ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਕੀਮਤੀ ਸਮਾਨ ਸੰਬੰਧੀ ਹਲਫਨਾਮਾ ਦੇਣਾ ਸਿੱਖ ਕੌਮ ਨਾਲ ਵੱਡੀ ਗੱਦਾਰੀ :- ਮਾਨ

ਫਤਿਹਗੜ੍ਹ ਸਾਹਿਬ :- ਹਿੰਦ ਹਕੂਮਤ ਵੱਲੋਂ ਬਲਿਊ ਸਟਾਰ ਦੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਕੀਤੀ ਗਈ ਫੌਜੀ ਹਮਲੇ ਦੀ ਕਾਰਵਾਈ ਦੌਰਾਨ ਹਿੰਦ ਦੀਆਂ ਫੌਜਾਂ ਨੇ ਸਿੱਖ ਲਾਇਬ੍ਰੇਰੀ ਦਰਬਾਰ ਸਾਹਿਬ ਵਿੱਚੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਮੁੱਲੇ ਦਸਤਾਵੇਜ਼ ਅਤੇ ਤੋਸ਼ਾਖਾਨੇ ਵਿੱਚੋਂ ਕੀਮਤੀ ਵਸਤਾਂ ਲੁੱਟ ਕੇ ਲੈ ਗਈ ਸੀ, ਜੋ ਕਿ ਸਿੱਖ ਕੌਮ ਦੇ ਵਾਰ ਵਾਰ ਮੰਗ ਕਰਨ ‘ਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਨੂੰ ਵਾਪਿਸ ਨਹੀਂ ਕੀਤੀਆਂ ਗਈਆਂ। ਪਹਿਲੇ ਗੈਰ-ਵਿਧਾਨਿਕ ਅਤੇ ਗੈਰ-ਸਮਾਜਿਕ ਢੰਗਾਂ ਦੀ ਵਰਤੋਂ ਕਰਕੇ ਸਿੱਖ ਕੌਮ ਦੇ ਸਰਵ ਉੱਚ ਅਸਥਾਨ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਫੌਜੀ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਅੱਜ ਸਿੱਖ ਕੌਮ ਦੀਆਂ ਬਹਮੁੱਲੀ ਇਤਿਹਾਸਿਕ ਵਸਤਾਂ ਨੂੰ ਵਾਪਿਸ ਕਰਨ ਤੋਂ ਕੋਰੀ ਨਾਂਹ ਕਰ ਦੇਣਾ ਸਿੱਖ ਕੌਮ ਨਾਲ ਹੋਰ ਵੀ ਵੱਡਾ ਜ਼ਬਰ ਤੇ ਬੇਇਨਸਾਫੀ ਹੈ।

ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ ਦੇ ਰੱਖਿਆ ਵਜ਼ੀਰ ਸ਼੍ਰੀ ਏ ਕੇ ਐਂਟਨੀ ਵੱਲੋਂ ਦਿੱਤੇ ਗਏ ਉਸ ਬਿਆਨ ਕਿ ਸਾਡੇ ਕੋਲ ਹਰਮਿੰਦਰ ਸਾਹਿਬ ਦਾ ਕੋਈ ਸਮਾਨ ਨਹੀਂ ਹੈ, ਦੀ ਸਿੱਖ ਕੌਮ ਵਿਰੋਧੀ ਸੋਚ ਦੀ ਤਿੱਖੀ ਨੁਕਤਾਚੀਨੀ ਕਰਦੇ ਹੋਏ ਆਜ਼ਾਦੀ ਪ੍ਰਾਪਤੀ ਲਈ ਹਿੰਦ ਹਕੂਮਤ ਨਾਲ ਜ਼ਮਹੂਰੀਅਤ ਤਰੀਕੇ ਫੈਸਲਾਕੁੰਨ ਲੜਾਈ ਲੜਣ ਦਾ ਸੱਦਾ ਦਿੰਦੇ ਹੋਏ ਇੱਕ ਲਿਖਤੀ ਬਿਆਨ ਵਿੱਚ ਪ੍ਰਗਟ ਕੀਤੇ।

