ਲੁਧਿਆਣਾ: – ਕੈਨੇਡਾ ਦੇ ਸ਼ਹਿਰ ਟੋਰਾਂਟੋ ਵਸਦੇ ਪੰਜਾਬੀ ਫਿਲਮਸਾਜ਼ ਅਤੇ ਫਿਲਮ ਨਿਰਦੇਸ਼ਕ ਜੋਗਿੰਦਰ ਕਲਸੀ ਵੱਲੋਂ ਨਿਰਦੇਸ਼ਤ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਬਾਰੇ ਦਸਤਾਵੇਜੀ ਫਿਲਮ ‘ਏ ਸੈਲਫਲੈਸ ਲਾਈਫ਼’ (ਇੱਕ ਨਿਸ਼ਕਾਮ ਜ਼ਿੰਦਗੀ) ਨੂੰ ਲੋਕ ਅਰਪਣ ਕਰਨ ਮੌਕੇ ਵਿਚਾਰ ਵਟਾਂਦਰਾ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਨੇ ਕਿਹਾ ਹੈ ਕਿ ਭਗਤ ਪੂਰਨ ਸਿੰਘ ਸਿਰਫ ਸੇਵਾ ਦੇ ਖੇਤਰ ਵਿੱਚ ਹੀ ਸਿਰਮੌਰ ਹਸਤੀ ਨਹੀਂ ਸਨ ਸਗੋਂ ਵਾਤਾਵਰਨ ਚੇਤਨਾ ਦਾ ਪੰਜਾਬੀਆਂ ਨੂੰ ਸਬਕ ਪੜ੍ਹਾਉਣ ਵਾਲੇ ਪਹਿਲੇ ਵਿਅਕਤੀ ਸਨ। ਉਨ੍ਹਾਂ ਆਖਿਆ ਕਿ ਭਗਤ ਪੂਰਨ ਸਿੰਘ ਨੇ ਸਿਰਫ ਸ਼ਬਦਾਂ ਰਾਹੀਂ ਹੀ ਨਹੀਂ ਸਗੋਂ ਆਪਣੇ ਕਰਮ ਰਾਹੀਂ ਪਿੰਗਲਵਾੜਾ ਸੰਸਥਾ ਉਸਾਰ ਕੇ ਇਹ ਗੱਲ ਸੱਚ ਕਰ ਵਿਖਾਈ। ਡਾ: ਕੰਗ ਨੇ ਆਖਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਰੋਹਣੋਂ ਵਿੱਚ ਪੈਦਾ ਹੋਏ ਭਗਤ ਪੂਰਨ ਸਿੰਘ ਨੇ ਪੌਣ, ਪਾਣੀ, ਧਰਤੀ ਅਤੇ ਮਨੁੱਖੀ ਰਿਸ਼ਤਿਆਂ ਵਿੱਚ ਪਏ ਪ੍ਰਦੂਸ਼ਣ ਨੂੰ ਰੋਕਣ ਲਈ ਸਿਰਫ ਆਪਣੀ ਕਲਮ ਹੀ ਨਹੀਂ ਚਲਾਈ ਸਗੋਂ ਆਪਣੇ ਵਿਹਾਰ ਅਤੇ ਪ੍ਰਚਾਰ ਰਾਹੀਂ ਵੀ ਇਸ ਖਿਲਾਫ ਮੁਹਿੰਮ ਆਰੰਭੀ। ਸਾਡਾ ਅੱਜ ਇਹ ਫਰਜ਼ ਬਣਦਾ ਹੈ ਕਿ ਵਾਤਾਵਰਨ ਚੇਤਨਾ ਅਤੇ ਸੇਵਾ ਸਮਰਪਣ ਦੀ ਲਹਿਰ ਨੂੰ ਮੱਠਾ ਨਾ ਪੈਣ ਦਿੱਤਾ ਜਾਵੇ। ਉਨ੍ਹਾਂ ਸ਼੍ਰੀ ਕਲਸੀ ਵੱਲੋਂ ਬਣਾਈ ਫਿਲਮ ਤੇ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਇਹ ਫਿਲਮ ਦੇਸ਼ ਵਿਦੇਸ਼ ਵਿੱਚ ਵਿਖਾਈ ਜਾਣੀ ਚਾਹੀਦੀ ਹੈ।
