ਅੱਖਾਂ

ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ,
ਨੇਹਮਤ ਬਖਸ਼ੀ ਤੂੰ ਵਰਦਾਨ ਅੱਖਾਂ ।
ਬਾਲ ਉਮਰੇ ਇਹ ਨਿਰਲੇਪ ਜਾਪਣ,
ਕਿੰਨੀਆਂ ਭੋਲੀਆਂ ਅਤੇ ਨਾਦਾਨ ਅੱਖਾਂ ।
ਅੱਖਾਂ ਵਿੱਚੋਂ ਮਸਤੀ ਛਲਕਦੀ ਹੈ,
ਜੋਬਨ ਰੁੱਤੇ ਜਦ ਹੋਣ ਜਵਾਨ ਅੱਖਾਂ ।
ਬਾਰੀ ਖ੍ਹੋਲਕੇ ਤੱਕਦੀਆਂ ਰਹਿਣ ਸਦਾ,
ਹਰ ਆਹਟ ਦਾ ਰੱਖਣ ਧਿਆਨ ਅੱਖਾਂ ।
ਧੜਕਣ ਦਿਲ ਦੀ ਦੁੱਗਣੀ ਵੱਧ ਜਾਂਦੀ,
ਜਦੋਂ ਮਟਕਾਵੇ ਕੋਈ ਮੁਟਿਆਰ ਅੱਖਾਂ ।
ਇੱਲ ਦੇ ਅ੍ਹਾਲਣੇ ਕੋਈ ਕਹੇ ਆਂਡਾ,
ਹਰਨੋਟੀ ਵਰਗੀਆਂ ਆਖੇ ਯਾਰ ਅੱਖਾਂ ।
ਛੋਟੀਆਂ,ਵੱਡੀਆਂ,ਕਾਲੀਆਂ,ਭੂਰੀਆਂ ਵੀ ,
ਲ਼ੱਗਣ ਬਿੱਲੀਆਂ ਜ਼ਰਾ ਚਲਾਕ ਅੱਖਾਂ ।
ਬਿਨ ਬੋਲਿਆਂ ਅੱਖਾਂ ਬੋਲ ਪੈਂਦੀਆਂ ਨੇ,
ਅੱਖ ਮਾਰ ਕੇ ਦਿੰਦੀਆਂ  ਮਾਰ ਅੱਖਾਂ ।
ਕਹਿੰਦੇ ਅੱਖਾਂ ਨਾਲ ਮਿਰਚਾਂ ਭੋਰਦੀ ਹੈ,
ਜਦੋਂ ਮਟਕਾਉਂਦੀ ਕੋਈ ਰਕਾਨ ਅੱਖਾਂ ।
ਆਖਦੇ ਅੱਖੀਆਂ ਨਾਲ ਬੰਦੇ ਨਾ ਮਰਦੇ,
ਪਰ ਕਰ ਦੇਵਣ ਮੋਇਆਂ ਸਮਾਨ ਅੱਖਾਂ ।
ਖਾਲੀ ਤੁਰਦਾ ਨਜ਼ਰ ਕਲਬੂਤ ਆਵੇ,
ਕੱਢ ਲੈਂਦੀਆਂ ਸਰੀਰ ਚੋਂ ਜਾਨ ਅੱਖਾਂ ।
ਸੇਹਲੀਆਂ ਤਿੱਖੀਆਂ ਭਵਾਂ ਕਮਾਨ ਵਾਂਗੂੰ,
ਧਾਰੀ ਖਿੱਚ ਕੇ ਲੱਗਣ ਕਟਾਰ ਅੱਖਾਂ ।
ਤਾਰ ਇੱਸ਼ਕੇ ਦੀ ਜਦੋਂ ਟੁਣਕਦੀ ਹੈ,
ਬਾਰਾਂ ਸਾਲ ਇਹ ਵੱਗ ਚਰਾਣ ਅੱਖਾਂ ।
ਕੀਤੇ ਕੌਲ ਇਕਰਾਰ ਕਦੇ ਭੁੱਲਦੇ ਨਹੀਂ,
