ਜੇ ਕਿਤੇ ਤੀਸਰਾ ਵਿਸ਼ਵ ਯੁੱਧ ਹੋਇਆ ਤਾਂ ਉਸ ਦਾ ਮੁੱਖ ਮੁੱਦਾ ਪਾਣੀ ਹੋਵੇਗਾ -ਲੰਗਾਹ

ਲੁਧਿਆਣਾ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਤਕਨੀਕੀ ਦੇਖਰੇਖ ਹੇਠ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਦੇ ਸਾਲਾਨਾ ਰਾਜ ਪੱਧਰੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ਲੰਗਾਹ ਨੇ ਕਿਹਾ ਹੈ ਕਿ ਜੇ ਕਿਤੇ ਤੀਸਰਾ ਵਿਸ਼ਵ ਯੁੱਧ ਹੋਇਆ ਤਾਂ ਉਸ ਦਾ ਮੁੱਖ ਮੁੱਦਾ ਪਾਣੀ ਹੋਵੇਗਾ । ਉਨ੍ਹਾਂ ਆਖਿਆ ਕਿ ਜਲ ਸੋਮਿਆਂ ਦੀ ਬੱਚਤ ਨਾਲ ਪਿਛਲੇ ਵਰ੍ਹੇ ਪੰਜਾਬ ਦੇ ਕਿਸਾਨਾਂ ਨੇ ਮਿਸਾਲ ਕਾਇਮ ਕੀਤੀ ਹੈ ਅਤੇ ਐਤਕੀਂ ਵੀ ਉਹੀ ਰਵਾਇਤੀ ਅੱਗੇ ਤੋਰੀ ਜਾਵੇਗੀ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਜਲ ਸੋਮਿਆਂ ਦੀ ਬੱਚਤ ਵਾਲੇ ਇਤਿਹਾਸਕ ਆਰਡੀਨੈਂਸ ਕਾਰਨ ਪਿਛਲੇ ਸਾਲ ਡੇਢ ਸੌ ਕਰੋੜ ਰੁਪਏ ਦੇ ਸਬਮਰਸੀਬਲ ਪੰਪ ਘੱਟ ਲੱਗੇ ਹਨ। 100 ਕਰੋੜ ਦੀਆਂ ਕੀਟ ਨਾਸ਼ਕ ਜ਼ਹਿਰਾਂ ਬਚੀਆਂ ਹਨ ਅਤੇ ਹਜ਼ਾਰਾਂ ਕਰੋੜਾਂ ਦੀ ਮਹਿੰਗੇ ਮੁੱਲ ਖਰੀਦੀ ਬਿਜਲੀ ਦੀ ਵੀ ਬੱਚਤ ਹੋਈ ਹੈ। ਉਨ੍ਹਾਂ ਆਖਿਆ ਕਿ ਅੱਜ ਖੇਤੀਬਾੜੀ ਵਿਗਿਆਨ ਦੇ ਸੋਮਿਆਂ ਨਾਲ ਚਿੱਟ ਕੱਪੜੀਏ ਕਿਸਾਨਾਂ ਦਾ ਤਾਂ ਸੰਬੰਧ ਜੁੜ ਗਿਆ ਹੈ ਪਰ ਪਿੰਡ ਦੇ ਚਾਦਰਾ ਬੰਨਣ ਵਾਲੇ ਕਿਸਾਨ ਤੀਕ ਪਹੁੰਚ ਕਰਨੀ ਬੇਹੱਦ ਜ਼ਰੂਰੀ ਹੈ। ਇਸ ਕੰਮ ਨੂੰ ਚਿੱਟ ਕੱਪੜੀਏ ਕਿਸਾਨ ਆਪਣੇ ਜ਼ਿੰਮੇਂ ਲੈਣ ਕਿਉਂਕਿ ਉਹ ਗਿਆਨਵਾਨ ਹਨ ਅਤੇ ਉਨ੍ਹਾਂ ਵੱਲੋਂ ਸੱਥ ਵਿੱਚ ਕੀਤੀਆਂ ਗੱਲਾਂ ਅਰਥ ਰੱਖਦੀਆਂ ਹਨ।

