ਪੰਜਾਬ ਦੇ ਖੇਡ ਮੇਲਿਆਂ ਦੀ ਮਸ਼ਹੂਰ ਸਟੰਟ ਜੋੜੀ – ਪਰਮਜੀਤ ਸਿੰਘ ਬਾਗੜੀਆ

ਪੰਜਾਬ ਵਿਚ ਹੁੰਦੇ ਖੇਡ ਮੇਲਿਆਂ ਖਾਸਕਰ ਕਬੱਡੀ ਟੂਰਨਾਮੈਂਟਾਂ ਵਿਚ ਦਰਸ਼ਕਾਂ ਦੇ ਭਰਵੇਂ ਇਕੱਠ ਹੁੰਦੇ ਹਨ।ਇਨ੍ਹਾਂ ਟੂਰਨਾਮੈਂਟਾਂ ਵਿਚ ਕਬੱਡੀ ਦੇ ਫਸਵੇਂ ਭੇੜਾਂ ਤੋਂ ਇਲਾਵਾ ਹੋਰ ਵਿਅਕਤੀਗਤ ਕਰਤੱਵ ਵਿਖਾਉਣ ਵਾਲੇ ਵੀ ਘੜੀ ਦੋ ਘੜੀ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿਚਦੇ ਹਨ ਪਰ ਖੇਡ ਮੇਲਿਆਂ ਵਿਚ ਇਕੱਤਰ ਹੋਏ ਹਜ਼ਾਰਾਂ ਦਰਸ਼ਕਾਂ ਸਾਹਵੇਂ ਮੋਟਰਸਾਈਕਲ ‘ਤੇ ਕਰਤੱਵ ਵਿਖਾਉਂਦਾ ਮੇਜਰ ਹਿੰਦੋਸਤਾਨੀ ਵੱਖਰਾ ਹੀ ਨਜ਼ਾਰਾ ਬੰਨ੍ਹ ਦਿੰਦਾ ਹੈ।ਉਸਦੇ ਸਟੰਟੀ ਦ੍ਰਿਸ਼ ਦੇਖ ਕੇ ਜਿਵੇਂ ਦਰਸ਼ਕਾਂ ਦਾ ਸਾਰੇ ਦਿਨ ਦਾ ਥਕੇਵਾਂ ਲੱਥ ਜਾਂਦਾ ਹੈ।ਮੇਜਰ ਹਿੰਦੋਸਤਾਨੀ ਵਲੋਂ ਭਰੇ ਇਕੱਠ ਵਿਚ ਮੋਟਰਸਾਈਕਲ ਉੱਤੇ ਚੜ੍ਹ ਕੇ,ਖੜ੍ਹ ਕੇ ਤੇ ਲਮਕ-ਲਟਕ ਕੇ ਦਿੱਤੇ ਗੇੜੇ ਵੇਖਣ ਵਾਲਿਆਂ ਨੂੰ ਹੈਰਾਨ ਕਰਦੇ ਹਨ।ਹੁਣ ਉਸਨੇ ਆਪਣੇ ਇਸ ਸਟੰਟ ਸ਼ੋਅ ਵਿਚ ਨੌਜਵਾਨ ਮੁਟਿਆਰ ਦਾ ਸਾਥ ਲੈ ਕੇ ਹੋਰ ਵੀ ਦਿਲਚਸਪੀ ਭਰ ਦਿੱਤੀ ਹੈ।

ਮੋਟਰਸਾਈਕਲ ਤੇ ਕਰਤੱਵ ਕਰਦਾ ਮੇਜਰ ਹਿੰਦੋਸਤਾਨੀ ਕਦੇ ਅੱਥਰੇ ਘੋੜੇ ਦੀ ਸਵਾਰੀ ਕਰਦਾ ਜਾਪਦਾ ਹੈ ਤੇ ਕਦੇ ਟਿਕੀ ਚਾਲ ਦੌੜਦੇ ਬੋਤੇ ‘ਤੇ ਛਾਲਾਂ ਮਾਰਦਾ ਪ੍ਰਤੀਤ ਹੁੰਦਾ ਹੈ।