ਪੱਟ ਯਾਰ ਦਾ ਚੀਰ ਖਵਾਣ ਅੱਖਾਂ ।
ਸ਼ੀਰੀਂ ਫਰਿਆਦ ਵੀ ਅੱਖਾਂ ਨੇ ਪੱਟੇ,
ਚਟਾਨਾਂ ਵਿੱਚੋਂ ਨਹਿਰ ਖੁਦਵਾਣ ਅੱਖਾਂ ।
ਦੁਨੀਆਂ ਦੀ ਸੁੱਧ ਬੁੱਧ ਭੁੱਲ ਜਾਂਦੀ,
ਜਦੋਂ ਹੋ ਜਾਣ ਕਿਧਰੇ ਚਾਰ ਅੱਖਾਂ ।
ਲਾਲ ਡੋਰੇ ਅੱਖਾਂ ਵਿੱਚਲੇ ਦੱਸਦੇ ਨੇ,
ਜਦੋਂ ਹੁੰਦੀਆਂ ਯਾਰ ਲਾਚਾਰ ਅੱਖਾਂ ।
ਸ਼ਮ ਸ਼ਮ ਸਾਵਣ ਵਾਂਗੂੰ ਵ੍ਹਰਦੀਆਂ ਨੇ,
ਕਰਕੇ ਸੱਜਣਾਂ ਦਾ ਇੰਤਜਾਰ ਅੱਖਾਂ ।
ਅੱਚੋ ਆਈ ਦਿਲ ਨੂੰ ਲੱਗੀ ਰਹਿੰਦੀ,
ਜਦੋਂ ਹੁੰਦੀਆਂ ਨੇ ਬੇ-ਕਰਾਰ ਅੱਖਾਂ ।
ਉਨੀਂਦਰੇ ਨਾਲ ਅੱਖਾਂ ਹੇਠ ਛ੍ਹਾਈਆਂ,
ਲੱਗਣ ਆਸ਼ਕਾਂ ਦੀਆਂ ਬਿਮਾਰ ਅੱਖਾਂ ।
ਅੱਖਾਂ ਘੂਰ ਕੇ ਕਈ ਵਾਰ ਵੇਹੰਦੀਆਂ ਨੇ,
ਕਦੇ ਝੁੱਕਦੀਆਂ ਨਾਲ ਸਤਿਕਾਰ ਅੱਖਾਂ ।
ਨਜ਼ਰ ਧਰਤੀ ‘ਚ ਗੱਡੀ ਰੱਖਦੀਆਂ ਨੇ,
ਕਈ ਹੁੰਦੀਆਂ ਨੇ ਸ਼ਰਮਸਾਰ ਅੱਖਾਂ ।
ਧੋਖਾ ਕਰਕੇ ਵੀ ਸਿਰ ਨਿਵਾਉਂਦੀਆਂ ਨੇ,
ਮਿਲਾਉਣ ਅੱਖ ਨਾ ਕਦੇ ਗਦਾਰ ਅੱਖਾਂ ।
ਜਦੋਂ ਲਾਲ ਗੁੱਸੇ ਵਿੱਚ ਹੁੰਦੀਆਂ ਨੇ,
ਅੱਗ ਸੁੱਟਦੀਆਂ ਬਣ ਅੰਗਿਆਰ ਅੱਖਾਂ ।
ਇਹ ਖੱਬੀ ਖਾਨਾਂ ਨੂੰ ਖੂੰਜੇ ਲਾ ਦੇਵਣ,
ਜਦੋਂ ਹੁੰਦੀਆਂ ਨੇ ਕਹਿਰਵਾਨ ਅੱਖਾਂ ।
ਇਸ਼ਾਰਾ ਅੱਖ ਦਾ ਸਮਝਦਾਰ ਲਈ ਹੈ,
ਬੇਸਮਝ ਲਈ ਹਨ ਬੇਕਾਰ ਅੱਖਾਂ ।
ਰੱਜ ਪਹਿਲਾਂ ਪਿਆਰ ਜਤਾਉਂਦੀਆਂ ਨੇ,
ਫਿਰ ਕਰਦੀਆਂ ਜੱਗ ਬਦਨਾਮ ਅੱਖਾਂ ।
ਜਿਸ ਪਿੱਛੇ ਸੱਭ ਕੁੱਝ ਬਰਬਾਦ ਕੀਤਾ,
ਉਹੀ ਲੱਗਦੀਆਂ ਫਿਰ ਬੇਈਮਾਨ ਅੱਖਾਂ ।