ਸ: ਮਾਨ ਨੇ ਇਸ ਗੱਲ ਦਾ ਡੂੰਘਾ ਦੁੱਖ ਜ਼ਾਹਿਰ ਕੀਤਾ ਕਿ ਬਾਦਲ ਦਲ ਅਤੇ ਆਰ ਐਸ ਐਸ ਦੇ ਨਾਗਪੁਰ ਹੈੱਡਕੁਆਰਟਰ ਤੋਂ ਹਦਾਇਤਾਂ ਲੈ ਕੇ ਕੰਮ ਕਰ ਰਹੀ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਿੰਦ ਸਰਕਾਰ ਕੋਲ ਇਹ ਲਿਖਤੀ ਰੂਪ ਵਿੱਚ ਹਲਫਨਾਮਾ ਵੀ ਭੇਜ ਦਿੱਤਾ ਗਿਆ ਹੈ ਕਿ ਉਹ ਸਿੱਖ ਕੌਮ ਦੇ ਬਿਨ੍ਹਾ ‘ਤੇ ਸ਼੍ਰੀ ਦਰਬਾਰ ਸਾਹਿਬ ਤੋਂ ਲੁੱਟੇ ਹੋਏ ਕੀਮਤੀ ਸਮਾਨ, ਦਸਤਾਵੇਜ਼ ਦਾ ਕੋਈ ਦਾਅਵਾ ਜਾਂ ਮੰਗ ਨਹੀਂ ਕਰੇਗੀ। ਉਹਨਾਂ ਕਿਹਾ ਕਿ ਪਹਿਲਾ ਸ: ਬਾਦਲ ਤੇ ਮਰਹੂਮ ਸ: ਟੌਹੜਾ ਨੇ ਹਿੰਦ ਹਕੂਮਤ ਨਾਲ ਸ਼ਾਜਿਸ ਰਚ ਕੇ ਬਲਿਊ ਸਟਾਰ ਦੀ ਕਾਰਵਾਈ ਕਰਨ ਲਈ ਮਰਹੂਮ ਇੰਦਰਾ ਗਾਂਧੀ ਨੂੰ ਹਰੀ ਝੰਡੀ ਦੇ ਕੇ ਸਮੁੱਚੀ ਸਿੱਖ ਕੌਮ ਨਾਲ ਵੱਡੀ ਗੱਦਾਰੀ ਕੀਤੀ ਸੀ, ਤੇ ਹੁਣ ਫਿਰ ਸ: ਬਾਦਲ ਤੇ ਸ: ਮੱਕੜ ਨੇ ਆਪਣੇ ਇਤਿਹਾਸਿਕ ਦਸਤਾਵੇਜ਼ ਅਤੇ ਕੀਮਤੀ ਸਮਾਨ ਨੂੰ ਵਾਪਿਸ ਲੈਣ ਦੀ ਮੁੱਖ ਮੰਗ ਨੂੰ ਛੱਡ ਕੇ ਦੂਸਰੀ ਵਾਰ ਸਿੱਖ ਕੌਮ ਨਾਲ ਵੱਡਾ ਧੋਖਾ ਕੀਤਾ ਹੈ। ਜਿਸ ਲਈ ਸ: ਬਾਦਲ ਅਤੇ ਸ: ਮੱਕੜ੍ਹ ਸਿੱਖ ਕੌਮ ਦੇ ਵੱਡੇ ਮੁਜ਼ਰਿਮ ਹਨ। ਉਹਨਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਹਨਾ ਨੂੰ ਸਜ਼ਾ ਦੇਣ ਲਈ ਸਮੁੱਚੀ ਸਿੱਖ ਕੌਮ ਨੂੰ ਹੁਣੇ ਤੋਂ ਹੀ ਕਮਰਕੱਸੇ ਕਰਦੇ ਹੋਏ ਆਪਣੇ ਮਨ ਆਤਮਾ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ ਤਾਂ ਕਿ ਆਰ ਐਸ ਐਸ ਅਤੇ ਬੀ ਜੇ ਪੀ ਵਰਗੀਆਂ ਮੁਤੱਸਵੀ ਜਮਾਤਾਂ ਦੇ ਥੱਲੇ ਲੱਗ ਕੇ, ਇਹ ਲੋਕ ਸਿੱਖ ਕੌਮ, ਸਿੱਖ ਧਰਮ ਦੇ ਉੱਚੇ-ਸੁੱਚੇ ਇਖਲਾਕ ਤੇ ਮਰਿਯਾਦਾਵਾਂ ਨੂੰ ਤਹਿਸ-ਨਹਿਸ ਨਾ ਕਰ ਸਕਣ।