ਉਸ ਨਾਲ ਖੁੱਲ੍ਹੀਆਂ ਗੱਲਾਂ ਕਰਨ ਉਪਰੰਤ ਪਤਾ ਲੱਗਿਆ ਕਿ ‘ਸਵਾਰੀ’ ਦਾ ਸ਼ੌਕ ਉਸਨੂੰ ਬਚਪਨ ਤੋਂ ਹੀ ਸੀ।ਸਤਲੁਜ ਦਰਿਆ ਕੋਲ ਵਸਦੇ ਪਿੰਡ ਈਸਾਪੁਰ ਨੇੜੇ ਮਾਛੀਵਾੜਾ ਜਿਲ੍ਹਾ ਲੁਧਿਆਣਾ ਦੇ ਜੰਮਪਲ ਮੇਜਰ ਦੀ ਅਜੋਕੀ ਸਟੰਟ ਮੁਹਾਰਤ ਉਸਦੇ ਬਚਪਨ ਦੀਆਂ ਚੰਚਲ ਹਰਕਤਾਂ ਵਿਚ ਛੁਪੀ ਹੋਈ ਹੈ।ਉਹ ਦਰਿਆ ਕੰਢੇ ਚਰਦੀਆਂ ਮੱਝੀਆਂ ਨੂੰ ਮੋੜਾ ਦੇਣ ਲਈ ਚੁੰਘੀਆਂ ਭਰਦਾ ਭੱਜਿਆ ਫਿਰਦਾ ਰਿਹਾ।ਅੱਲ੍ਹੜ ਉਮਰੇ ਘੋੜੀ ਉੱਪਰ ਚੜ੍ਹ ਕੇ ਪੁੱਠੀਆਂ-ਸਿੱਧੀਆਂ ਟਪੂਸੀਆਂ ਲਾਉਣ ਵਾਲੇ ਇਸ ਗਭਰੀਟ ਨੇ ਜਵਾਨੀ ਵਿਚ  ਮੋਟਰਸਾਈਕਲ ਨੂੰ ਹੀ ਆਪਣੀ ਘੋੜੀ ਬਣਾ ਲਿਆ।ਉਸ ਵਿਚ ਸ਼ੁਰੂ ਤੋਂ ਹੀ ਆਪਣੇ ਹਾਣੀਆਂ ਨਾਲੋਂ ਕੁਝ ਵੱਖਰਾ ਹੀ ਕਰਨ ਦੀ ਧੁਨ ਸਵਾਰ ਰਹਿੰਦੀ।ਇਸੇ ਲਈ ਆਪਣੀ ਪਾਲਤੂ ਘੋੜੀ ਤੇ ਚੜ੍ਹ-ਚੜ੍ਹ ਕੇ ਆਪਣੇ ਹਾਣੀਆਂ ਨੂੰ ਨਵੇਂ ਨਵੇਂ ਢੰਗ ਨਾਲ ਛਾਲਾਂ-ਛੜੱਪੇ ਮਾਰਨ ਦੀ ਚੁਣੋਤੀ ਦਿੰਦਾ ਰਹਿੰਦਾ।ਇਹੀ ਧੁਨ ਉਸਨੂੰ ਮੋਟਰਸਾਈਕਲ ਰਾਹੀ ਸਟੰਟ ਪ੍ਰਦਰਸ਼ਨ ਵੱਲ ਲੈ ਆਈ।

ਪਿਤਾ ਪ੍ਰਹਲਾਦ ਸਿੰਘ ਦੇ ਘਰ ਮਾਤਾ ਚਰਨ ਕੌਰ ਦੀ ਕੁੱਖੋਂ ਜਨਮੇ ਇਸ ਨੌਜਵਾਨ ਨੇ ਜਦੋਂ ਪੇਂਡੂ ਖੇਡ ਮੇਲਿਆਂ ‘ਤੇ ਸ਼ੌਕੀਆ ਸਟੰਟ ਪ੍ਰਦਰਸ਼ਨ ਕਰਨਾ ਆਰੰਭਿਆ ਤਾਂ ਦਰਸ਼ਕਾਂ ਨੂੰ ਚੰਗਾ ਲੱਗਿਆ ਤੇ ਪ੍ਰਬੰਧਕਾਂ ਨੇ ਹੌਸਲਾ ਅਫਜਾਈ ਕੀਤੀ।