ਸ਼੍ਰੀ ਕਲਸੀ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਵੱਲੋਂ ਛਪਦੇ ਮਾਸਕ ਪੱਤਰ ‘ਚੰਗੀ ਖੇਤੀ’ ਦੇ ਸੰਪਾਦਕ ਗੁਰਭਜਨ ਗਿੱਲ ਨੇ ਦੱਸਿਆ ਕਿ ਉਹ ਹੁਣ ਤੀਕ ਸਿਟੀ ਆਫ ਅੰਮ੍ਰਿਤਸਰ, ਦ ਪੰਜਾਬੀ ਵਿਲੇਜ਼, ਪੰਜਾਬੀ ਮੈਰਿਜ ਤੋਂ ਇਲਾਵਾ ਕਈ ਹੋਰ ਦਸਤਾਵੇਜ਼ੀ ਫਿਲਮਾਂ ਤਿਆਰ ਕਰਕੇ ਅਮਰੀਕਾ ਕੈਨੇਡਾ ਅਤੇ ਹੋਰ ਅੰਗਰੇਜ਼ੀ ਜਾਣਦੇ ਦੇਸ਼ਾਂ ਵਿੱਚ ਪ੍ਰਸਾਰਿਤ ਕਰ ਚੁੱਕੇ ਹਨ। ਭਗਤ ਪੂਰਨ ਸਿੰਘ ਬਾਰੇ ਤਿਆਰ ਕੀਤੀ ਇਹ ਫਿਲਮ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਕਲਸੀ ਆਪਣੇ ਜੱਦੀ ਪਿੰਡ ਸੰਗ ਢੇਸੀਆਂ ਜ਼ਿਲ੍ਹਾ ਜ¦ਧਰ ਵਿੱਚ ਆਪਣੇ ਜੱਦੀ ਮਕਾਨ ਇੱਕ ਵਿਸ਼ਾਲ ਲਾਇਬ੍ਰੇਰੀ ਦੇ ਰੂਪ ਵਿੱਚ ਤਬਦੀਲ ਕਰ ਚੁੱਕੇ ਹਨ ਜਿਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਤੋਂ ਇਲਾਵਾ ਆਮ ਵਾਕਫ਼ੀ ਸਾਹਿਤ ਵੀ ਰੱਖਿਆ ਗਿਆ ਹੈ। ਇਸੇ ਲੜੀ ਵਿੱਚ ਸ਼੍ਰੀ ਕਲਸੀ ਨੇ ਆਪਣੇ ਟੋਰਾਂਟੋ ਵਸਦੇ ਮਿੱਤਰ ਸੁਰਿੰਦਰ ਬਿਨੇ ਪਾਲ ਨੂੰ ਪ੍ਰੇਰਨਾ ਦੇ ਕੇ ਉਨ੍ਹਾਂ ਦੇ ਪਿੰਡ ਰੌਣੀ ਜ਼ਿਲ੍ਹਾ ਲੁਧਿਆਣਾ ਵਿੱਚ ਵੀ ਇੱਕ ਲਾਇਬ੍ਰੇਰੀ ਦੀ ਉਸਾਰੀ ਕਰਵਾ ਚੁੱਕੇ ਹਨ ਜਿਸ ਦਾ ਉਦਘਾਟਨ ਅਪ੍ਰੈਲ ਮਹੀਨੇ ਵਿੱਚ ਕਰਵਾਇਆ ਜਾਵੇਗਾ।
