਼ ਅਤੇ ਅਮਰੀਕਾ ਦੇ ਝੋਲ਼ੀ ਚੁੱਕਾਂ ਨੇ ਉਂਗਲਾਂ ਦੇ-ਦੇ ਕੇ ਅਮਰੀਕਾ ਤੋਂ ਇਰਾਕ ਅਤੇ ਅਫ਼ਗਾਨਿਸਤਾਨ ‘ਤੇ ਹਮਲੇ ਕਰਵਾਏ। ਪਰ ਆਪਣੀ ਗਲਤੀ ਦਾ ਅਹਿਸਾਸ ਹੋਣ ‘ਤੇ ਦੁਨੀਆਂ ਦਾ ਸ਼ਕਤੀਸ਼ਾਲੀ ਮਾਨੁੱਖ ਅਤੇ ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਆਪਣੀ ਆਖ਼ਰੀ ‘ਪ੍ਰੈਸ ਕਾਨਫ਼ਰੰਸ’ ਵਿਚ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਕੇ ਗਿਆ ਹੈ! ਉਸ ਨੂੰ ਭਲੀ ਭਾਂਤ ਪਤਾ ਸੀ ਕਿ ਰਾਸ਼ਟਰਪਤੀ ਦੇ ਅਹੁਦੇ ਤੋਂ ਲਹਿ ਕੇ ਮੈਂ ਜੋ ਮਰਜ਼ੀ ਹੈ ਬਿਆਨ ਦਾਗੀ ਜਾਵਾਂ, ਕਿਸੇ ਨੇ ਧਿਆਨ ਨਹੀਂ ਧਰਨਾ ਅਤੇ ਨਾ ਹੀ ਉਸ ਦਾ ਕੋਈ ਫ਼ਾਇਦਾ ਹੋਣਾਂ ਹੈ। ਇਸ ਲਈ ਉਹ ਉਸੀ ਪ੍ਰੈਸ ਦੇ ਸਾਹਮਣੇ ਆਪਣੀ ਗਲਤੀ ਮੰਨ ਕੇ ਗਿਆ, ਜਿਸ ਸਾਹਮਣੇਂ ਉਹ ਵੱਖੋ ਵੱਖ ਡੀਂਗਾਂ ਮਾਰਦਾ ਨਹੀਂ ਥੱਕਦਾ ਸੀ! ਉਸ ਦਾ ਪਛਤਾਵੇ ਵਜੋਂ ਇਹ ਕਹਿਣਾ ਸੀ ਕਿ ਜੋ ਹੋਇਆ ਉਹ ਬਹੁਤ ਹੀ ਬੁਰਾ ਅਤੇ ਨਿਰਾਸ਼ ਕਰ ਦੇਣ ਵਾਲ਼ਾ ਸੀ। ਸੋ ਲੇਖਕ ਅਤੇ ਪੱਤਰਕਾਰਾਂ ਨੂੰ ਧਮਕੀਆਂ ਦੇਣ ਵਾਲ਼ੇ ਇਤਨਾ ਅਹਿਸਾਸ ਜ਼ਰੂਰ ਕਰ ਲੈਣ ਕਿ ਉਹਨਾਂ ਦੇ ਲੀਡਰ ਜਾਰਜ ਡਬਲਿਊ ਬੁਸ਼ ਨਾਲ਼ੋਂ ਸ਼ਕਤੀਸ਼ਾਲੀ ਨਾਂ ਤਾਂ ਹਨ ਅਤੇ ਨਾ ਹੀ ਉਹ ਸਾਰੀ ਜਿ਼ੰਦਗੀ ਬਣ ਸਕਦੇ ਹਨ!

ਜੋ ਗੱਲ ਮੇਜ਼ ‘ਤੇ ਬੈਠ ਕੇ ਨਿਪਟਾਈ ਜਾਵੇ, ਇਸ ਨਾਲ਼ ਦੀ ਰੀਸ ਨਹੀਂ! ਮੈਂ ਇਹ ਨਹੀਂ ਕਹਿੰਦਾ ਕਿ ਪ੍ਰੈਸ ਜਾਂ ਲੇਖਕ ਲੋਕਾਂ ਵਿਚ ਧੜੇਬੰਦੀ ਨਹੀਂ! ਧੜੇਬੰਦੀ ਹਰ ਵਰਗ ਵਿਚ ਹੈ ਅਤੇ ਹਰ ਥਾਂ ਹੈ! ਪਰ ਕਿਸੇ ਲੇਖਕ ਵੱਲੋਂ ਮੌਕੇ ਦੀ ਸਰਕਾਰ ਦੇ ਹੱਕ ਵਿਚ ਜਾਂ ਵਿਰੋਧ ਵਿਚ ਭੁਗਤ ਜਾਣ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਫ਼ੋਨ ‘ਤੇ ਹੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਣ? ਧਮਕੀ ਉਹ ਆਦਮੀ ਦਿੰਦਾ ਹੈ, ਜਿਸ ਕੋਲ਼ ਕੋਈ ਦਲੀਲ ਨਾ ਹੋਵੇ! ਜਿਸ ਪਾਸ ਦਲੀਲ ਹੈ, ਉਹ ਇਹਨਾਂ ਕੋਝੀਆਂ ਹਰਕਤਾਂ ‘ਤੇ ਉਤਰ ਹੀ ਨਹੀਂ ਸਕਦਾ ਅਤੇ ਨਾ ਹੀ ਉਸ ਨੂੰ ਅਜਿਹੀਆਂ ਬੇਹੂਦਾ ਹਰਕਤਾਂ ਕਰਨ ਦੀ ਲੋੜ ਹੀ ਪੈਂਦੀ ਹੈ! ਅੱਜ ਜ਼ਮਾਨਾ ਦਲੀਲ ਦਾ ਹੈ! ਤੁਹਾਡੇ ਕੋਲ਼ ਦਲੀਲ ਹੈ ਤਾਂ ਤੁਸੀਂ ਸਾਰੀ ਦੁਨੀਆਂ ਜਿੱਤ ਸਕਦੇ ਹੋ! ਜੇ ਅੱਜ ਦੇ ਜ਼ਮਾਨੇ ਵਿਚ ਤੁਹਾਡੇ ਕੋਲ਼ ਸਾਰਥਿਕ ਦਲੀਲ ਨਹੀਂ, ਤਾਂ ਤੁਹਾਡੀ ਪ੍ਰਮਾਣੂੰ ਸ਼ਕਤੀ ਵੀ ਰੂੜੀ ਦਾ ਢੇਰ ਸਾਬਤ ਹੋ ਕੇ ਰਹਿ ਜਾਵੇਗੀ! ਜਿਤਨਾ ਮਰਜ਼ੀ ਖੱਪ ਖਾਨਾ ਕਰ ਲਓ, ਗੱਲ ਬਾਤ ਅਕਸਰ ਗੱਲ ਬਾਤ ‘ਤੇ ਆ ਕੇ ਹੀ ਨਿੱਬੜਨੀ ਹੈ ਅਤੇ ਸਿਆਣੇ ਬੰਦੇ ਕਦੇ ਕੋਝੀ ਹਰਕਤ ਨਹੀਂ ਕਰਦੇ, ਸਦਾ ਧਹੱਮਲ ਦਾ ਪੱਲਾ ਫੜੀ ਰੱਖਦੇ ਹਨ! ਬੋਸਨੀਆਂ ਵਿਚ ਕਿਤਨਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ? ਦੁਨੀਆਂ ਜਾਣਦੀ ਹੈ! ਇਸ ਲਈ ਹੀ ਪਿੱਛੋਂ ਉਸ ‘ਤੇ ਪਛਤਾਵੇ ਹੁੰਦੇ ਰਹੇ ਅਤੇ ਅੱਜ ਤੱਕ ਹੋ ਰਹੇ ਹਨ? ਜੇ ਪਹਿਲਾਂ ਹੀ ਸਿਆਣੀ ਅਤੇ ਧਹੱਮਲ ਭਰੀ ਸੋਚ ਤੋਂ ਕੰਮ ਲਿਆ ਜਾਂਦਾ ਤਾਂ ਨਾ ਤਾਂ ਇਤਨੀ ਲੋਕਾਈ ਹੀ ਮਰਦੀ ਅਤੇ ਨਾ ਅੱਜ ਦੀ ਧੱਕੇ ਖਾ ਰਹੀ ਪੀੜ੍ਹੀ ਦਰ-ਬ-ਦਰ ਭਟਕਣ ਲਈ ਮਜਬੂਰ ਹੁੰਦੀ!

ਸਾਡੇ ਗੁਰੂ ਸਾਹਿਬਾਨ ਵੀ ਲੇਖਕਾਂ ਨੂੰ ਬਣਦਾ ਤਣਦਾ ਸਨਮਾਨ ਦੇ ਕੇ ਨਿਵਾਜਦੇ ਰਹੇ। ਉਦਾਹਰਣ ਵਜੋਂ, ਜਦੋਂ ਭਾਈ ਨੰਦ ਲਾਲ ਜੀ ਸ਼ਸਤਰ-ਬਸਤਰ ਪਹਿਨ ਕੇ ਦਸਵੇਂ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇਂ ਆਏ ਤਾਂ ਉਹਨਾਂ ਦਾ ਪਹਿਰਾਵਾ ਦੇਖ ਕੇ ਚੋਜੀ ਪ੍ਰੀਤਮ ਹੈਰਾਨ ਰਹਿ ਗਏ ਅਤੇ ਪੁੱਛਣ ਲੱਗੇ, “ਭਾਈ ਸਾਹਿਬ ਜੀਓ! ਇਹ ਭੇਸ ਕਿਸ ਲਈ ਧਾਰਿਆ?” ਤਾਂ ਭਾਈ ਨੰਦ ਲਾਲ ਜੀ ਨਿਮਰਤਾ ਸਹਿਤ ਬੇਨਤੀ ਕਰਨ ਲੱਗੇ, “ਸੱਚੇ ਪਾਤਿਸ਼ਾਹ ਜੀ! ਖ਼ਾਲਸੇ ‘ਤੇ ਜੰਗ ਦਾ ਸਮਾਂ ਹੈ। ਦਾਸ ਨੂੰ ਜੰਗ ਵਿਚ ਜਾਣ ਦੀ ਆਗਿਆ ਦਿਓ!” ਤਾਂ ਸਰਬੰਸ ਦਾਨੀ ਨੇ ਭਾਈ ਨੰਦ ਲਾਲ ਜੀ ਨੂੰ ਆਪਣੀ ਛਾਤੀ ਨਾਲ਼ ਲਾ ਲਿਆ ਅਤੇ ਬਚਨ ਫ਼ੁਰਮਾਉਣ ਲੱਗੇ, “ਭਾਈ ਨੰਦ ਲਾਲ ਜੀ! ਅਸੀਂ ਤੇਗ ਦੇ ਧਨੀ ਤਾਂ ਹੋਰ ਵੀ ਬਹੁਤ ਪੈਦਾ ਕਰ ਲਵਾਂਗੇ। ਪਰ ਸਾਡੇ ਕੋਲੋਂ ਕਲਮ ਦੇ ਧਨੀ ਪੈਦਾ ਨਹੀਂ ਹੋਣੇ! ਸੋ ਕਿਰਪਾ ਕਰੋ, ਆਪਣਾ ਲਿਖਣ ਕਾਰਜ ਹੀ ਬਰਕਰਾਰ ਰੱਖੋ!” ਇਸ ਦਾ ਮਤਲਬ ਹੈ ਕਿ ਦਸਵੇਂ ਪਿਤਾ ਵੀ ਲੇਖਕਾਂ ਦੇ ਅਥਾਹ ਕਦਰਦਾਨ ਸਨ ਅਤੇ ਉਹਨਾਂ ਨੂੰ ਸ਼ਹੀਦ ਹੁੰਦਾ ਨਹੀਂ ਦੇਖਣਾ ਚਾਹੁੰਦੇ ਸਨ। ਇਹ ਨਹੀਂ ਕਿ ਮੈਂ ਕਿਸੇ ਲੇਖਕ ਦੀ ਭਾਈ ਨੰਦ ਲਾਲ ਜੀ ਨਾਲ਼ ਤੁਲਨਾ ਕਰ ਰਿਹਾ ਹਾਂ, ਕਦਾਚਿੱਤ ਨਹੀਂ! ਮੈਂ ਗੱਲ ਗੁਰੂ ਸਾਹਿਬਾਨ ਦੇ ਬਖ਼ਸ਼ਣਹਾਰ ਅਤੇ ਵਿਸ਼ਾਲ ਹਿਰਦੇ ਦੀ ਕਰ ਰਿਹਾ ਹਾਂ!

