ਥੋੜਾਂ

ਨਾ ਥੋੜਾਂ ਪੂਰੀਆਂ ਹੋਵਣ,

ਸਕੇ ਭਰਾਵਾਂ ਨਾਲ ਦੀਆਂ ।

ਜੱਫੀਆਂ ਨਿੱਘ ਨਾ ਦੇਵਣ,

ਸੱਕੀਆਂ ਬਾਹਵਾਂ ਨਾਲ ਦੀਆਂ ।

—–

ਬਾਤ ਨਹੀਂ ਕੋਈ ਪੁੱਛਦੇ,

ਪੁੱਤਰ ਚਾਚੇ ਤਾਇਆਂ ਦੇ ।

ਢਿੱਡ ਖੌਲਣ ਔਖੇ ਵੇਲੇ,

ਇੱਕੋ ਅੰਮਾਂ ਜਾਇਆਂ ਦੇ ।

—–

ਰੱਬ ਵਰਗਾ ਆਸਰਾ ਹੁੰਦਾ,

ਸੱਚ ਮੁੱਚ ਵੱਡੇ ਭਰਾਵਾਂ ਦਾ ।

ਆਪਣਾ ਹੀ ਪਾਂਧੀ ਬਣਦਾ,

ਔਖੇ ਬਿਖੜੇ ਰਾਹਵਾਂ ਦਾ ।

—–

ਇੱਕ ਉਂਗਲੀ ਨੂੰ ਸੱਟ ਵੱਜੇ,

ਤੜਫਣ ਬਾਕੀ ਨਾਲ ਦੀਆਂ ।

ਨਾ ਥੋੜਾਂ ਪੂਰੀਆਂ ਹੋਵਣ,

ਸਕੇ ਭਰਾਵਾਂ ਨਾਲ ਦੀਆਂ ।

—–

ਜਦ ਵੀਰੇ ਇਕੱਠੇ ਖ੍ਹੜਦੇ,

ਬਦਲੇ ਰੁਖ ਹਵਾਵਾਂ ਨੇ ।

ਵਿਛੋੜੇ ਦੇ ਝੱਖੜ ਝੁੱਲੇ,

ਸਿਰ ਤੋਂ ਉੱਠੀਆਂ ਛਾਂਵਾਂ ਨੇ ।

—–

ਸੁੰਨਾ ਘਰ ਖਾਵਣ ਨੂੰ ਆਵੇ,

ਜਿੱਥੇ ਸੀ ਕੋਇਲਾਂ ਬੋਲਦੀਆਂ ।

ਭਾਬੀਆਂ ਭਰ ਗਲੇਡੂ ਰੋਵਣ,

ਨਾ ਕੁੱਝ ਮੂੰਹੋਂ ਬੋਲਦੀਆਂ ।

—–

ਜਦ ਯਾਦਾਂ ਦੀ ਪੰਡ ਖੁਲ੍ਹਦੀ,

ਟੁਣਕੁਣ ਤਾਰਾਂ ਪਿਆਰ ਦੀਆਂ ।

ਨਾ ਥੋੜਾਂ ਪੂਰੀਆਂ ਹੋਵਣ,

ਸਕੇ ਭਰਾਵਾਂ ਨਾਲ ਦੀਆਂ ।

—–

ਅਕਾਲ ਪੁਰਖ ਦੀ ਰਜ਼ਾ ਹੈ,

ਮੰਨੀਏ ਸਤਿਗੁਰ ਦੇ ਭਾਣੇ ਨੂੰ ।

ਰੱਬ ਦੇ ਆ ਜਾਂਦੇ ਹਲਕਾਰੇ,

ਮਸ਼ਕਾਂ ਬ੍ਹੰਨ ਲਿਜਾਣੇ ਨੂੰ ।

—–

ਜੱਗ ਚਾਰ ਦਿਨਾਂ ਦਾ ਮੇਲਾ,

ਇਸ਼ਾਰਾ ਰੱਬ ਚਿਤਾਰ ਗਿਆ ।

ਚੁੱਕ ਲਓ 2 ਇੱਕ ਦਿਨ ਹੋਣੀ,

ਜਦ ਭੌਰ ਉਡਾਰੀ ਮਾਰ ਗਿਆ ।

—–

“ਘੁੰਮਣ” ਬੈਠ ਸਦਾ ਨਹੀਂ ਰਹਿਣਾ,

ਇਹ ਰੀਤਾਂ ਸਿਰਜਣਹਾਰ ਦੀਆਂ।

ਨਾ ਥੋੜਾਂ ਪੂਰੀਆਂ ਹੋਵਣ,

ਸਕੇ ਭਰਾਵਾਂ ਨਾਲ ਦੀਆਂ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>