ਮਾਲੇਗਾਓ ਵਿਸਫੋਟ ਦੇ ਦੋਸ਼ੀਆਂ ਨੂੰ ਭਾਜਪਾ ਵੱਲੋ ਟਿਕਟਾਂ ਦੇਣਾ “ਦਹਿਸ਼ਤਗਰਦੀ” ਨੂੰ ਬੜ੍ਹਾਵਾ ਦੇਣਾ :- ਮਾਨ

ਫਤਿਹਗੜ੍ਹ ਸਾਹਿਬ:- ਮੁਲਕ ਦੇ ਅਖਬਾਰਾਂ ਅਤੇ ਮੀਡੀਏ ਵਿੱਚ ਮੁਲਕ ਦੀਆਂ ਘੱਟ ਗਿਣਤੀ ਕੌਮਾਂ ਲਈ ਇੱਕ ਅਤਿ ਖਤਰੇ ਵਾਲੀ ਖਬਰ ਆਈ ਹੈ ਕਿ ਭਾਜਪਾ, ਮਾਲੇਗਾਓ ਬੰਬ ਵਿਸਫੋਟ ਦੇ ਮੁੱਖ ਦੋਸ਼ੀ ਸਵਾਮੀ ਦਇਆਨੰਦ ਪਾਂਡੇ ਨੂੰ ਯੂ.ਪੀ ਦੇ ਪ੍ਰਤਾਪਗੜ੍ਹ ਹਲਕੇ ਤੋਂ ਚੋਣ ਲੜਾਉਣ ਜਾ ਰਹੀ ਹੈ। ਦੂਸਰੇ ਦੋਵੇ ਦੋਸ਼ੀ ਕਰਨਲ ਪੁਰੋਹਿਤ ਅਤੇ ਸਾਧਵੀਂ ਪ੍ਰਗਿਆ ਸਿੰਘ ਠਾਕੁਰ ਨੂੰ ਵੀ ਫਿਰਕੂ ਭਾਜਪਾ ਵੱਲੋਂ ਉਮੀਦਵਾਰ ਬਣਾਇਆ ਜਾ ਰਿਹਾ ਹੈ। ਭਾਜਪਾ ਦੀ ਇਹ ਕਾਰਵਾਈ “ਹਿੰਦੂ ਦਹਿਸ਼ਤਗਰਦੀ” ਨੂੰ ਉਤਸ਼ਾਹਿਤ ਕਰਨ ਵਾਲੀ ਅਤੇ ਮੁਲਕ ਵਿੱਚ ਫਿਰਕੂ ਜ਼ਹਿਰ ਨੂੰ ਫੈਲਾਉਣ ਵਾਲੀ ਮੰਦਭਾਗੀ ਕਾਰਵਾਈ ਹੈ। ਜਿਸ ਨਾਲ ਘੱਟ ਗਿਣਤੀ ਕੌਮਾਂ ਦੇ ਜ਼ਜਬਾਤਾਂ ਅਤੇ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਘੱਟ ਗਿਣਤੀ ਕੌਮਾਂ ਨੂੰ ਇਹਨਾਂ ਚੋਣਾਂ ਵਿੱਚ ਅਤਿ ਸੰਜੀਦਾ ਤੇ ਚੌਕਸੀ ਵਾਲੀ ਭੂਮਿਕਾ ਨਿਭਾਉਣੀ ਪਵੇਗੀ ਤਾਂ ਕਿ ਇਸ ਫਿਰਕੂ ਭਾਜਪਾ ਜਮਾਤ ਨੂੰ ਹਰਾ ਕੇ ਮੁਲਕ ਵਿੱਚ ਨਫਰਤ, ਕਤਲੇਆਮ ਅਤੇ ਦਹਿਸ਼ਤਗਰਦੀ ਵਰਗੀਆਂ ਕਾਰਵਾਈਆਂ ਦਾ ਖਾਤਮਾ ਕੀਤਾ ਜਾ ਸਕੇ

ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇੱਥੇ ਪਾਰਟੀ ਦੇ ਮੁੱਖ ਦਫਤਰ ਤੋਂ ਬਿਆਨ ਜਾਰੀ ਕਰਦੇ ਹੋਏ ਭਾਜਪਾ ਜਮਾਤ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ।