: ਲੰਗਾਹ ਨੇ ਆਖਿਆ ਕਿ ਮੈਨੂੰ ਇਸ ਗੱਲ ਵਿੱਚ ਕੋਈ ਭਰਮ ਨਹੀਂ ਕਿ ਪੰਜਾਬ ਨੂੰ ਬਚਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ। ਜੇਕਰ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਯੋਗ ਗਿਆਨ ਮੁਹੱਈਆ ਹੋਵੇ ਤਾਂ ਉਹ ਵਿਸ਼ਵ ਭਰ ਵਿੱਚ ਮੌਕੇ ਦੀ ਭਾਲ ਕਰ ਸਕਦੇ ਹਨ। ਉਨ੍ਹਾਂ ਯੂਨੀਵਰਸਿਟੀ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਘੱਟੋ-ਘੱਟ 10 ਖੇਤੀਬਾੜੀ ਕਾਲਜਾਂ ਦੀ ਯੋਜਨਾ ਤਿਆਰ ਕਰਨ ਜਿਸ ਨਾਲ ਪੰਜਾਬ ਦਾ ਖੇਤੀ ਢਾਂਚਾ ਵਿਗਿਆਨਕ ਲੀਹਾਂ ਤੇ ਤੋਰਨ ਵਿੱਚ ਮਦਦ ਮਿਲੇ। ਸ: ਲੰਗਾਹ ਨੇ ਆਖਿਆ ਕਿ ਚੰਗੇ ਸੰਦ, ਸਮੇਂ ਸਿਰ ਬਿਜਲੀ ਅਤੇ ਪਾਣੀ ਤੋਂ ਇਲਾਵਾ ਸਹੀ ਵਿਕਰੀ ਪ੍ਰਬੰਧ ਦੇਣਾ ਸਰਕਾਰ ਦੀ ਜਿੰਮੇਂਵਾਰੀ ਹੈ ਅਤੇ ਪੰਜਾਬ ਸਰਕਾਰ ਇਸ ਜਿੰਮੇਂਵਾਰੀ ਤੋਂ ਕਦੇ ਵੀ ਨਹੀਂ ਭੱਜੇਗੀ। ਉਨ੍ਹਾਂ ਆਖਿਆ ਕਿ ਵਿਹਾਰਕ ਸਿਖਲਾਈ ਘੱਟ ਗਈ ਹੈ ਜਿਸ ਕਾਰਨ ਖੇਤੀਬਾੜੀ ਦਾ ਕਿਤਾਬੀ ਗਿਆਨ ਖੇਤਾਂ ਵਿੱਚ ਓਨੀ ਤੇਜ਼ੀ ਨਾਲ ਨਹੀਂ ਪਹੁੰਚ ਰਿਹਾ। ਇਹ ਰਫ਼ਤਾਰ ਵਧਾਉਣ ਵਿੱਚ ਉਨ੍ਹਾਂ ਨੇ ਖੇਤੀਬਾੜੀ ਯੂਨੀਵਰਸਿਟੀ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਵੀ ਅੱਗੇ ਆਉਣ ਲਈ ਕਿਹਾ। ਸ: ਲੰਗਾਹ ਨੇ ਇਸ ਮੌਕੇ ਪੀ ਏ ਯੂ ਕਿਸਾਨ ਕਲੱਬ ਨੂੰ ਇੱਕ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕੁਝ ਪ੍ਰਕਾਸ਼ਨਾਵਾਂ ਵੀ ਰਿਲੀਜ਼ ਕੀਤੀਆਂ।

ਇਸ ਮੌਕੇ ਬੋਲਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਆਖਿਆ ਕਿ ਥੁੜਾਂ ਦੇ ਬਾਵਜੂਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰੋਗ ਰਹਿਤ ਨਵੀਆਂ ਕਿਸਮਾਂ ਦੇ ਵਿਕਾਸ ਲਈ ਖੇਤੀਬਾੜੀ ਬਾਇਓ ਤਕਨਾਲੋਜੀ ਕੇਂਦਰ ਲਈ ਵਿਸ਼ਵ ਦੀਆਂ ਪ੍ਰਮੁੱਖ ਸੰਸਥਾਵਾਂ ਪਾਸੋਂ ਯੋਗਤਾ ਅਤੇ ਸਾਧਨ ਹਾਸਲ ਕਰ ਰਹੀ ਹੈ ਅਤੇ ਇਸ ਵਿਸ਼ੇ ਨਾਲ ਸਬੰਧਿਤ ਕੌਮਾਂਤਰੀ ਪੱਧਰ ਦੇ ਕੇਂਦਰ ਦਾ ਉਦਘਾਟਨ ਵਿਸ਼ਵ ਪ੍ਰਸਿੱਧ ਝੋਨਾ ਵਿਗਿਆਨੀ ਡਾ: ਗੁਰਦੇਵ ਸਿੰਘ ਖੁਸ਼ ਪਾਸੋਂ ਪਿਛਲੇ ਦਿਨੀਂ ਕਰਵਾਇਆ ਗਿਆ ਹੈ। ਡਾ: ਕੰਗ ਨੇ ਪੰਜਾਬ ਸਰਕਾਰ ਵੱਲੋਂ ਸ: ਸੁੱਚਾ ਸਿੰਘ ਲੰਗਾਹ ਦੀ ਪ੍ਰੇਰਨਾ ਸਦਕਾ ਜਲ ਸੋਮਿਆਂ ਦੀ ਬੱਚਤ ਬਾਰੇ ਆਰਡੀਨੈਂਸ ਦੀ ਸ਼ਲਾਘਾ ਕੀਤੀ ਜਿਸ ਨੂੰ ਸੂਬੇ ਭਰ ਤੋਂ ਆਏ ਕਿਸਾਨਾਂ ਨੇ ਤਾੜੀਆਂ ਮਾਰ ਕੇ ਸਹਿਮਤੀ ਦਿੱਤੀ।