ਇਸ ਮੌਕੇ ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਸ਼੍ਰੀ ਕਲਸੀ ਵੱਲੋਂ ਤਿਆਰ ਕੀਤੀ ਇਸ ਫਿਲਮ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰਸਾਰਨ ਦੀ ਗੱਲ ਕਹੀ। ਉਨ੍ਹਾਂ ਡਾ: ਮਹਿੰਦਰ ਸਿੰਘ ਰੰਧਾਵਾ ਬਾਰੇ ਨਵ ਪ੍ਰਕਾਸ਼ਤ ਕਿਤਾਬ ਵੀ ਸ਼੍ਰੀ ਕਲਸੀ ਨੂੰ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਹੱਥੋਂ ਭੇਂਟ ਕਰਵਾਈ। ਇਸ ਮੌਕੇ ਅਕਾਸ਼ਬਾਣੀ ਜ¦ਧਰ ਦੇ ਸੀਨੀਅਰ ਪ੍ਰੋਗਰਾਮ ਐਗਜ਼ੀਕਿਊਟਿਵ ਸ: ਨਵਦੀਪ ਸਿੰਘ ਅਤੇ ਯੂਨੀਵਰਸਿਟੀ ਦੇ ਅਸਟੇਟ ਅਫਸਰ ਡਾ: ਗੁਰਕਿਰਪਾਲ ਸਿੰਘ ਨੇ ਵੀ ਸ਼੍ਰੀ ਕਲਸੀ ਨੂੰ ਮੁਬਾਰਕਬਾਦ ਦਿੱਤੀ। ਧੰਨਵਾਦੀ ਸ਼ਬਦ ਬੋਲਦਿਆਂ ਸ੍ਰੀ ਕਲਸੀ ਨੇ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਆਉਣਾ ਮੇਰੇ ਲਈ ਕਿਸੇ ਪਵਿੱਤਰ ਥਾਂ ਦੀ ਜ਼ਿਆਰਤ ਕਰਨ ਵਾਂਗ ਹੈ। ਉਨ੍ਹਾਂ ਦੱਸਿਆ ਕਿ ਉਹ ਨੇੜ ਭਵਿੱਖ ਵਿੱਚ ਪੰਜਾਬੀ ਲੋਕ ਸੰਗੀਤ ਦੇ ਟਕਸਾਲੀ ਸਰੂਪ ਤੋਂ ਇਲਾਵਾ ਉੱਘੇ ਪੰਜਾਬੀ ਲੇਖਕ ਸ: ਕੁਲਵੰਤ ਸਿੰਘ ਵਿਰਕ ਬਾਰੇ ਵੀ ਇਕ ਦਸਤਾਵੇਜੀ ਫਿਲਮ ਤਿਆਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸ: ਵਿਰਕ ਦੀ ਡੇਢ ਘੰਟਾ ¦ਮੀ ਮੁਲਾਕਾਤ ਉਨ੍ਹਾਂ ਨੇ ਉਦੋਂ ਰਿਕਾਰਡ ਕੀਤੀ ਸੀ ਜਦ ਉਹ ਸਵਰਗਵਾਸ ਹੋਣ ਤੋਂ ਪਹਿਲਾਂ ਆਪਣੇ ਕੈਨੇਡਾ ਵਸਦੇ ਬੱਚਿਆਂ ਪਾਸ ਰਹਿੰਦੇ ਸਨ। ਵਰਨਣਯੋਗ ਗੱਲ ਇਹ ਹੈ ਕਿ ਸ: ਕੁਲਵੰਤ ਸਿੰਘ ਵਿਰਕ ਸਿਰਕੱਢ ਪੰਜਾਬੀ ਕਹਾਣੀਕਾਰ ਹੋਣ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦੇ ਜਾਇੰਟ ਡਾਇਰੈਕਟਰ ਵਜੋਂ ਸਮਾਂ ਕਾਰਜਸ਼ੀਲ ਰਹੇ ।