ਬੰਦਾ ਕਿਹੜੇ ਸਟੇਸ਼ਨ ਤੋਂ ਬੋਲਦਾ ਹੈ,
ਝੱਟ ਪੱਟ ਹੀ ਲੈਣ ਨਿਹਾਰ ਅੱਖਾਂ ।
ਮੁੱਦਤਾਂ ਬਾਅਦ ਮਿਲੇ ਜੇ ਯਾਰ ਬੇਲੀ,
ਇਕ ਦਮ ਹੀ ਲੈਣ ਪਛਾਣ ਅੱਖਾਂ ।
ਮਾਇਆ ਹੱਥ ਗਰੀਬ ਦੇ ਧਰ ਵੇਖੋ,
ਕਿਵੇਂ ਹੁੰਦੀਆਂ ਨੇ ਕਦਰ ਦਾਨ ਅੱਖਾਂ ।
ਲੱਖ ਅਸੀਸਾਂ ਉੱਪਜਣ ਦਿਲ ਵਿੱਚੋਂ,
ਵੇਦਨਾ ਦਿਲ ਦੀ ਉਦੋਂ ਸੁਨਾਣ ਅੱਖਾਂ ।
ਭਲਾ ਕਿਸੇ ਦਾ ਕਰ ਕੇ ਦੇਖਿਓ ਸਹੀ,
ਕਿਵੇਂ ਹੁੰਦੀਆਂ ਨੇ ਸ਼ੁਕਰ ਗੁਜਾਰ ਅੱਖਾਂ ।
ਡਿੱਗੇ ਹੋਏ ਨੂੰ ਸਹਾਰਾ ਦੇਹ ਤਾਂ ਸਹੀ,
ਦੇਵਣ ਦੁਆਵਾਂ ਲੱਖ ਹਜ਼ਾਰ ਅੱਖਾਂ ।
ਅੱਖ ਦੁਖਣੇ ਨੂੰ ਭਲਾ ਜੇ ਆ ਜਾਵੇ,
ਸੁਰਖ ਗੇਰੂ ਹੁੰਦੀਆਂ ਲਾਲ ਅੱਖਾਂ ।
ਜਵਾਨੀ ਢਲੀ ਤੇ ਨਜ਼ਰ ਕਮਜੋਰ ਹੁੰਦੀ,
ਪਰ ਫੇਰ ਵੀ ਦਿੰਦੀਆਂ ਸਾਥ ਅੱਖਾਂ ।
ਦੇਖ ਭਾਲ਼ ਕਰੋ ਸਦਾ ਅੱਖੀਆਂ ਦੀ,
ਨੇਹਮਤ ਰੱਬ ਦੀ ਰੱਖੋ ਸੰਭਾਲ ਅੱਖਾਂ ।
ਅੱਖਾਂ ਵਾਲਿਓ ਮਾਰ ਕੇ ਨਿਗਾਹ ਦੇਖੋ,
ਕਿੰਨੇ ਕਰਦੀਆਂ ਨੇ ਉਪਕਾਰ ਅੱਖਾਂ ।
ਮੋਇਆਂ ਬਾਅਦ ਨਾ ਕਿਸੇ ਕੰਮ ਆਵਣ,
ਜੀਉਂਦੇ ਲਿਖਕੇ ਕਰੀਏ ਦਾਨ ਅੱਖਾਂ ।
“ਘੁੰਮਣ” ਇਹੋ ਦਾਨ ਉੱਤਮ ਜੱਗ ਉੱਤੇ,
ਕਿਸੇ ਬੁਝੀ ਜੋਤ ਨੂੰ ਰੁਸ਼ਨਾਣ ਅੱਖਾਂ ।
ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ,
ਨੇਹਮਤ ਬਖਸ਼ੀ ਤੂੰ ਵਰਦਾਨ ਅੱਖਾਂ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>