ਫਿਰ 1997 ਵਿਚ ਲੁਧਿਆਣਾ ਜਿਲ੍ਹੇ ਦੀਆਂ ਮਸ਼ਹੂਰ ਸਾਹਨੇਵਾਲ ਦੀਆਂ ਖੇਡਾਂ ਮੌਕੇ ਜਦੋਂ ਮੇਜਰ ਹਿੰਦੋਸਤਾਨੀ ਨੇ ਮੋਟਰਸਾਈਕਲ ‘ਤੇ ਚੜ੍ਹ ਕੇ ਸਟੰਟ ਵਿਖਾਏ ਤਾਂ ਮੁੱਖ ਮਹਿਮਾਨ ਸ.ਮਹਿਲ ਸਿੰਘ ਭੁੱਲਰ ਡੀ.ਆਈ.ਜੀ.ਪੰਜਾਬ ਪੁਲੀਸ ਨੇ ਖੁਸ਼ ਹੁੰਦਿਆਂ ਉਸਨੂੰ ਖੇਡ ਕੋਟੇ ਵਿਚੋਂ ਪੁਲੀਸ ਵਿਚ ਭਰਤੀ ਕਰ ਲਿਆ।ਹੌਸਲੇ ‘ਚ ਹੋਏ ਮੇਜਰ ਨੇ ਆਪਣੀ ਇਸ ਸਟੰਟ ਮੁਹਾਰਤ ਨੂੰ ਦੇਸ਼ ਭਗਤੀ ਦੇ ਗਾਣਿਆਂ ਨਾਲ ਜੋੜ ਕੇ ਦਰਸ਼ਕਾਂ ਲਈ ਹੋਰ ਵੀ ਰੋਚਕ ਬਣਾ ਦਿੱਤਾ। ਇਹੀ ਪ੍ਰਭਾਵ ਦਰਸ਼ਕਾਂ ਨੂੰ ਕਿਸੇ ਚਲਦੇ ਫਿਲਮੀ ਦ੍ਰਿਸ਼ ਦਾ ਭੁਲੇਖਾ ਪਾਊਣ ਲੱਗ ਪਿਆ।ਉਹ ਹਰ ਸਾਲ ਲਗਭਗ ਵੱਡੇ-ਛੋਟੇ ਸੌ ਖੇਡ ਮੇਲਿਆਂ ਤੇ ਨਾਮੀ ਕਬੱਡੀ ਕੱਪਾਂ ਤੇ ਪਹੁੰਚ ਕੇ ਪ੍ਰਦਰਸ਼ਨ ਕਰਦਾ ਹੈ।ਆਪਣੇ ਅਫਸਰਾਂ ਦੀ ਨਜ਼ਰ ਸਵੱਲੀ ਸਦਕਾ ਉਹ ਪੰਜਾਬ ਦੇ ਮੁੱਖ ਮੰਤਰੀਆਂ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਅੱਗੇ ਆਪਣੀ ਸਟੰਟ ਮੁਹਾਰਤ ਦਾ ਪ੍ਰਦਰਸ਼ਨ ਕਰ ਚੁੱਕਾ ਹੈ।

ਮੇਜਰ ਹਿੰਦੋਸਤਾਨੀ ਆਖਦਾ ਹੈ ਕਿ ਮੈਂ ਆਪਣੇ ਦਰਸ਼ਕਾਂ ਦੀ ਰੌਚਕਤ ਦਾ ਖਿਆਲ ਰੱਖਦਿਆਂ ਆਪਣੇ ਪ੍ਰਦਰਸ਼ਨ ਵਿਚ ਹਰ ਵਾਰ ਕੁਝ ਨਾ ਕੁਝ ਨਵਾਂ ਜੋੜਨ ਦੀ ਸੋਚਦਾ ਰਹਿੰਦਾ ਹਾਂ।ਪਹਿਲਾਂ ਇਕੱਲੇ ਪ੍ਰਦਰਸ਼ਨ ਨਾਲ ਸੰਗੀਤ ਜੋੜਿਆ।ਮੈਂ ਕਈ ਸਾਲ ਪੰਜਾਬੀ ਗੀਤਾਂ ਵਿਚ ਬਤੌਰ ਹੀਰੋ ਮੋਟਰਸਾਈਕਲ ‘ਤੇ ਕਰਤੱਵ ਵਿਖਾਏ ਤੇ ਮੈਂ ਸੋਚਿਆ ਕਿ ਫਿਲਮੀ ਹੀਰੋਆਂ ਵਾਂਗ ਮੇਰੇ ਨਾਲ ਵੀ ਇਕ ਹੀਰੋਇਨ ਹੋਣੀ ਚਾਹੀਦੀ ਏ।ਇਸੇ ਨੂੰ ਮੁੱਖ ਰੱਖ ਕੇ ਮੈਂ ਆਪਣੇ ਪ੍ਰਦਰਸ਼ਨ ਵਿਚ ਨੌਜਵਾਨ ਮੁਟਿਆਰ ਜੋਤੀ ਨੂੰ ਸਟੰਟ ਸਾਥਣ ਵਜੋਂ ਜੋੜਿਆ।ਉਹ ਨੇੜ ਭਵਿੱਖ ਵਿਚ ਇਕ ਹੋਰ ਸਟੰਟੀ ਵਾਧੇ ਨੂੰ ਆਪਣੇ ਪ੍ਰਦਰਸ਼ਨ ਦਾ ਹਿੱਸਾ ਬਣਾਉਣਾ ਲੋਚਦਾ ਹੈ। ਆਪਣੀ ਇਸ ਸਟੰਟ ਮੁਹਾਰਤ ਨੂੰ ਲੈ ਕੇ ਮੇਜਰ ਨੂੰ ਅਨੇਕਾਂ ਮਾਣ-ਸਨਮਾਨ ਮਿਲੇ ਪਰ ਉੱਘੇ ਕਬੱਡੀ ਪ੍ਰਮੋਟਰ ਸ. ਗੁਰਮੇਲ ਸਿੰਘ ਪਹਿਲਵਾਨ ਢੇਰੀ ਵਾਲਿਆਂ ਵਲੋਂ ਦਿੱਤੇ ਗਏ ਬੁਲੇਟ ਮੋਟਰਸਾਈਕਲ ਦੇ ਸਨਮਾਨ ਨੂੰ ਉਹ ਸਰਵੳੱਤਮ ਮੰਨਦਾ ਹੈ।ਮੇਜਰ ਆਖਦਾ ਹੈ ਕਿ ਜੋਸ਼ ਵਿਚ ਆ ਕੇ ਐਲਾਨ ਤਾਂ ਕਈਆਂ ਨੇ ਕੀਤੇ ਪਰ ਨਿੱਤਰਿਆ ਸਿਰਫ ਗੁਰਮੇਲ ਸਿੰਘ ਪਹਿਲਵਾਨ ਹੀ ਹੈ।ਉਹ ਆਪਣੀ ਇਸ ਸਟੰਟ ਜਿੰਦਗੀ ਨਾਲ ਜੁੜੀਆਂ ਕੌੜੀਆਂ ਯਾਦਾਂ ਦਾ ਜ਼ਿਕਰ ਕਰਦਾ ਦੱਸਦਾ ਹੈ ਕਿ ਇਹ ਸਟੰਟੀ ਮੁਹਾਰਤ ਹਾਸਲ ਕਰਦਿਆਂ ਕਈ ਵਾਰ ਉਸਦੇ ਸੱਟਾਂ ਵੀ ਲੱਗੀਆਂ, ਮੋਟਰਸਾਈਕਲ ਵੀ ਟੁੱਟਿਆ।ਇਕਵਾਰ ਜੰਮੂ ਵਿਖੇ ਉਹ ਸਟੰਟ ਪ੍ਰਦਰਸ਼ਨ ਕਰਨ ਗਿਆ ।ਦਰਸ਼ਕਾਂ ਦਾ ਵਿਸ਼ਾਲ ਇਕੱਠ ਪ੍ਰਦਰਸ਼ਨ ਵੇਖ ਕੇ ਵਾਹ-ਵਾਹ ਕਰਨ ਲੱਗ ਪਿਆ ਪਰ ਪ੍ਰਬੰਧਕਾਂ ਵਲੋਂ ਸਿਰਫ ਪੰਜ ਸੌ ਰੁਪਏ ਮਿਲੇ ਜਦਕਿ ਮੇਰਾ ਖਰਚਾ ਹੀ ਪੰਦਰਾਂ ਸੌ ਰੁਪਏ ਹੋ ਚੁੱਕਾ ਸੀ।