ਉਹਨਾਂ ਕਿਹਾ ਕਿ ਬਲਿਊ ਸਟਾਰ ਦੀ ਫੌਜੀ ਹਮਲੇ ਲਈ ਕਾਂਗਰਸ, ਸੀ ਪੀ ਆਈ, ਸੀ ਪੀ ਐੱਮ, ਬੀ ਜੇ ਪੀ, ਆਰ ਐਸ ਐਸ, ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, ਸਿ਼ਵ ਸੈਨਾ ਆਦਿ ਜਮਾਤਾਂ ਇੱਕ ਸਨ। ਜੋ ਹਿੰਦੂ ਤੇ ਸਿੱਖ ਕੌਮ ਵਿੱਚ ਇੱਕ ਦਹਾਕਾ ਗੈਰ-ਵਿਧਾਨਿਕ ਤਰੀਕੇ ਕਤਲੇਆਮ ਹੋਇਆ ਹੈ, ਉਸਨੂੰ ਇਹ ਜਮਾਤਾਂ ਜਾਇਜ਼ ਸਮਝਦੀਆਂ ਸਨ। ਕਿਉਂਕਿ 300 ਸਾਲਾਂ ਤੋਂ ਹਿੰਦ ਹਕੂਮਤ ਦੀ ਇਹ ਰਵਾਇਤ ਰਹੀ ਹੈ ਕਿ ਜਦੋਂ ਕੋਈ ਜੰਗ ਜਿੱਤ ਲੈਂਦੇ ਹਨ ਤਾਂ ਉਸ ਲੁੱਟੇ ਹੋਏ ਕੀਮਤੀ ਮਾਲ ਨੂੰ ਆਪਣੇ ਕਬਜ਼ੇ ਵਿੱਚ ਰੱਖਦੇ ਆਏ ਹਨ। ਇਸੇ ਤਰ੍ਹਾ ਅੰਗਰੇਜ਼, ਸਵੀਡਨ, ਬੋਸਨੀਆ, ਫਰਾਂਸ, ਸੋਵੀਅਤ ਯੂਨੀਅਨ ਅਜਿਹੇ ਲੁੱਟ ਦੇ ਸਾਰੇ ਮਾਲ ਨੂੰ ਆਪਣੇ ਮੁਲਕਾਂ ਦੇ ਅਜਾਇਬ ਘਰਾਂ ਵਿੱਚ ਰੱਖਦੇ ਆਏ ਹਨ। ਸ: ਮਾਨ ਨੇ ਇੱਕ ਸੱਚਾਈ ਤੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁਲਕ ਦੇ ਰਹਿ ਚੁੱਕੇ ਸਦਰ ਸ਼੍ਰੀ ਅਬਦੁੱਲ ਕਲਾਮ ਆਜ਼ਾਦ ਨੇ ਮੈਨੂੰ (ਸਿਮਰਨਜੀਤ ਸਿੰਘ ਮਾਨ) ਅਤੇ ਸ: ਟੌਹੜਾ ਨੂੰ ਗੱਲਬਾਤ ਲਈ ਸ਼ਾਹ ਵੇਲੇ ਆਪਣੇ ਗ੍ਰਹਿ ਵਿਖੇ ਸੱਦਿਆ ਸੀ ਤੇ ਉਹਨਾਂ ਨੇ ਸਾਨੂੰ ਗੁਜ਼ਾਰਿਸ ਕੀਤੀ ਸੀ ਕਿ ਆਪਣੇ ਸਿੱਖ ਕੌਮ ਦੇ ਕੀਮਤੀ ਸਾਮਾਨ ਦੀ ਵਾਪਸੀ ਸੰਬੰਧੀ ਲਿਖਤੀ ਤੌਰ ‘ਤੇ ਭੇਜਿਆ ਜਾਵੇ। ਉਹਨਾਂ ਕਿਹਾ ਮੈਂ ਟੌਹੜਾ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹੋਣ ਦੇ ਨਾਤੇ ਆਪ ਜੀ ਇਸ ਸੰਬੰਧੀ ਹਿੰਦ ਦੇ ਸਦਰ ਨੂੰ ਲਿਖਤੀ ਤੌਰ ‘ਤੇ ਭੇਜੋ। ਪਤਾ ਨਹੀਂ ਉਹਨਾਂ ਨੇ ਇਸ ਸਬੰਧੀ ਕੋਈ ਕਾਰਵਾਈ ਕੀਤੀ ਸੀ ਜਾਂ ਨਹੀਂ।