ਇਸ ਮੌਕੇ ਬੋਲਦਿਆਂ ਪਸਾਰ ਸਿੱਖਿਆ ਨਿਰਦੇਸ਼ਕ ਡਾ: ਨਛੱਤਰ ਸਿੰਘ ਮੱਲ੍ਹੀ ਨੇ ਕਿਹਾ ਕਿ ਆਲੂਆਂ ਦੇ ਕੌਮਾਂਤਰੀ ਮਿਆਰ ਤੇ ਪੂਰਾ ਉਤਰਨ ਵਾਲੀਆਂ ਕਿਸਮਾਂ ਦੇ ਵਿਕਾਸ ਨਾਲ ਪੰਜਾਬ ਦਾ ਆਲੂ ਹੁਣ ਵਿਸ਼ਵ ਮੰਡੀ ਵਿੱਚ ਵਿਕਣਯੋਗ ਗਿਣਿਆ ਜਾ ਸਕੇਗਾ ਅਤ ਇਸ ਸੰਬੰਧ ਵਿੱਚ ਹਾਂਲੈਂਡ ਦੀ ਇੱਕ ਟੀਮ ਪੰਜਾਬ ਆ ਕੇ ਮੁਆਇਨਾ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਵੱਲੋਂ ਝੋਨੇ ਦੀ ਨਵੀਂ ਕਿਸਮ ਪੀ ਏ ਯੂ 201 ਨੂੰ ਖਰੀਦਣ ਵੇਲੇ ਕੁਝ ਵਪਾਰੀ ਅਤੇ ਖਰੀਦ ਏਜੰਸੀਆਂ ਨੱਕ ਬੁੱਲ ਵੱਟਦੀਆਂ ਹਨ ਇਸ ਨੂੰ ਤਕਨੀਕੀ ਆਧਾਰ ਤੇ ਸਾਬਤ ਕੀਤਾ ਜਾ ਚੁੱਕਾ ਹੈ ਕਿ ਇਹ ਮਿਆਰੀ ਚੌਲਾਂ ਵਾਲੀ ਕਿਸਮ ਹੈ ਜਿਸ ਵਿੱਚ ਲੋਹਾ ਤੱਤ ਵੱਧ ਹੋਣ ਕਾਰਨ ਇਸ ਦਾ ਰੰਗ ਕੁਝ ਘਸਮੈਲਾ ਹੈ ਜੋ ਸਹੀ ਪ੍ਰੋਸੈਸਿੰਗ ਉਪਰੰਤ ਸਹੀ ਹੋ ਜਾਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਆਖਿਆ ਕਿ ਯੂਨੀਵਰਸਿਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਨੂੰ ਪ੍ਰਕਾਸ਼ਤ ਕਰਨ ਵਾਲੀ ਮੈਗਜ਼ੀਨ ‘ਚੰਗੀ ਖੇਤੀ’ ਅਤੇ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫਾਰਸ਼ਾਂ ਨੂੰ ਪਿੰਡ-ਪਿੰਡ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ।

ਇਸ ਮੌਕੇ ਬੋਲਦਿਆਂ ਪਸਾਰ ਸਿੱਖਿਆ ਡਾਇਰੈਕਟੋਰੇਟ ਦੇ ਬੁਲਾਰੇ ਡਾ: ਕੰਵਲ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਦੋ ਰੋਜ਼ਾ ਕਿਸਾਨ ਮੇਲਾ 19-20 ਮਾਰਚ ਨੂੰ ਲੁਧਿਆਣਾ ਵਿਖੇ ਲਗਾਇਆ ਜਾਵੇਗਾ ਜਦ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ (ਨਾਭਾ ਰੋਡ, ਪਟਿਆਲਾ) ਵਿਖੇ 6 ਮਾਰਚ ਨੂੰ, ਕੰਢੀ ਖੋਜ ਕੇਂਦਰ ਬ¤ਲੋਵਾਲ ਸੌਂਖੜੀ ਵਿਖੇ 13 ਮਾਰਚ ਨੂੰ, ਖੇਤਰੀ ਕੇਂਦਰ ਬਠਿੰਡਾ ਵਿਖੇ 24 ਮਾਰਚ ਨੂੰ ਅਤੇ ਖੇਤਰੀ ਕੇਂਦਰ ਗੁਰਦਾਸਪੁਰ ਵਿਖੇ 26 ਮਾਰਚ ਨੂੰ ਹੋਵੇਗਾ।