ਮੇਜਰ ਨੂੰ ਅਜੇ ਫਿਲਮਾਂ ਵਿਚ ਕੋਈ ਪੇਸ਼ਕਸ਼ ਨਹੀਂ ਮਿਲੀ ਪਰ ਉਸਦਾ ਦਾਅਵਾ ਹੈ ਕਿ ਜੇਕਰ ਉਸਨੂੰ ਬਾਲੀਵੁਡ ਦੀ ਕਿਸੇ ਫਿਲਮ ਵਿਚ ਸਟੰਟ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਉਹ ਦਰਸ਼ਕਾਂ ਵਿਚ ਇਕ ਨਵਾਂ ਕਰੇਜ਼ ਪੈਦਾ ਕਰਕੇ ਵਿਖਾਏਗਾ।

ਉਸਦੀ ਸਟੰਟ ਸਾਥਣ ਰਿਆਸਤੀ ਸ਼ਹਿਰ ਕਪੂਰਥਲਾ ਦੀ ਵਸਨੀਕ ਗਿੱਧਿਆਂ ਦੀ ਰਾਣੀ ਕੁੜੀ ਜੋਤੀ ਹੈ ਜੋ ਇਕ ਸੁੰਦਰਤਾ ਮੁਕਾਬਲੇ ਵਿਚ ਰਨਰ ਅਪ ਚੁਣੀ ਜਾ ਚੁੱਕੀ ਪੰਜਾਬਣ ਹੈ।ਸੱਭਿਆਚਾਰਕ ਪ੍ਰਦਰਸ਼ਨ ਵਲੋਂ ਸਟੰਟ ਪ੍ਰਦਰਸ਼ਨ ਵੱਲ ਆਉਣ ਬਾਰੇ ਉਹ ਆਖਦੀ ਹੈ ਕਿ ਮੇਰੇ ਵਿਚ ਹੋਰਨਾਂ ਕੁੜੀਆਂ ਨਾਲੋਂ ਕੁਝ ਵੱਖਰਾ ਕਰਨ ਦੀ ਚਾਹਤ ਸੀ।ਜੋਤੀ ਵੀ ਅਜਿਹਾ ਕੰਮ ਕਰਨਾ ਚਾਹੁੰਦੀ ਸੀ ਜਿਸ ਨੂੰ ਲੜਕੀਆਂ ਬੋਲਡ ਮੰਨਣ।ਜੋਤੀ ਦੱਸਦੀ ਹੈ ਕਿ ਸੱਭਿਆਚਾਰ ਦੇ ਨਾਂ ‘ਤੇ ਨਿਰਾ ਨੰਗੇਜ਼ ਪਰੋਸ ਰਹੇ ਗੀਤਾਂ ਵਿਚ ਕੰਮ ਕਰਨ ਨਾਲੋਂ ਇਹ ਸਟੰਟ ਪ੍ਰਦਰਸ਼ਨ ਕਰਨਾ ਕਈ ਦਰਜੇ ਉੱਚਾ ਤੇ ਸਵੈਮਾਣ ਵਾਲਾ ਹੈ ਤੇ ਮੇਰੇ ਲਈ ਸੰਤੁਸ਼ਟੀ ਤੇ ਖੁਸ਼ੀ ਭਰਭੂਰ ਵੀ ਹੈ।ਇਸ ਤਰ੍ਹਾਂ ਮੇਜਰ-ਜੋਤੀ ਦੀ ਜੋੜੀ ਭਵਿੱਖ ਵਿਚ ਵੀ ਆਪਣੇ ਸਟੰਟ ਭਰੇ  ਸਾਹਸੀ ਦ੍ਰਿਸ਼ਾਂ ਦੇ ਪ੍ਰਦਰਸ਼ਨ ਨਾਲ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹੇਗੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>