ਅਨੋਖੀ ਸੇਲ

ਆਪ ਸੱਭ ਨੇ ਘਰੇਲੂ ਸਮਾਨ ਜਿਵੇਂ ਫਰਨੀਚਰ, ਟੈਲੀਵੀਜ਼ਨ, ਫਰਿਜ ਆਦਿ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੀ ਸੇਲ ਤਾਂ ਆਮ ਲੱਗੀ ਵੇਖੀ ਜਾਂ ਸੁਣੀ ਹੋਵੇਗੀ ਪਰ ਧਾਰਮਿਕ ਸੇਲ ਵੀ ਅੱਜ ਕਲ ਪ੍ਰਚੱਲਤ ਹੋ ਰਹੀ ਹੈ । ਆਪ ਹੈਰਾਨ ਹੁੰਦੇ ਹੋਵੋਗੇ ਕਿ ਧਾਰਮਿਕ ਸੇਲ ਵੀ ਹੋ ਸਕਦੀ ਹੈ ? ਜੀ ਹਾਂ ਆਪ ਨੇ ਦੇਖਿਆ ਹੋਵੇਗਾ ਕਿ ਕੁੱਝ ਗੁਰਦੁਆਰਿਆਂ ਵਲੋਂ ਇਸ਼ਤਿਹਾਰ ਛਪਵਾ ਕੇ ਬੜੇ ਮਾਣ ਨਾਲ ਮਸ਼ਹੂਰੀ ਕੀਤੀ ਹੁੰਦੀ ਹੈ। ਆਪ ਜੀ ਨੇ ਪ੍ਹੜੀ ਜਾਂ ਸੁਣੀ ਹੋਵੇਗੀ ਜਾਂ ਫਿਰ ਗੁਰੂ ਘਰਾਂ ਵਿੱਚ ਹਫਤਾਵਾਰੀ ਦਿਵਾਨਾਂ ਮੌਕੇ ਸਟੇਜ ਤੋਂ ਵਾਰ ਵਾਰ ਕਿਹਾ ਜਾਂਦਾ ਹੈ ਮਿਸਾਲ ਦੇ ਤੌਰ ਤੇ :-

“ਇਸ ਵਾਰ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦਿਆਂ 35 ਜਾਂ 50 ਅਖੰਡਪਾਠਾਂ ਦੀ ਲੜੀ ਪੰਜ ਪੰਜ ਸਰੂਪਾਂ ਦੁਆਰਾ ਸ਼ੁਰੂ ਕੀਤੀ ਜਾ ਰਹੀ ਹੈ। ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਵੀ ਪ੍ਰੀਵਾਰ ਨੇ ਅਖੰਡਪਾਠ ਬੁੱਕ ਕਰਾਉਣਾ ਹੋਵੇ ਕਰਵਾ ਸਕਦੇ ਹਨ । ਸਾਧ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਮ ਤੌਰ ਤੇ ਅਖੰਡਪਾਠ ਦੀ ਭੇਟਾ 800 ਪੌਂਡ ਹੁੰਦੀ ਹੈ ਪਰ ਵਿਸਾਖੀ ਦੇ ਮੌਕੇ ਗੁਰਬਾਣੀ ਦਾ ਪਰਵਾਹ ਚਲਾਉਣ ਲਈ ਆਪ ਸਿਰਫ 375 ਪੌਂਡ ਜ੍ਹਮਾਂ ਕਰਵਾ ਕੇ ਅਖੰਡਪਾਠ ਦੀ ਸੇਵਾ ਲੈ ਸਕਦੇ ਹੋ। ਸਾਧ ਸੰਗਤ ਜੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਜਲਦੀ ਤੋਂ ਜਲਦੀ ਆਪਣੇ ਨਾਮ ਲਿਖਾ ਕੇ ਦਾਸਾਂ ਨੂੰ ਧੰਨਵਾਦੀ ਬਣਾਓ ਜੀ। ਸਾਡੇ ਕੋਲ ਬਹੁਤ ਸਾਰੇ ਪ੍ਰੀਵਾਰਾਂ ਦੇ ਨਾਮ ਪਹੁੰਚ ਚੁੱਕੇ ਹਨ। ਤੁਸੀਂ ਵੀ ਅੱਧ ਮੁੱਲ ਤੋਂ ਵੀ ਘੱਟ ਮਾਇਆ ਖਰਚ ਕੇ ਇਸ ਮੌਕੇ ਦਾ ਲਾਭ ਉਠਾ ਸਕਦੇ ਹੋ ”

ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਵਾਲੇ ਅਤੇ ਸਿੱਖੀ ਸਿਧਾਂਤ ਦੀ ਅਤੇ ਸਿੱਖ ਵਿਚਾਰ ਧਾਰਾ ਦੀ ਸਮਝ ਰੱਖਣ ਵਾਲੇ ਹਰ ਵਿਅਕਤੀ ਨੂੰ ਇਹ ਪੁੱਛਣ ਲਈ ਮਨ ਮਜਬੂਰ ਹੋ ਜਾਂਦਾ ਹੈ ਕਿ ਆਪਾਂ ਕਿੱਧਰ ਨੂੰ ਜਾ ਰਹੇ ਹਾਂ। ਕੱਪੜਿਆਂ ਦੀ, ਗਹਿਣਆਂਿ ਦੀ ਸੇਲ ਜਾਂ ਹੋਰ ਘਰੇਲੂ ਵਸਤਾਂ ਦੀ ਸੇਲ ਤਾਂ ਲੱਗੀ ਸੁਣੀ ਹੋਵੇਗੀ ਪਰ ਹੁਣ ਤਾਂ ਗੁਰਬਾਣੀ ਦੀ ਵੀ ਸੇਲ ਲਗਾ ਦਿੱਤੀ ਗਈ ਹੈ। ਇਹ ਬਹੁਤ ਹੀ ਮੰਦ ਭਾਗੀ ਗੱਲ ਹੈ ਇਹ ਪੰ੍ਰਮਪਰਾ ਜੋ ਕਿ ਡੇਰੇ ਵਾਲੇ ਸਾਧਾਂ ਨੇ ਇੰਡੀਆ ਵਿੱਚ ਪ੍ਰਚਲਤ ਕੀਤੀ ਸੀ, ਇਹ ਹੁਣ ਵਿਦੇਸ਼ਾਂ ਵਿੱਚ ਵੀ ਫੈਲਦੀ ਜਾ ਰਹੀ ਹੈ। ਇਹੋ ਜੇਹੇ ਕਰਮਕਾਂਡ ਸਿੱਖ ਗੁਰੂਆਂ ਦੇ ਅਸਲੀ ਉਦੇਸ਼ ਤੋਂ ਲਾਂਭੇ ਕਰਕੇ ਸਿੱਖ ਕੌਮ ਨੂੰ ਭੰਬਲਭੂਸੇ ਵਿੱਚ ਪਾ ਰਹੇ ਹਨ। ਜੇਕਰ ਇਸੇ ਤ੍ਹਰਾਂ ਚਲਦਾ ਰਿਹਾ ਤਾਂ ਆੳਣ ਵਾਲੇ ਸਮੇਂ ਵਿੱਚ ਇਹੋ ਜੇਹੇ ਕਰਮਕਾਂਡ ਸਿੱਖ ਕੌਮ ਲਈ ਘਾਤਕ ਸਿੱਧ ਹੋਣਗੇ। ਦਸਵੇਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦਾ ਆਦੇਸ਼ ਕੀਤਾ ਸੀ। ਸ਼ਬਦ ਗੁਰੂ ਗ੍ਰੰਥ ਸਹਿਬ ਜੀ ਤੋਂ ਗਿਆਨ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਇਸ ਅਨੁਸਾਰ ਢਾਲਕੇ ਜਿੰਦਗੀ ਬਤੀਤ ਕਰਨ ਦੀ ਸੇਧ ਮਿਲਦੀ ਹੈ। ਜੀਵਨ ਫਲਸਫੇ ਨੂੰ ਸਮਝਣ ਲਈ ਇੱਕ ਅਨਮੋਲ ਖਜ਼ਾਨਾ ਹੈ। ਸ਼ਬਦ ਵਿਚਾਰ ਨਾਲ ਹੀ ਗਿਆਨ ਪ੍ਰਾਪਤ ਹੋ ਸਕਦਾ ਹੈ ਨਾ ਕਿ ਅਖੰਡਪਾਠਾਂ ਦੀਆਂ ਲੜੀਆਂ ਸ਼ੁਰੂ ਕਰਕੇ।