ਪੀ ਏ ਯੂ ਕਿਸਾਨ ਕਲੱਬ ਦੇ ਪ੍ਰਧਾਨ ਸ: ਪਵਿੱਤਰਪਾਲ ਸਿੰਘ ਪਾਂਗਲੀ ਨੇ ਆਪਣੇ ਮੰਗ ਪੱਤਰ ਵਿੱਚ ਆਖਿਆ ਕਿ ਕਣਕ-ਝੋਨਾ ਫ਼ਸਲ ਚੱਕਰ ਦੇ ਕਾਸ਼ਤਕਾਰਾਂ ਲਈ ਪੈਨਸ਼ਨ ਸਕੀਮ ਤਿਆਰ ਕੀਤੀ ਜਾਵੇ ਜਿਸ ਵਿੱਚ ਮੰਡੀਕਰਨ ਬੋਰਡ ਪਾਸੋਂ ਅੱਧੀ ਆਰਥਿਕ ਰਾਸ਼ੀ ਹਾਸਿਲ ਕੀਤੀ ਜਾਵੇ। ਨਿਰੋਲ ਖੇਤੀਬਾੜੀ ਪ੍ਰੋਗਰਾਮਾਂ ਵਾਲਾ ਚੈਨਲ ਚਾਲੂ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ। ਮੋਟਰ ਕੁਨੈਕਸ਼ਨ ਲਈ ਉਦਯੋਗ ਵਾਲੀ ਨੀਤੀ ਲਾਗੂ ਕੀਤੀ ਜਾਵੇ।

ਵੱਖ-ਵੱਖ ਖੇਤੀ ਮਸ਼ੀਨਾਂ ਤੇ ਮਿਲਣ ਵਾਲੀ ਸਬਸਿਡੀ ਕੀਮਤ ਤੇ ਅਧਾਰਿਤ ਹੋਵੇ। ਮੱਛੀ ਪਾਲਣ ਧੰਦੇ ਨੂੰ ਫ਼ਸਲਾਂ ਵਾਂਗ ਮੁਫਤ ਬਿਜਲੀ ਅਤੇ ਪਾਣੀ ਦੇਣ ਦਾ ਪ੍ਰਬੰਧ ਕੀਤਾ ਜਾਵੇ। ਮੰਚ ਸੰਚਾਲਨ ਡਾ: ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਇਸ ਮੌਕੇ ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ: ਜਸਪਿੰਦਰ ਸਿੰਘ ਕੁਲਾਰ, ਸਰਦਾਰਨੀ ਸੁਪਿੰਦਰ ਕੌਰ ਚੀਮਾ, ਸਾਬਕਾ ਪਸਾਰ ਸਿੱਖਿਆ ਨਿਰਦੇਸ਼ਕ ਡਾ: ਸੁਰਜੀਤ ਸਿੰਘ ਗਿੱਲ, ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ, ਗੁਰਦਾਸਪੁਰ ਦੇ ਪ੍ਰਿੰਸੀਪਲ ਸ: ਸਵਰਨ ਸਿੰਘ ਵਿਰਕ, ਉੱਘੇ ਲੋਕ ਗਾਇਕ ਸਵਿੰਦਰ ਸਿੰਘ ਭਾਗੋਵਾਲੀਆ, ਸੇਵਾ ਮੁਕਤ ਐਸ ਪੀ ਸ: ਗੁਰਜੀਤ ਸਿੰਘ ਰੋਮਾਣਾ, ਡਾ: ਵੀ ਕੇ ਭੰਬੋਟਾ, ਡਾ: ਜਸਵਿੰਦਰ ਭੱਲਾ, ਲੇਡੀਜ਼ ਵਿੰਗ ਦੀ ਇੰਚਾਰਜ ਪ੍ਰੋ: ਰੁਪਿੰਦਰ ਕੌਰ ਤੂਰ ਤੋਂ ਇਲਾਵਾ ਪੰਜਾਬ ਭਰ ਤੋਂ ਕਿਸਾਨ ਵੀਰ ਪਹੁੰਚੇ ਹੋਏ ਸਨ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>