ਭਗਤ ਰਵਿਦਾਸ ਜੀ ਨੇ ਜੀਵਨ ਉਪਜੀਵਕਾ ਲਈ ਸਖਤ ਮੇਹਨਤ ਦੇ ਨਾਲ-ਨਾਲ ਪ੍ਰਭੂ ਭਗਤੀ ਦਾ ਮਾਰਗ ਵੀ ਦਰਸਾਇਆ-ਸਿੰਘ ਸਾਹਿਬ

ਅੰਮ੍ਰਿਤਸਰ-ਸਥਾਨਕ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ’ਚ ਭਗਤ ਰਵਿਦਾਸ ਜੀ ਦੀ ਬਾਣੀ ਦੇ 40 ਦੇ ਕਰੀਬ ਸ਼ਬਦ ਦਰਜ਼ ਹਨ, ਜੋ ਮਨੁੱਖ ਮਾਤਰ ਨੂੰ ਜੀਵਨ ਉਪਜੀਵਕਾ ਲਈ ਸਖਤ ਮੇਹਨਤ ਦੇ ਨਾਲ ਪ੍ਰਭੂ ਭਗਤੀ ਦੀ ਪ੍ਰੇਰਨਾਂ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਭਗਤ ਜੀ ਮਨੁੱਖ ਮਾਤਰ ਨੂੰ ਪ੍ਰੇਰਨਾ ਕਰਦੇ ਹਨ ਕਿ ਜੇ ਮਨੁੱਖ ਮਾਇਆ ਦੀ ਉਪਾਧੀ ਨੂੰ ਖਤਮ ਕਰ ਦੇਵੇ, ਤੇਰੇ-ਮੇਰੇ ਤੇ ਜਾਤੀ ਅਭਿਮਾਨ ਨੂੰ ਤਿਆਗ ਦੇਵੇ ਤਾਂ ਪ੍ਰਾਣੀ ਮਾਤਰ ਤੇ ਪ੍ਰਮਾਤਮਾਂ ’ਚ ਕੋਈ ਅੰਤਰ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਭਗਤ ਰਵਿਦਾਸ ਜੀ ਦੇ 40 ਦੇ ਕਰੀਬ ਸ਼ਬਦ ਦਰਜ਼ ਹਨ ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਉਨ੍ਹਾਂ ਦੇ ਕਈ ਸ਼ਬਦਾਂ ’ਚੋਂ, ‘ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ’, ‘ਬੇਗਮ ਪੁਰਾ ਸਹਰ ਕੋ ਨਾਉ’, ‘ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ’, ‘ਨੀਚਹ ਊਚ ਕਰੈ ਮੇਰਾ ਗੋਬਿੰਦੁ’ ਆਦਿ ਸ਼ਬਦ ਪ੍ਰਾਣੀ ਮਾਤਰ ਦੀ ਚੇਤਨਾ ’ਚ ਤਾਂ ਘਰ ਕਰ ਗਏ ਹਨ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਭਗਤ ਰਵਿਦਾਸ ਜੀ ਨੇ ਦੁਨਿਆਵੀ ਜੀਵਨ ’ਚ ਸਮਾਜਿਕ ਵੰਡ-ਵਰਨ ’ਚ ਵਿਚਰਦਿਆਂ ਇਸ ਦੁੱਖ ਨੂੰ ਜਿਥੇ ਆਪਣੇ ਤਨ ’ਤੇ ਹੰਡਾਇਆ ਉਥੇ ਮਨੁੱਖਤਾ ਨਾਲ ਵੰਡਾਇਆ ਵੀ ਇਸ ਨੂੰ ਮਿਟਾਉਣ ਦੀ ਜੁਗਤ ਵੀ ਦੱਸੀ। ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਨੇ ਉਸ ਦੇ ਸਮੇਂ ਸਮਾਜ ’ਚ ਪ੍ਰਚਲਤ ਸਮਾਜਿਕ ਕੁਰੀਤੀਆਂ ਵਿਰੁੱਧ ਅਵਾਜ਼ ਉਠਾਉਣ ਲਈ ਨਾ ਤਾਂ ਸਮੇਂ ਦੇ ਹਾਕਮਾਂ ਤੋਂ ਡਰੇ ਅਤੇ ਨਾਂ ਹੀ ਪੁਜਾਰੀ ਵਰਗ ਦੇ ਫ਼ਤਵਿਆਂ ਦੀ ਪ੍ਰਵਾਹ ਕੀਤੀ। ਉਨ੍ਹਾਂ ਮਨੁੱਖ ਸਮਾਜ ਦੇ ਨਿਰਮਾਣ ਤੇ ਸਿਰਜਨਾ ਕੀਤੀ ਜਿਸ ਅਨੁਸਾਰ ਖਾਲਕ ਦੀ ਖਲਕਤ ਰੰਗ-ਨਸਲ ਦੇ ਭੇਦ ਤੋਂ ਮੁਕਤ ਹਰ ਖੇਤਰ ’ਚ ਬਰਾਬਰ ਹੈ ਜਿਸ ਸਦਕਾ ਮਾਨਵ ਚੇਤਨਾ ਵਹਿਮਾਂ-ਭਰਮਾਂ ਨਾਲੋਂ ਟੁੱਟ ਪ੍ਰਭੂ ਭਗਤੀ ’ਚ ਲੱਗ ਗਈ।  ਉਨ੍ਹਾਂ ਕਿਹਾ ਕਿ ਭਗਤ ਜੀ ਨੇ ਮਨੁੱਖ ਨੂੰ ਕਾਮ-ਕਰੋਧ, ਲੋਭ, ਮੋਹ ਤੇ ਹੰਕਾਰ ਤੋਂ ਬਚਣ ਲਈ ਪ੍ਰੇਰਨਾ ਕਰਦਿਆਂ ਹੱਥੀਂ ਕਿਰਤ ਤੇ ਅਕਾਲ ਪੁਰਖ ਦੀ ਅਰਾਧਨਾ ਕਰਨ ਦਾ ਪੈਗ਼ਾਮ ਦਿੱਤਾ। ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਨੇ ਊਚ-ਨੀਚ, ਜਾਤ-ਪਾਤ ਅਤੇ ਫੋਕੇ ਕਰਮ ਕਾਂਡੀ ਅਡੰਬਰਾਂ ਦੇ ਬੰਧਨ ਤੋੜ ਕੇ ਮਨੁੱਖਤਾ ਦੀ ਬਰਾਬਰੀ ਵਾਲਾ ਸਮਾਜ ਚਿਤਵਿਆ। ਭਗਤ ਜੀ ਦੇ ਵਿਚਾਰ ਅਨੁਸਾਰ ਜਾਤ-ਪਾਤ ਤੇ ਊਚ-ਨੀਚ ਦੀ ਪ੍ਰਥਾ ਨਰੋਏ ਸਮਾਜ ਦੀ ਸਿਰਜਣਾ ਲਈ ਵੱਡੀ ਰੁਕਾਵਟ ਹੈ। ਏਨੇ ਵੱਡੇ ਗਿਆਨਵਾਨ ਹੋਣ ਦੇ ਬਾਵਜੂਦ ਵੀ ਭਗਤ ਰਵਿਦਾਸ ਜੀ ਨੇ ਸਮੁੱਚਾ ਜੀਵਨ ਨਿਰਮਾਣਤਾ ਨਾਲ ਬਿਤਾਇਆ ਅਤੇ ਹਮੇਸ਼ਾਂ ਹਕੀਕਤ ਨਾਲ ਜੁੜੇ ਰਹੇ। ਹੱਥੀਂ ਕਿਰਤ ਕਰਨ ਤੇ ਗਰੀਬਾਂ ਵਿਚ ਵੰਡ ਛਕਣ ਦੀ ਭਾਵਨਾ ਨੂੰ ਉਨ੍ਹਾਂ ਆਪਣੇ ਕਿੱਤੇ ਰਾਹੀਂ ਰੂਪਮਾਨ ਕੀਤਾ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅਜਿਹੇ ਮਹਾਨ ਭਗਤ ਜੀ ਦਾ ਜਨਮ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਇਥੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 2010 ਵਿਚ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਫਤਹਿ ਦਿਵਸ ਮਨਾਵੇਗੀ ਅਤੇ ਸਰਕਾਰ ਵਲੋਂ ਮਨਾਏ ਜਾ ਰਹੇ ਘੱਲੂਘਾਰਿਆਂ ਦੀਆਂ ਯਾਦਗਾਰਾਂ ਬਣਾਏ ਜਾਣ ਲਈ ਪੂਰਾ ਸਹਿਯੋਗ ਦੇਵੇਗੀ।

ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ, ਕਵੀਸ਼ਰ ਤੇ ਢਾਡੀ ਜਥਿਆਂ ਨਾਲ ਇਲਾਹੀ ਬਾਣੀ ਦਾ ਕੀਰਤਨ ਤੇ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ। ਇਸ ਤੋਂ ਪਹਿਲਾਂ ਅਖੰਡ ਪਾਠ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਰਿੰਦਰ ਸਿੰਘ ਬਨਾਰਸ ਵਾਲੇ, ਭਾਂਈ ਇੰਦਰਜੀਤ ਸਿੰਘ ਖਾਲਸਾ ਤੇ ਭਾਈ ਗੁਰਕੀਰਤ ਸਿੰਘ ਦੇ ਰਾਗੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਅਤੇ ਭਾਈ ਸਵਿੰਦਰ ਸਿੰਘ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਅਰਦਾਸ ਭਾਈ ਗੁਰਪਾਲ ਸਿੰਘ ਨੇ ਕੀਤੀ।

ਇਸ ਮੌਕੇ ‘ਭਗਤ ਰਵਿਦਾਸ ਜੀ ਸੇਵਾ ਸੰਮਤੀ ਰੁੜਕੀ’ (ਉਤਰ ਪ੍ਰਦੇਸ਼) ਦੇ ਪ੍ਰਧਾਨ ਸ੍ਰੀ ਚੰਦਰਭਾਨ, ਸੰਮਤੀ ਮੈਂਬਰ ਮਾਸਟਰ ਜੈ ਪ੍ਰਕਾਸ਼, ਸ੍ਰੀ ਸਤਯਪਾਲ, ਸ੍ਰੀ ਆਸ਼ਿਸ਼ ਕੁਮਾਰ, ਸ੍ਰੀ ਸਿੰਆਂ ਦਾਸ ਤੇ ਸ੍ਰੀ ਮੇਘ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ (ਵਿਰਕ), ਧਰਮ ਪ੍ਰਚਾਰ ਲਹਿਰ ਤੇ ਅਖੰਡ ਕੀਰਤਨੀ ਜਥੇ ਦੇ ਮੁਖੀ ਗਿਆਨੀ ਬਲਦੇਵ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ, ਸ. ਰਣਵੀਰ ਸਿੰਘ, ਐਡੀ: ਸਕੱਤਰ ਸ. ਸਤਬੀਰ ਸਿੰਘ, ਸ. ਮੇਜਰ ਸਿੰਘ ਤੇ ਸ. ਤਰਲੋਚਨ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ, ਸ. ਦਿਲਬਾਗ ਸਿੰਘ, ਸ. ਗੁਰਚਰਨ ਸਿੰਘ ਘਰਿੰਡਾ, ਸ. ਉਂਕਾਰ ਸਿੰਘ, ਸ. ਗੁਰਬਚਨ ਸਿੰਘ, ਸ. ਹਰਭਜਨ ਸਿੰਘ ਮਨਾਵਾ ਤੇ ਸ. ਰਣਜੀਤ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਸੈਕਸ਼ਨ 85 ਦੇ ਇੰਚਾਰਜ ਸ. ਸੁਖਦੇਵ ਸਿੰਘ, ਚੀਫ ਗੁਰਦੁਆਰਾ ਇੰਸਪੈਕਟਰ ਸ. ਕੁਲਵਿੰਦਰ ਸਿੰਘ ਵਰਨਾਲਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਹਰਭਜਨ ਸਿੰਘ, ਮੈਨੇਜਰ ਸਰਾਵਾਂ ਸ. ਕੁਲਦੀਪ ਸਿੰਘ ਬਾਵਾ, ਐਡੀ: ਮੈਨੇਜਰ ਸ. ਬਲਵਿੰਦਰ ਸਿੰਘ (ਭਿੰਡਰ), ਮੀਤ ਮੈਨੇਜਰ ਸ. ਹਰਜਿੰਦਰ ਸਿੰਘ ਤੇ ਸ. ਬਲਦੇਵ ਸਿੰਘ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ, ਧਰਮ ਪ੍ਰਚਾਰ ਕਮਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਸਟਾਫ ਅਤੇ ਵੱਡੀ ਗਿਣਤੀ ’ਚ ਪਤਵੰਤੇ ਹਾਜ਼ਰ ਸਨ। ਮੰਚ ਦਾ ਸੰਚਾਲਨ ਮਿਸ਼ਨਰੀ ਭਾਈ ਜੱਜ ਸਿੰਘ ਨੇ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>