ਹੋਰ ਦੇਖੋ ਅਖੰਡਪਾਠਾਂ ਦੀ ਲੜੀ ਮੌਕੇ ਇਕ ਪਾਠੀ ਸਿੰਘ ਮਾਈਕ ਦੁਆਰਾ ਸਪੀਕਰਾਂ ਤੇ ਪ੍ਹੜਦਾ ਹੈ ਦੂਜੇ ਚਾਰ ਜਾਂ ਦੱਸ ਪਾਠੀ ਸਿੰਘ ਜਿੰਨੇ ਵੀ ਹੋਣ ਉਹ ਆਪਣੇ ਮੂੰਹ ਵਿੱਚ ਹੀ ਪ੍ਹੜਦੇ ਹਨ। ਜਦੋਂ ਇੱਕ ਪਾਠੀ ਸਿੰਘ ਸਪੀਕਰ ਨਾਲ ਉੱਚੀ ਅਵਾਜ ਵਿੱਚ ਪਾਠ ਪ੍ਹੜਦਾ ਹੈ ਤਾਂ ਕੀ ਬਾਕੀ ਪਾਠੀ ਸਿੰਘਾਂ ਦੀ ਸੁਰਤੀ ਭੰਗ ਨਹੀਂ ਹੁੰਦੀ ਹੋਵੇਗੀ ? ਵੈਸੇ ਵੀ ਦੇਖਿਆ ਜਾਵੇ ਕਈ ਪਾਠੀ ਸਿੰਘ ਤਾਂ ਬੁੱਲ੍ਹ ਵੀ ਨਹੀਂ ਹਿਲਾਉਂਦੇ ਸਿਰਫ ਸਿਰ ਘੁਮਾਈ ਜਾਂਦੇ ਹਨ ਅਤੇ ਥੋੜੀ ਦੇਰ ਬਾਅਦ ਪੰਨਾ ਪਲਟ ਦਿੰਦੇ ਹਨ। ਜਦੋਂ ਮਾਈਕ ਦੀ ਵਾਰੀ ਅਗਲੇ ਪਾਠੀ ਸਿੰਘ ਦੀ ਆਉਂਦੀ ਹੈ ਤਾਂ ਹੋ ਸਕਦਾ ਹੈ ਉਹ ਇਕ ਦੋ ਪੰਨੇ ਅੱਗੇ ਜਾਂ ਪਿੱਛੇ ਹੋਵੇ। ਜੇਕਰ ਇੱਕ ਤੋਂ ਜਿਆਦਾ ਅਖੰਡਪਾਠ ਸਾਹਿਬ ਬੁੱਕ ਹੋ ਗਏ ਹੋਣ ਤਾਂ ਪਹਿਲੇ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਹੀ ਦੂਜੇ ਅਖੰਡਪਾਠ ਸਾਹਿਬ ਦੀ ਅਰੰਭਤਾ ਕੀਤੀ ਜਾਣੀ ਚਾਹੀਦੀ ਹੈ। ਕੱਚ ਘਰੜ ਧਾਰਮਿਕ ਪ੍ਰਚਾਰਕ, ਪਾਠੀ ਸਿੰਘ ਜਾਂ ਗ੍ਰੰਥੀ ਸਹਿਬਾਨ ਇਸ ਤ੍ਹਰਾਂ ਦੇ ਕਰਮਕਾਂਡ ਨੂੰ ਬੰਦ ਕਰਨ ਲਈ ਹਰਗਿਜ਼ ਨਹੀਂ ਕਹਿਣਗੇ ਕਿਉਂ ਕਿ ਇਸ ਤ੍ਹਰਾਂ ਦੇ ਮੌਕੇ ਤਾਂ ਉਨ੍ਹਾਂ ਨੂੰ ਰੱਬ ਦੇਵੇ। ਉਹ ਤਾਂ ਚਾਹੁੰਦੇ ਹਨ ਇਸ ਤ੍ਹਰਾਂ ਅਖੰਡਪਾਠਾਂ ਦੀ ਲੜੀਆਂ ਹਰ ਗੁਰਪੁਰਬ ਤੇ ਚਲਣ। ਇਹੋ ਜੇਹੇ ਕਰਮਕਾਂਡਾਂ ਵਿੱਚ ਬੀਬੀਆਂ ਦਾ ਵੀ ਮਹੱਤਵ ਪੂਰਣ ਰੋਲ ਹੁੰਦਾ ਹੈ, ਜੋ ਕਿ ਅੰ੍ਹਨੀ ਸ਼ਰਧਾ ਵੱਸ ਹੋਕੇ ਬਿਨ ਸੋਚੇ ਸਮਝੇ ਦੇਖੋ ਦੇਖੀ ਕਰੀ ਜਾ ਰਹੀਆਂ ਹਨ। ਦਾਸ ਅੱਖੀਂ ਵੇਖੀ ਗੱਲ ਆਪ ਨਾਲ ਸਾਂਝੀ ਕਰਨੀ ਚਾਹੁੰਦਾ ਹੈ ਕਿ ਇਕ ਇੱਥੋਂ ਦਾ ਜੰਮਪਲ ਨੌਜੁਆਨ ਗੁਰੂ ਘਰ ਮੱਥਾ ਟੇਕਣ ਆਇਆ ਸਸ਼ੋਪੰਜ ਵਿੱਚ ਖੜਾ ਦੇਖਿਆ, ਹੋ ਸਕਦਾ ਹੈ ਉਸਨੇ ਇਹ ਪ੍ਰੰਮਪਰਾ ਪਹਿਲੀ ਵਾਰ ਦੇਖੀ ਹੋਵੇ। ਉਸਨੇ ਪਹਿਲੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਾਹਿਬ ਨੂੰ ਮੱਥਾ ਟੇਕਿਆ, ਜੱਕੋ ਤੱਕੀ ਵਿੱਚ ਮੁੜ ਫੇਰ ਉਸਨੇ ਜ੍ਹੇਬ ਵਿੱਚ ਹੱਥ ਪਾਕੇ ਹੋਰ ਸਿੱਕੇ ਕੱਢੇ ਅਤੇ ਵਾਰੀ ਵਾਰੀ ਬਾਕੀ ਦੂਜੀਆਂ ਗ੍ਹੋਲਕਾਂ ਵਿੱਚ ਮਾਇਆ ਪਾਕੇ ਮੱਥਾ ਟੇਕਿਆ। ਕੀ ਆਪਾਂ ਆਉਣ ਵਾਲੀ ਪਨੀਰੀ ਨੂੰ ਭਰਮਾਂ ਵਹਿਮਾਂ ਵਿੱਚ ਪਾ ਕੇ ਭੰਬਲਭੂਸੇ ਵਿੱਚ ਨਹੀਂ ਪਾ ਰਹੇ। ਕਿਸੇ ਹੋਰ ਧਰਮ ਜਾਂ ਫਿਰਕੇ ਨਾਲ ਸਬੰਧ ਰੱਖਣ ਵਾਲਾ ਕੋਈ ਭੱਦਰ ਪੁਰਸ਼ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਜੇਕਰ ਇਹ ਸਵਾਲ ਪੁੱਛੇ ਕਿ ਸਿੱਖਾਂ ਨੂੰ ਤਾਂ ਗੁਰੂ ਸਹਿਬਾਨ ਨੇ ਇਹਨਾਂ ਕਰਮਕਾਂਡਾਂ ਤੋਂ ਵਰਜਿਆ ਸੀ ਪਰ ਤੁਸੀਂ ਉਸ ਤੋਂ ਉਲਟ ਕਰੀ ਜਾ ਰਹੇ ਹੋ? ਉਸ ਵਕਤ ਇਸਦਾ ਇ੍ਹਨਾਂ ਕੋਲ ਕੋਈ ਜਵਾਬ ਹੈ? ਜੇ ਹੈ ਤਾਂ ਕੀ ਦੱਸ ਸਕਦੇ ਹਨ ਇਕੋ ਵਾਰ ਪੰਜ ਪੰਜ ਅਖੰਡਪਾਠ ਖ੍ਹੋਲਣ ਦਾ ਕੀ ਮਹੱਤਵ ਹੈ ਅਤੇ ਉਸਦਾ ਕੀ ਫਲ਼ ਪ੍ਰਾਪਤ ਹੋਇਆ ਹੈ। ਕਰਮਕਾਂਡਾਂ ਦੀ ਜੇਕਰ ਗੱਲ ਕਰੀਏ, ਤਾਂ ਗਾਨਾ, ਕੁੰਭ, ਨਾਰੀਅਲ, ਅਗਰਬੱਤੀਆਂ, ਜੋਤ ਜਗਾਉਣੀ ਆਦਿ ਕਰਮ ਕਾਂਡ ਨਹੀਂ ਤਾਂ ਹੋਰ ਕੀ ਹੈ? ਅਖੰਡਪਾਠ ਸਾਹਿਬ ਦੇ ਅਰੰਭ ਹੋਣ ਤੋਂ ਪਹਿਲਾਂ ਹੀ ਬੀਬੀਆਂ ਪਾਣੀ ਦੀਆਂ ਬੋਤਲਾਂ ਭਰ ਭਰ ਕੇ ਰੱਖਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ। ਕਈ ਬੀਬੀਆਂ ਨੇ ਜਿਨਾਂ ਚਿਰ ਗੁਰੂ ਦੇ ਦਰਬਾਰ ਸੰਗਤ ਰੂਪ ਵਿੱਚ ਜੁੜਕੇ ਬਹਿਣਾ ਹੁੰਦਾ ਹੈ ਉਤਨਾ ਚਿਰ ਘਰੇਲੂ ਗੱਲਾਂ ਕਰੀ ਜਾਣਗੀਆਂ ਅਤੇ ਘਰ ਨੂੰ ਜਾਣ ਵੇਲੇ ਪਾਣੀ ਦੀ ਬੋਤਲ ਬਦਲੇ ਲੜਦੀਆਂ ਹਨ ਕਿ “ਲੈ ਨੀ ਮੈਂ ਤਾਂ ਸੁਪਰ ਸਟੋਰ ਤੋਂ ਸਪਰਿੰਗ ਵਾਟਰ ਦੀ ਬੋਤਲ ਖਰੀਦ ਕੇ ਬਾਬੇ ਦੀ ਬੀੜ ਕੋਲ ਰੱਖੀ ਸੀ ਪਤਾ ਨਹੀਂ ਕਿਹੜੀ ਜੈਅ ਵੱਢੀ ਦੀ ਚੁੱਕ ਕੇ ਲੈ ਗਈ ” ਤਿੰਨ ਘੰਟੇ ਕਈ ਬੀਬੀਆਂ ਗੁਰੂ ਗ੍ਰੰਥ ਸਹਿਬ ਦੀ ਹਜੂਰੀ ਵਿੱਚ ਬੈਠੀ ਕੁੜ ਕੁੜ ਕਰਦੀਆਂ ਰਹਿੰਦੀਆਂ ਹਨ, ਗੁਰਬਾਣੀ ਦੀ ਇਕ ਤੁੱਕ ਵੀ ਧਿਆਨ ਨਾਲ ਸੁਣਕੇ ਹਿਰਦੇ ਵਿੱਚ ਨਹੀਂ ਵਸਾਈ ਹੋਣੀ ਭਲਾ ਬੋਤਲ ਵਿੱਚ ਰੱਖਿਆ ਪਾਣੀ ਪੀਕੇ ਉਸਨੂੰ ਗੁਰਬਾਣੀ ਦਾ ਗਿਆਨ ਕਿਸ ਤ੍ਹਰਾਂ ਪ੍ਰਾਪਤ ਹੋ ਜਾਵੇਗਾ? ਪੂਜਾ ਦਾ ਧੰਨ ਖਾਣ ਵਾਲੇ ਭੇਖੀ ਸਾਧਾਂ ਨੇ ਭੋਲੇ ਭਾਲੇ ਸਿੱਖਾਂ ਨੂੰ ਇ੍ਹਨਾਂ ਕਰਮਕਾਂਡਾਂ ਵਿੱਚ ਪਾਕੇ ਸਾਨੂੰ ਗਿਆਨ ਪ੍ਰਾਪਤ ਕਰਨ ਵਾਲੇ ਪਾਸੇ ਲੱਗਣ ਹੀ ਨਹੀਂ ਦਿੱਤਾ। ਕਿਉਂ ਕਿ ਜੇਕਰ ਆਮ ਸਿੱਖ ਸ਼ਬਦ ਗੁਰੂ ਨਾਲ ਜੁੜ ਗਿਆ ਤਾਂ ਇ੍ਹਨਾਂ ਵੇਹਲੜਾਂ ਦਾ ਤੋਰੀ ਫੁਲਕਾ ਬੰਦ ਹੋ ਜਾਣਾ ਸੀ । ਇਹਨਾਂ ਦੇ ਪ੍ਰਚਾਰ ਦਾ ਮਨੋਰਥ ਤਾਂ ਇਹੋ ਸੀ ਕਿ ਸਿੱਖ ਧੂਫਾਂ, ਅਗਰਬੱਤੀਆਂ, ਜੋਤਾਂ, ਨਾਰੀਅਲ ਅਤੇ ਕੁੰਭ ਵਗੈਰਾ ਨਾਲ ਜੁੜੇ ਰਹਿਣ ਅਤੇ ਗੁਰੂਆਂ ਦੀ ਅਸਲੀ ਸਿੱਖਿਆ ਤੋਂ ਕੋਹਾਂ ਦੂਰ ਰਹਿਣ। ਜਿਵੇਂ ਕਿ ਪੁਰਾਣੇ ਜ਼ਮਾਨੇ ਵਿੱਚ ਬਰਾਹਮਣ ਕਰਦੇ ਸਨ। ਬਰਾਹਮਣ ਤੋਂ ਬਗੈਰ ਕਿਸੇ ਹੋਰ ਵਿਅਕਤੀ ਨੂੰ ਧਾਰਮਕ ਰਹੁ ਰੀਤਾਂ ਨਿਭਾਉਣ ਦਾ ਹੱਕ ਨਹੀਂ ਸੀ ।