ਧਮਕੀ ਮਿਲਣ ਵਾਲ਼ੇ ਸੱਜਣਾਂ ਨੂੰ ਵੀ ਇਕ ਗੱਲ ਆਖਾਂਗਾ ਕਿ ਜੋ ਵਿਅਕਤੀ ਤੁਹਾਨੂੰ ਫ਼ੋਨ ਕਰਨ ਸਮੇਂ ਆਪਣਾ ਨਾਮ ਅਤੇ ਫ਼ੋਨ ਨੰਬਰ ਹੀ ਨਹੀਂ ਦੱਸਦਾ, ਉਸ ਕਰਕੇ ਤੁਸੀਂ ਕਿਉਂ ਅਵਾਜ਼ਾਰ ਹੁੰਦੇ ਹੋ? ਮੈਨੂੰ ਤਾਂ ਇਹ ਸਰਾਸਰ ਕਿਸੇ ਸ਼ਰਾਰਤੀ ਜਾਂ ਤੁਹਾਡੇ ਕਿਸੇ ਦੋਖੀ ਦਾ ਕਾਰਾ ਜਾਪਦਾ ਹੈ, ਜੋ ਪਾਰਟੀ ਦਾ ਨਾਮ ਲੈ ਕੇ ਤੁਹਾਡੇ ‘ਤੇ ਫ਼ੋਕਾ ਰੋਹਬ ਪਾਉਣਾ ਚਾਹੁੰਦਾ ਹੈ! ਕਿਉਂਕਿ ਸੁਹਿਰਦ ਪਾਰਟੀ ਵਰਕਰ ਅਜਿਹੀ ਗਈ ਗੁਜਰੀ ਹਰਕਤ ਕਰਕੇ ਕਦੇ ਆਪਣੀ ਪਾਰਟੀ ਦੇ ਮੱਥੇ ‘ਤੇ ਕਲੰਕ ਨਹੀਂ ਲੁਆਉਂਦਾ! ਸੂਰਮਾਂ ਉਹ ਹੁੰਦਾ ਹੈ ਜੋ ਸ਼ਰੇਆਮ ਮੈਦਾਨ ਵਿਚ ਨਿੱਤਰੇ ਅਤੇ ਦਲੀਲ ਦਾ ਸਾਹਮਣਾ ਕਰੇ ਅਤੇ ਸੁਹਿਰਦਤਾ ਨਾਲ਼ ਉਤਰ ਵੀ ਦੇਵੇ! ਪੰਥ ਦੇ ਵਫ਼ਾਦਾਰ ਤਾਂ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਵੀ ਸਿੱਧੇ ਮੱਥੇ ਟੱਕਰ ਲੈਂਦੇ ਰਹੇ ਹਨ! ਅਕਾਲੀਆਂ ਦੇ ਵਫ਼ਾਦਾਰ ਸਰਦਾਰ ਦਰਸ਼ਣ ਸਿੰਘ ਫ਼ੇਰੂਮਾਨ ਵਰਗੇ ਮਰਨ ਵਰਤ ਰੱਖ ਕੇ ਕਦੇ ਵੀ ਬਚਨ ਤੋਂ ਨਹੀਂ ਫਿ਼ਰੇ, ਜਾਨ ਦੀ ਪ੍ਰਵਾਹ ਨਹੀਂ ਕੀਤੀ, ਸ਼ਹੀਦੀ ਦੇਣੀਂ ਪ੍ਰਵਾਨ ਕਰ ਲਈ! ਰਸਗੁੱਲਿਆਂ ਅਤੇ ਜੂਸ ਦੇ ਸ਼ੌਕੀਨ ਤਾਂ ਸ਼ੁਗਲੇ ਵਜੋਂ ਕੋਈ ਨਾ ਕੋਈ ਮੋਰਚਾ ਨਿੱਤ ਹੀ ਲਾਈ ਰੱਖਦੇ ਸਨ ਅਤੇ ਲੋਕਾਂ ਅਤੇ ਪੰਥ ਨੂੰ ਵੀ ਉਹਨਾਂ ਦੀ ਬਦਨੀਤ ਦੀ ਅਗਾਊਂ ਖ਼ਬਰ ਹੁੰਦੀ ਸੀ, ਨਾਲ਼ੇ ਉਸ ਸਮੇਂ ਪ੍ਰੈਸ ਦੀ ਮਾਰ ਅੱਜ ਜਿੰਨੀ ਨਹੀਂ ਸੀ। ਅੱਜ ਤਾਂ ਮੂੰਹੋਂ ਨਿਕਲ਼ੀ ਗੱਲ ਪਲ ਵਿਚ ਖ਼ਬਰ ਬਣ ਖਿੱਲਰ ਜਾਂਦੀ ਹੈ! ਕਿਸੇ ਪਾਰਟੀ ਜਾਂ ਲੀਡਰ ਦਾ ਨਾਂ ਲੈ ਕੇ ਧਮਕੀ ਦੇਣ ਵਾਲ਼ਾ ਉਹ ਸੱਜਣ ਕਦੇ ਵੀ ਪਾਰਟੀ ਦਾ ਸੱਚਾ ਸੁੱਚਾ ਸਿਪਾਹੀ ਨਹੀਂ ਹੋ ਸਕਦਾ, ਜੋ ਉਸ ਪਾਰਟੀ ਦਾ ਨਾਂ ਖ਼ਾਸ ਤੌਰ ‘ਤੇ ਪ੍ਰੈਸ ਵਿਚ ਬੱਦੂ ਕਰ ਰਿਹਾ ਹੈ! ਹਰ ਪਾਰਟੀ ਦੇ ਸੁਹਿਰਦ ਅਤੇ ਸਿਆਣੇਂ ਵਰਕਰਾਂ ਨੂੰ ਸੋਚ ਸਮਝ ਅਤੇ ਵਿਚਾਰ ਕੇ ਚੱਲਣਾ ਚਾਹੀਦਾ ਹੈ ਕਿ ਕੋਈ ਸਿੰਗੜੀ ਛੇੜ ਸਾਡੇ ਵਿਚ ਬੈਠ ਕੇ ਸਾਡੀ ਪਾਰਟੀ ਦੇ ‘ਪਰ’ ਤਾਂ ਨਹੀਂ ਕੁਤਰੀ ਜਾ ਰਿਹਾ? ਅਜਿਹੀਆਂ ਪੜਚੋਲ਼ਾਂ ਅਤੇ ਛਾਂਟੀਆਂ ਪਾਰਟੀ ਲਈ ਅੱਤ ਜ਼ਰੂਰੀ ਹੁੰਦੀਆਂ ਹਨ! ਨਹੀਂ ਤਾਂ ਇਕ ਮੱਛੀ ਸਾਰੇ ਜਲ ਦੀ ਅਹੀ ਤਹੀ ਫ਼ੇਰ ਧਰਦੀ ਹੈ! ਜਦੋਂ ਮੁਸ਼ਕ ਮਾਰਨ ਲੱਗ ਪਵੇ ਤਾਂ ਉਸ ਪਾਣੀ ਨੂੰ ਕਿਸੇ ਨੇ ਪੀਣ ਲਈ ਤਾਂ ਕੀ ਪ੍ਰਵਾਨ ਕਰਨਾ ਸੀ, ਅਗਲਾ ਕੋਲ਼ ਦੀ ਵੀ ਨੱਕ ਘੁੱਟ ਕੇ ਲੰਘਦਾ ਹੈ! ਇਸ ਪ੍ਰਤੀ ਪਾਰਟੀ ਦੇ ਆਗੂਆਂ ਨੂੰ ਸੰਜੀਦਗੀ ਤੋਂ ਕੰਮ ਲੈ ਕੇ ਅਜਿਹੇ ਇਲਤੀਆਂ ਨੂੰ ਨੱਥ ਪਾਉਣੀ ਚਾਹੀਦੀ ਹੈ, ਜੋ ਪਾਰਟੀ ਪ੍ਰਤੀ ਪ੍ਰੈਸ ਦੇ ਮਨ ਵਿਚ ਕੁੜੱਤਣ ਭਰ ਰਹੇ ਹਨ! ਇਕ ਗੱਲ ਯਾਦ ਰੱਖਣਾ, ਸ਼ਰਾਰਤੀ ਧਾੜਵੀ ਸਿਆਸੀ ਪਾਰਟੀ ਦੇ ਕੱਫ਼ਣ ਵਿਚ ਆਖਰੀ ਕਿੱਲ ਹੁੰਦੇ ਹਨ! ਇਸ ਪੱਖੋਂ ਹਰ ਸਿਆਸੀ ਪਾਰਟੀ ਨੂੰ ਆਪਣੇ ਵਰਕਰਾਂ ‘ਤੇ ਬਾਜ਼ ਅੱਖ ਰੱਖਣ ਦੀ ਲੋੜ ਹੈ!

