ਕਾਰੋਬਾਰੀ ਆਗੂਆਂ ਵੱਲੋਂ ਅਕਾਲੀ-ਭਾਜਪਾ ਦੇ ਹੱਕ ’ਚ ਨਿਤਰਣ ਦਾ ਐਲਾਨ

ਖੰਨਾ – ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ’ਚ ਵੱਖ-ਵੱਖ ਥਾਈਂ ਕੀਤੀਆਂ ਗਈਆਂ ਚੋਣ ਮੀਟਿੰਗਾਂ ਦੌਰਾਨ ਜਿੱਥੇ ਖੰਨਾ, ਮੰਡੀ ਗੋਬਿੰਦਗੜ੍ਹ ਤੇ ਹੋਰ ਨੇੜਲੇ ਸਨਅਤੀ ਕਸਬਿਆਂ ਦੇ ਵੱਖ-ਵੱਖ ਕਾਰੋਬਾਰੀ ਆਗੂਆਂ ਨੇ ਅਗਾਮੀ ਲੋਕ ਸਭਾ ਚੋਣਾਂ ’ਚ ਹਲਕੇ ਤੋਂ ਅਕਾਲੀ-ਭਾਜਪਾ ਉਮੀਦਵਾਰ ਸ: ਚਰਨਜੀਤ ਸਿੰਘ ਅਟਵਾਲ ਦੇ ਹੱਕ ’ਚ ਨਿਤਰਨ ਦਾ ਫੈਸਲਾ ਸੁਣਾਇਆ ਉਥੇ ਸਥਾਨਕ ਅਕਾਲੀ-ਭਾਜਪਾ ਆਗੂਆਂ ਤੇ ਕਾਰਕੁਨਾਂ ਨੇ ਬਾਹਵਾਂ ਖੜੀਆਂ ਕਰਕੇ ਪਾਰਟੀ ਨਾਲ ਗਦਾਰੀ ਕਰਕੇ ਕਾਂਗਰਸ ਦੀ ਝੋਲੀ ’ਚ ਜਾ ਬੈਠੇ ਆਗੂ ਨੂੰ ਸਬਕ ਸਖਾਉਣ ਦਾ ਪ੍ਰਣ ਕੀਤਾ।

ਅੱਜ ਇਥੇ ਪਲੇਠੀ ਮੀਟਿੰਗ ’ਚ ਸਨਅਤਕਾਰਾਂ ਨੇ ਆਪਣੇ ਮੰਗ-ਪੱਤਰ ਪੇਸ਼ ਕਰਨ ਦੇ ਨਾਲ-ਨਾਲ ਬਿਜਲੀ ਉਤਪਾਦਨ ਵਧਾਉਣ, ਕਸਬਿਆਂ ਤੇ ਸ਼ਹਿਰਾਂ ’ਚ ਸੜਕਾਂ, ਸੀਵਰੇਜ, ਪੀਣ ਦਾ ਪਾਣੀ ਮੁਹੱਈਆ ਕਰਵਾਉਣ ਸਮੇਤ ਸੂਬੇ ਦੇ ਮੁਕੰਮਲ ਵਿਕਾਸ ਲਈ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦੀ ਸ਼ਲਾਘਾ ਕਰਦਿਆਂ ਵਿਕਾਸ ਦੀ ਇਸ ਹਨ੍ਹਰੀ ਦਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੇ ਸਿਰ ਬੰਨਿਆ। ਵੱਖ-ਵੱਖ ਕਾਰੋਬਾਰੀ ਆਗੂਆਂ ਨੇ ਆਪਣੇ ਸੰਬੋਧਨ ’ਚ ਰਾਜ ਵਿਚ ਹੋ ਰਹੇ ਵਿਕਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਕਾਸ ਦੀ ਇਸ ਪ੍ਰਕ੍ਰਿਆ ਨੇ ਸੂਬੇ ਦੇ ਸਨਅਤਕਾਰਾਂ ਲਈ ਵਿਸ਼ਵਾਸ ਦੀ ਇਕ ਨਵੀਂ ਕਿਰਨ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜ ’ਚ ਬਣ ਰਹੇ ਬਿਜਲੀ ਤਾਪਘਰਾਂ ਕਾਰਨ ਜਿੱਥੇ ਸਨਅਤਾਂ ਨੂੰ ਬਿਜਲੀ ਦੀ ਘਾਟ ਤੋਂ ਛੁਟਕਾਰਾ ਮਿਲੇਗਾ ਉਥੇ ਸੂਬੇ ’ਚ ਤਿੰਨ ਅੰਤਰਰਾਸ਼ਟਰੀ ਤੇ ਤਿੰਨ ਘਰੇਲੂ ਹਵਾਈ ਅੱਡੇ ਬਣ ਜਾਣ ਉਪਰੰਤ ਮਾਲ ਦੀ ਬਰਾਮਦਗੀ ਤੇ ਦਰਾਮਦਗੀ ਵੀ ਆਸਾਨ ਹੋ ਜਾਵੇਗੀ।