ਸ: ਮਾਨ ਨੇ ਕਿਹਾ ਕਿ ਬਹੁਤ ਹੀ ਦੁੱਖ ਤੇ ਸੀਤਮਜਰੀਫੀ ਦੀ ਗੱਲ ਹੈ ਕਿ ਸੀਰੀਅਲ ਬੰਬ ਵਿਸਫੋਟਾਂ ਵਿੱਚ ਸ਼ਾਮਿਲ ਇਹਨਾਂ ਹਿੰਦੂ ਦਹਿਸ਼ਤਗਰਦਾਂ ਨੂੰ ਹਿੰਦ ਦੀਆਂ ਅਦਾਲਤਾਂ ਅਤੇ ਕਾਨੂੰਨ ਚੋਣ ਲੜਨ ਦੀ ਇਜ਼ਾਜਤ ਦੇ ਰਿਹਾ ਹੈ। ਜਦੋਂ ਕਿ ਜ਼ੇਲ੍ਹਾ ਵਿੱਚ ਜ਼ਬਰੀ ਬੰਦੀ ਬਣਾਏ ਗਏ ਸਿੱਖ ਨੌਜਵਾਨ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ, ਸ: ਰਣਜੀਤ ਸਿੰਘ ਕੁੱਕੀ, ਸ: ਜਗਤਾਰ ਸਿੰਘ ਹਵਾਰਾ, ਸ: ਬਲਵੰਤ ਸਿੰਘ ਰਾਜੇਆਣਾ ਅਤੇ ਦਇਆ ਸਿੰਘ ਲਹੌਰੀਏ ਵਰਗੇ ਸਿੱਖ ਨੌਜਵਾਨਾਂ ਨੂੰ ਅਜਿਹੀ ਚੋਣ ਲੜਨ ਦੀ ਇਜ਼ਾਜਤ ਨਾ ਦੇ ਕੇ ਦੋਹਰੇ ਮਾਪਦੰਡ ਅਪਣਾਏ ਜਾ ਰਹੇ  ਹਨ ਅਤੇ ਸਿੱਖ ਕੌਮ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਉਹ ਹਿੰਦੋਸਤਾਨੀ ਵਿਧਾਨ ਦੇ ਗੁਲਾਮ ਹਨ।

ਸ: ਮਾਨ ਨੇ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਜੋ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਅਸਥਾਨ ਉੱਤੇ ਕੁਝ ਸਮੇਂ ਪਹਿਲੇ ਹਮਲੇ ਦੀ ਸ਼ਾਜਿਸ ਰਚੀ ਗਈ ਸੀ, ਉਸ ਵਿੱਚ ਉਪਰੋਕਤ ਦਇਆਨੰਦ ਪਾਂਡੇ, ਕਰਨਲ ਪੁਰੋਹਿਤ ਅਤੇ ਸਾਧਵੀਂ ਪ੍ਰਗਿਆ ਸਿੰਘ ਠਾਕੁਰ ਸ਼ਾਜਿਸਕਾਰੀ ਸਨ ਤੇ ਸ਼੍ਰੀ ਅਡਵਾਨੀ ਇਸ ਸ਼ਾਜਿਸ ਨੂੰ ਨੇਪਰੇ ਚਾੜਣ ਲਈ ਸਰਪ੍ਰਸਤੀ ਹੇਠ ਘਿਨੌਣੀ ਕਾਰਵਾਈ ਕਰਨ ਜਾ ਰਹੇ ਸਨ। ਸ: ਪ੍ਰਕਾਸ਼ ਸਿੰਘ ਬਾਦਲ ਦੀ ਜਿ਼ੰਮੇਵਾਰੀ ਬਣਦੀ ਹੈ ਕਿ ਉਹ ਸ਼੍ਰੀ ਦਰਬਾਰ ਸਾਹਿਬ ਉੱਤੇ ਫਿਰਕੂਆਂ ਵੱਲੋ ਬਣਾਈ ਗਈ ਸ਼ਾਜਿਸ ਦੀ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਇਹਨਾਂ ਹਿੰਦੂ ਦਹਿਸ਼ਤਗਰਦਾਂ ਦੀਆਂ ਮੰਦਭਾਵਨਾਵਾਂ ਨੂੰ ਸਾਹਮਣੇ ਲਿਆਉਣ ਅਤੇ ਬਾਦਲ ਦਲ ਵੱਲੋਂ ਇਹਨਾਂ ਫਿਰਕੂਆਂ ਨਾਲ ਰੱਖੀ ਜਾ ਰਹੀ ਸਵਾਰਥੀ ਸਾਂਝ ਸੰਬੰਧੀ ਸਿੱਖ ਕੌਮ ਨੂੰ ਆਪਣਾ ਸਪੱਸ਼ਟੀਕਰਨ ਦੇਣ। ਉਹਨਾਂ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਾਂਗਰਸ, ਭਾਜਪਾ ਅਤੇ ਬਾਦਲ ਦਲੀਆਂ ਨੂੰ ਮਈ 2009 ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਕਰਾਰੀ ਭਾਂਜ ਦੇ ਕੇ ਪੰਜਾਬ ਦੀ ਪਵਿੱਤਰ ਧਰਤੀ ਤੇ ਰਾਜ ਭਾਗ ਤੋਂ ਇਹਨਾ ਨੂੰ ਲਾਂਬੇ ਕਰਨ ਤਾਂ ਕਿ ਅਸੀਂ ਇੱਥੇ ਇਨਸਾਫ ਤੇ ਸਮੂਹ ਕੌਮਾਂ, ਧਰਮਾਂ ਨੂੰ ਬਰਾਬਰਤਾ ਦੇਣ ਵਾਲਾ ਨਿਜ਼ਾਮ ਕਾਇਮ ਕਰ ਸਕੀਏ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>