This entry was posted in ਲੇਖ.

2 Responses to ਇਤਿਹਾਸ ਗਵਾਹ ਹੈ ਕਲਮ ਨੂੰ ਵੰਗਾਰਨ ਵਾਲ਼ੇ ਖ਼ੁਦ ਮਲ਼ੀਆਮੇਟ ਹੋਏ ਹਨ

  1. ਤੁਹਾਡਾ ਲੇਖ ਲੇਖਕਾਂ ਅਤੇ ਪ੍ਰੈੱਸ ਦੇ ਪੱਖ ਤੋਂ ਚੰਗਾ ਹੈ, ਮੈਂ ਭਾਵੇਂ ਪ੍ਰੈੱਸ ਦੀ ਆਜ਼ਾਦੀ
    ਅਤੇ ਜ਼ਿੰਮੇਵਾਰੀ ਦੇ ਵਿੱਚ ਫ਼ਰਕ ਕਰਨ ਤੋਂ ਅਸਮਰੱਥ ਹੀ ਰਿਹਾ ਹਾਂ, ਪਰ ਫੇਰ ਵੀ ਬੋਲਣ
    ਦੀ ਆਜ਼ਾਦੀ ਸਭ ਨੂੰ ਹੈ ਅਤੇ ਪ੍ਰੈੱਸ ਨੂੰ ਸ਼ਾਇਦ ਵੱਧ।
    ਸਭ ਤੋਂ ਦਿਲਚਸਪ ਗੱਲ਼ ਲੱਗੀ ਮੈਨੂੰ ਦਲੀਲ ਵਾਲੀ ਅਤੇ ਮੈਂ ਇਹ ਭੁੱਲ
    ਨਹੀਂ ਸਕਦਾ ਸੀ ਵੀਹਵੀਂ ਸਦੀ ਵਿੱਚ ਅਤੇ ਪਹਿਲਾਂ ਵੀ ਦਲੀਲ ਬਹੁਤ ਭਾਰੂ
    ਰਹੀ ਹੈ ਅਤੇ ਸਿਰਫ਼ ਭਗਤ ਸਿੰਘ ਹੋਰਾਂ ਦਾ ਵੇਰਵਾ ਦੇਣਾ ਠੀਕ ਰਹੇਗਾ, ਜਿਸ
    ਨੇ ਆਪਣੇ ਮਕਸਦ (ਭਾਵੇਂ ਕਿ ਆਜ਼ਾਦੀ ਮਗਰੋਂ ਉਸ ਦੇ ਸਿਧਾਂਤਾਂ ਮਾਨਤਾ ਕਦੇ ਨਾ ਮਿਲੀ)
    ਨੂੰ ਦਲੀਲਾਂ ਨਾਲ ਅਜਿਹਾ ਤਿਆਰ ਕੀਤਾ ਕਿ ਇੰਗਲੈਂਡ ਤੱਕ
    ਉਸ ਸੂਰਮੇ ਦੇ ਚਰਚੇ ਗਏ ਅਤੇ ਲੇਖਕ/ਪ੍ਰੈਸ ਰਾਹੀਂ ਲੋਕਾਂ ਤੱਕ ਪਹੁੰਚਾਇਆ ਕਿ
    ਘਰਾਂ ਵਿੱਚ ਉਸ ਦੀ ਸ਼ਹੀਦ ਨਾਲ ਸੋਗ ਪੈ ਗਿਆ, ਜਦ ਕਿ ਪਹਿਲਾਂ
    ਇਹ ਕੇਵਲ “ਸਿਰ ਫਿਰੇ ਨੌਜਵਾਨ” ਹੀ ਸਨ।

  2. Gurdev Singh Sidhu says:

    Kussa Ji,
    You will be shocked that the great Sikh historian Dr Harjinder Singh Dilgeer was threatened and even a plan to kill him was hatched by terrorist Sikh groups in UK simply because he presented research abou Sikh history. A THUG Ranjit Rana who had embezzed lakhs of rupees of the Panth was successful in fooling these Sikh terrorists. Shameful. It means the Sikh terrorists can be fooled and used by any one.
    SIDHU

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>