ਸਨਅਤੀ ਆਗੂਆਂ ਨੇ ਕਾਂਗਰਸ ਨੂੰ ਪੰਜਾਬ ਦੀ ਦੁਸ਼ਮਣ ਜਮਾਤ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਦੀ ਕਾਂਗਰਸ ਪਾਰਟੀ ਨੇ ਹਮੇਸ਼ਾਂ ਗੁਆਂਡੀ ਰਾਜਾਂ ਨੂੰ ਵੱਧ ਸਬਸਿਡੀਆਂ ਦੇ ਕੇ ਪੰਜਾਬ ਦੀ ਸਨਅਤ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਆਗੂਆਂ ਨੇ ਦੇਸ਼ ’ਚ ਆਏ ਮੌਜੂਦਾ ਆਰਥਿਕ ਸੰਕਟ ਤੇ ਮਹਿੰਗਾਈ ਲਈ ਕਾਂਗਰਸ ਨੂੰ ਦੋਸ਼ੀ ਗਰਦਾਨਦਿਆਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਸਾਂਝਾ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਸਰਕਾਰ ਨੇ ਅਜਿਹੀਆਂ ਨੀਤੀਆਂ ਅਪਣਾਈਆਂ ਜਿੰਨ੍ਹਾਂ ਦੇ ਚੱਲਦਿਆਂ ਦੇਸ਼ ਦੀ ਘਰੇਲੂ ਸਨਅਤ ਮੰਦਹਾਲੀ ਦਾ ਸਾਹਮਣਾ ਕਰ ਰਹੀ ਹੈ ਜਦੋਂ ਕਿ ਬਹੁਰਾਸ਼ਟਰੀ ਕੰਪਨੀਆਂ ਦੀਆਂ ਜੇਬਾਂ ਭਰੀਆਂ ਜਾ ਰਹੀਆਂ ਹਨ। ਇਨ੍ਹਾਂ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਯਕੀਨ ਦਵਾਇਆ ਕਿ ਉਹ ਰਾਜ ਭਰ ਦੇ ਸਨਅਤਕਾਰਾਂ ਨਾਲ ਸੰਪਰਕ ’ਚ ਹਨ ਅਤੇ ਲੋਕ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਨੂੰ ਵੱਡੀ ਜਿੱਤ ਦਵਾ ਕੇ ਕੇਂਦਰ ’ਚ ਕੌਮੀ ਜ਼ਮਹੂਰੀ ਗਠਜੋੜ ਦੀ ਸਰਕਾਰ ਬਨਾਉਣ ਲਈ ਆਪਣੀ ਪੂਰੀ ਵਾਹ ਲਾ ਦੇਣਗੇ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਅਕਾਲੀ-ਭਾਜਪਾ ਸਰਕਾਰ ਦੀਆਂ 2 ਸਾਲਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿੱਥੇ ਆਉਂਦੇ ਤਿੰਨ ਸਾਲਾਂ ’ਚ 4 ਬਿਜਲੀ ਤਾਪਘਰਾਂ ਦਾ ਨਿਰਮਾਣ ਪੂਰਾ ਹੋ ਜਾਣ ਨਾਲ ਪੰਜਾਬ ਦੇਸ਼ ਦਾ ਪਹਿਲਾ ਵਾਧੂ ਬਿਜਲੀ ਉਤਪਾਦਨ ਵਾਲਾ ਸੂਬਾ ਬਣ ਜਾਵੇਗਾ ਉਥੇ ਮੌਜੂਦਾ ਸਰਕਾਰ ਨੇ ਸੜਕੀ ਆਵਾਜਾਈ ਲਈ ਨਵੀਆਂ ਸੜਕਾਂ ਤੇ ਐਕਸਪ੍ਰੈਸ ਹਾਈਵੇ ਦਾ ਨਿਰਮਾਣ ਆਰੰਭ ਕਰਨ ਦੇ ਨਾਲ-ਨਾਲ ਹਾਦਸਿਆਂ ਨੂੰ ਰੋਕਣ ਤੇ ਨਿਰਵਿਘਨ ਆਵਾਜਾਈ ਯਕੀਨੀ ਬਨਾਉਣ ਲਈ ਰਾਜ ਸਰਕਾਰ 120 ਓਵਰ ਬ੍ਰਿਜਾਂ ਦਾ ਨਿਰਮਾਣ ਕਰਵਾ ਰਹੀ ਹੈ ਜਿਨ੍ਹਾਂ ’ਚੋਂ 10 ਪਹਿਲਾਂ ਹੀ ਬਣ ਚੁੱਕੇ ਹਨ ਅਤੇ 30 ਹੋਰਨਾਂ ’ਤੇ ਕੰਮ ਜਾਰੀ ਹੈ। ਸ: ਬਾਦਲ ਨੇ ਕਿਹਾ ਕਿ ਇਹੀ ਨਹੀਂ ਸੂਬੇ ਅੰਦਰ ਹਰ ਖੇਤਰ ’ਚ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਾਰੋਬਾਰੀ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਵਿੱਖ ’ਚ ਨਵੀਆਂ ਚਣੌਤੀਆਂ ਦਾ ਸਾਹਮਣਾ ਕਰਨ ਲਈ ਆਧੂਨਿਕ ਸਿੱਖਿਆ ਦੀ ਲੋੜ ਹੈ ਜਿਸ ਲਈ ਅੰਤਰਰਾਸ਼ਟਰੀ ਪੱਧਰ ਦੇ ਕਾਰਬਾਰੀ ਤਿਆਰ ਕਰਨ ਲਈ ਸਾਹਿਬਜਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਵਿਸ਼ਵ ਪੱਧਰੀ ਇੰਡੀਅਨ ਸਕੂਲ ਆਫ਼ ਬਿਜਨਸ ਸ਼ੁਰੂ ਹੋ ਰਿਹਾ ਹੈ।