ਸ: ਮਾਨ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਦੇ ਮਤੇ ਅਤੇ ਅੰਮ੍ਰਿਤਸਰ ਐਲਾਨਨਾਮੇ ਵਿੱਚ ਸ: ਬਾਦਲ ਤੇ ਸ: ਟੌਹੜਾ ਨੇ ਸਿੱਖ ਕੌਮ ਦੀ ਆਜ਼ਾਦੀ ਦੇ ਨਿਸ਼ਾਨੇ “ਖਾਲਸਾ ਜੀ ਦੇ ਬੋਲਬਾਲੇ” ਨੂੰ ਮੰਨਿਆ ਸੀ, ਫਿਰ ਹੁਣ ਸਿੱਖ ਕੌਮ ਪ੍ਰਤੀ ਸੰਜੀਦਾ ਅਮਲੀ ਰੂਪ ਵਿੱਚ ਕਾਰਵਾਈਆਂ ਕਰਨ ਤੋਂ ਅਤੇ ਸਿੱਖੀ ਮਰਿਯਾਦਾਵਾਂ ਉੱਤੇ ਪਹਿਰਾ ਦੇਣ ਤੋਂ ਸ: ਬਾਦਲ ਕਿਉਂ ਝਿਜਕ ਰਹੇ ਹਨ। ਉਹਨਾਂ ਕਿਹਾ ਕਿ ਸ: ਬਾਦਲ ਨੇ ਆਪਣੇ ਪੁੱਤਰ ਨੂੰ ਪੰਜਾਬ ਦੀ ਹਕੂਮਤ ਉਤੇ ਕਾਬਿਜ਼ ਕਰਨ ਅਤੇ ਆਪਣੇ ਪਰਿਵਾਰ ਦਾ ਸਿੱਖ ਸਿਆਸਤ ਉੱਤੇ ਕਬਜ਼ਾ ਕਰਨ ਹਿੱਤ ਸਿੱਖ ਵਿਰੋਧੀ ਹਿੰਦੂਤਵ ਤਾਕਤਾਂ ਦੀ ਗੁਲਾਮੀ ਪ੍ਰਵਾਨ ਕਰ ਲਈ ਹੈ। ਇਸ ਲਈ ਸਿੱਖ ਕੌਮ ਨੂੰ ਆਉਣ ਵਾਲੇ ਸਮੇਂ ਵਿੱਚ ਆਪਣੀ ਬਹੁਮੁੱਲੀ ਵੋਟ ਸ਼ਕਤੀ ਦੀ ਵਰਤੋਂ ਕਰਦੇ ਹੋਏ ਸੂਝਵਾਨਤਾ ਅਤੇ ਦੂਰ ਅੰਦੇਸ਼ੀ ਤੋਂ ਕੰਮ ਲੈਣਾ ਪਵੇਗਾ। ਤਦ ਜਾ ਕੇ ਅਸੀਂ ਆਪਣੇ ਧਰਮ, ਕੌਮ ਅਤੇ ਪੰਜਾਬ ਦੀ ਇੱਜ਼ਤ ਆਬਰੂ ਅਤੇ ਆਪਣੀ ਅਣਖ ਨੂੰ ਕਾਇਮ ਰੱਖਣ ਦੇ ਸਮਰੱਥ ਹੋ ਸਕਾਂਗੇ। ਉਹਨਾਂ ਆਪਣੇ ਬਿਆਨ ਦੇ ਅਖੀਰ ਵਿੱਚ ਸ: ਬਾਦਲ ਤੇ ਸ: ਮੱਕੜ੍ਹ ਨੂੰ ਲਾਹਨਤਾਂ ਪਾਉਂਦੇ ਹੋਏ ਕਿਹਾ ਕਿ ਇਹ ਲੋਕ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਪੂਰਨ ਤੌਰ ‘ਤੇ ਪਿੱਠ ਦੇ ਚੁੱਕੇ ਹਨ। ਅਜਿਹੇ ਅਖੌਤੀ ਆਗੂਆਂ ਨੂੰ ਵਾਰ ਵਾਰ ਪਰਖ ਕੇ ਸਿੱਖ ਕੌਮ ਨੂੰ ਆਪਣੇ ਕੀਮਤੀ ਸਮੇਂ ਅਤੇ ਕੌਮੀ ਸਰਮਾਏ ਦੀ ਬਰਬਾਦੀ ਬਿਲਕੁਲ ਨਹੀਂ ਕਰਨੀ ਚਾਹੀਦੀ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਇਹਨਾ ਨੂੰ ਨਕਾਰ ਦੇਣਾ ਚਾਹੀਦਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>