ਮੇਰੇ ਇਕ ਖਾਸ ਦੋਸਤ ਨੇ ਗੱਲ ਸੁਣਾਈ ਕਿ ਇਕ ਡੇਰੇ ਦਾ ਸਾਧ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਬਾਅਦ ਵਿੱਚ “ਜਿਸ ਕੇ ਸਿਰ ਊਪਰ ਤੂੰ ਸੁਆਮੀ, ਸੋ ਦੁਖ ਕੈਸਾ ਪਾਵਿਹ” ਵਾਲਾ ਸ਼ਬਦ ਕਾਗਜ਼ ਦੇ ਇਕ ਟੁਕੜੇ ਉਪਰ ਲਿਖ ਕੇ ਉਸਦਾ ਤਵੀਤ ਬਣਾ ਕੇ ਪਾਣੀ ਵਿੱਚ ਘੋਲ ਕੇ ਪੀਣ ਨੂੰ ਦਿੰਦਾ ਹੈ ਅਤੇ ਕਹਿੰਦਾ ਹੈ “ਲੈ ਗੁਰਮੁਖਾ ਤੇਰੇ ਸਾਰੇ ਦੁੱਖ ਦਲਿਦਰ ਦੂਰ ਹੋ ਜਾਣਗੇ” ਸੋ ਇ੍ਹਨਾਂ ਗੱਲਾਂ ਤੋਂ ਹਰ ਵਿਚਾਰਵਾਨ ਸਿੱਖ ਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਡੇਰੇ ਵਾਲੇ ਬਾਬੇ ਕਿਹੋ ਜੇਹੇ ਹੱਥ ਕੰਡੇ ਵਰਤ ਕੇ ਗੁਰਬਾਣੀ ਦਾ ਨਿਰਾਦਰ ਕਰ ਰਹੇ ਹਨ। ਇਸ ਤ੍ਹਰਾਂ ਇਹ ਕੁਰੀਤੀਆਂ ਗੁਰੂ ਘਰਾਂ ਵਿੱਚ ਆ ਰਹੀਆਂ ਹਨ। ਗੁਰੂ ਘਰਾਂ ਵਿੱਚੋਂ ਇਹ ਕੁਰੀਤੀਆਂ ਦੂਰ ਕਰਨ ਲਈ ਹਰੇਕ ਸੂਝਵਾਨ ਸਿੱਖ ਨੂੰ ਸੁਚੇਤ ਹੋਣ ਦੀ ਲੋੜ ਹੈ । ਫਰਜ਼ ਕਰੋ ਕਿਸੇ ਸ਼ਰਧਾਲੂ ਸਿੱਖ ਪ੍ਰੀਵਾਰ ਨੇ ਇ੍ਹਨਾਂ ਕਰਮਕਾਂਡਾਂ ਜਿਵੇਂ ਜੋਤ, ਕੁੰਭ, ਨਾਰੀਅਲ, ਅਗਰਬੱਤੀ ਤੋਂ ਬਿਨਾਂ ਅਖੰਡਪਾਠ ਸਾਹਿਬ ਕਰਾਉਣਾ ਹੋਵੇ ਤਾਂ ਕੀ ਉਹ ਕਰਵਾ ਸਕਦਾ ਹੈ ਜਾਂ ਕਿ ਉਸ ਨੂੰ ਵੀ ਇ੍ਹਨਾਂ ਕਰਮਕਾਂਡਾ ਦੀ ਭੇਟ ਚ੍ਹੜਨਾ ਪਵੇਗਾ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਗੁਰਦੁਆਰੇ ਪ੍ਰਚਾਰ ਦਾ ਸਾਧਨ ਘੱਟ, ਵਪਾਰ ਦਾ ਸਾਧਨ ਵੱਧ ਬਣ ਗਏ ਹਨ । ਘਰੇਲੂ ਵਸਤਾਂ ਦੀ ਸੇਲ਼ ਤਾਂ ਸੱਭ ਨੇ ਦੇਖੀ ਹੋਵੇਗੀ ਹੁਣ ਗੁਰਬਾਣੀ ਵੀ ਸੇਲ ਤੇ ਵਿਕਦੀ ਹੈ। ਇਸ ਧਾਰਮਕ ਸੇਲ ਵਾਰੇ ਹਰ ਇਕ ਸਿੱਖ ਨੂੰ ਸੁਚੇਤ ਹੋਣ ਦੀ ਲੋੜ ਹੈ । ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਜਿਸ ਕਾਰਜ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚੇ ਉਹ ਕੰਮ ਨਾ ਕੀਤੇ ਜਾਣ । ਅੱਜ ਸਾਡੇ ਕੋਲ ਗੁਰੂ ਸਹਿਬਾਨ ਵਲੋਂ ਦੱਸੀ ਗਈ ਜੀਵਨ ਜਾਂਚ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਰੂਪ ਵਿੱਚ ਗਿਆਨ ਦਾ ਵੱਡਮੁਲਾ ਭੰਡਾਰ ਹੈ । ਇਸ ਗਿਆਨ  ਨੂੰ ਹਾਸਲ ਕਰਕੇ ਬਿੱਪ੍ਰਨ ਦੇ ਪਾਏ ਹੋਏ ਭਰਮਾਂ ਤੋਂ ਮੁੱਕਤ ਹੋਣਾ ਸੀ ਅਤੇ ਹੋਰ ਧਰਮਾਂ ਵਾਲਿਆਂ ਨੂੰ ਵੀ ਇਹ ਗਿਆਨ ਪਹੁੰਚਾਉਣਾ ਸੀ, ਪਰ ਅਸੀਂ ਤਾਂ ਆਪ ਹੀ ਵਹਿਮਾਂ ਦੇ ਜਾਲ ਵਿੱਚ ਫੱਸੇ ਹੋਏ ਹਾਂ ਕਿਉਂ ਕਿ ਗਿਆਨ ਨੂੰ ਸਿਰਫ ਪ੍ਹੜਨ ਸੁਣਨ ਅਤੇ ਤੋਤਾ ਰਟਨ ਤੱਕ ਹੀ ਸੀਮਤ ਰੱਖਿਆ ਹੋਇਆ ਹੈ । ਗੁਰੂ ਪਾਤਿਸ਼ਾਹ ਵਲੋਂ ਦੱਸੇ ਕਾਰ-ਵਿਹਾਰ ਨੂੰ ਛੱਡ ਕੇ ਬਰਾਹਮਣਵਾਦੀ ਵਿਪਰਨ ਵਲੋਂ ਪ੍ਰਚਾਰੇ ਜਾ ਰਹੇ ਕਰਮਕਾਂਡਾਂ ਨੂੰ ਅਸੀਂ ਤਰਜੀਹ ਦੇ ਰਹੇ ਹਾਂ ਉਹ ਵੀ ਗੁਰੂ ਸਾਹਿਬਾਨ ਦੇ ਨਾਂਅ ਉੱਤੇ । ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਵੀ ਮੰਨਦੇ ਹਾਂ, ਆਪਣੇ ਆਪ ਨੂੰ ਸਿੱਖ ਵੀ ਸਮਝਦੇ ਹਾਂ ਪਰ ਗੁਰਮਤ ਤੋਂ ਉਲਟ ਕਰਮਕਾਂਡ ਕਰਦੇ ਹਾਂ, ਗੁਰਬਾਣੀ ਕੀ ਸਮਝਾ ਰਹੀ ਹੈ? ਉਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਕਿਸੇ ਪੁਜਾਰੀ ਜਾਂ ਕਿਸੇ ਅਖੌਤੀ ਸਾਧ ਵਲੋਂ ਚਲਾਈ ਗਈ ਮਨਮੱਤ ਪ੍ਰਥਾ ਪਿੱਛੇ ਅੱਖਾਂ ਮੀਟ ਕੇ ਤੁਰੇ ਜਾ ਰਹੇ ਹਾਂ । ਸਿੱਖੀ ਸਿੱਖਿਆ ਗੁਰ ਵਿਚਾਰ ॥ ਇਸ ਪੰਗਤੀ ਦਾ ਸਿੱਧਾ ਸਬੰਧ ਦਿਮਾਗ ਨਾਲ, ਸੋਚ ਨਾਲ ਅਤੇ ਵਿਚਾਰ ਨਾਲ ਹੈ । ‘ਸ਼ਬਦ ਗੁਰੂ’ ਦੇ ਗਿਆਨ ਦੀ ਜੋਤ ਨੂੰ  ਸਮਝਣ ਦੀ ਵਿਜਾਏ ਅਸੀਂ ਦੀਵੇ ਵਾਲੀ ਜੋਤ ਤੇ ਜਿਆਦਾ ਵਿਸ਼ਵਾਸ ਰੱਖਣ ਲੱਗ ਪਏ ਹਾਂ। ਗਿਆਨ ਦੀ ਜੋਤ ਨੂੰ ਕੋਈ ਹਨੇਰੀ ਝੱਖੜ ਨਹੀਂ ਬੁਝਾ ਸਕਦਾ ਨਕਲੀ ਜੋਤ ਜਗਾਉਣ ਲਈ ਘਿਉ ਜਾਂ ਤੇਲ ਦੀ ਲੋੜ ਪੈਂਦੀ ਹੈ ਪਰ ਗੁਰੂ ਜੀ ਦਾ ਗਿਆਨ ਪ੍ਰਾਪਤ ਕਰਨ ਲਈ ਮਨ ਵਿੱਚ ਖਾਹਿਸ਼ ਪੈਦਾ ਕਰਨ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਇਕ ਗਿਆਨ ਦਾ ਅਨਮੋਲ ਖਜ਼ਾਨਾ ਹੈ, ਇਸ ਵਿੱਚੋਂ ਗਿਆਨ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰੀਏ । ਕਰਮਕਾਂਡਾਂ, ਵਹਿਮਾਂ ਭਰਮਾਂ ਨੂੰ ਭੁੱਲਕੇ ਗੁਰੂ ਸਹਿਬਾਨ ਦੇ ਸੱਚੇ ਸੁੱਚੇ ਉਪਦੇਸ਼ ਦੇ ਧਾਰਨੀ ਬਣੀਏ, ਭੇਖੀ,ਪਖੰਡੀ ਅਤੇ ਦੇਹਧਾਰੀ ਸਾਧਾਂ ਦੀਆਂ ਚਲਾਈਆਂ ਕੁਰੀਤੀਆਂ ਨੂੰ ਛੱਡਣਾ ਚਾਹੀਦਾ ਹੈ। ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਅਨੁਸਾਰ ਹੀ ਗੁਰ ਸਿੱਖਾਂ ਨੂੰ ਕਾਰਜ ਕਰਨੇ ਚਾਹੀਦੇ ਹਨ । ਜੇਕਰ ਕਿਸੇ ਅ੍ਹੰਨੀ ਸ਼ਰਧਾ ਵੱਸ ਇਨਸਾਨ ਨੂੰ ਮੇਰੇ ਸ਼ਬਦਾਂ ਨਾਲ ਕਿਸੇ ਤ੍ਹਰਾਂ ਦੀ ਠੇਸ ਪੁੱਜੀ ਹੋਵੇ ਤਾਂ ਦਾਸ ਦੋਵੇਂ ਹੱਥ ਜੋੜ ਮੁਆਫੀ ਦਾ ਜਾਚਕ ਹੈ ।

This entry was posted in ਲੇਖ.

One Response to ਅਨੋਖੀ ਸੇਲ

  1. jagir singh says:

    Very good article. Such articles can enlighten the people if distributed to the Sikh masses having deep faith. Efforts should be made to imrpove the grammer/spellings in the articles. Thanks

Leave a Reply to jagir singh Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>