ਇਸ ਉਪਰੰਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ: ਬਾਦਲ ਨੇ ਕਿਹਾ ਕਿ ਪਾਰਟੀ 13 ਦੀਆਂ 13 ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗੀ ਅਤੇ ਇਹ ਉਨ੍ਹਾਂ ਦਾ ਸਿਆਸੀ ਦਾਅਵਾ ਨਹੀਂ ਬਲਕਿ ਹਕੀਕਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਇਕ ਦਿਸ਼ਾ-ਹੀਣ, ਆਗੂ ਰਹਿਤ, ਡਾਂਵਾਂਡੋਲ ਪਾਰਟੀ ਹੈ ਅਤੇ ਜਗਦੀਸ਼ ਟਾਈਟਲ ਤੇ ਸੱਜਣ ਕੁਮਾਰ ਵਰਗਿਆਂ ਨੂੰ ਟਿਕਟ ਦੇਣ ਨਾਲ ਇਸ ਦੀ ਕੇਂਦਰੀ ਲੀਡਰਸ਼ਿਪ ਦਾ ਅਸਲੀ ਚਿਹਰਾ ਬੇਨਿਕਾਬ ਹੋ ਗਿਆ ਹੈ। ਉਨ੍ਹਾਂ ਕਾਂਗਰਸੀਆਂ ਆਗੂਆਂ ਨੂੰ ਚਣੌਤੀ ਦਿੱਤੀ ਕਿ ਉਹ ਚੋਣ ਪ੍ਰਚਾਰ ਦੌਰਾਨ ਅਕਾਲੀ-ਭਾਜਪਾ ਸਰਕਾਰ ਦੇ 2 ਸਾਲਾਂ ਦੇ ਵਿਕਾਸ ਦਾ ਮੁਕਾਬਲਾ ਆਪਣੀ 5 ਸਾਲਾਂ ਦੀ ਕਰਤੂਤ ਨਾਲ ਕਰਨ। ਸ: ਬਾਦਲ ਨੇ ਇਸ ਮੌਕੇ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸ: ਚਰਨਜੀਤ ਸਿੰਘ ਅਟਵਾਲ ਵਰਗੇ ਬੇਦਾਗ, ਇਮਾਨਦਾਰ ਤੇ ਅਗਾਂਹਵਧੂ ਸੋਚ ਦੇ ਧਾਰਨੀ ਉਮੀਦਵਾਰ ਨੂੰ ਜਿਤਾ ਕੇ ਹਲਕੇ ਦੇ ਵਿਕਾਸ ਨੂੰ ਸੱਦਾ ਦੇਣ।

ਇਸ ਮੀਟਿੰਗ ’ਚ ਵੱਡੀ ਗਿਣਤੀ ’ਚ ਕਾਰੋਬਾਰੀ ਆਗੂਆਂ ਤੋਂ ਇਲਾਵਾ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਉਮੀਦਵਾਰ ਸ: ਚਰਨਜੀਤ ਸਿੰਘ ਅਟਵਾਲ, ਵਿਧਾਇਕ ਦੀਦਾਰ ਸਿੰਘ ਭੱਟੀ, ਮੁਖ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ, ਸ: ਬਲਬੀਰ ਸਿੰਘ, ਸ: ਗੁਰਪ੍ਰੀਤ ਸਿੰਘ ਭੱਟੀ ਸਮੇਤ ਹਲਕੇ ਦੀ ਅਕਾਲੀ-ਭਾਜਪਾ ਲੀਡਰਸ਼ਿਪ ਨੇ ਵੱਡੀ ਗਿਣਤੀ ’ਚ ਹਾਜਰੀ ਭਰੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>